ਪਤੀ ਨੂੰ ਛੱਡ ਆਜ਼ਾਦੀ ਦੀ ਲਹਿਰ 'ਚ ਕੁੱਦ ਗਈ ਸੀ ਸਿੱਖ ਬੀਬੀ ਗੁਲਾਬ ਕੌਰ

ਏਜੰਸੀ

ਵਿਚਾਰ, ਵਿਸ਼ੇਸ਼ ਲੇਖ

ਅਜ਼ਾਦੀ ਲਹਿਰ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੀ ਗ਼ਦਰ ਲਹਿਰ ‘ਚ ਬੀਬੀ ਗੁਲਾਬ ਕੌਰ ਬਖ਼ਸ਼ੀਵਾਲਾ ਦਾ ਨਾਂ ਸੁਨਹਿਰੀ ਅੱਖ਼ਰਾਂ ਵਿਚ ਲਿਖਿਆ ਹੋਇਆ ਹੈ।

Gulab Kaur

ਚੰਡੀਗੜ੍ਹ: ਭਾਰਤ ਦੀ ਅਜ਼ਾਦੀ ਵਿਚ ਔਰਤਾਂ ਦੀ ਅਹਿਮ ਭੂਮਿਕਾ ਰਹੀ ਹੈ। ਅਕਸਰ ਅਜਿਹਾ ਦੇਖਿਆ ਗਿਆ ਹੈ ਕਿ ਲੋਕ ਇਤਿਹਾਸ ਦੇ ਹੀਰੋ ਨੂੰ ਕਦੀ ਨਹੀਂ ਭੁੱਲਦੇ ਪਰ ਇਤਿਹਾਸ ਦੀ ਅਦਾਕਾਰਾ ਭਾਵ ਜੇਕਰ ਕਿਸੇ ਔਰਤ ਨੇ ਦੇਸ਼ ਲਈ ਕੁਝ ਕੀਤਾ ਹੋਵੇ, ਉਸ ਨੂੰ ਬਹੁਤ ਅਰਾਮ ਨਾਲ ਭੁਲਾ ਦਿੱਤਾ ਜਾਂਦਾ ਹੈ। ਆਜ਼ਾਦੀ ਦੇ ਸੰਗਰਾਮ ਵਿਚ ਇਸਤਰੀਆਂ ਦਾ ਵਿਲੱਖਣ ਯੋਗਦਾਨ ਰਿਹਾ ਹੈ। ਅਜ਼ਾਦੀ ਲਹਿਰ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੀ ਗ਼ਦਰ ਲਹਿਰ ‘ਚ ਬੀਬੀ ਗੁਲਾਬ ਕੌਰ ਬਖ਼ਸ਼ੀਵਾਲਾ ਦਾ ਨਾਂ ਸੁਨਹਿਰੀ ਅੱਖ਼ਰਾਂ ਵਿਚ ਲਿਖਿਆ ਹੋਇਆ ਹੈ।

ਅਕਸਰ ਲੋਕ ਔਰਤਾਂ ਵੱਲੋਂ ਕੀਤੀਆ ਗਈਆਂ ਕੁਰਬਾਨੀਆਂ ਅਤੇ ਉਹਨਾਂ ਦੇ ਚੇਹਰੇ ਨੂੰ ਭੁਲਾ ਦਿੰਦੇ ਹਨ। ਗੁਲਾਬ ਕੌਰ ਵੀ ਇਤਿਹਾਸ ਦੀ ਅਜਿਹੀ ਔਰਤ ਹੈ, ਜਿਸ ਦੀ ਕੁਰਬਾਨੀ ਨੂੰ ਦੇਸ਼ ਭੁੱਲਦਾ ਜਾ ਰਿਹਾ ਹੈ। ਅਜ਼ਾਦੀ ਲਹਿਰ ਦੀ ਉਹ ਔਰਤ ਜੋ ਮਰਦਾਂ ਦੇ ਕਦਮ ਨਾਲ ਕਦਮ ਮਿਲਾਉਣ ਤੋਂ ਨਹੀਂ ਕਤਰਾਈ, ਜਿਸ ਨੇ ਦੇਸ਼ ਦੀ ਅਜ਼ਾਦੀ ਲਈ ਅਪਣੇ ਪਤੀ ਨੂੰ ਛੱਡ ਦਿੱਤਾ। ਇਸ ਔਰਤ ਦਾ ਨਾਂਅ ਹੈ ਗੁਲਾਬ ਕੌਰ।

ਗੁਲਾਬ ਕੌਰ ਦਾ ਜਨਮ 1890 ਵਿਚ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਖਸ਼ੀਵਾਲਾ  ਵਿਚ ਹੋਇਆ ਸੀ। ਗੁਲਾਬ ਕੌਰ ਦਾ ਵਿਆਹ ਮਾਨ ਸਿੰਘ ਨਾਲ ਹੋਇਆ। ਵਿਆਹ ਤੋਂ ਬਾਅਦ ਆਪਣੇ ਪਤੀ ਨਾਲ ਅਮਰੀਕਾ ਜਾਣ ਲਈ ਜਦੋਂ ਉਹ ਫਿਲਪੀਨ ਦੀ ਰਾਜਧਾਨੀ ਮਨੀਲਾ ਜਾ ਪੁੱਜੀ, ਤਾਂ ਯਾਤਰਾ ਦੌਰਾਨ ਉਸ ਦੀ ਮੁਲਾਕਾਤ ਗਦਰ ਪਾਰਟੀ ਦੇ ਮਸ਼ਹੂਰ ਮੈਂਬਰ ਨਾਲ ਹੋਈ। ਗਦਰ ਪਾਰਟੀ ਇਕ ਭਾਰਤੀ ਇਨਕਲਾਬੀ ਸੰਗਠਨ ਸੀ, ਜਿਸ ਨੂੰ ਖ਼ਾਤ ਤੌਰ ‘ਤੇ ਪੰਜਾਬੀ ਸਿੱਖ ਪਰਵਾਸੀਆਂ ਵੱਲੋਂ ਸਥਾਪਤ ਕੀਤਾ ਗਿਆ ਸੀ।

ਗਦਰ ਪਾਰਟੀ ਨੂੰ ਬਣਾਉਣ ਦਾ ਮੁੱਖ ਮਕਸਦ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਬਾਹਰ ਕੱਢਣਾ ਸੀ। ਜਦੋਂ ਗਦਰੀ ਇਨਕਲਾਬੀਆਂ ਦਾ ਜਹਾਜ਼ ਮਨੀਲਾ ਪਹੁੰਚਿਆ ਤਾਂ ਗੁਲਾਬ ਕੌਰ ਉੱਥੇ ਇਸ ਲਹਿਰ ਨਾਲ ਜੁੜੀ। ਗਦਰ ਪਾਰਟੀ ਦੇ ਮੁੱਖੀ ਆਫ਼ਿਜ਼ ਅਬਦੁੱਲਾ ਦੀ ਅਗਵਾਈ ਵਿਚ ਜਥਾ ਭਾਰਤ ਆਉਣ ਦੀ ਤਿਆਰੀ ਵਿਚ ਸੀ ਤਾਂ ਗੁਲਾਬ ਕੌਰ ਦੇ ਪਤੀ ਮਾਨ ਸਿੰਘ ਦਾ ਮਨ ਬਦਲ ਗਿਆ। ਉਹਨਾਂ ਨੇ ਪੰਜਾਬ ਆਉਣ ਤੋਂ ਇਨਕਾਰ ਕਰ ਦਿੱਤਾ। ਇਸੇ ਦੌਰਾਨ ਗੁਲਾਬ ਕੌਰ ਨੇ ਅਪਣੇ ਪਤੀ ਨੂੰ ਛੱਡ ਕੇ ਦੇਸ਼ ਦੀ ਅਜ਼ਾਦੀ ਲਈ ਗਦਰ ਪਾਰਟੀ ਨਾਲ ਭਾਰਤ ਆਉਣ ਦਾ ਫ਼ੈਸਲਾ ਲਿਆ।

ਵਾਪਸ ਆਉਣ ਸਮੇਂ ਜਹਾਜ਼ ’ਚ 179 ਸਵਾਰੀਆਂ ਵਿਚ ਇੱਕੋ ਇੱਕ ਇਸਤਰੀ ਬੀਬੀ ਗੁਲਾਬ ਕੌਰ ਸੀ। ਜਹਾਜ਼ ਵਿੱਚ ਹੋਣ ਵਾਲੀ ਬਹਿਸ ਵਿੱਚ ਵੀ ਉਹ ਹਿੱਸਾ ਲੈਂਦੀ ਰਹੀ। ਹਾਂਗਕਾਂਗ ਵਿਖੇ ਜਹਾਜ਼ ਦੀ ਤਲਾਸ਼ੀ ਹੋਈ ਤੇ ਸਾਰੀਆਂ ਸਵਾਰੀਆਂ ਗੁਰਦੁਆਰਾ ਸਾਹਿਬ ਵਿੱਚ ਚਲੀਆਂ ਗਈਆਂ। ਉੱਥੇ ਬੀਬੀ ਗੁਲਾਬ ਕੌਰ ਨੇ ਦੇਸ਼ ਦੀ ਆਜ਼ਾਦੀ ਸਬੰਧੀ ਜੋਸ਼ੀਲਾ ਭਾਸ਼ਣ ਦਿੱਤਾ। ਇਸ ਤੋਂ ਇਲਾਵਾ ਸਿੰਘਾਪੁਰ, ਪੀਨਾਂਗ, ਰੰਗੂਨ ਵਿਖੇ ਉਨ੍ਹਾਂ ਭਾਸ਼ਣ ਦਿੱਤੇ ਅਤੇ ਦੇਸ਼ ਭਗਤੀ ਦੀਆਂ ਕਵਿਤਾਵਾਂ ਪੜ੍ਹੀਆਂ।

ਗੁਲਾਬ ਕੌਰ ਕਪੂਰਥਲਾ, ਹੁਸ਼ਿਆਰਪੁਰ ਅਤੇ ਜਲੰਧਰ ਆਦਿ ਸਥਾਨਾਂ ਵਿਚ ਇਕ ਸਰਗਰਮ ਕਾਮਰੇਡ ਬਣ ਗਈ, ਜੋ ਅਜ਼ਾਦੀ ਲਈ ਲੋਕਾਂ ਨੂੰ ਇਕੱਠੇ ਕਰ ਰਹੀ ਸੀ। ਗੁਲਾਬ ਕੌਰ ਨੇ ਗਦਰੀਆਂ ਦੀਆਂ ਛਾਉਣੀਆਂ ਅਤੇ ਫੌਜੀਆਂ ਦੀਆਂ ਬੈਠਕਾਂ ਵਿਚ ਲੰਗਰ ਪਾਣੀ ਦੀ ਜ਼ਿੰਮੇਵਾਰੀ ਵੀ ਲਈ। ਸਿਰਫ਼ ਇੰਨਾ ਹੀ ਨਹੀਂ ਗੁਲਾਬ ਕੌਰ ਨੇ ਪਾਰਟੀ ਪ੍ਰਿੰਟਿੰਗ ਪ੍ਰੈਸ ‘ਤੇ ਵੀ ਨਿਗਰਾਨੀ ਰੱਖੀ। ਅੰਗਰੇਜ਼ਾਂ ਵਿਰੋਧੀ ਜਨਭਾਵਨਾ ਦੇ ਨਾਲ ਜੁੜਨ ਤੋਂ ਇਲਾਵਾ ਉਹਨਾਂ ਨੇ ਗਦਰ ਪਾਰਟੀ ਦੇ ਮੈਂਬਰਾਂ ਨੂੰ ਹਥਿਆਰ ਅਤੇ ਅਸਲਾ ਵੀ ਵੰਡਿਆ। ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਗਦਰ ਪਾਰਟੀ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ।

ਪਰ ਇਸ ਤੋਂ ਬਾਅਦ ਬ੍ਰਿਟਿਸ਼ ਅਧਿਕਾਰੀਆਂ ਨੇ ਉਹਨਾਂ ਨੂੰ ਫੜ੍ਹ ਕੇ ਦੇਸ਼ਧ੍ਰੋਹ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕਰ ਲਿਆ। ਉਹਨਾਂ ਨੂੰ ਲਾਹੌਰ ਦੇ ਸ਼ਾਹੀ ਕਿਲੇ ਵਿਚ ਦੋ ਸਾਲ ਤੱਕ ਕੈਦ ਕਰ ਕੇ ਰੱਖਿਆ ਗਿਆ, ਜਿੱਥੇ ਉਹਨਾਂ ਨੂੰ ਬਹੁਤ ਤਸ਼ੱਦਦ ਸਹਿਣਾ ਪਿਆ ਅਤੇ ਅਖ਼ੀਰ ਵਿਚ 1931 ‘ਚ ਉਹਨਾਂ ਦੀ ਮੌਤ ਹੋ ਗਈ। ਪੰਜਾਬੀ ਸਾਹਿਤ ਦੇ ਲੇਖਕ ਕੇਸਰ ਸਿੰਘ ਨੇ ਗੁਲਾਬ ਕੌਰ ‘ਤੇ ਇਕ ਕਿਤਾਬ ‘ਗਦਰ ਦੀ ਧੀ-ਗੁਲਾਬ ਕੌਰ’ ਵੀ ਲਿਖੀ ਹੈ।