ਸਭ ਤੋਂ ਲੰਬੇ ਨਾਮ ਵਾਲਾ ਵਿਅਕਤੀ, ਬੋਲਣ ਲਈ ਲੱਗ ਜਾਂਦੇ ਹਨ 20 ਮਿੰਟ
ਲੰਬੇ ਨਾਮ ਵਾਲੇ ਵਿਅਕਤੀ ਨੇ ਚੱਕਰਾਂ ’ਚ ਪਾਈ ਸਰਕਾਰ, ਇੰਨਾ ਲੰਬਾ ਨਾਮ ਕਿ ਲਿਖਣ ਲਈ ਲਗਦੇ ਨੇ 6 ਪੇਜ਼
ਆਕਲੈਂਡ (ਸ਼ਾਹ) : ਤੁਸੀਂ ਸਾਰਿਆਂ ਨੇ ਫਿਲਮ ‘ਧਮਾਲ’ ਤਾਂ ਜ਼ਰੂਰ ਦੇਖੀ ਹੀ ਹੋਵੇਗੀ, ਜਿਸ ਦੇ ਇਕ ਸੀਨ ਵਿਚ ਅਰਸ਼ਦ ਵਾਰਸੀ ਅਤੇ ਜਾਵੇਦ ਜਾਫ਼ਰੀ ਇਕ ਕਾਰ ਵਾਲੇ ਤੋਂ ਲਿਫਟ ਲੈਂਦੇ ਨੇ, ਜਦੋਂ ਉਹ ਗੱਲਾਂ ਬਾਤਾਂ ਕਰਦਿਆਂ ਕਾਰ ਵਾਲੇ ਨਾਮ ਪੁੱਛਦੇ ਨੇ ਤਾਂ ਉਸ ਦਾ ਨਾਮ ਇੰਨਾ ਜ਼ਿਆਦਾ ਲੰਬਾ ਹੁੰਦਾ ਹੈ ਕਿ ਉਹ ਨਾਮ ਸੁਣ ਕੇ ਪਰੇਸ਼ਾਨ ਹੋ ਜਾਂਦੇ ਨੇ,,, ਸਫ਼ਰ ਮੁੱਕ ਜਾਂਦੈ ਪਰ ਉਸ ਸਖ਼ਸ਼ ਦਾ ਨਾਮ ਨਹੀਂ ਮੁੱਕਦਾ,, ਅਜਿਹਾ ਹੀ ਇਕ ਵਿਅਕਤੀ ਹਕੀਕਤ ਵਿਚ ਵੀ ਮੌਜੂਦ ਐ, ਜਿਸ ਦਾ ਨਾਮ ਲੈਣ ਲਈ 20 ਮਿੰਟ ਦਾ ਸਮਾਂ ਲਗਦਾ ਏ ਅਤੇ ਉਸ ਨੂੰ ਲਿਖਣ ਲਈ ਪੂਰੇ ਛੇ ਪੇਜ਼ ਲੱਗ ਜਾਂਦੇ ਨੇ। ਹੋਰ ਤਾਂ ਹੋਰ ਇਸ ਵਿਅਕਤੀ ਦੇ ਲਈ ਸਰਕਾਰ ਨੂੰ ਆਪਣਾ ਕਾਨੂੰਨ ਤੱਕ ਬਦਲਣਾ ਪੈ ਗਿਆ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕੌਣ ਐ ਇਹ ਵਿਅਕਤੀ ਅਤੇ ਕੀ ਐ ਇਸ ਦੇ ਨਾਮ ਦੀ ਪੂਰੀ ਕਹਾਣੀ।
ਦੁਨੀਆ ਦੇ ਕਈ ਦੇਸ਼ਾਂ ਵਿਚ ਲੰਬੇ ਨਾਮ ਰੱਖਣ ਦੀ ਪ੍ਰੰਪਰਾ ਬਣੀ ਹੋਈ ਐ,, ਦੱਖਣ ਭਾਰਤ ਵਿਚ ਵੀ ਨਾਵਾਂ ਵਿਚ ਅਕਸਰ ਪਿੰਡ, ਪਿਤਾ ਦਾ ਨਾਮ ਅਤੇ ਵਿਅਕਤੀ ਦਾ ਨਾਮ ਸ਼ਾਮਲ ਕੀਤਾ ਜਾਂਦੈ,, ਜਦਕਿ ਅਰਬ ਦੇਸ਼ਾਂ ਵਿਚ ਆਪਣੇ ਨਾਮ ਵਿਚ ਵੰਸ਼ ਅਤੇ ਖ਼ਾਨਦਾਨ ਨੂੰ ਦਰਸਾਇਆ ਜਾਂਦੈ। ਬੇਸ਼ੱਕ ਪੱਛਮੀ ਦੇਸ਼ਾਂ ਵਿਚ ਵੀ ਕੁਝ ਲੋਕਾਂ ਦੇ ਨਾਮ ਲੰਬੇ ਹੁੰਦੇ ਨੇ, ਉਂਝ ਇਹ ਨਾਮ ਇੰਨੇ ਲੰਬੇ ਵੀ ਨਹੀਂ ਹੁੰਦੇ ਕਿ ਜਿਸ ਨੂੰ ਬੋਲਣ ਲੱਗੇ ਹੀ ਪਸੀਨੇ ਛੁੱਟ ਜਾਣ,, ਪਰ ਨਿਊਜ਼ੀਲੈਂਡ ਵਿਚ ਇਕ ਅਜਿਹਾ ਵਿਅਕਤੀ ਮੌਜੂਦ ਐ, ਜਿਸ ਦਾ ਨਾਮ ਦੁਨੀਆ ਵਿਚ ਸਭ ਤੋਂ ਵੱਡਾ ਨਾਮ ਐ, ਜਿਸ ਕਰਕੇ ਉਸ ਦੇ ਨਾਮ ਗਿੰਨੀਜ਼ ਵਰਡਲ ਰਿਕਾਰਡ ਵਿਚ ਦਰਜ ਕੀਤਾ ਗਿਆ ਏ।
ਲਾਰੈਂਸ ਵਾਟਕਿੰਸ ਨਾਂਅ ਦੇ ਇਸ ਵਿਅਕਤੀ ਨੇ ਮਾਰਚ 1990 ਵਿਚ ਆਪਣਾ ਨਾਮ ਕਾਨੂੰਨੀ ਤੌਰ ’ਤੇ ਬਦਲ ਕੇ ਉਸ ਵਿਚ 2000 ਤੋਂ ਜ਼ਿਆਦਾ ਮਿਡਲ ਨਾਮ ਸ਼ਾਮਲ ਕਰ ਲਏ ਸੀ, ਜਿਸ ਤੋਂ ਬਾਅਦ ਉਸ ਦਾ ਨਾਮ 2253 ਸ਼ਬਦਾਂ ਦਾ ਹੋ ਗਿਆ। ਵਾਟਕਿੰਸ ਦਾ ਕਹਿਣਾ ਏ ਕਿ ਉਸ ਨੂੰ ਹਮੇਸ਼ਾਂ ਅਜਿਹੇ ਅਨੋਖੇ ਅਤੇ ਮਜ਼ੇਦਾਰ ਰਿਕਾਰਡ ਬਣਾਉਣ ਵਿਚ ਦਿਲਚਸਪੀ ਸੀ ਅਤੇ ਉਹ ਖ਼ੁਦ ਕੋਈ ਵੱਡਾ ਰਿਕਾਰਡ ਬਣਾਉਣਾ ਚਾਹੁੰਦਾ ਸੀ। ਉਸ ਨੇ ਦੱਸਿਆ ਕਿ ਉਸ ਨੇ ਗਿੰਨੀਜ਼ ਵਰਲਡ ਰਿਕਾਰਡਜ਼ ਦੀ ਕਿਤਾਬ ਪੜ੍ਹੀ ਅਤੇ ਦੇਖਿਆ ਕਿ ਸਭ ਤੋਂ ਲੰਬੇ ਨਾਮ ਦਾ ਰਿਕਾਰਡ ਤੋੜਨਾ ਉਨ੍ਹਾਂ ਲਈ ਸੰਭਵ ਸੀ। ਉਸ ਸਮੇਂ ਕੰਪਿਊਟਰ ਦੀ ਵਰਤੋਂ ਸੀਮਤ ਹੁੰਦੀ ਸੀ, ਜਿਸ ਕਰਕੇ ਉਸ ਨੂੰ ਪੂਰੀ ਸੂਚੀ ਟਾਈਪ ਕਰਵਾਉਣ ਵਿਚ ਸੈਂਕੜੇ ਡਾਲਰ ਖ਼ਰਚਣੇ ਪਏ। ਇਸ ਮਗਰੋਂ ਉਸ ਨੇ ਅਦਾਲਤ ਵਿਚ ਨਾਮ ਬਦਲੀ ਦੀ ਅਰਜ਼ੀ ਲਗਾਈ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਪਰ ਜਦੋਂ ਉਸ ਦਾ ਨਾਮ ਰਜਿਸਟਰਾਰ ਜਨਰਲ ਕੋਲ ਪੁੱਜਾ ਤਾਂ ਉਨ੍ਹਾਂ ਇਸ ਨੂੰ ਖਾਰਜ ਕਰ ਦਿੱਤਾ। ਇਸ ਤੋਂ ਬਾਅਦ ਵਾਟਕਿੰਸ ਨੇ ਹਾਈਕੋਰਟ ਵਿਚ ਅਪੀਲ ਕੀਤੀ, ਜਿੱਥੇ ਫ਼ੈਸਲਾ ਉਸ ਦੇ ਹੱਕ ਵਿਚ ਹੋ ਗਿਆ। ਇਸ ਮਾਮਲੇ ਤੋਂ ਬਾਅਦ ਨਿਊਜ਼ੀਲੈਂਡ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸਰਕਾਰ ਨੂੰ ਡਰ ਸੀ ਕਿ ਜੇਕਰ ਇਹ ਰੁਝਾਨ ਵਧ ਗਿਆ ਤਾਂ ਕੀ ਬਣੇਗਾ? ਇਸ ਲਈ ਅਜਿਹੇ ਮਾਮਲਿਆਂ ਨੂੰ ਰੋਕਣ ਲਈ ਨਿਊਜ਼ੀਲੈਂਡ ਸਰਕਾਰ ਨੂੰ ਦੋ ਨਵੇਂ ਕਾਨੂੰਨ ਬਣਾਉਣੇ ਪਏ।
ਗਿੰਨੀਜ਼ ਵਰਲਡ ਰਿਕਾਰਡਜ਼ ਦੇ ਅਨੁਸਾਰ ਲਾਰੈਂਸ ਵਾਟਕਿੰਸ ਉਸ ਸਮੇਂ ਸਿਟੀ ਲਾਇਬ੍ਰੇਰੀ ਵਿਚ ਕੰਮ ਕਰਦਾ ਸੀ ਅਤੇ ਉਨ੍ਹਾਂ ਨੇ ਕਿਤਾਬਾਂ ਵਿਚੋਂ ਦੇਖ ਕੇ ਅਤੇ ਆਪਣੇ ਸਾਥੀਆਂ ਦੀ ਮਦਦ ਨਾਲ ਨਾਮ ਚੁਣੇ ਸੀ। ਉਸ ਨੇ ਕਿਹਾ ਕਿ ਉਸ ਦਾ ਪਸੰਦੀਦਾ ਨਾਮ ਏਜੈੱਡ 2000 ਹੈ, ਜਿਸ ਦਾ ਮਤਲਬ ਇਹ ਐ ਕਿ ਉਸ ਦੇ ਕੋਲ ਏ ਤੋਂ ਜੈੱਡ ਤੱਕ 2000 ਨਾਮ ਨੇ। ਭਾਵੇਂ ਕਿ ਵਾਟਕਿੰਸ ਨੂੰ ਆਪਣੇ ਅਨੋਖੇ ਅਤੇ ਲੰਬੇ ਨਾਮ ਦੀ ਵਜ੍ਹਾ ਕਰਕੇ ਕਈ ਵਾਰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਏ, ਸਰਕਾਰੀ ਕਾਗਜ਼ਾਤ ਅਤੇ ਪਛਾਣ ਪੱਤਰਾਂ ’ਤੇ ਉਸ ਦਾ ਪੂਰਾ ਨਾਮ ਨਹੀਂ ਆਉਂਦਾ,, ਪਰ ਇਸ ਦੇ ਬਾਵਜੂਦ ਉਹ ਆਪਣੇ ਵਿਸ਼ਵ ਰਿਕਾਰਡ ਨੂੰ ਲੈ ਕੇ ਬੇਹੱਦ ਖ਼ੁਸ਼ ਐ।
ਦੱਸ ਦਈਏ ਕਿ ਦੁਨੀਆ ਵਿਚ ਕਿਸੇ ਸਥਾਨ ਦੇ ਸਭ ਤੋਂ ਲੰਬੇ ਨਾਮ ਦਾ ਰਿਕਾਰਡ ਵੀ ਨਿਊਜ਼ੀਲੈਂਡ ਦੇ ਨਾਮ ਐ। ਇਹ ਪਹਾੜੀ ਐ, ਜਿਸ ਦੇ ਨਾਮ ਵਿਚ 85 ਅੱਖਰ ਪੈਂਦੇ ਨੇ।
ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ, ਕੁਮੈਂਟ ਜ਼ਰੀਏ ਆਪਣੇ ਰਾਇ ਸਾਂਝੀ ਕਰੋ। ਹੋਰ ਦਿਲਚਸਪ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਰੋਜ਼ਾਨਾ ਸਪੋਕਸਮੈਨ ਟੀਵੀ