ਤਲਵਾਰ ਤੋਂ ਕ੍ਰਿਪਾਨ ਤਕ ਦਾ ਸਫ਼ਰ

ਏਜੰਸੀ

ਵਿਚਾਰ, ਵਿਸ਼ੇਸ਼ ਲੇਖ

ਜਦੋਂ ਮਨੁੱਖ ਪਹਾੜਾਂ ਦੀਆਂ ਗੁਫ਼ਾਵਾਂ ਵਿਚ ਰਹਿੰਦਾ ਸੀ, ਉਦੋਂ ਵੀ ਆਪਸੀ ਲੜਾਈਆਂ ਹੁੰਦੀਆਂ ਸਨ।

Gatka

ਜਦੋਂ ਮਨੁੱਖ ਪਹਾੜਾਂ ਦੀਆਂ ਗੁਫ਼ਾਵਾਂ ਵਿਚ ਰਹਿੰਦਾ ਸੀ, ਉਦੋਂ ਵੀ ਆਪਸੀ ਲੜਾਈਆਂ ਹੁੰਦੀਆਂ ਸਨ। ਪਰ ਉਸ ਵੇਲੇ ਲਕੜੀ ਦੀਆਂ ਡਾਂਗਾਂ, ਸੋਟੀਆਂ ਨਾਲ ਲੋੜ ਪੂਰੀ ਹੁੰਦੀ ਸੀ। ਫਿਰ ਜਦੋਂ ਮਨੁੱਖ ਨੇ ਲੋਹੇ ਦੀ ਵਰਤੋਂ ਸ਼ੁਰੂ ਕੀਤੀ ਤਾਂ ਉਨ੍ਹਾਂ ਡਾਂਗਾਂ ਸੋਟਿਆਂ ਦੇ ਅਗਲੇ ਪਾਸੇ ਤਿੱਖਾ ਲੋਹਾ ਲਗਾ ਕੇ ਕੁੱਝ ਹਥਿਆਰ ਤਿਆਰ ਕੀਤੇ ਜਿਨ੍ਹਾ ਨੂੰ ਵਖਰੇ-ਵਖਰੇ ਨਾਮ ਦਿਤੇ ਗਏ, ਜਿਵੇਂ ਕੁਹਾੜਾ , ਨੇਜ਼ਾ , ਭਾਲਾ, ਗੰਡਾਸੀ, ਤੀਰ ਆਦਿ ਸਨ।

ਇਹ ਸਾਰੇ ਸ਼ਸਤਰ ਲੱਕੜ ਦੇ ਦਸਤਿਆਂ ਤੇ ਨਿਰਭਰ ਹੁੰਦੇ ਸਨ, ਜੋ  ਦਸਤਿਆਂ ਦੇ ਟੁੱਟਣ ਕਾਰਨ ਬੇਕਾਰ ਹੋ ਜਾਂਦੇ ਸਨ। ਫਿਰ  ਲੋਹੇ ਦੀ ਤਿੱਖੀ ਧਾਰ ਵਾਲਾ ਹਥਿਆਰ ਤਿਆਰ ਕੀਤਾ ਗਿਆ ਜਿਸ ਨੂੰ ਪੂਰੀ ਤਰ੍ਹਾਂ ਲੋਹੇ ਨਾਲ ਬਣਾਇਆ ਗਿਆ। ਇਸ ਦਾ ਨਾਮ ਤਲਵਾਰ ਰਖਿਆ ਗਿਆ। ਇਹ ਅਰਬੀ ਭਾਸ਼ਾ ਦਾ ਸ਼ਬਦ ਹੈ। ਤਲਵਾਰ ਤੋਂ ਭਾਵ ਤਲ ਤੇ ਵਾਰ। ਤਲ ਅਰਥਾਤ ਜੜ੍ਹ ਤੇ ਵਾਰ ਅਰਥਾਤ ਵਢਣਾ ਭਾਵ-ਜੜ੍ਹ ਤੋਂ ਵੱਢਣ ਵਾਲਾ ਹਥਿਆਰ। ਇਹ ਪਹਿਲਾਂ ਕਿਥੇ ਤਿਆਰ ਹੋਇਆ, ਇਸ ਬਾਰੇ ਕੋਈ ਪੱਕੀ ਜਾਣਕਾਰੀ ਤਾਂ ਨਹੀ ਮਿਲਦੀ ਪਰ ਕੁੱਝ ਪੁਰਾਤਨ ਇਤਿਹਾਸਕਾਰਾਂ ਦੀਆਂ ਲਿਖਤਾਂ ਮੁਤਾਬਕ ਇਸ ਦੀ ਸ਼ੁਰੂਆਤ ਅਰਬ ਦੇਸ਼ਾਂ ਤੋਂ ਹੋਈ ਦੱਸੀ ਗਈ ਹੈ। ਇਸ ਦਾ ਨਾਮ ਤਲਵਾਰ ਵੀ ਅਰਬੀ ਭਾਸ਼ਾ ਦਾ ਹੋਣ ਕਰ ਕੇ ਇਸੇ ਨੂੰ ਹੀ ਆਧਾਰ ਮੰਨਿਆ ਜਾਂਦਾ ਹੈ?

ਤਲਵਾਰ ਅਪਣੇ ਜ਼ਮਾਨੇ ਦਾ ਲੋਹੇ ਦਾ ਮਜ਼ਬੂਤ ਮਾਰੂ ਹਥਿਆਰ ਬਣ ਕੇ ਦੁਨੀਆਂ ਦੇ ਸਾਹਮਣੇ ਆਇਆ ਤੇ ਇਸ ਦੀ ਵਰਤੋਂ ਨਾਲ ਉਸ ਜ਼ਮਾਨੇ ਵਿਚ ਵੱਡੇ ਪੱਧਰ ਉਤੇ ਮਨੁੱਖਤਾ ਦਾ ਕਤਲੇਆਮ ਹੋਇਆ। ਕੁੱਝ ਕਾਰੀਗਰ ਇਸ ਨੂੰ ਬਣਾਉਣ ਸਮੇਂ ਜ਼ਹਿਰ ਦੀ ਪੁਠ ਲਗਾ ਕੇ ਤਿਆਰ ਕਰਦੇ ਸਨ ਜਿਸ ਕਾਰਨ ਤਲਵਾਰ ਵਿਚ ਬਹੁਤ ਜ਼ਿਆਦਾ ਜ਼ਹਿਰੀਲਾ ਅਸਰ ਹੁੰਦਾ ਸੀ। ਵੱਖ-ਵੱਖ ਇਲਾਕਿਆਂ ਵਿਚ ਵਖਰੀ-ਵਖਰੀ ਭਾਸ਼ਾ ਮੁਤਾਬਕ ਤਲਵਾਰ ਦੇ ਨਾਮ ਵੀ ਬਦਲਦੇ ਰਹੇ ਜਿਵੇਂ ਸ਼ਮਸ਼ੀਰ, ਖੜਗ, ਚੰਡੀ, ਭਗੌਤੀ, ਤੇਗ ਆਦਿ ਰੱਖੇ ਗਏ, ਜਿਨ੍ਹਾਂ ਵਿਚ ਤਲਵਾਰ ਨਾਮ ਮੁੱਖ ਸੀ।

ਉਸ ਵੇਲੇ ਦੇ ਪ੍ਰਸਿੱਧ ਤਲਵਾਰਚੀਆਂ ਵਿਚੋਂ ਚੰਗੇਜ਼ ਖ਼ਾਨ, ਹਲਾਕੂ, ਤੈਮੂਰ, ਸਿਕੰਦਰ ਮਹਾਨ, ਨਾਦਿਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨੇ ਤਲਵਾਰ ਦੇ ਜ਼ੋਰ ਉਤੇ ਦੁਨੀਆਂ ਫ਼ਤਿਹ ਕਰਨ ਦਾ ਸੁਪਨਾ ਲਿਆ ਵੀ ਤੇ ਸਾਕਾਰ ਵੀ ਕੀਤਾ। ਤਲਵਾਰ ਇਕ ਜਬਰਦਸਤ ਹਥਿਆਰ ਸੀ ਜਿਸ ਨੇ ਦੁਨੀਆਂ ਕੰਬਾ ਕੇ ਰੱਖ ਦਿਤੀ। ਇਸ ਹਥਿਆਰ ਨੂੰ ਨੰਗਾ ਨਹੀਂ ਰਖਿਆ ਜਾ ਸਕਦਾ ਸੀ। ਇਸ ਕਰ ਕੇ ਇਸ ਹਥਿਆਰ ਨੂੰ ਸੰਭਾਲਣ ਲਈ ਮਿਆਨ ਤਿਆਰ ਕੀਤੀ ਗਈ।

ਜਦੋਂ ਇਹ ਜੜ੍ਹ ਤੇ ਵਾਰ ਕਰਨ ਵਾਲਾ ਸੱਭ ਤੋਂ ਮਾਰੂ ਹਥਿਆਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਬਾਰਕ  ਹੱਥਾਂ ਵਿਚ ਆਇਆ ਤਾਂ ਗੁਰੂ ਜੀ ਨੇ ਇਸ ਦਾ ਨਾਮ (ਕ੍ਰਿਪਾਨ) ਰਖਿਆ ਜਿਸ ਦਾ ਭਾਵ ਹੈ “ਕ੍ਰਿਪਾ ਦੀ ਆਨ” ਜਿਸ ਤੋਂ ਕ੍ਰਿਪਾ ਦੀ ਵਰਖਾ ਹੁੰਦੀ ਹੋਵੇ। ਇਹ ਸੁਣ ਕੇ ਲੋਕ ਹੈਰਾਨ ਹੋ ਗਏ ਕਿ ਸੱਭ ਤੋਂ ਮਾਰੂ ਹਥਿਆਰ ਜਿਸ ਚੋਂ ਮੌਤ ਵਰ੍ਹਦੀ ਹੈ, ਉਸ ਤੋਂ ਕ੍ਰਿਪਾ ਕਿਵੇਂ ਵਰ੍ਹੇਗੀ? ਇਹ ਗੱਲ ਲੋਕਾਂ ਨੂੰ ਹਜ਼ਮ ਨਾ ਹੋਈ। ਜਦੋਂ ਦਸਵੇਂ ਪਾਤਸ਼ਾਹ ਕੋਲੋਂ ਇਸ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਨੇ ਬੜੇ ਸਪੱਸ਼ਟ ਸ਼ਬਦਾਂ ਵਿਚ ਦਸਿਆ ਕਿ ਜਦੋਂ ਤਲਵਾਰ ਦੀ ਵਰਤੋਂ ਮਨੁੱਖਤਾ ਦੇ ਕਤਲੇਆਮ ਦੀ ਬਜਾਏ ਮਜ਼ਲੂਮਾਂ ਦੀ ਜਾਨ ਮਾਲ ਦੀ ਰਾਖੀ ਲਈ ਕੀਤੀ ਜਾਵੇ, ਉਦੋਂ ਉਨ੍ਹਾਂ ਮਜ਼ਲੂਮਾਂ ਨੂੰ ਉਸ ਮੌਤ ਤੋਂ ਬਚਾ ਕੇ ਉਨ੍ਹਾਂ ਉਪਰ ਕ੍ਰਿਪਾ ਦੀ ਬਾਰਸ਼ ਤਲਵਾਰ ਹੀ ਕਰਨ ਲੱਗ ਜਾਂਦੀ ਹੈ।

ਉਨ੍ਹਾਂ ਉਪਦੇਸ਼ ਦਿਤਾ ਕਿ ਹਰ ਮਨੁੱਖ ਤਲਵਾਰ ਦਾ ਧਨੀ ਹੋਣਾ ਚਾਹਿਦਾ ਹੈ। ਹਰ ਮਨੁੱਖ ਨੂੰ ਸ਼ਸਤਰ ਧਾਰਨ ਕਰਨੇ ਚਾਹੀਦੇ ਹਨ ਪਰ ਇਹ ਸ਼ਸਤਰ ਬਿਨਾ ਵਜ੍ਹਾ ਲੜਾਈ ਕਰਨ ਲਈ ਜਾਂ ਕਿਸੇ ਕੋਲੋਂ ਦੇਸ਼ ਖੋਹਣ ਲਈ ਜਾਂ ਲਾਲਚ ਵਿਚ ਕਿਸੇ ਨੂੰ ਨਾਜਾਇਜ਼ ਮਾਰਨ ਲਈ ਇਸਤੇਮਾਲ ਨਹੀਂ ਹੋਣੇ ਚਾਹੀਦੇ? ਉਹੀ ਸ਼ਸਤਰ ਜਦੋਂ ਕਿਸੇ ਉਪਰ ਜ਼ੁਲਮ ਕਰਨ ਲਈ ਵਰਤਿਆ ਜਾਵੇਗਾ, ਉਹ ਤਲਵਾਰ ਅਖਵਾਵੇਗਾ।

ਪਰ ਜ਼ੁਲਮ ਰੋਕਣ ਲਈ ਕਿਸੇ ਅਬਲਾ ਦੀ ਜਾਂ ਕਿਸੇ ਗ਼ਰੀਬ ਦੀ, ਕਿਸੇ ਧਾੜਵੀ ਕੋਲੋਂ ਜਾਨ ਬਚਾਉਣ ਲਈ ਜਦੋਂ ਵਰਤਿਆ ਜਾਵੇਗਾ, ਉਦੋਂ ਕ੍ਰਿਪਾਨ ਅਖਵਾਏਗਾ ਜਿਸ ਨਾਲ ਕਮਜ਼ੋਰਾਂ ਤੇ ਗ਼ਰੀਬਾਂ ਦੀ ਰਖਿਆ ਕੀਤੀ ਜਾਵੇ। ਕ੍ਰਿਪਾਨ ਨਾਲ ਲੋਕਾਂ ਦਾ ਜੀਵਨ ਬਚਾਇਆ ਜਾ ਸਕੇ ਤਾਂ ਇਸ ਤਲਵਾਰ ਤੋਂ ਲੋਕਾਂ ਨੂੰ ਮੌਤ ਨਹੀਂ, ਜ਼ਿੰਦਗੀ ਮਿਲੇਗੀ ਤੇ ਇਹ ਦੁਨੀਆਂ ਦਾ ਸੱਭ ਤੋਂ ਮਾਰੂ ਹਥਿਆਰ ਜੜ੍ਹ ਤੇ ਵਾਰ ਕਰਨ ਦੀ ਬਜਾਏ, ਕ੍ਰਿਪਾ ਦੀ ਆਨ ਬਣ ਜਾਵੇਗਾ।

ਇਸੇ ਕਰ ਕੇ ਦਸਮ ਪਿਤਾ ਨੇ ਖੰਡੇ ਦੀ ਪਾਹੁਲ  ਛਕਾਉਣ ਵੇਲੇ ਇਸ ਸ਼ਸਤਰ ਨੂੰ ਪੰਜ ਕਕਾਰਾਂ ਵਿਚ ਸ਼ਾਮਲ ਕਰ ਕੇ ਇਸ ਨੂੰ ਕ੍ਰਿਪਾਨ ਭਾਵ ਕ੍ਰਿਪਾ ਦੀ ਆਨ ਦਾ ਰੁਤਬਾ ਬਖ਼ਸ਼ ਕੇ ਨਿਵਾਜਿਆ। ਇਸ ਤਰ੍ਹਾਂ ਤਲਵਾਰ ਲੰਮੇ ਸਮੇਂ ਦਾ ਸਫ਼ਰ ਕਰ ਕੇ ਮਾਰੂ ਹਥਿਆਰ ਤੋਂ ਕ੍ਰਿਪਾ ਦੀ ਆਨ ਬਣ ਕੇ ਸਫ਼ਲ ਹੋਈ।
ਸੰਪਰਕ : 95010-26652