ਰੈਫ਼ਰੰਡਮ (ਰਾਇਸ਼ੁਮਾਰੀ) 2020 ਕਿਹੜੀ ਬਲਾ ਦਾ ਨਾਂ ਹੈ?-1

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਅਜਕਲ ਚਰਚਿਤ ਰੈਫ਼ਰੈਂਡਮ 2020 ਦਾ ਰੌਲਾ ਭਾਰਤ ਸਰਕਾਰ ਦੀ ਨੀਂਦ ਹਰਾਮ ਕਰ ਰਿਹਾ ਹੈ...........

Sikh Referendum 2020

ਅਜਕਲ ਚਰਚਿਤ ਰੈਫ਼ਰੈਂਡਮ 2020 ਦਾ ਰੌਲਾ ਭਾਰਤ ਸਰਕਾਰ ਦੀ ਨੀਂਦ ਹਰਾਮ ਕਰ ਰਿਹਾ ਹੈ। ਸਰਕਾਰ ਦਾ ਸਾਰਾ ਜ਼ੋਰ ਪ੍ਰਵਾਸੀ ਸਿੱਖਾਂ ਨੂੰ ਬਦਨਾਮ ਕਰ ਕੇ ਰੋਕਣ ਉਤੇ ਲੱਗਾ ਹੋਇਆ ਹੈ। ਭਾਰਤ ਸਰਕਾਰ ਦੇ ਬੁਲਾਰੇ ਰਵੀਸ਼ ਕੁਮਾਰ ਨੇ ਬਾਕਾਇਦਾ ਪ੍ਰੈੱਸ ਕਾਨਫਰੰਸ ਕਰ ਕੇ ਬਰਤਾਨਵੀ ਸਰਕਾਰ ਨੂੰ ਸੁਨੇਹਾ ਭੇਜਿਆ ਸੀ ਕਿ ਖ਼ਾਲਿਸਤਾਨ ਬਣਾਉਣ ਲਈ ਕੀਤਾ ਜਾ ਰਿਹਾ 'ਲੰਡਨ ਐਲਾਨਨਾਮਾ' ਹਰ ਹਾਲਤ ਵਿਚ ਰੋਕਿਆ ਜਾਵੇ ਪ੍ਰੰਤੂ ਉਥੋਂ ਦੀ ਸਰਕਾਰ ਨੇ ਸਾਫ਼-ਸਾਫ਼ ਕਹਿ ਦਿਤਾ ਕਿ ਪੁਰਅਮਨ ਢੰਗ ਨਾਲ ਕੀਤੇ ਹਰ ਇਕੱਠ, ਵਿਰੋਧ ਜਾਂ ਰੈਲੀ ਦੀ ਸਾਡਾ ਸੰਵਿਧਾਨ ਹਰ ਕਿਸੇ ਨੂੰ ਇਜਾਜ਼ਤ ਦਿੰਦਾ ਹੈ।

ਦਰਅਸਲ 1947 ਤੋਂ ਬਾਅਦ ਲਗਾਤਾਰ ਪੰਜਾਬ (ਵਿਸ਼ੇਸ਼ ਕਰ ਕੇ ਸਿੱਖਾਂ) ਨਾਲ ਕੀਤੀਆਂ ਜਾ ਰਹੀਆਂ ਜ਼ਿਆਦਤੀਆਂ, ਜੁਲਮ ਤੇ ਤਬਾਹਕੁਨ ਪ੍ਰਚਾਰ ਕਰ ਕੇ ਪੰਜਾਬ ਤੋਂ ਪ੍ਰਵਾਸ ਕਰ ਗਏ ਸਿੱਖਾਂ ਨੇ 'ਸਿੱਖਜ਼ ਫ਼ਾਰ ਜਸਟਿਸ' ਸੰਸਥਾ ਬਣਾ ਕੇ 2014 ਵਿਚ ਇਸ ਨੂੰ 'ਸੰਯੁਕਤ ਰਾਸ਼ਟਰ ਸੰਘ' ਨਾਲ ਸਬੰਧਿਤ ਕਰਵਾ ਲਿਆ ਤੇ ਉਸ ਦੇ ਹੁਕਮਾਂ ਨਾਲ ਨਵੰਬਰ 2020 ਦਾ ਰੈਫ਼ਰੰਡਮ ਵੀ ਐਲਾਨਿਆ ਜਾ ਚੁੱਕਾ ਹੈ। ਗੌਰਤਲਬ  ਹੈ ਕਿ 12 ਅਗੱਸਤ 2018 ਦੀ ਟ੍ਰੈਫ਼ਲਗਰ ਸ਼ਕੇਅਰ ਲੰਡਨ ਦੀ ਰੈਲੀ ਪਿੱਛੋਂ 'ਸਿੱਖਜ਼ ਫ਼ਾਰ ਜਸਟਿਸ' ਜਥੇਬੰਦੀ ਦੇ ਇਕ ਮੈਂਬਰ ਵਲੋਂ ਯੂ.ਕੇ ਸਰਕਾਰ ਨੂੰ ਭੇਜੀ ਇਕ ਈ-ਮੇਲ ਦੇ ਜਵਾਬ ਵਿਚ ਭੇਜੇ ਗਏ

ਪੱਤਰ ਨੰ. 11995 ਮਿਤੀ 17-08-2018 ਦਾ ਜ਼ਿਕਰ (ਭਾਵੇ ਕੁੱਝ ਲੰਮਾ ਵੀ ਹੈ) ਕੀਤੇ ਬਿਨਾ ਮੇਰੀ ਗੱਲ ਅਗਾਂਹ ਨਹੀਂ ਤੁਰ ਸਕਦੀ। ਉਨ੍ਹਾਂ ਲਿਖਿਆ ਹੈ ਕਿ ''ਯੂ.ਕੇ ਸਰਕਾਰ ਬਿਲਕੁਲ ਵੀ ਪੰਜਾਬ ਰੈਫ਼ਰੰਡਮ 2020 ਦੇ ਹੱਕ ਜਾਂ ਵਿਰੋਧ ਵਿਚ ਨਹੀਂ ਹੈ। ਪਰ ਇਹ ਸਤੁੰਲਨ ਬਣਾਉਣਾ ਵੀ ਜ਼ਰੂਰੀ ਹੈ ਕਿ ਪ੍ਰਦਰਸ਼ਨਕਾਰੀਆਂ ਦੇ ਅਧਿਕਾਰ ਆਮ ਲੋਕਾਂ ਨੂੰ ਅਪਣੇ ਕੰਮਾਂ ਕਾਰਾਂ ਉਤੇ ਜਾਣ ਵਿਚ ਰੁਕਾਵਟ ਜਾਂ ਡਰ ਪੈਦਾ ਨਾ ਕਰਨ। ਬਰਤਾਨਵੀ ਸਰਕਾਰ 1984 ਦੀਆਂ ਘਟਨਾਵਾਂ ਜਿਸ ਵਿਚ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਘਟਨਾ ਵੀ ਸ਼ਾਮਲ ਹੈ, ਬਾਰੇ ਸਿੱਖਾਂ ਦੇ ਡੂੰਘੇ ਜਜ਼ਬਾਤ ਨੂੰ ਚੰਗੀ ਤਰ੍ਹਾਂ ਸਮਝਦੀ ਹੈ।

ਅਸੀ ਹਮੇਸ਼ਾ ਹੀ ਮੁਲਕਾਂ ਨੂੰ ਪ੍ਰੇਰਣਾ ਕਰਦੇ ਹਾਂ ਕਿ ਉਨ੍ਹਾਂ ਦੇ ਕਾਨੂੰਨ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੇ ਮਿਆਰ ਦੇ ਹੋਣ, ਇਨ੍ਹਾਂ ਦੀ ਉਲੰਘਣ ਦੇ ਕਿਸੇ ਵੀ ਇਲਜ਼ਾਮ ਦੀ ਛੇਤੀ ਜਨਤਕ ਤੇ ਖੁੱਲ੍ਹੀ ਤਫ਼ਤੀਸ ਹੋਈ ਜ਼ਰੂਰੀ ਹੋਣੀ। ਇਹ ਵੀ ਕਿ ਦੋਹਾਂ ਧਿਰਾਂ ਵਿਚ ਪੈਦਾ ਹੋਈ ਰੰਜਿਸ਼ ਸਿਰਫ਼ ਗੱਲਬਾਤ ਰਾਹੀਂ ਹੀ ਦੂਰ ਕੀਤੀ ਜਾਵੇ।'' ਇੰਜ ਇਸ ਨੂੰ ਭਾਰਤੀ ਲੋਕਾਂ ਤੇ ਭਾਰਤ  ਸਰਕਾਰ ਦਾ ਮਸਲਾ ਕਹਿ ਕੇ ਯੂ. ਕੇ ਵਾਲੇ ਮੱਖਣ ਵਿਚੋਂ ਵਾਲ ਵਾਂਗ ਵੱਖ ਹੋ ਗਏ। ਆਉ ਪਾਠਕੋ! ਹੁਣ ਆਪਾਂ ਵਿਚਾਰੀਏ ਕਿ ਆਖ਼ਰ ਰੈਫ਼ਰੰਡਮ ਕੋਈ ਮਸਲਾ ਹੈ ਵੀ ਜਾਂ ਨਹੀਂ।

ਕਦੇ ਆਨੁੰਦਪੁਰੀ ਮਤਾ, ਕਦੇ ਅੰਮ੍ਰਿਤਸਰ ਐਲਾਨਨਾਮਾ, ਕਦੇ ਖ਼ਾਲਿਸਤਾਨ, ਕਦੇ ਪੰਜਾਬ ਹੋਮਲੈਂਡ ਤੇ ਫਿਰ ਸਿੱਖਸਤਾਨ ਦਾ ਜ਼ਿਕਰ ਸਾਡੇ ਚੇਤਿਆਂ ਵਿਚੋਂ ਕਦੇ ਮਨਫ਼ੀ ਨਹੀਂ ਹੋਇਆ। 15 ਅਗੱਸਤ 1947 ਨੂੰ ਦਿੱਲੀ ਦਰਬਾਰ ਨੇ ਤਾਂ ਆਜ਼ਾਦੀ ਦੇ ਜਸ਼ਨ ਮਨਾਉਦਿਆਂ ਢੋਲ ਨਗਾਰੇ ਵਜਾਏ ਪਰ ਪੰਜਾਬੀ (ਖ਼ਾਸ ਕਰ ਕੇ ਸਿੱਖ) ਉਧਰ ਅਪਣਾ ਸੱਭ ਕੁੱਝ (ਜ਼ਮੀਨ, ਜਾਇਦਾਦਾਂ, ਮਾਲ ਅਸਬਾਬ, ਇੱਜ਼ਤ-ਆਬਰੂ, ਧਨ ਦੌਲਤ ਤੇ ਮਾਣ ਸਨਮਾਨ ਸੱਭ ਕੁੱਝ ਲੁਟਾ ਆਏ। ਲੱਖਾਂ ਕਤਲਾਂ, ਲੁੱਟਾਂ ਖੋਹਾਂ, ਉਧਾਲਿਆਂ ਤੇ ਬਲਾਤਕਾਰਾਂ ਦੇ ਗਵਾਹ ਪੰਜਾਬੀ ਕਿਵੇਂ ਭੁੱਲਣ ਉਸ ਖ਼ੂਨੀ ਮੰਜ਼ਰ ਨੂੰ?

ਹਰ ਸਾਲ ਦੇਸ਼ ਗਿੱਧੇ ਭੰਗੜੇ ਪਾ ਕੇ ਆਜ਼ਾਦੀ ਦਿਹਾੜਾ ਮਨਾਉਂਦਾ ਹੈ ਤੇ ਇਧਰਲਾ ਤੇ ਉਧਰਲਾ ਪੰਜਾਬ ਉਸ ਵਹਿਸ਼ੀ ਕਤਲੇਆਮ ਤੇ ਹੁਣ ਵੀ ਰੁਦਨ ਕਰਦਾ ਹੈ। ਮੇਰੇ ਮਾਪੇ, ਦਾਦਾ ਦਾਦੀ, ਨਾਨਾ ਨਾਨੀ ਤੇ ਤਾਏ (ਡਾ. ਹਰਚਰਨ ਸਿੰਘ ਤੇ ਸੂਬੇਦਾਰ ਪ੍ਰਤਾਪ ਸਿੰਘ) ਆਜੀਵਨ, ਉਧਰ ਬਿਤਾਏ ਸੁਹਾਣੇ ਦਿਨਾਂ ਦੀਆਂ ਯਾਦਾਂ ਤਾਜ਼ਾ ਕਰ ਕਰ ਕੇ ਤੜਫਦੇ ਤੇ ਸਿਸਕਦੇ ਰਹੇ। ਮੇਰੀ ਮਾਤਾ ਲਾਹੌਰ ਦੇ ਅਨਾਰਕਲੀ ਬਜ਼ਾਰ ਦੀਆਂ ਬਾਤਾਂ ਪਾਉਂਦਿਆਂ ਭਾਵੁਕ ਹੋ ਜਾਂਦੀ ਤੇ ਸ੍ਰੀ ਨਨਕਾਣਾ ਸਾਹਿਬ ਵਿਖੇ ਦੂਜੇ ਤੀਜੇ ਦਿਨ ਜਾ ਨਤਮਸਤਕ ਹੋਣ ਦੀ ਗੱਲ ਵੀ ਸਾਂਝੀ ਕਰਦੀ ਹੈ। ਸੇਖ਼ੂਪੁਰੇ ਮੰਡੀ ਵਾਰਬਟਨ ਤੇ ਚੱਕਾਂ ਜਾ ਜ਼ਿਕਰ ਅਕਸਰ ਹੀ ਘਰ ਵਿਚ ਹੁੰਦਾ ਰਿਹਾ।

ਕਿੰਨੀ ਡੂੰਘੀ ਸਾਂਝ ਰਹੀ ਹੈ ਸਾਂਝੇ ਪੰਜਾਬ ਦੇ ਵਾਸੀਆਂ ਵਿਚ ਪਰ 'ਮੇਰੀ ਲਾਸ਼ ਉਤੇ ਪਾਕਿਸਤਾਨ ਬਣੇਗਾ' ਕਹਿਣ ਵਾਲੇ ਗਾਂਧੀ ਦੇ ਸਾਹਮਣੇ ਹੀ ਪਾਕਿਸਤਾਨ ਬਣਿਆ। ਪੰਜਾਬੀਅਤ ਲਹੂ ਲੁਹਾਨ ਹੋ ਗਈ। ਸਿਤਮ ਜ਼ਰੀਫ਼ੀ ਇਹ ਕਿ ਆਜ਼ਾਦੀ ਦੀ ਪ੍ਰਾਪਤੀ ਲਈ ਮਿੰਨਤਾਂ ਕਰ ਕੇ ਸਿੱਖਾਂ (ਬਾਬਾ ਖੜਕ ਸਿੰਘ ਦੀ ਸੁੱਚਜੀ ਅਗਵਾਈ ਵਿਚ) ਦਾ ਬੇਸ਼ਕੀਮਤੀ ਯੋਗਦਾਨ ਮੰਗਣ ਵਾਲੇ ਅਤੇ ਵਖਰਾ ਖਿੱਤਾ ਦੇਣ ਦਾ ਵਾਅਦਾ ਕਰਨ ਵਾਲੇ ਰਾਤੋ ਰਾਤ ਅੱਖ਼ਾਂ ਫੇਰ ਗਏ ਤੇ ਸਿੱਖਾਂ ਉਤੇ 'ਜਰਾਇਮ ਪੇਸ਼ ਕੌਮ' ਦਾ ਲੇਬਲ ਲਗਾ ਕੇ ਕੀਤੇ ਸਾਰੇ ਵਾਅਦਿਆਂ ਤੋਂ ਮੁਕਰ ਗਏ।

ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਦਹਾਕਿਆਂ ਤਕ ਪੰਜਾਬ (ਸਿੱਖਾਂ) ਉਤੇ ਕੀਤੀਆਂ ਵਧੀਕੀਆਂ, ਜ਼ਿਆਦਤੀਆਂ, ਵਿਤਕਰੇ ਮਤਰੇਏ ਸਲੂਕ ਤੇ ਕਾਣੀ ਵੰਡ ਤੋਂ ਦੁਖੀ ਵਿਦੇਸ਼ੀ ਸਿੱਖਾਂ ਨੇ ਆਖ਼ਰਕਾਰ ਸੰਯੁਕਤ ਰਾਸ਼ਟਰ ਸੰਘ ਤਕ ਪਹੁੰਚ ਕਰ ਕੇ 'ਸਿੱਖਜ਼ ਫ਼ਾਰ ਜਸਟਿਸ' ਸੰਸਥਾ ਨੇ ਇਹ ਗਾਥਾ ਦਰਜ ਕਰਵਾਈ ਕਿਉਂਕਿ ਪੰਜਾਬ ਵਸਦੇ ਸਿੱਖ ਆਗੂਆਂ ਨੇ ਅਪਣੀਆਂ ਕੁਰਸੀਆਂ ਦੀ ਸਲਾਮਤੀ, ਅਪਣੀਆਂ ਤਜੌਰੀਆਂ ਭਰਨ ਦੀ ਲਾਲਸਾ ਤੇ ਅਪਣੇ ਨੂੰਹਾਂ ਪੁਤਰਾਂ ਨੂੰ ਮੰਤਰੀ ਸੰਤਰੀ ਬਣਾਉਣ ਦੇ ਲਾਲਚਵਸ ਕਦੇ ਪੰਜਾਬ ਦੇ ਖੁੱਸੇ ਹੱਕਾਂ ਦੀ ਗੱਲ ਹੀ ਨਹੀਂ ਸੀ ਕੀਤੀ। ਦਮ ਖ਼ਮ ਭਰਦੇ ਕਿੰਨੇ ਨੇਤਾ (ਸਿੱਖ) ਕੇਂਦਰ ਤੇ ਪੰਜਾਬ ਵਿਚ ਸੱਤਾਧਾਰੀ ਰਹੇ ਹਨ।

ਇਨ੍ਹਾਂ ਨੇ ਪੰਜਾਬ ਦੀ ਖੋਹੀ ਰਾਜਧਾਨੀ ਦਾ ਜ਼ਿਕਰ ਤਕ ਨਹੀਂ ਕੀਤਾ। ਦਾਸਰੀ ਗਜ਼ਟਿਡ ਕਲਾਸ ਪਹਿਲੀ ਸਰਕਾਰੀ ਨੌਕਰੀਉਂ ਅਸਤੀਫ਼ਾ ਦੇ ਕੇ ਕੁਲਵਕਤੀ ਸਮਾਜ ਸੇਵਾ ਦੇ ਖ਼ੇਤਰ ਵਿਚ ਆਈ ਹੈ ਤਾਕਿ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਰੀਦ ਹੋਣ ਕਰ ਕੇ ਪੂਰੀ ਸੁਹਿਰਦਤਾ ਤੇ ਸੰਵੇਦਨਸ਼ੀਲਤਾ ਨਾਲ ਇਥੋਂ ਦੇ ਹਾਲਾਤ ਨਾਲ ਜੂਝ ਸਕਾਂ। ਅਪਣੇ ਅੰਦਰ ਲਟ ਲਟ ਬਲਦੀ ਇਨਸਾਨੀਅਤ ਦੀ ਜੋਤ ਨੂੰ ਮੈਂ ਕਦੇ ਮਾਂਦੀ ਨਹੀਂ ਹੋਣ ਦਿਤਾ। 1984 ਦੀ ਖ਼ੂਨੀ ਰੁਤ ਵੇਲੇ, ਮੈਂ ਸਰਕਾਰੀ ਜ਼ਾਬਤੇ ਦੀ ਬੱਝੀ ਹੋਈ ਅਪਣੇ ਵਿਚਾਰ ਨਹੀਂ ਸੀ ਪ੍ਰਗਟ ਕਰ ਸਕੀ।

ਇਸੇ ਲਈ, ਕਈ ਵਰ੍ਹੇ ਪਹਿਲਾਂ, ਸਰਕਾਰੀ ਨੌਕਰੀ ਦਾ ਜੂਲਾ ਲਾਹ ਕੇ ਅਸਲ ਖ਼ੁਸ਼ੀ ਤੇ ਸਕੂਨ ਹੀ ਹਾਸਲ ਨਹੀਂ ਕੀਤਾ ਸਗੋਂ ਅਪਣੀ ਜੰਮਣ-ਭੋਇੰ ਨਾਲ ਜੁੜ ਕੇ ਇਸ ਦੇ ਬਣਦੇ ਹੱਕਾਂ ਲਈ ਵੀ ਯਤਨਸ਼ੀਲ ਰਹੀ ਹਾਂ। ਪੰਜਾਬ ਸਦੀਆਂ ਤੋਂ ਹੀ ਵਿਦੇਸ਼ੀ ਧਾੜਵੀਆਂ, ਜਾਬਰਾਂ ਦਾ ਅਖਾੜਾ ਰਿਹਾ ਹੈ। ਇਸ ਨੂੰ ਲੁੱਟਣ, ਕੁੱਟਣ ਤੇ ਤੋੜਨ ਵਾਲੇ ਸਦਾ ਤੋਂ ਹੀ ਸਰਗਰਮ ਰਹੇ ਹਨ। ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਸਰ ਕਰਨੀਆਂ ਪਈਆਂ। ਇਥੋਂ ਦੇ ਨੌਜੁਆਨ ਬਾਂਕੇ, ਸੂਰਬੀਰ, ਹੁੰਦੜਹੇਲ, ਨਿਡਰ ਆਪਾਵਾਰੂ, ਟੱਕਰ ਲੈਣ ਵਾਲੇ ਅਤੇ ਸੰਸਾਰ ਦੇ ਸੱਭ ਤੋਂ ਸੋਹਣੇ ਵਿਅਕਤੀ ਐਲਾਨੇ ਗਏ ਜਿਸ ਦਾ ਸਬੂਤ ਦੁਨੀਆਂ ਦਾ ਸਫ਼ਰ ਕਰ ਚੁੱਕਾ ਟਾਇਲਬੀ ਇੰਜ ਦਿੰਦਾ ਹੈ,

''ਦੁਨੀਆਂ ਦਾ ਸੱਭ ਤੋਂ ਖ਼ੂਬਸੂਰਤ ਇਨਸਾਨ ਗੁਰੂ ਗੋਬਿੰਦ ਸਿੰਘ ਦਾ ਸਾਜਿਆ ਹੋਇਆ ਖ਼ਾਲਸਾ ਹੈ।'' ਸੋ, ਖ਼ਾਲਸਾ ਦੀ ਸਿਰਜਣਾ ਜਿਸ ਇਤਿਹਾਸਕ ਸਰਜ਼ਮੀਂ ਉਤੇ ਹੋਈ, ਉਸ ਦਾ ਉਥਲ ਪੁੱਥਲ ਹੋਣਾ, ਮੁਸੀਬਤਾਂ ਨੂੰ ਸਹਾਰਨਾ ਤੇ ਜ਼ੁਲਮ ਨਾਲ ਦੋ-ਦੋ ਹੱਥ ਕਰਨਾ ਸੁਭਾਵਕ ਵੀ ਸੀ ਤੇ ਜ਼ਰੂਰੀ ਵੀ। ਇਹੀ ਕੁੱਝ ਹੋਇਆ। ਪਹਿਲੀ ਵਾਰ ਕਿਸੇ ਰਹਿਬਰ ਦੀ ਬਾਣੀ ਵਿਚ 'ਹਿੰਦੁਸਤਾਨੀਅਤ' ਦਾ ਜ਼ਿਕਰ ਆਇਆ ਹੈ ਤਾਂ ਉਹ ਬਾਬਾ ਨਾਨਕ ਦੇਵ ਦੀ ਬਾਣੀ ਵਿਚ ਹੈ : 

                                                               ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ।।

ਦਸ਼ਮੇਸ਼ ਪਿਤਾ ਨੇ ਇਸ ਦੇਸ਼ ਭਗਤੀ ਦੇ ਜਜ਼ਬੇ ਨੂੰ ਮਾਤਾ-ਪਿਤਾ, ਚਾਰੇ ਲਾਲ ਤੇ ਅਪਣੀ ਕੁਰਬਾਨੀ ਦੇ ਕੇ ਤੋੜ ਚਾੜ੍ਹਿਆ। ਫਿਰ ਸਿੱਖ ਅੱਜ ਦੇਸ਼ਧ੍ਰੋਹੀ ਕਿਵੇਂ ਹੋ ਗਏ? ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਵੈਰੀ ਹੋ ਗਏ ਹਨ? ਦੇਸ਼ ਵਿਚ ਜਿਸ ਬਹੁਮਤ ਪਾਰਟੀ ਦੀ ਸਰਕਾਰ ਹੈ, ਉਹ ਕੇਵਲ ਦੇਸ਼ ਨੂੰ 'ਹਿੰਦੂ ਰਾਸ਼ਟਰ' ਬਣਾਉਣਾ ਚਾਹੁੰਦੀ ਹੈ। ਉਸ ਦੀ ਹਰ ਕੋਸ਼ਿਸ਼ ਇਸ ਪਾਸੇ ਹੋ ਰਿਹੀ ਹੈ। ਘੱਟ ਗਣਿਤੀ ਭਾਈਚਾਰਿਆਂ ਉਤੇ ਨਿੱਤ ਨਵੇਂ ਫ਼ੈਸਲੇ ਥੋਪੇ ਜਾ ਰਹੇ ਹਨ। ਹਰ ਵੰਨੇ (ਸਮਾਜਕ, ਧਾਰਮਕ, ਸਭਿਆਚਾਰਕ ਅਤੇ ਅਧਿਆਤਮਕ) ਇਕ ਖ਼ਾਸ ਸੋਚ ਨੂੰ ਲੈ ਕੇ ਯੋਜਨਾਬੱਧ ਢੰਗ ਨਾਲ ਕੰਮ ਕੀਤੇ ਜਾ ਰਹੇ ਹਨ।

ਘੱਟਗਿਣਤੀਆਂ ਲਈ ਹਾਲਾਤ ਚੰਗੇ ਨਹੀਂ ਹਨ। ਅਜਿਹੇ ਵਿਚ ਜੇਕਰ 'ਸਿੱਖਜ਼ ਫ਼ਾਰ ਜਸਟਿਸ' ਨੇ ਰਾਇਸ਼ੁਮਾਰੀ ਕਰਵਾਉਣ ਦਾ ਐਲਾਨ ਕਰ ਵੀ ਲਿਆ ਤਾਂ ਜੱਗੋਂ ਤੇਰ੍ਹਵੀਂ ਕਿਹੜੀ ਗੱਲ ਹੋ ਗਈ? ਕੈਨੇਡਾ ਦੇ ਕਿਊਬਕ ਵਿਚ ਪਿੱਛੇ ਜਿਹੇ ਜਨਮਤ ਹੋਇਆ ਹੈ। ਯੋਰਪੀ ਯੂਨੀਅਨ ਨਾਲੋਂ ਟੁੱਟੇ ਯੂ.ਕੇ ਵਿਚ ਪਿੱਛੇ ਜਿਹੇ ਰੈਫ਼ਰੰਡਮ ਹੋ ਚੁੱਕਾ ਹੈ। ਸਕਾਟਲੈਂਡ ਵਿਚ ਵੀ ਅਜਿਹੀਆਂ ਤਿਆਰੀਆਂ ਹੋ ਰਹੀਆਂ ਹਨ। ਸੋ, ਰਾਇਸ਼ੁਮਾਰੀ ਤਾਂ ਇਕ ਪ੍ਰਕਿਰਿਆ ਹੈ ਜਿਸ ਦਾ ਫ਼ੈਸਲਾ ਦੋਵੇਂ ਪਾਸੇ ਹੋ ਸਕਦਾ ਹੈ।

ਇਸ ਨੂੰ ਲੈ ਕੇ ਖ਼ਾਲਿਸਤਾਨ ਦਾ ਢੰਡੋਰਾ ਪਿਟਣਾ ਸਰਾਸਰ ਜ਼ਿਆਦਤੀ ਹੈ। ਪੰਜਾਬ ਸਦੀਆਂ ਤੋਂ ਇਕ ਆਜ਼ਾਦ ਮੁਲਕ ਵਜੋਂ ਹੀ ਵਿਚਰਿਆ ਹੈ ਜਿਸ ਦੀ ਬੇਬਾਕ ਜਾਣਕਾਰੀ ਸਾਡੇ ਕੌਮੀ ਕਵੀਆਂ ਨੇ ਹਮੇਸ਼ਾ ਹੀ ਦਿਤੀ ਹੈ। ਮਹਾਰਾਜਾ ਰਣਜੀਤ ਸਿੰਘ ਦਾ ਸਮਕਾਲੀ ਕਵੀ ਸ਼ਾਹ ਮੁਹੰਮਦ ਸਪੱਸ਼ਟ ਲਿਖਦਾ ਹੈ ਕਿ : 

                                ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਿਸ਼ਾਹੀ ਫ਼ੌਜਾਂ ਭਾਰੀਆਂ ਨੇ।
                             ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੇ।

      'ਐ ਪੰਜਾਬ! ਕਰਾਂ ਕੀ ਸਿਫ਼ਤ ਤੇਰੀ' ਜਾਂ 'ਸੁਹਣੇ ਫੁੱਲਾਂ ਵਿਚੋਂ ਫੁੱਲ ਗ਼ੁਲਾਬ ਨੀ ਸਈਓ। ਸੁਹਣੇ ਦੇਸ਼ਾਂ ਵਿਚੋਂ ਦੇਸ਼ ਪੰਜਾਬ ਨੀ ਸਈਓ।' 

ਲੋਕ ਬੋਲੀਆਂ ਵੀ ਕੁੱਝ ਤਰ੍ਹਾਂ ਦੀ ਆਕਾਸੀ ਕਰਦੀਆਂ ਹਨ :
ਅੰਬੀਆਂ ਨੂੰ ਤਰਸੇਂਗੀ, ਛੱਡ ਕੇ ਦੇਸ਼ ਦੋਆਬਾ।
                                       (ਪ੍ਰੋ. ਮੋਹਨ ਸਿੰਘ ਦੀ ਕਵਿਤਾ) 

ਇੰਜ ਪੰਜਾਬ, ਭਾਰਤ ਰੂਪੀ ਮੁੰਦਰੀ ਵਿਚਲਾ ਨਗ ਬਣ ਕੇ ਸਦਾ ਚਮਕਿਆ ਹੀ ਨਹੀਂ ਸਗੋਂ ਸਚਮੁੱਚ ਭਾਰਤ ਦਾ ਨਗੀਨਾ ਬਣਾ ਕੇ ਵਿਚਰਿਆ ਹੈ। ਦੇਸ਼ ਦਾ ਚੌਕੀਦਾਰ ਇਸ ਦੀ ਖੜਗ ਭੁਜਾ, ਪਹਿਰੇਦਾਰ, ਅੰਨਦਾਤਾ, ਸਰਬੱਤ ਦੇ ਭਲੇ ਦੀ ਲੋਚਾ ਕਰਨ ਵਾਲਾ ਤੇ ਸਰਬੰਸਦਾਨੀ, ਦੇਸ਼ ਭਗਤਾਂ, ਯੋਧਿਆਂ, ਜਾਂਬਾਜ਼ਾਂ ਤੇ ਬਾਂਕੇ ਦੁਲਾਰਿਆਂ ਦੀ ਸਰਜ਼ਮੀਂ। ਬਹੁਲਾਤਾਂ, ਬਰਕਤਾਂ, ਸ਼ਾਨਾਂ, ਵਡਿਆਈਆਂ ਤੇ ਚੰਗਿਆਈਆਂ ਦੀ ਭੋਇੰ ਅੱਜ ਅਪਣੇ ਜੰਮੇ ਜਾਇਆਂ ਨੂੰ ਰੱਜ ਕੇ ਰੋਟੀ ਦੇਣੋਂ ਵੀ ਆਤੁਰ ਹੋ ਗਈ ਹੈ।

ਇਸ ਦੇ ਲੋਭੀ ਆਗੂਆਂ, ਦੰਭੀ ਨੇਤਾਵਾਂ, ਕਮੀਨੀ ਸਿਆਸਤ, ਮੱਕਾਰ ਲੀਡਰਾਂ ਤੇ ਸਵਾਰਥੀ ਚੌਧਰੀਆਂ ਤੇ ਵਿਕੇ ਹੋਏ ਛੋਟੇ ਵੱਡੇ ਅਫ਼ਸਰਾਂ ਨੇ ਪੰਜਾਬ ਨੂੰ ਰੋਲ ਮਧੋਲ, ਦੱਬ-ਕੁੱਟ ਤੇ ਕੱਟ ਵੱਢ ਕੇ ਮਹਾਂ ਪੰਜਾਬ ਤੋਂ ਪੰਜਾਬੀ ਸੂਬੀ ਤਾਂ ਬਣਾ ਹੀ ਲਿਆ ਸੀ ਪਰ ਗੰਧਲੀ ਸਿਆਸਤ ਤੇ ਨੇਤਾਵਾਂ ਦੀਆਂ ਗ਼ਲਤ ਨੀਤੀਆਂ, ਕੇਂਦਰੀ ਸਰਕਾਰਾਂ ਦਾ ਪੱਖਪਾਤੀ ਰਵਈਆ ਤੇ ਖ਼ੁਸ਼ਹਾਲ ਸਿੱਖ ਕੌਮ (ਦੇਸ਼ ਤੇ ਵਿਦੇਸ਼) ਪ੍ਰਤਿ ਈਰਖਾਲੂ ਦ੍ਰਿਸ਼ਟੀਕੋਣ ਕਰ ਕੇ ਪੰਜਾਬ 1947 ਤੋਂ ਬਾਅਦ ਕਦੇ ਵੀ ਅਪਣੇ ਬਣਦੇ ਹੱਕ ਨਹੀਂ ਪ੍ਰਾਪਤ ਕਰ ਸਕਿਆ।

ਪਰ ਅਜੋਕਾ ਮੰਜ਼ਰ ਤਾਂ ਤ੍ਰਾਹ ਕੱਢਣ ਵਾਲਾ ਹੈ ਜਿਥੇ ਸਾਲ ਭਰ ਵਿਚ ਇਸ ਦੇ ਡੇਢ ਲੱਖ ਨੌਜੁਆਨ ਵਿਦਿਆਰਥੀ ਬਣ ਕੇ ਕੈਨੇਡਾ, ਆਸਟਰੇਲੀਆ ਜਾਂ ਹੋਰ ਮੁਲਕਾਂ ਵਿਚ ਜਾ ਪਹੁੰਚੇ ਹਨ ਤੇ ਕੋਈ 27 ਹਜ਼ਾਰ ਕਰੋੜ ਰੁਪਏ ਫ਼ੀਸ ਵਜੋਂ ਪੰਜਾਬ ਤੋਂ ਬਾਹਰ ਚਲੀ ਗਈ ਹੈ। ਵੱਡੇ ਛੋਟੇ ਕਾਲਜ ਖ਼ਾਲੀ ਪਏ ਹਨ। ਸਟਾਫ਼ੀ ਦੀ ਛਾਂਟੀ ਹੋ ਰਹੀ ਹੈ। ਨਿਗੂਣੀਆਂ ਤਨਖ਼ਾਹਾਂ, ਠੇਕਿਆਂ ਉਤੇ ਕੰਮ ਕਰਦੇ ਪੰਜਾਬੀ ਕਿਵੇਂ ਗੁਜ਼ਾਰਾ ਕਰਨ? ਨਸ਼ਿਆਂ ਨੇ ਉਂਜ ਸਾਡੇ ਬੱਚਿਆਂ ਦੀ ਮੱਤ ਮਾਰ ਦਿਤੀ ਹੈ। ਇਨ੍ਹਾਂ ਨੂੰ ਨਿਕੰਮੇ ਵਿਹਲੜ, ਅੱਯਾਸ਼, ਨਸ਼ੇੜੀ ਤੇ ਚੋਰ-ਉੱਚਕੇ ਬਣਾਉਣ ਪਿੱਛੇ ਵੀ ਇਕ ਨੀਤੀਬਧ ਸਾਜ਼ਿਸ਼ ਹੈ ਕਿ ਇੰਜ ਕੌਮ ਖ਼ੁਦ-ਬ-ਖ਼ੁਦ ਮਰ ਮੁੱਕ ਜਾਵੇਗੀ।   (ਬਾਕੀ ਕੱਲ)

ਸੰਪਰਕ : 98156-20515