ਹਿਜਰਤਨਾਮਾ 34 ਜਸਵੰਤ ਸਿੰਘ ਬਜੂਹਾ ਖ਼ੁਰਦ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮੈਂ ਜਸਵੰਤ ਸਿੰਘ ਪੁੱਤਰ ਸ. ਪ੍ਰੀਤਮ ਸਿੰਘ ਸਪੁੱਤਰ ਅਰਜਨ ਸਿੰਘ ਧਾਲੀਵਾਲ ਪਿੰਡ ਬਜੂਹਾਂ ਖੁਰਦ ਜ਼ਿਲ੍ਹਾ ਜਲੰਧਰ ਤੋਂ ਬੋਲ ਰਿਹਾਂ।

file photo

' ਮੈਂ ਜਸਵੰਤ ਸਿੰਘ ਪੁੱਤਰ ਸ. ਪ੍ਰੀਤਮ ਸਿੰਘ ਸਪੁੱਤਰ ਅਰਜਨ ਸਿੰਘ ਧਾਲੀਵਾਲ ਪਿੰਡ ਬਜੂਹਾਂ ਖੁਰਦ ਜ਼ਿਲ੍ਹਾ ਜਲੰਧਰ ਤੋਂ ਬੋਲ ਰਿਹਾਂ। ਉਂਜ ਸਾਡਾ ਪਿਤਰੀ ਪਿੰਡ ਧਾਲੀਵਾਲ ਮੰਜਕੀ ਆ। ਜਦ ਪਾਕਿ ਦੀਆਂ ਬਾਰਾਂ ਖੁੱਲ੍ਹੀਆਂ ਤਾਂ 1900 ਸੰਨ ਦੇ ਆਸ-ਪਾਸ ਮੇਰੇ ਬਾਬਾ ਜੀ ਅਪਣੇ ਭਰਾਵਾਂ ਅਤੇ ਪਿਤਾ ਜੀ ਨਾਲ ਉਧਰ ਖੇਤੀ ਲਈ ਚਲੇ ਗਏ। ਪਿੰਡ ਸੀ ਮੁੱਢਾਂ ਵਾਲਾ,  ਸ਼ੰਕਰ ਤਹਿ. ਜੜ੍ਹਾਂ ਵਾਲੀ ਤੇ ਜ਼ਿਲ੍ਹਾ ਸੀ ਲਾਇਲਪੁਰ।

ਨਹਿਰੀ ਸਿੰਚਾਈ ਤੇ ਖੁੱਲ੍ਹੀਆਂ ਜ਼ਮੀਨਾਂ। ਸੋਹਣਾ ਕਾਰੋਬਾਰ ਸੀ। ਜਦ 19੦6-7 ਦੇ ਕਰੀਬ ਉਧਰ ਪਲੇਗ ਪਈ ਤਾਂ ਮੇਰੇ ਬਾਬੇ ਦਾ ਇਕ ਭਰਾ ਉਸ ਦੀ ਭੇਟ ਚੜ੍ਹ ਗਿਆ। ਉਸ ਦੀ ਇਕੋ ਇਕ ਬੇਟੀ, ਭਾਨੀ ਸੀ ਜੋ ਕਿ ਇਧਰ ਫ਼ਗਵਾੜਾ ਨਜ਼ਦੀਕ ਸਰਹਾਲੀ ਪਿੰਡ ਵਿਆਹੀ ਗਈ। ਉਸ ਨੇ ਵੀ ਸਾਰੀ ਜ਼ਮੀਨ ਸਾਡੇ ਖਾਤੇ ਹੀ ਪਵਾ ਦਿਤੀ। ਬਜ਼ੁਰਗਾਂ ਦੀ ਉਧਰ ਅਪਣੀ ਇਲਾਕੇ ਤੇ ਸਰਕਾਰੀ ਦਰਬਾਰੇ, ਵਾਹਵਾ ਸਰਦਾਰੀ ਸੀ। ਬਾਬਾ ਜੀ ਪਾਸ ਲੰਬੜਦਾਰੀ ਵੀ ਹੈ ਸੀ। ਉਂਜ ਵੀ ਦੱਬ ਕੇ ਵਾਹੁੰਦੇ ਤੇ ਰੱਜ ਕੇ ਖਾਂਦੇ ਸੀ।

 ਜਦ ਰੌਲਾ ਰੱਪਾ ਪਿਆ ਤਾਂ ਇਹੋ ਸੋਚਿਆ ਕਿ ਚਲੋ ਕੁੱਝ ਕੁ ਦਿਨ ਦੀ ਗੱਲ ਹੈ, ਠੰਢਾ ਪੈ ਜਾਵੇਗਾ। ਪਰ ਰੌਲਾ ਰੁਕਣ ਦਾ ਨਾਂ ਹੀ ਨਾ ਲਵੇ। ਆਲੇ ਦੁਆਲੇ ਸਾੜ ਫ਼ੂਕ ਤੇ ਮਾਰ ਮਰਈਆ ਸ਼ੁਰੂ ਹੋ ਗਿਆ। ਕੱਲ ਹੋਰ ਤੇ ਪਰਸੋਂ ਹੋਰ, ਅਮਰ ਵੇਲ ਵਾਂਗ  ਵਧਦਾ ਹੀ ਜਾਵੇ। ਮੁਸਲਮਾਨਾਂ ਦਾ ਜ਼ੋਰ ਬਹੁਤ ਵੱਧ ਗਿਆ। ਹਿੰਦੂਆਂ-ਸਿੱਖਾਂ ਵਲੋਂ ਵੀ ਬਚਾਅ ਕਰਨ ਦੀਆਂ ਸਬੀਲਾਂ ਬਣਾਉਣ ਲਈ ਗੁਰਦਵਾਰਿਆਂ ਵਿਚ ਇਕੱਠ ਹੋਣ ਲੱਗੇ। ਲਹਾਰਾਂ ਦੀਆਂ ਭੱਠੀਆਂ ਕ੍ਰਿਪਾਨਾਂ ਬਣਾਉਣ ਲਈ ਮਘਣ ਲਗੀਆਂ। ਇਕ ਪਾਸੇ ਜੇ ਅਲੀ-ਅਲੀ ਦੇ ਨਾਅਰੇ ਲੱਗਣ ਤਾਂ ਦੂਜੇ ਪਾਸਿਉਂ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜ ਉੱਠਣ।

ਮੁਸਲਮਾਨਾਂ ਦੀ ਆਬਾਦੀ ਵੱਧ ਹੋਣ ਕਾਰਨ ਉਨ੍ਹਾਂ ਦਾ ਜ਼ੋਰ ਬਹੁਤਾ ਸੀ। ਸਿੱਖਾਂ ਦੇ ਪਿੰਡਾਂ ਨੂੰ ਅੱਗਾਂ ਦੀ ਭੇਟ ਕੀਤਾ ਜਾਣ ਲੱਗਾ। ਆਲੇ-ਦੁਆਲੇ ਬੰਦੇ ਮੂਲੀਆਂ ਗਾਜਰਾਂ ਵਾਂਗ ਵੱਢੇ ਪਏ ਮਿਲਣ। ਖੂਹਾਂ ਤੇ ਨਹਿਰਾਂ ਵਿਚ ਲਾਸ਼ਾਂ ਹੋਣ ਨਾਲ ਪਾਣੀ ਪੀਣ ਦੀ ਵੀ ਦਿੱਕਤ ਹੋਣ ਲੱਗੀ। ਅਖ਼ੀਰ ਬਚਾਅ ਕਰਨ ਤੇ ਆਬਾਦੀ ਦੇ ਤਬਾਦਲੇ ਦੀ ਨੀਅਤ ਨਾਲ ਫ਼ੌਜ ਵਲੋਂ ਹਿੰਦੂਆਂ-ਸਿੱਖਾਂ ਨੂੰ ਕੈਂਪਾਂ ਵਿਚ ਭੇਜਣ ਦੀ ਵਿਊਂਤ ਬਣਨ ਲੱਗੀ।

ਅਖ਼ੀਰ ਉਹ ਘੜੀ ਵੀ ਆਣ ਢੁੱਕੀ ਜਦ ਸਾਡੇ ਪਿੰਡ ਦੇ ਸਾਰੇ ਹਿੰਦੂਆਂ-ਸਿੱਖਾਂ ਨੇ ਗੁਰਦੁਆਰੇ ਇਕੱਠ ਕਰ ਕੇ ਪਿੰਡ ਛੱਡ ਦੇਣ ਦਾ ਫ਼ੈਸਲਾ ਕਰ ਲਿਆ। ਸਾਡੇ ਬਜ਼ੁਰਗਾਂ ਵੀ ਦੋ ਗੱਡਿਆਂ ਉਪਰ ਜ਼ਰੂਰੀ ਸਾਮਾਨ ਲੱਦ ਲਿਆ। ਬਾਬਾ ਪਸ਼ੂਆਂ ਨਾਲ ਬਹੁਤਾ ਤੇਹ ਕਰਦਾ ਸੀ। ਇਹ ਕਹਿੰਦਿਆਂ 3-4 ਸੱਜਰ ਲਵੇਰੀਆਂ ਬਾਬੇ ਨੇ ਗੱਡੇ ਪਿੱਛੇ ਹੱਕ ਲਈਆਂ ਕਿ ਪੁੱਤਰ-ਪੋਤਰੇ ਦੁਧ ਪੀਆ ਕਰਨਗੇ ਤੇ ਬਾਕੀ ਪਸ਼ੂ ਖੁੱਲ੍ਹੇ ਛੱਡ ਦਿਤੇ। ਪਿੰਡ ਦੀ ਜੂਹ ਤੇ ਪਹੁੰਚ ਕੇ ਬਾਬੇ ਦੇ ਕਾਫ਼ਲੇ ਨੇ ਮੁੜ ਪਿੰਡ ਵਲ ਹਸਰਤ ਭਰੀਆਂ ਨਜ਼ਰਾਂ ਨਾਲ ਵੇਖ ਕੇ ਭਰੇ ਮਨ ਪਰ, ਮੁੜ ਮਿਲਣ ਦੀ ਉਮੀਦ ਨਾਲ ਆਖ਼ਰੀ ਫਤਿਹ ਬੁਲਾ ਦਿਤੀ।

ਬੀਬੀਆਂ ਤੇ ਬੱਚਿਆਂ ਨੂੰ ਲਾਇਲਪੁਰੋਂ ਟਰੱਕ ਵਿਚ ਜਗ੍ਹਾ ਮਿਲ ਗਈ ਤੇ ਬੰਦੇ ਸਾਰੇ ਗੱਡਿਆਂ ਦੇ ਕਾਫ਼ਲੇ ਨਾਲ ਜਾ ਰਲੇ। ਰਸਤੇ ਵਿਚ ਮੀਂਹ ਵੀ ਬਹੁਤ ਜ਼ੋਰ ਦੀ ਵਰ੍ਹੇ ਪਰ ਭੁੱਖ ਤ੍ਰੇਹ ਨਾਲ ਹਾਲੋਂ ਬੇਹਾਲ ਪਏ ਹੋਣ ਸਾਰੇ। ਰਸਤੇ ਵਿਚ ਇਕ ਖੂਹ ਤੇ ਕੁੱਝ ਕਾਫ਼ਲੇ ਵਾਲੇ ਪਾਣੀ ਪੀਣ ਲਈ ਰੁਕੇ ਤਾਂ ਉਥੇ ਤਾਂ ਲਾਸ਼ਾਂ ਪਈਆਂ ਤਰਨ। ਰਸਤੇ ਵਿਚ ਵੀ ਆਲੇ ਦੁਆਲੇ ਬੰਦਿਆਂ ਦੀਆਂ ਲਾਸ਼ਾਂ ਮੂਲੀਆਂ ਗਾਜਰਾਂ ਵਾਂਗ ਵੱਢੀਆਂ ਪਈਆਂ ਸਨ।

ਪਿਤਾ ਜੀ ਦਸਦੇ ਸਨ ਜਦ ਬੱਲੋ ਕੀ ਹੈੱਡ ਵਰਕਸ ਆਇਆ ਤਾਂ ਕੀ ਵੇਖਦੇ ਹਨ ਕਿ ਅੱਗੇ ਭਾਰੀ ਗਿਣਤੀ ਵਿਚ ਮੁਸਲਮਾਨ ਹਥਿਆਰਬੰਦ ਹੋ ਕੇ ਖੜੇ ਹਨ। ਉਹ ਕਹਿਣ ਲੱਗੇ ਕਿ ''ਤੁਹਾਡੀ ਹੀ ਹਿਫ਼ਾਜ਼ਤ ਲਈ ਖੜੇ ਹਾਂ। ਚਾਹ ਪਾਣੀ ਦਾ ਇੰਤਜ਼ਾਮ ਕੀਤੈ, ਚਿੰਤਾ ਨਾ ਕਰੋ। ਪਹਿਲਾਂ ਪਸ਼ੂਆਂ ਵਾਲੇ ਲੰਘ ਜਾਉ। ਗੱਡਿਆਂ ਵਾਲੇ ਬਾਅਦ ਵਿਚ ਲੰਘਿਉ। ਮੇਰੇ ਬਾਬਾ ਜੀ ਜੋ ਗੱਡੇ ਦੇ ਪਿੱਛੇ 3-4 ਲਵੇਰੀਆਂ ਹੱਕੀ ਆਉਂਦੇ ਸਨ ਤੇ 2 ਬਲਦ ਗੱਡੇ ਦੇ ਪਿੱਛੇ ਵੀ ਬੰਨ੍ਹੇ ਹੋਏ ਸਨ, ਉਹ ਵੀ ਖੋਲ੍ਹ ਕੇ ਅੱਗੇ ਹੋ ਗਏ।

ਸਾਡੇ ਹੀ ਆਰ ਪ੍ਰਵਾਰ ਵਿਚੋਂ ਇਕ ਹੋਰ ਭਗਤੂ ਨਾਮ ਦਾ ਮੁੰਡਾ ਵੀ ਅਪਣੇ ਪਸ਼ੂ ਹੱਕੀ ਜਾਂਦਾ ਸੀ। ਉਹ ਵੀ ਬਾਬੇ ਦੇ ਮਗਰ ਹੀ ਹੋ ਤੁਰਿਆ। ਪਰ ਅੱਗੇ ਜਾ ਕੇ ਦੰਗਈਆਂ ਨੇ ਦਗ਼ਾ ਕੀਤਾ। ਪਸ਼ੂਆਂ ਵਾਲੇ ਬਹੁਤੇ ਬੰਦੇ ਮਾਰ ਕੇ ਪਸ਼ੂ ਲੁੱਟ ਲਏ। ਮੇਰਾ ਬਾਬਾ ਵੀ ਮਾਰਤਾ ਜ਼ਾਲਮਾਂ। ਉਹ ਜਿਸ ਦੀ ਅਪਣੇ ਹਲਕੇ ਵਿਚ ਹੁਕਮ ਅਤੇ ਸਰਦਾਰੀ ਚਲਦੀ ਸੀ, ਇਥੇ ਉਹ ਸਾਧਾਰਣ ਗੱਡੇ ਵਾਲਾ ਕਿਸਾਨ ਸੀ।

ਪਰ ਭਗਤੂ ਬਚ ਗਿਆ। ਉਹ ਵੀ ਲਾਸ਼ਾਂ ਦੇ ਢੇਰ ਵਿਚ ਉਵੇਂ ਹੀ ਪਿਆ ਰਿਹਾ। ਉਸ ਨੇ ਮੇਰੇ ਬਾਬੇ ਦੀ ਲਾਸ਼ ਨੂੰ ਖਿੱਚ ਕੇ ਅਪਣੇ ਉਪਰ ਕਰ ਲਿਆ। ਉਸ ਦੇ ਕਪੜੇ ਵੀ ਖ਼ੂਨ ਨਾਲ ਲਿਬੜ ਗਏ। ਇਸ ਤਰ੍ਹਾਂ ਭੁਲੇਖੇ ਨਾਲ ਹੀ ਉਹ ਦੁਸ਼ਮਣ ਦੀ ਨਜ਼ਰ ਤੋਂ ਬਚ ਗਿਆ। ਸਬੱਬੀ ਸਿੱਖ ਮਿਲਟਰੀ ਪਹੁੰਚਣ ਤੇ ਸੱਭ ਦੰਗਈ ਭੱਜ ਗਏ। ਗੱਡਿਆਂ ਦਾ ਕਾਫ਼ਲਾ ਅੱਗੇ ਤੁਰਿਆ ਤਾਂ ਮੇਰੇ ਬਾਪ ਤੇ ਚਾਚਿਆਂ ਨੇ ਬਾਬੇ ਦੀ ਵੱਢੀ ਟੁੱਕੀ ਲਾਸ਼ ਨੂੰ ਲੱਭ ਕੇ ਗੱਡੇ ਤੇ ਪਾਇਆ।

ਮੀਂਹ ਪੈਂਦਾ ਸੀ, ਬਾਲਣ ਦਾ ਵੀ ਕਿਧਰੋਂ ਪ੍ਰਬੰਧ ਨਾ ਹੋਇਆ ਤਾਂ 2 ਕੁ ਪਿੰਡ ਅੱਗੇ ਜਾ ਕੇ ਥਕਿਆ ਟੁਟਿਆ ਕਾਫ਼ਲਾ ਇਕ ਪਿੰਡ ਵਿਚ ਰਾਤ ਰਿਹਾ ਤੇ ਉਥੇ ਹੀ ਬਾਬੇ ਨੂੰ ਦਫ਼ਨ ਕਰ ਦਿਤਾ। ਇਸ ਤਰ੍ਹਾਂ ਮਾਨੋ ਕਿ ਉਸ ਦੀ ਰੂਹ ਉਸੇ ਬਾਰ ਦੀ ਮਿੱਟੀ ਵਿਚ ਸਮਾਅ ਗਈ ਜਿਸ ਦਾ ਉਸੇ ਨੂੰ ਬਹੁਤਾ ਹੇਜ ਸੀ। ਭਗਤੂ ਹਾਲਾਂ ਜਿਊਂਦਾ ਹੈ ਤੇ ਅਪਣੇ ਪ੍ਰਵਾਰ ਨਾਲ ਕੈਨੇਡਾ ਵਿਚ ਰਹਿੰਦਾ ਹੈ।

ਮੇਰੀ ਉਮਰ ਤਾਂ ਉਸ ਵਕਤ 10 ਕੁ ਸਾਲ ਦੀ ਹੀ ਸੀ। ਮੈਂ ਅਪਣੀ ਮਾਂ ਨਾਲ ਹੀ ਲਾਇਲਪੁਰੋਂ ਟਰੱਕ ਤੇ ਸਵਾਰ ਹੋਇਆ ਸਾਂ ਤੇ ਤੀਜੇ ਕੁ ਦਿਨ ਅਸੀ ਸਲਾਮਤੀ ਨਾਲ ਚਹੇੜੂ/ਫ਼ਗਵਾੜਾ ਆਣ ਉਤਰੇ। ਇਥੇ ਹੀ ਮੇਰੇ ਬਾਬਾ ਜੀ ਵਿਆਹੇ ਹੋਏ ਸਨ। ਅਸੀ ਹੋਰ ਬੰਦਿਆਂ ਨਾਲ ਖੇੜੇ ਪਿੰਡ ਨੇੜਿਉਂ ਬੇਈਂ ਦਾ ਪੱਤਣ ਪਾਰ ਕੀਤਾ। ਵੱਡੇ ਤੜਕੇ ਜਾ ਧਾਲੀਵਾਲ ਪਹੁੰਚੇ। 7-8 ਦਿਨ ਬਾਅਦ ਗੱਡਿਆਂ ਵਾਲੇ ਵੀ ਆ ਪਹੁੰਚੇ। ਸੱਭ ਨੇ ਬਾਬਾ ਜੀ ਦਾ ਸੋਗ ਮਨਾਇਆ। ਸਾਰਾ ਪਿੰਡ ਅਫ਼ਸੋਸ ਲਈ ਘਰ ਢੁਕਿਆ।

ਗੁਆਂਢੀ ਪਿੰਡ ਬਜੂਹਾਂ ਖ਼ੁਰਦ ਖ਼ਾਲੀ ਹੋਇਆ ਤਾਂ ਸਾਡੇ ਬਜ਼ੁਰਗਾਂ ਵੀ ਇਥੇ ਕੁੱਝ ਜ਼ਮੀਨ ਅਤੇ 1-2 ਘਰਾਂ ਤੇ ਆਣ ਕਬਜ਼ਾ ਕੀਤਾ। ਕੁੱਝ ਸਾਲ ਬਾਅਦ ਉਧਰਲੀ ਜ਼ਮੀਨ ਦੇ ਲਿਹਾਜ਼ ਨਾਲ ਇਧਰ ਕਾਟ ਕੱਟ ਕੇ ਕਰੀਬ 70 ਫ਼ੀ ਸਦੀ ਹੀ ਜ਼ਮੀਨ ਅਲਾਟ ਕੀਤੀ ਗਈ। 10 ਖੇਤ ਚਾਹੀ ਤੇ 40 ਬੈਰਾਨੀ ਅਲਾਟ ਹੋਏ। ਹੁਣ ਬਾਪ, ਚਾਚੇ, ਤਾਏ ਸੱਭ ਪੂਰੇ ਹੋ ਚੁੱਕੇ ਹਨ। ਜ਼ਮੀਨਾਂ ਵੀ ਵੰਡ ਵਿਚ ਘੱਟ ਗਈਆਂ। ਮੇਰਾ ਬੇਟਾ ਤੇ ਦੋ ਬੇਟੀਆਂ ਫ਼ਰਾਂਸ ਵਿਚ ਤੇ ਇਕ ਬੇਟੀ ਆਇਰਲੈਂਡ ਹੈ। ਇਧਰ ਅਸੀ ਮੀਆਂ ਬੀਵੀ ਦੋਵੇਂ ਜਾਣੇ ਬੁਢਾਪਾ ਹੰਢਾਅ ਰਹੇ ਹਾਂ।

ਇਹ ਜੋ ਗੱਲਾਂ ਮੈਂ ਤੁਹਾਨੂੰ ਦੱਸੀਆਂ, ਬਹੁਤੀਆਂ ਬਜ਼ੁਰਗਾਂ ਤੋਂ ਸੁਣੀਆਂ ਸੁਣਾਈਆਂ ਹਨ। ਮੈਂ ਤਾਂ ਉਸ ਵਕਤ ਬਾਲ ਉਮਰੇ ਹੀ ਸਾਂ। ਕੇਵਲ ਏਨਾ ਕੁ ਯਾਦ ਹੈ ਕਿ ਬਾਰ ਵਿਚੋਂ ਆਉਂਦਿਆਂ ਰਾਹ ਵਿਚ ਖ਼ਤਰਾ ਜਾਣ ਕੇ ਜਦ ਇਕ ਜਗ੍ਹਾ ਟਰੱਕ ਰੁਕ ਗਿਆ ਤਾਂ ਮੈਂ ਉੱਚੀ-ਉੱਚੀ ਰੋਣ ਲੱਗ ਪਿਆ। ਇਕ ਸਿੱਖ ਫ਼ੌਜੀ ਮੇਰੀ ਮਾਂ ਨੂੰ ਪੁੱਛਣ ਲਗਾ ਕਿ ਬੱਚਾ ਕਿਉਂ ਰੋਂਦਾ ਹੈ ਤਾਂ ਅੱਗੋਂ ਮਾਂ ਨੇ ਆਖਿਆ ਕਿ ਭੁੱਖਾ ਹੈ। ਤਦੋਂ ਉਸ ਫ਼ੌਜੀ ਜਵਾਨ ਨੇ ਛੋਲੇ ਖਾਣ ਨੂੰ ਦਿਤੇ।

ਪੀੜਾਂ ਭਰੇ ਪਰਾਗੇ ਸਹਿ ਸਹਿ, ਬਾਰਾਂ ਆਬਾਦ  ਕਰਨ ਵਾਲੀ ਪੰਜਾਬ ਦੀ, ਖ਼ਾਸ ਕਰ ਸਿੱਖ ਕਿਸਾਨੀ ਦੀ ਬਰਬਾਦੀ ਤੇ ਪੀੜਾਂ ਭਰਿਆ ਖ਼ਾਲੀ ਹੱਥ ਵਾਪਸੀ ਦਾ ਸਫ਼ਰ, ਇਹ ਸਾਰਾ ਕਾਂਡ ਇਕ ਬੁਰੇ ਸੁਪਨੇ ਵਾਂਗ ਹੈ ਜੋ ਆਇਆ ਤੇ ਲੰਘ ਗਿਆ। ਪਰ ਫੱਟ ਏਨੇ ਗਹਿਰੇ ਹਨ ਕਿ ਭੁਲਾਇਆਂ ਕਿਵੇਂ ਵੀ ਭੁਲਦੇ ਨਹੀਂ। ਹਰ ਸਾਲ ਆਜ਼ਾਦੀ ਦਾ ਦਿਨ ਭਾਰਤੀਆਂ ਲਈ ਜਿਥੇ ਆਜ਼ਾਦੀ ਦਾ ਜਸ਼ਨ ਹੁੰਦੈ, ਉਥੇ ਪੰਜਾਬੀਆਂ ਲਈ ਬਰਬਾਦੀ ਦੀਆਂ ਪੀੜਾਂ ਚੇਤੇ ਕਰਵਾਉਂਦਾ ਹੈ।''
ਸੰਪਰਕ : 92469-73526