ਪੋਤਰੇ ਦੀ ਕੁਰਬਾਨੀ 'ਤੇ ਦਾਦਾ ਕਰ ਰਿਹੈ ਮਾਣ
ਇਤਿਹਾਸ ਦੇ ਪੰਨਿਆਂ ਉੱਪਰ ਵੱਡੇ-ਵੱਡੇ ਘੱਲੂਘਾਰੇ ਤੇ ਹੋਰ ਅਨੇਕਾਂ ਮੋਰਚੇ ਦਰਜ ਹਨ, ਜਿਨ੍ਹਾਂ ਵਿਚ ਸਿੱਖਾਂ ਨੇ ਵੱਡੇ ਪੱਧਰ ਉੱਤੇ ਜਾਨਾਂ ਦੇ ਕੇ ਸੰਘਰਸ਼ ਵਿਢੇ।
ਸਿੱਖ ਧਰਮ ਦੁਨੀਆਂ ਉੱਤੇ ਮਹਾਨ, ਨਿਵੇਕਲਾ ਤੇ ਅੱਡਰਾ ਧਰਮ ਹੈ। ਬੇਸ਼ੱਕ ਸਿੱਖੀ ਦੀ ਉਮਰ ਛੋਟੀ ਹੈ ਪਰ ਜੋ ਕੁਰਬਾਨੀਆਂ ਸਿੱਖਾਂ ਨੇ ਸਿੱਖ ਧਰਮ ਵਿਚ ਦੇ ਕੇ ਇਤਿਹਾਸ ਵਿਚ ਅਪਣਾ ਨਾਮ ਦਰਜ ਕਰਵਾਇਆ ਹੈ, ਉਹ ਅਪਣੇ ਆਪ ਵਿਚ ਹੀ ਬੇਮਿਸਾਲ ਹਨ। ਸਿੱਖ ਧਰਮ ਨੇ ਅਪਣੇ ਜਨਮ ਸਮੇਂ ਤੋਂ ਹੀ ਲੈ ਕੇ ਜਿਥੇ ਜਬਰ ਜ਼ੁਲਮ ਵਿਰੁਧ ਆਵਾਜ਼ ਬੁਲੰਦ ਕੀਤੀ ਤੇ ਹੁਣ ਤਕ ਲਗਾਤਾਰ ਕਰਦਾ ਆ ਰਿਹਾ ਹੈ, ਜੋ ਕਿ ਸਾਡੇ ਗੁਰੂਆਂ ਦੇ ਦਿਤੇ ਸੰਸਕਾਰਾਂ ਵਿਚ ਸ਼ਾਮਲ ਹੈ।
ਇਤਿਹਾਸ ਦੇ ਪੰਨਿਆਂ ਉੱਪਰ ਵੱਡੇ-ਵੱਡੇ ਘੱਲੂਘਾਰੇ ਤੇ ਹੋਰ ਅਨੇਕਾਂ ਮੋਰਚੇ ਦਰਜ ਹਨ, ਜਿਨ੍ਹਾਂ ਵਿਚ ਸਿੱਖਾਂ ਨੇ ਵੱਡੇ ਪੱਧਰ ਉੱਤੇ ਜਾਨਾਂ ਦੇ ਕੇ ਸੰਘਰਸ਼ ਵਿਢੇ। ਇਹ ਸੰਘਰਸ਼ ਸਮੇਂ ਦੀ ਤਬਦੀਲੀ ਅਨੁਸਾਰ ਹੁਣ ਤਕ ਜਾਰੀ ਹਨ। ਹੁਣ ਤਕ ਕਿੰਨੀਆਂ ਕਿਤਾਬਾਂ ਗ੍ਰੰਥ ਇਤਿਹਾਸਕ ਦਸਤਾਵੇਜ਼, ਫ਼ਿਲਮਾਂ ਹੋਰ ਬੜਾ ਕੁੱਝ ਸਿੱਖ ਧਰਮ ਨੂੰ ਵਿਲੱਖਣ ਤਰੀਕੇ ਨਾਲ ਪੇਸ਼ ਕਰਦਿਆਂ ਸਾਡੇ ਸਾਹਮਣੇ ਆਇਆ ਹੈ।
ਅੱਜ ਭਾਰਤ ਦੇਸ਼ ਵਿਚ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ਦੇ ਸੰਦਰਭ ਵਿਚ ਗੱਲ ਕਰੀਏ ਤਾਂ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗ਼ਲਤ ਖੇਤੀ ਕਾਨੂੰਨਾਂ ਦੇ ਸਬੰਧ ਵਿਚ ਸੱਭ ਤੋਂ ਪਹਿਲਾ ਝੰਡਾ ਪੰਜਾਬ ਦੀ ਧਰਤੀ ਤੋਂ ਹੀ ਚੁਕਿਆ ਗਿਆ। ਉਸ ਤੋਂ ਬਾਅਦ ਜਦੋਂ ਸੱਭ ਦੇਸ਼ ਵਾਸੀਆਂ ਦੇ ਹੌਸਲੇ ਬੁਲੰਦ ਹੋਏ ਤਾਂ ਅਪਣੇ ਆਪ ਹੀ ਵੱਡਾ ਕਾਫ਼ਲਾ ਜੁੜ ਗਿਆ। ਇਹ ਕਾਫ਼ਲੇ ਹੁਣ ਤਕ ਨਿਰੰਤਰ ਜਾਰੀ ਹਨ ਤੇ ਖੇਤੀ ਕਾਨੂੰਨਾਂ ਦੇ ਖ਼ਾਤਮੇ ਤਕ ਜਾਰੀ ਰਹਿਣਗੇ।
26 ਜਨਵਰੀ ਵਾਲੇ ਦਿਨ ਸਰਕਾਰੀ ਸਾਜ਼ਿਸ਼ ਅਧੀਨ ਜੋ ਦੁਰਘਟਨਾਵਾਂ ਵਾਪਰੀਆਂ ਉਹ ਬਹੁਤ ਗ਼ਲਤ ਸਨ। ਸਰਕਾਰ ਨੇ ਨੌਜੁਆਨਾਂ ਨੂੰ ਚੁਣ-ਚੁਣ ਕੇ ਤਸ਼ੱਦਦ ਕੀਤਾ। ਇਸੇ ਤਸ਼ੱਦਦ ਦੀ ਭੇਟ ਚੜ੍ਹ ਗਿਆ ਨਵਰੀਤ ਸਿੰਘ। ਉਹ ਟਰੈਕਟਰ ਪਲਟਣ ਕਰ ਕੇ ਸ਼ਹੀਦੀ ਪ੍ਰਾਪਤ ਕਰ ਗਿਆ। ਘਟਨਾਵਾਂ ਤਾਂ ਇਸ ਦਿਨ ਹੋਰ ਵੀ ਵਾਪਰੀਆਂ ਪਰ ਇਹ ਸੱਭ ਤੋਂ ਦੁਖਦ ਸੀ।
ਨਵਰੀਤ ਦਾ ਪ੍ਰਵਾਰਕ ਪਿਛੋਕੜ ਸਿੱਖ ਧਰਮ ਨਾਲ ਗੂੜ੍ਹਾ ਜੁੜਿਆ ਹੋਇਆ ਹੈ। ਉਸ ਨੂੰ ਗੁੜ੍ਹਤੀ ਪ੍ਰਵਾਰਕ ਪਿਛੋਕੜ ਵਿਚੋਂ ਮਿਲੀ ਤੇ ਉਹ ਕਿਸਾਨ ਸੰਘਰਸ਼ ਵਿਚ ਗੱਜਿਆ। ਉਹ ਖ਼ੁਦ ਆਸਟ੍ਰੇਲੀਆ ਵਿਚ ਸੀ, ਉਸ ਦੀ ਪਤਨੀ ਉਥੇ ਹੀ ਹੈ ਤੇ ਉਹ ਹੁਣੇ ਹੀ ਵਾਪਸ ਆਇਆ ਸੀ। ਨਵਰੀਤ ਦੇ ਦਾਦਾ ਹਰਦੀਪ ਸਿੰਘ ਡਿਬਡਿਬਾ ਪੰਥਕ ਸਫ਼ਾਂ ਵਿਚ ਮੁੱਢ ਤੋਂ ਹੀ ਸਰਗਰਮ ਰਹੇ ਹਨ। ਜਦੋਂ ਉਸ ਦੇ ਪੋਤਰੇ ਦੀ ਦੁਖਦਾਈ ਮੌਤ ਹੋਈ ਤਾਂ ਅਫ਼ਸੋਸ ਤਾਂ ਹਰ ਇਕ ਨੂੰ ਹੀ ਹੁੰਦਾ ਹੈ।
ਪਰ ਉਸ ਬਜ਼ੁਰਗ ਦਾਦੇ ਨੇ ਬੜੇ ਮਾਣ ਠਰੰਮੇ ਨਾਲ ਕਿਹਾ ਕਿ ਮੇਰੇ ਪੋਤਰੇ ਨੇ ਕੁਰਬਾਨੀ ਦੇ ਦਿਤੀ, ਚਲੋ ਹੁਣ ਅੱਗੇ ਇਸ ਸੰਘਰਸ਼ ਨੂੰ ਹੋਰ ਪ੍ਰਚੰਡ ਕਰੀਏ ਤੇ ਕੇਂਦਰੀ ਹਕੂਮਤ ਵਿਰੁਧ ਹੋਰ ਵੀ ਗੱਜ ਵੱਜ ਕੇ ਲੜੀਏ। ਵਡੇਰੀ ਉਮਰ ਵਿਚ ਵੀ ਚੜ੍ਹਦੀ ਕਲਾ ਵਿਚ ਵਿਚਰ ਕੇ ਬੜ੍ਹਕਾਂ ਮਾਰ ਰਹੇ ਬਜ਼ੁਰਗ ਨੇ ਸੱਭ ਨੂੰ ਸੋਚੀਂ ਪਾ ਦਿਤਾ।
ਜਦੋਂ ਨਵਰੀਤ ਦੇ ਭੋਗ ਉੱਪਰ ਵੱਡਾ ਇਕੱਠ ਹੋਇਆ ਤਾਂ ਉਸ ਵਿਚ ਵੱਡੇ-ਵੱਡੇ ਸਿਆਸੀ ਲੋਕ ਵੀ ਪੁੱਜੇ ਜਿਨ੍ਹਾਂ ਵਿਚ ਪ੍ਰਿਅੰਕਾ ਗਾਂਧੀ ਵੀ ਸ਼ਾਮਲ ਸਨ।
ਭੋਗ ਉੱਤੇ ਸਿਆਸੀ ਲੋਕਾਂ ਦੇ ਪੁੱਜਣ ਤੇ ਕੁੱਝ ਲੋਕਾਂ ਨੇ ਗੁੱਸਾ ਵੀ ਜ਼ਾਹਰ ਕੀਤਾ ਤਾਂ ਨਵਰੀਤ ਦੇ ਦਾਦੇ ਨੇ ਕਿਹਾ ਕਿ ਕਿਸਾਨ ਸੰਘਰਸ਼ ਮੋਰਚਾ ਸੱਭ ਦਾ ਸਾਂਝਾ ਹੈ। ਉਸ ਦੇ ਪੋਤਰੇ ਨੇ ਕਿਸਾਨ ਸੰਘਰਸ਼ ਵਿਚ ਕੁਰਬਾਨੀ ਦਿਤੀ ਹੈ, ਦੁੱਖ ਦਰਦ ਸਮਝ ਕੇ ਹੀ ਜਿੱਥੇ ਆਮ ਲੋਕ ਆਏ ਹਨ ਉਥੇ ਸਿਆਸੀ ਲੋਕ ਵੀ ਪੁੱਜੇ ਹਨ। ਆਪਾਂ ਕਿਸੇ ਨਾਲ ਕੋਈ ਗੁੱਸਾ ਗਿਲਾ ਨਾ ਕਰੀਏ, ਸਗੋਂ ਤਕੜੇ ਹੋ ਕੇ ਦਿੱਲੀ ਵਿਚਲੇ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ਨੂੰ ਹੋਰ ਚੜ੍ਹਦੀ ਕਲਾ ਵਿਚ ਲੈ ਜਾਈਏ।
ਇਹ ਸਨ ਅਪਣੇ ਨੌਜੁਆਨ ਪੋਤਰੇ ਦੇ ਪਾਏ ਭੋਗ ਉੱਤੇ ਬੋਲੇ ਗਏ ਬਜ਼ੁਰਗ ਦਾਦੇ ਦੇ ਉਹ ਬੋਲ ,ਜਿਨ੍ਹਾਂ ਨੇ ਉੱਥੇ ਹਾਜ਼ਰ ਲੋਕਾਂ ਵਿਚ ਹੋਰ ਰੋਹ ਭਰ ਕੇ ਸੰਘਰਸ਼ ਨੂੰ ਤੇਜ਼ ਕਰਨ ਦਾ ਯਤਨ ਕੀਤਾ। ਇਹ ਸੱਭ ਕੁੱਝ ਵੇਖ ਸੁਣ ਕੇ ਇਤਹਾਸ ਵਿਚਲੇ ਉਹ ਪੰਨੇ ਵੀ ਸਾਹਮਣੇ ਆਏ ਜਿਨ੍ਹਾਂ ਦਾ ਸਿੱਖ ਇਤਿਹਾਸ ਵਿਚ ਵਿਸ਼ੇਸ਼ ਜ਼ਿਕਰ ਹੈ।
ਬਲਬੀਰ ਸਿੰਘ ਬੱਬੀ
ਸੰਪਰਕ : 70091-07300