ਪ੍ਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦੈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪ੍ਰਮਾਤਮਾ ਦਾਤਾ ਹੈ, ਦਿਯਾਲੂ ਹੈ, ਕ੍ਰਿਪਾਲੂ ਹੈ ਤੇ ਸਰਬਸ਼ਕਤੀਮਾਨ ਹੈ। ਉਸ ਨੇ ਇਨਸਾਨ ਦੀ ਜ਼ਿੰਦਗੀ ਲਈ ਏਨੀਆਂ ਸੁੱਖ ਸਹੂਲਤਾਂ ਅਤੇ ਨਿਆਮਤਾਂ ਬਖ਼ਸ਼ੀਆਂ ਹਨ ਕਿ ਜਿਸ ਦਾ ...

Praying

ਪ੍ਰਮਾਤਮਾ ਦਾਤਾ ਹੈ, ਦਿਯਾਲੂ ਹੈ, ਕ੍ਰਿਪਾਲੂ ਹੈ ਤੇ ਸਰਬਸ਼ਕਤੀਮਾਨ ਹੈ। ਉਸ ਨੇ ਇਨਸਾਨ ਦੀ ਜ਼ਿੰਦਗੀ ਲਈ ਏਨੀਆਂ ਸੁੱਖ ਸਹੂਲਤਾਂ ਅਤੇ ਨਿਆਮਤਾਂ ਬਖ਼ਸ਼ੀਆਂ ਹਨ ਕਿ ਜਿਸ ਦਾ ਪਾਰਾਵਾਰ ਜਾਂ ਅੰਤ ਨਹੀਂ। ਫਿਰ ਵੀ ਸਾਡੇ ਦੇਸ਼ ਦੇ ਲੋਕ ਹਰ ਸਮੇਂ ਅਪਣੀ ਕਿਸੇ ਨਾ ਕਿਸੇ ਮੰਗ ਦਾ ਝਾੜੂ ਖੜਾ ਹੀ ਰਖਦੇ ਹਨ, ਉਸ ਨੂੰ ਕਿਸੇ ਪਲ ਸੁੱਖ ਦਾ ਸਾਹ ਨਹੀਂ ਲੈਣ ਦਿੰਦੇ। ਵੇਖਿਆ ਜਾਂਦਾ ਹੈ ਕਿ ਬੰਦੇ ਦੇ ਹੱਥ ਅਕਸਰ ਮੰਗਣ ਲਈ ਉਠਦੇ ਹਨ ਪਰ ਧਨਵਾਦ ਜਾਂ ਸ਼ੁਕਰਾਨੇ ਦੇ ਦੋ ਸ਼ਬਦ ਬਹੁਤ ਘੱਟ ਲੋਕਾਂ ਦੇ ਮੁੱਖ ਵਿਚੋਂ ਨਿਕਲਦੇ ਹਨ। ਅਸੀ ਕਈ ਵਾਰ ਕੋਈ ਸੁਖਣਾ ਸੁੱਖ ਲੈਂਦੇ ਹਾਂ ਕਿ ਪ੍ਰਮਾਤਮਾ ਮੇਰੀ ਇਹ ਮਨੋਕਾਮਨਾ ਪੂਰੀ ਕਰ ਦੇਵੀਂ ਮੈਂ ਤੇਰੇ ਦਰ ਉਤੇ ਏਨੇ ਪੈਸਿਆਂ ਦਾ ਪ੍ਰਸ਼ਾਦ ਚੜ੍ਹਾਵਾਂਗਾ। ਇੱਛਾ ਪੂਰੀ ਹੋਣ ਉਪਰੰਤ ਘੇਸਲ ਵੱਟ ਲੈਂਦੇ ਹਾਂ ਅਤੇ ਸੋਚਦੇ ਹਾਂ, ਚਲੋ ਕੰਮ ਤਾਂ ਨਿਕਲ ਹੀ ਗਿਆ ਹੈ। ਜਦੋਂ ਕਿਤੇ ਦੁਬਾਰਾ ਮੁਸੀਬਤ ਆਉਂਦੀ ਹੈ ਤਾਂ ਅਪਣੀ ਪਹਿਲੀ ਭੁੱਲ ਲਈ ਸ਼ਰਮ ਮਹਿਸੂਸ ਕਰਦੇ ਹਾਂ। 
ਰੋਜ਼ ਵੇਖਦੇ ਹਾਂ ਲੋਕ ਸਵੇਰੇ-ਸਵੇਰੇ ਮੂੰਹ ਹਨੇਰੇ ਉਠ ਕੇ ਧਾਰਮਕ ਸਥਾਨਾਂ ਨੂੰ ਭਜਦੇ ਹਨ। ਉਥੇ ਜਾ ਕੇ ਮੱਥਾ ਟੇਕਦੇ ਹਨ, ਪੂਜਾ ਕਰਦੇ ਹਨ। ਰੱਬ ਵਿਚ ਯਕੀਨ ਰੱਖਣ ਵਾਲੇ ਤਾਂ ਉਨ੍ਹਾਂ ਵਿਚ ਵਿਰਲੇ ਹੀ ਹੁੰਦੇ ਹਨ, ਬਾਕੀ ਤਾਂ ਵਿਖਾਵਾ ਹੀ ਕਰਦੇ ਹਨ ਤਾਕਿ ਲੋਕਾਂ ਦੀਆਂ ਨਜ਼ਰਾਂ ਵਿਚ ਧਰਮੀ ਦਿੱਸਣ। ਉਥੇ ਜਾ ਕੇ ਵੀ ਕਈਆਂ ਦਾ ਮਨ ਇਕਾਗਰ ਨਹੀਂ ਹੁੰਦਾ। ਜਿੰਨਾ ਜ਼ਿਆਦਾ ਕੋਈ ਰੱਬ-ਰੱਬ ਕਰਦਾ ਹੈ ਓਨਾ ਹੀ ਢੋਂਗੀ, ਝੂਠਾ, ਲੁਟੇਰਾ ਅਤੇ ਸੁਆਰਥੀ ਹੁੰਦਾ ਹੈ। ਤੁਸੀ ਕਿਸੇ ਦੁਕਾਨਦਾਰ ਨੂੰ ਹੀ ਵੇਖ ਲਉ, ਉਹ ਦੁਕਾਨ ਤੇ ਜਾ ਕੇ ਵੱਟਿਆਂ ਨੂੰ ਧੋਵੇਗਾ, ਨੁਹਾਏਗਾ, ਤਿਲਕ ਲਗਾਵੇਗਾ ਅਤੇ ਫਿਰ ਧੂਫ-ਬੱਤੀ ਕਰੇਗਾ। ਫਿਰ ਸਾਰਾ ਦਿਨ ਉਨ੍ਹਾਂ ਵੱਟਿਆਂ ਨਾਲ ਹੀ ਗਾਹਕਾਂ ਨੂੰ ਧੂਫ਼ ਦੇਵੇਗਾ, ਮਾਜਾ ਚਾੜ੍ਹੇਗਾ। ਗੱਲ ਕੀ ਹਰ ਬਿਜ਼ਨਸ ਇਕ ਝੂਠ-ਤੁਫ਼ਾਨ ਅਤੇ ਫਰੇਬ ਦਾ ਦੂਜਾ ਨਾਮ ਹੈ। 
ਕੋਈ ਪ੍ਰਾਮਾਤਮਾ ਤੋਂ ਔਲਾਦ ਮੰਗਦਾ ਹੈ, ਕੋਈ ਧਨ। ਕੋਈ ਕਹੇਗਾ ਪ੍ਰਮਾਤਮਾ ਮੈਨੂੰ ਦੁੱਖ, ਤਕਲੀਫ਼ਾਂ, ਦਰਦਾਂ ਅਤੇ ਮੁਸ਼ਕਲਾਂ ਤੋਂ ਮੁਕਤ ਕਰ ਦਿਉ। ਕਈ ਕਹਿਣਗੇ ਪ੍ਰਮਾਤਮਾ ਮੈਨੂੰ ਤੰਦਰੁਸਤੀ ਬਖ਼ਸ਼ੋ। ਕਈ ਤਾਂ ਰੱਬ ਤੋਂ ਅਪਣੀਆਂ ਆਉਣ ਵਾਲੀਆਂ ਪੁਸ਼ਤਾਂ ਲਈ ਸੁੱਖ ਸੁਵਿਧਾ ਦੀ ਗਰੰਟੀ ਭਾਲਦੇ ਹਨ। 
ਸਾਡੇ ਲੋਕ ਮਿਹਨਤ ਨਾਲ ਵਿਕਾਸ ਕਰਨਾ ਨਹੀਂ ਚਾਹੁੰਦੇ, ਸੱਭ ਕੁੱਝ ਬਣਿਆ ਬਣਾਇਆ ਹੀ ਲਭਦੇ ਹਨ, ਬਸ ਹੱਥ ਪੱਲਾ ਨਾ ਮਾਰਨਾ ਪਵੇ। ਲੋਕ ਪ੍ਰਮਾਤਮਾ ਵਿਚ ਬਹੁਤ ਆਸਥਾ ਰਖਦੇ ਹਨ। ਉਹ ਸੋਚਦੇ ਹਨ ਕਿ ਜਿਸ ਨੇ ਸਾਨੂੰ ਜਨਮ ਦਿਤਾ ਹੈ, ਇਸ ਦੁਨੀਆਂ ਵਿਚ ਲਿਆਂਦਾ ਹੈ, ਉਹ ਸਾਨੂੰ ਰਿਜ਼ਕ ਵੀ ਆਪ ਹੀ ਦੇਵੇਗਾ। ਅਪਣਾ ਪੇਟ ਭਰਨ ਲਈ ਉਦਮ ਉਪਰਾਲਾ ਅਤੇ ਮਿਹਨਤ ਤਾਂ ਆਪ ਹੀ ਕਰਨੀ ਪਵੇਗੀ। ਨਿਰਾ ਰੱਬ-ਰੱਬ ਕਰਨ ਨਾਲ ਮੂੰਹ ਵਿਚ ਬੁਰਕੀ ਨਹੀਂ ਪੈ ਜਾਵੇਗੀ। 
ਸਾਡੀ ਜ਼ਿੰਦਗੀ ਵਿਚ ਜ਼ਰਾ ਕੋਈ ਉਤਾਰ ਚੜ੍ਹਾਅ, ਹਾਰ, ਦੁੱਖ-ਤਕਲੀਫ਼ ਜਾਂ ਘਾਟਾ ਪੈ ਜਾਵੇ, ਅਸੀ ਪ੍ਰਮਾਤਮਾ ਨੂੰ ਕੋਸਣ ਬੈਠ ਜਾਂਦੇ ਹਾਂ। ਜਦੋਂ ਕਿ ਇਹ ਦੁੱਖ ਦਰਦ ਮੁਸੀਬਤਾਂ ਅਤੇ ਅਸਫ਼ਲਤਾਵਾਂ ਮਨੁੱਖ ਵਿਚ ਇਨਸਾਨੀਅਤ ਜਗਾਉਂਦੀਆਂ ਹਨ ਅਤੇ ਉਸ ਨੂੰ ਸੰਸਾਰਕ ਵਿਸ਼ੇ ਵਿਕਾਰਾਂ ਤੋਂ ਦੂਰ ਰਖਦੀਆਂ ਹਨ, ਪ੍ਰਮਾਤਮਾ ਦਾ ਇਸ ਵਿਚ ਕੋਈ ਯੋਗਦਾਨ ਨਹੀਂ ਹੁੰਦਾ। ਕਈ ਵਾਰ ਅਸੀ ਪ੍ਰਮਾਤਮਾ ਨੂੰ ਬੇਨਤੀ ਜਾਂ ਅਰਦਾਸ ਕਰਦੇ ਸਮੇਂ ਉਸ ਦਾ ਮਾਰਗ ਦਰਸ਼ਨ ਕਰਨ ਲੱਗ ਜਾਂਦੇ ਹਾਂ। ਮੈਨੂੰ ਯਾਦ ਹੈ ਇਕ ਵਾਰ ਇਕ ਮੰਦਰ ਦਾ ਪੰਡਤ ਸ੍ਰੀ ਕ੍ਰਿਸ਼ਨ ਜੀ ਦੀ ਮੂਰਤੀ ਸਾਹਮਣੇ ਖੜਾ ਬੇਨਤੀ ਕਰ ਰਿਹਾ ਸੀ, ''ਹੇ ਮੁਰਲੀਧਰ! ਪਰਸੋਂ ਮੇਰੇ ਪੁੱਤਰ ਦਾ ਇਤਿਹਾਸ ਦਾ ਪੇਪਰ ਹੈ, ਇਸ ਵਿਸ਼ੇ ਵਿਚ ਉਸ ਦਾ ਪਾਸ ਹੋਣਾ ਮੁਸ਼ਕਲ ਹੈ। ਮਾਸਟਰ ਨੇ ਵੀ ਕਿਹਾ ਹੈ ਕਿ ਪ੍ਰਮਾਤਮਾ ਹੀ ਕੋਈ ਕ੍ਰਿਸ਼ਮਾ ਕਰ ਦੇਵੇ ਤਾਂ ਵਖਰੀ ਗੱਲ ਹੈ ਉਂਜ ਪਾਸ ਨਹੀਂ ਹੋ ਸਕਦਾ। ਰੱਬ ਜੀ, ਵੈਸੇ ਤਾਂ ਆਪ ਜੀ ਲਈ ਕੁੱਝ ਵੀ ਅਸੰਭਵ ਨਹੀਂ ਫਿਰ ਵੀ ਮੈਂ ਦਸ ਦਿੰਦਾ ਹਾਂ ਇਸ ਨੂੰ ਪਾਸ ਕਰਾਉਣ ਦੇ ਤਿੰਨ ਤਰੀਕੇ ਹਨ। ਇਕ ਤਾਂ ਉਹ ਨਕਲ ਮਾਰੇ, ਕਿਸੇ ਨੂੰ ਉਸ ਦੀ ਪਰਚੀ ਨਾ ਦਿਸੇ, ਡਿਊਟੀ ਵਾਲੇ ਅਮਲੇ ਨੂੰ ਅੰਨ੍ਹਾ ਕਰ ਦੇਣਾ। ਦੂਜਾ ਹੱਥ ਉਸ ਦਾ ਹੋਵੇ ਕਲਮ ਤੁਹਾਡੀ ਚੱਲੇ, ਤੀਜਾ ਅਤੇ ਆਖ਼ਰੀ ਵਿਕਲਪ ਹੈ ਤੁਸੀ ਨੰਬਰ ਲਾਉਣ ਵਾਲੇ ਤੋਂ ਨੰਬਰ ਲਗਵਾ ਦੇਣਾ। ਹੁਣ ਡੋਰ ਤੁਹਾਡੇ ਹੱਥ ਹੈ।''
ਅਸੀ ਜਦੋਂ ਵੀ ਕੋਈ ਅਰਦਾਸ ਕਰਦੇ ਹਾਂ ਪ੍ਰਮਾਤਮਾ ਨੂੰ ਉਸ ਦਾ ਪਹਿਲਾਂ ਹੀ ਪਤਾ ਹੁੰਦੈ, ਉਸ ਨੂੰ ਸਮਝਾਉਣ ਦੀ ਜ਼ਰੂਰਤ ਨਹੀਂ ਹੁੰਦੀ, ਉਹ ਸੱਭ ਜਾਣਦਾ ਹੈ। ਹਾਂ ਕਈ ਵਾਰ ਅਰਦਾਸ ਕਰਨ ਤੇ ਸੰਕਟ ਨਿਵਾਰਨ ਭਾਵੇਂ ਨਹੀਂ ਹੁੰਦਾ, ਪਰ ਸੰਕਟ ਨੂੰ ਸਹਿਣਾ ਅਸਾਨ ਹੋ ਜਾਂਦਾ ਹੈ। ਰੱਬ ਨੂੰ ਯਾਦ ਕਰਨ ਨਾਲ ਮਨ ਨੂੰ ਸਕੂਨ ਮਿਲਦਾ ਹੈ। ਅਸੀ ਭਾਵੇਂ ਕਿੰਨੇ ਹੀ ਸੰਕਟ ਵਿਚ ਹੋਈਏ, ਸਾਡੀ ਮੁਸ਼ਕਲ ਤੇ ਮੁਸੀਬਤ ਪਾਵੇਂ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ ਅਸੀ ਹਜ਼ਾਰਾਂ ਲੋਕਾਂ ਤੋਂ ਚੰਗੇ ਹੁੰਦੇ ਹਾਂ। ਤੁਹਾਡੇ ਬੱਚੇ ਹਨ, ਤੁਹਾਡੇ ਮਾਤਾ-ਪਿਤਾ ਜੀਵਤ ਹਨ, ਤੁਸੀ ਖ਼ੁਸ਼ਕਿਸਮਤ ਹੋ। ਕਈ ਵਿਚਾਰੇ ਬਚਪਨ ਵਿਚ ਹੀ ਅਨਾਥ ਹੋ ਜਾਂਦੇ ਹਨ, ਉਨ੍ਹਾਂ ਵਲ ਵੇਖੋ, ਸੱਭ ਸਮਝ ਜਾਵੋਗੇ।
ਸਾਨੂੰ ਹਮੇਸ਼ਾ ਪ੍ਰਮਾਤਮਾ ਦੀਆਂ ਮਿਹਰਬਾਨੀਆਂ ਅਤੇ ਨਿਆਮਤਾਂ ਬਦਲੇ ਉਸ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦੈ। ਆਲੇ ਦੁਆਲੇ ਨਜ਼ਰ ਮਾਰ ਕੇ ਵੇਖੋ ਲੋਕ ਕਿੰਨੀ ਸਖ਼ਤ ਤੇ ਮੁਸ਼ਕਲ ਭਰੀ ਜ਼ਿੰਦਗੀ ਜੀਅ ਰਹੇ ਹਨ। ਜੇਕਰ ਕਦੇ ਕੁਦਰਤ ਦੀਆਂ ਬਖ਼ਸ਼ਿਸ਼ਾਂ ਦੀ ਸੂਚੀ ਬਣਾਉ ਤਾਂ ਕਦੇ ਉਦਾਸ ਨਹੀਂ ਹੋ ਸਕਦੇ। ਆਪ ਮਹਾਰੇ ਹੀ ਮੂੰਹ ਵਿਚੋਂ ਸ਼ੁਕਰਾਨਾ ਸ਼ਬਦ ਨਿਕਲੇਗਾ।
ਸੰਪਰਕ : 99888-73637