ਆਓ ਮੁੜ ਚੱਲੀਏ ਵਿਰਾਸਤ ਵੱਲ ਚਲੀਏ ਦੀਵਾਲੀ ਮੌਕੇ ਦੀਵੇ ਬਣਾਉਣ ਵਾਲਿਆਂ ਦੇ ਮੂੰਹ ’ਤੇ ਵੀ ਲਿਆਈਏ ਖੁਸ਼ੀ
ਤਿਉਹਾਰ ਰੌਸ਼ਨੀਆਂ ਦਾ ਤਿਉਹਾਰ, ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ, ਹਨੇਰੇ ‘ਚ ਰੋਸ਼ਨੀ ਦਾ ਅਤੇ ਗਿਆਨ ਦਾ ਪ੍ਰਤੀਕ
ਦੀਵਾਲੀ ਦਾ ਤਿਉਹਾਰ ਰੰਗਾਂ, ਰੌਸ਼ਨੀਆਂ, ਖ਼ੁਸ਼ੀਆਂ, ਭਾਈਚਾਰਕ ਸਾਂਝ ਅਤੇ ਸਦਭਾਵਨਾ ਦਾ ਪ੍ਰਤੀਕ ਹੈ। ਇਸ ਤਿਉਹਾਰ ਨੂੰ ਭਾਰਤ ਵਿੱਚ ਵੱਖ-ਵੱਖ ਕਬੀਲਿਆਂ, ਫ਼ਿਰਕਿਆਂ, ਧਰਮਾਂ ਦੇ ਲੋਕ ਲੰਮੇ ਅਰਸੇ ਤੋਂ ਮੱਸਿਆ ਦੀ ਹਨੇਰੀ ਰਾਤ ਨੂੰ ਰੁਸ਼ਨਾ ਕੇ ਹਰ ਸਾਲ ਰਵਾਇਤੀ ਢੰਗ ਨਾਲ ਮਨਾਉਂਦੇ ਆ ਰਹੇ ਹਨ। ਇਸ ਦਿਨ ਦੀ ਖ਼ੁਸ਼ਆਮਦੀਦ 'ਤੇ ਭਾਵਨਾਤਮਕ ਖ਼ੁਸ਼ੀ ਦਾ ਇਜ਼ਹਾਰ ਕਰਨ ਲਈ ਦੀਪਮਾਲਾ ਕੀਤੀ ਜਾਂਦੀ ਹੈ। ਇਸ ਲਈ ਦੀਵਾਲੀ ਦੇ ਤਿਉਹਾਰ ਮੌਕੇ ਦੀਵੇ ਦੀ ਸਭ ਤੋਂ ਜ਼ਿਆਦਾ ਮਹੱਤਤਾ ਹੁੰਦੀ ਹੈ।
ਦੀਵਾਲੀ ਖੁਸ਼ੀਆਂ ਸਾਂਝੀਆਂ ਕਰਨ ਵਾਲਾ ਤਿਉਹਾਰ ਹੈ ਜਦੋਂ ਹਰ ਧਰਮ ਅਤੇ ਫਿਰਕੇ ਦੇ ਲੋਕ ਮਨਾਂ ਨੂੰ ਰੌਸ਼ਨ ਕਰਨ ਲਈ ਦੀਵਾਲੀ ਵਾਲੇ ਦਿਨ ਦੀਵੇ ਜਗਾਏ ਜਾਂਦੇ ਹਨ। ਅਕਸਰ ਭੁੱਲ ਲੋਕ ਦੀਵੇ ਜਗਾ ਕੇ ਘਰਾਂ ਨੂੰ ਤੇ ਰੋਸ਼ਨ ਕਰ ਲੈਂਦੇ ਹਨ ਅਤੇ ਘਰਾਂ ਦੀ ਸਫਾਈ ਦੇ ਨਾਲ ਨਾਲ ਮਨਾਂ ਵਿਚ ਬੀਤੇ ਸਮੇਂ ਦੀ ਕੜਵਾਹਟ ਅਤੇ ਨਾਂਹ-ਪੱਖੀ ਵਿਚਾਰਾਂ ਨੂੰ ਤਿਆਗਦਿਆਂ ਸਕਾਰਾਤਮਕ ਸੋਚ ਦੇ ਧਾਰਨੀ ਬਣਨ ਦੀ ਲੋੜ ਹੈ।
ਦੀਵੇ ਖ਼ਰੀਦ ਕੇ ਦੀਵੇ ਬਣਾਉਣ ਵਾਲਿਆਂ ਦੇ ਮੂੰਹ ’ਤੇ ਇੰਝ ਲਿਆਓ ਖੁਸ਼ੀ
ਦੀਵਾਲੀ ਆਪਸੀ ਸਾਂਝ ,ਖੁਸ਼ੀ ਤੇ ਮੋਹ ਪਿਆਰ ਦਾ ਪ੍ਰਤੀਕ ਹੈ। ਇਸ ਲਈ ਸਾਨੂੰ ਦੀਵਾਲੀ ਤੇ ਚਾਈਨੀਜ਼ ਲੜੀਆਂ ਅਤੇ ਪ੍ਰਦੂਸ਼ਣ ਫੈਲਾਉਂਦੀਆਂ ਮੋਮਬੱਤੀਆਂ ਛੱਡ ਕੇ ਮਿੱਟੀ ਦੇ ਦੀਵੇ ਬਾਲਣੇ ਚਾਹੀਦੇ ਹਨ ਤਾਂ ਜੋ ਦੀਵੇ ਬਣਾਉਣ ਵਾਲਿਆਂ ਦੇ ਮੂੰਹ ’ਤੇ ਵੀ ਖੁਸ਼ੀ ਆ ਸਕੇ ਤੇ ਉਹ ਵੀ ਦਿਵਾਲੀ ਮਨਾਉਣ ਜੋਗੇ ਹੋ ਸਕਣ।
ਸਾਨੂੰ ਦਿਵਾਲੀ ’ਤੇ ਫ਼ਜੂਲ ਖਰਚੀ ਤੇ ਧੂਮ ਧੜੱਕਾ ਕਰਨ ਦੀ ਬਜਾਏ ਦੀਵਾਲੀ ਸਾਦਗੀ ਨਾਲ ਮਨਾਉਣੀ ਚਾਹੀਦੀ ਹੈ ਇਸ ਦਿਨ ਦਾਨ ਪੁੰਨ ਕਰਕੇ ਉਦਾਸ ਅਤੇ ਖਾਮੋਸ਼ ਚਿਹਰਿਆਂ ਨੂੰ ਹੈਪੀ ਦੀਵਾਲੀ ਕਹਿਣਾ ਚਾਹੀਦਾ ਹੈ ਤਾਂ ਕਿ ਉਹ ਵੀ ਦੀਵਾਲੀ ਦੇ ਅਰਥ ਜਾਣ ਸਕਣ।
ਕਿਉਂ ਜਲਾਏ ਜਾਂਦੇ ਹਨ ਦੀਵੇ ਜਾਣੋ ਇਤਿਹਾਸ
ਹਿੰਦੂਆਂ ਅਤੇ ਸਿੱਖਾਂ ਦਾ ਸਾਝਾਂ ਤਿਉਹਾਰ ਦੀਵਾਲੀ ਸਾਰੇ ਭਾਰਤ ਵਾਸੀਆਂ ਵਿੱਚ ਕੌਮੀ ਏਕਤਾ ਤੇ ਸਦਭਾਵਨਾ ਨੂੰ ਪ੍ਰਚੰਡ ਕਰਦਾ ਹੈ। ਦੀਵਾਲੀ ਦਾ ਸਿੱਖਾਂ ਗੂੜਾ ਸਬੰਧ ਹੈ। ਇਸ ਦਿਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਮੁਗਲ ਬਾਦਸ਼ਾਹ ਜਹਾਂਗੀਰ ਦੀ ਕੈਦ ਵਿੱਚੋਂ 52 ਰਾਜਿਆਂ ਨੂੰ ਛੁਡਵਾ ਕੇ ਦੀਵਾਲੀ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਸਨ। ਉਨ੍ਹਾਂ ਦੇ ਅੰਮ੍ਰਿਤਸਰ ਪਰਤਣ ਤੇ ਨਗਰ ਨਿਵਾਸੀਆਂ ਤੇ ਸਿੱਖਾਂ ਨੇ ਦੇਸੀ ਘਿਓ ਦੇ ਦੀਵੇ ਜਗਾ ਕੇ ਰੋਸ਼ਨੀਆਂ ਕੀਤੀਆਂ ਅਤੇ ਗੁਰੂ ਮਹਾਰਾਜ ਜੀ ਦੀ ਵਾਪਸੀ ਤੇ ਖੁਸ਼ੀਆਂ ਮਨਾਈਆਂ ਤਦ ਤੋਂ ਦੀਵਾਲੀ ਦੇ ਤਿਉਹਾਰ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਹਿੰਦੂਆਂ ਲਈ ਇਹ ਤਿਉਹਾਰ ਇਸ ਲਈ ਖਾਸ ਹੈ ਕਿਉਂਕਿ ਅਯੁਧਿਆ ਦੇ ਰਾਜਾ ਰਾਮ ਜੀ ਨੇ ਆਪਣੀ ਪਤਨੀ ਸੀਤਾ ਮਾਤਾ ਨੂੰ ਰਾਵਣ ਕੋਲੋਂ ਛਡਵਾਉਣ ਲਈ ਉਸ ਨੂੰ ਜੰਗ ਵਿੱਚ ਹਰਾ ਕੇ ਅਤੇ ਆਪਣੇ ਪਿਤਾ ਰਾਜਾ ਦਸ਼ਰਥ ਵੱਲੋਂ ਮਿਲਿਆ 14 ਸਾਲ ਦਾ ਬਨਵਾਸ ਕੱਟ ਆਪਣੇ ਭਰਾਤਾ ਲਕਸ਼ਣ, ਮਾਤਾ ਸੀਤਾ ਸਮੇਤ ਅਯੁਧਿਆ ਪਰਤੇ ਤਾਂ ਅਯੁਧਿਆ ਵਾਸੀਆਂ ਨੇ ਰਾਮ ਚੰਦਰ ਜੀ ਦੇ ਆਉਣ ਤੇ ਖੁਸ਼ੀ ਮਨਾਉਂਦਿਆਂ ਘਿਓ ਦੇ ਦੀਪ ਜਲਾਏ, ਤਦ ਤੋਂ ਇਹ ਤਿਉਹਾਰ ਲਗਾਤਾਰ ਪੂਰੇ ਭਾਰਤ ਵਾਸੀਆਂ ਵੱਲੋਂ ਮਨਾਇਆ ਜਾਂਦਾ ਹੈ।
ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਤਿਉਹਾਰ ਰੌਸ਼ਨੀਆਂ ਦਾ ਤਿਉਹਾਰ, ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ, ਹਨੇਰੇ ‘ਚ ਰੋਸ਼ਨੀ ਦਾ ਅਤੇ ਗਿਆਨ ਦਾ ਪ੍ਰਤੀਕ, ਆਪਣੇ ਚੌਗਿਰਦੇ ਨੂੰ ਸਾਫ ਸੁਥਰਾ ਰੱਖਣ ਦਾ ਪ੍ਰਤੀਕ ਹੈ। ਆਪਸੀ ਸਾਂਝ ਆਪ ਮੋਹਾਰੇ ਇਸ ਤਿਉਹਾਰ ‘ਚੋਂ ਝਲਕਦੀ ਹੈ।