ਮਾਘੀ 'ਤੇ ਵਿਸ਼ੇਸ਼: ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਪਵਿੱਤਰ ਗੁਰਦੁਆਰੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸ੍ਰੀ ਮੁਕਤਸਰ ਸਾਹਿਬ ਦਾ ਵਚਿੱਤਰ ਇਤਿਹਾਸ ਹੋਣ ਕਾਰਨ ਇਹ ਸਿੱਖਾਂ ਦਾ ਬਹੁਤ ਹੀ ਪ੍ਰਸਿੱਧ ਪਵਿੱਤਰ ਅਸਥਾਨ ਹੈ।

Historic Holy Gurdwara of Sri Muktsar Sahib

ਸ੍ਰੀ ਮੁਕਤਸਰ ਸਾਹਿਬ ਦਾ ਵਚਿੱਤਰ ਇਤਿਹਾਸ ਹੋਣ ਕਾਰਨ ਇਹ ਸਿੱਖਾਂ ਦਾ ਬਹੁਤ ਹੀ ਪ੍ਰਸਿੱਧ ਪਵਿੱਤਰ ਅਸਥਾਨ ਹੈ। ਜਦੋਂ ਸੂਬਾ ਸਰਹੰਦ ਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਢਿਲਵਾਂ ਕਲਾਂ ਨਗਰ ਦੇ ਪਾਸ ਹਨ ਤਾਂ ਵਜ਼ੀਰ ਖ਼ਾਂ ਸੂਬਾ ਸਰਹੰਦ ਗੁਰੂ ਜੀ ਦਾ ਪਿੱਛਾ ਕਰਦਾ ਉਧਰ ਚਲ ਪਿਆ। ਗੁਰੂ ਜੀ ਨੇ ਖਿਦਰਾਣੇ ਦੇ ਰੇਤਲੇ ਟਿੱਬਿਆਂ ਵਿਚ ਇਕ ਪਾਣੀ ਦੀ ਢਾਬ ਦੇਖ ਅਪਣੇ ਮੋਰਚੇ ਬਣਾ ਲਏ। ਇਸ ਥਾਂ ਤੇ ਇਕ ਮਾਘ ਸੰਮਤ 1762 ਨੂੰ ਟੱਕਰ ਹੋਈ ਅਤੇ ਘਮਸਾਨ ਦਾ ਯੁੱਧ ਹੋਇਆ। ਇਸ ਤਰ੍ਹਾਂ ਇਸ ਅਸਥਾਨ ਘਰ ਗੁਰੂ ਜੀ ਨੇ ਮੁਗ਼ਲ ਸਾਮਰਾਜ ਨਾਲ ਆਖ਼ਰੀ ਅਤੇ ਫ਼ੈਸਲਾਕੁਨ ਯੁੱਧ ਕਰ ਕੇ ਭਾਰਤ ਵਿਚ ਮੁਗ਼ਲ ਰਾਜ ਦੀਆਂ ਜੜ੍ਹਾਂ ਪੁੱਟ ਦਿਤੀਆਂ।

ਇਸ ਮਹੱਤਵਪੂਰਣ ਯੁੱਧ ਦੀ ਜਿੱਤ ਅਤੇ ਗੁਰੂ ਜੀ ਨਾਲ ਸਬੰਧਤ ਇਥੇ ਕਈ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:
 ਗੁਰਦੁਆਰਾ ਟੁੱਟੀ ਗੰਢੀ ਸਾਹਿਬ:

ਇਹ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ਼ਹਿਰ ਵਿਚਕਾਰ ਸੁਸ਼ੋਭਿਤ ਹੈ ਜਿਥੇ ਮਾਘੀ ਵਾਲੇ ਦਿਨ ਅਤੇ ਹਰ ਮੱਸਿਆ ਨੂੰ ਭਾਰੀ ਇਕੱਠ ਹੁੰਦਾ ਹੈ। ਇਸ ਸਥਾਨ ’ਤੇ ਹੀ ਗੁਰੂ ਜੀ ਨੇ 40 ਸਿੰਘਾਂ ਵਲੋਂ ਆਨੰਦਪੁਰ ਸਾਹਿਬ ਵਿਖੇ ਦਿਤੇ ਬੇਦਾਵੇ ਨੂੰ ਭਾਈ ਮਹਾਂ ਸਿੰਘ ਦੇ ਸਾਹਮਣੇ ਪਾੜ ਕੇ ਮੁਕਤੀ ਪ੍ਰਦਾਨ ਕੀਤੀ ਸੀ ਅਤੇ ਟੁੱਟੀ ਗੰਢੀ ਸੀ। ਅੱਜਕਲ ਇਥੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸੁਸ਼ੋਭਿਤ ਹੈ।

 ਗੁਰਦੁਆਰਾ ਸ਼ਹੀਦ ਗੰਜ ਸਾਹਿਬ:

ਇਸ ਪਵਿੱਤਰ ਅਸਥਾਨ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਹੱਥੀਂ ਚਿਖਾ ਤਿਆਰ ਕਰ ਕੇ 40 ਮੁਕਤਿਆਂ ਦਾ ਅੰਤਮ ਸਸਕਾਰ ਕੀਤਾ ਸੀ, ਜੋ ਮੁਗ਼ਲ ਫ਼ੌਜਾਂ ਵਿਰੁਧ ਲੜਦੇ ਹੋਏ ਇਥੇ ਸ਼ਹੀਦ ਹੋਏ ਸਨ। ਇਥੇ ਹਰ ਸਾਲ ਤਿੰਨ ਮਈ ਨੂੰ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ।
 

 ਗੁਰਦੁਆਰਾ ਤੰਬੂ ਸਾਹਿਬ:

ਗੁਰਦੁਆਰਾ ਤੰਬੂ ਸਾਹਿਬ ਸ੍ਰੀ ਦਰਬਾਰ ਦੀਆਂ ਪ੍ਰਕਰਮਾ ਵਿਚ ਹੀ ਸਥਿਤ ਹੈ। ਇਸ ਅਸਥਾਨ ਤੇ 40 ਮੁਕਤਿਆਂ ਨੇ ਮੁਗ਼ਲਾਂ ਨਾਲ ਜੰਗ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਫ਼ੌਜ ਨੂੰ ਆਉਂਦੀ ਦੇਖ ਝਾੜਾਂ ਅਤੇ ਝੁੰਡਾਂ ਉਪਰ ਅਪਣੇ ਕਪੜੇ ਅਤੇ ਚਾਦਰੇ ਤਾਣ ਕੇ ਮੁਗ਼ਲ ਫ਼ੌਜਾਂ ਨੂੰ ਸਿੰਘਾਂ ਦੀ ਫ਼ੌਜ ਵੱਡੀ ਹੋਣ ਦਾ ਭੁਲੇਖਾ ਪਾਇਆ ਸੀ।

ਗੁਰਦੁਆਰਾ ਟਿੱਬੀ ਸਾਹਿਬ:

ਸ਼ਹਿਰ ਤੋਂ ਦੋ ਕਿਲੋਮੀਟਰ ਦੂਰ ਇਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਇਥੇ ਉੱਚਾ ਰੇਤਲਾ ਟਿੱਬਾ ਅਤੇ ਜੰਗਲ ਸੀ। ਇਥੋਂ ਹੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਜ਼ੀਰ ਖ਼ਾਨ ਦੀ ਫ਼ੌਜ ਤੇ ਗੁਰੂ ਜੀ ਦਾ ਪਿੱਛਾ ਕਰਦੀ 40 ਮੁਕਤਿਆਂ ਨਾਲ ਲੜ ਰਹੀ ਸੀ,  ਤੀਰ ਚਲਾਉਂਦੇ ਰਹੇ ਸਨ।

ਗੁਰਦੁਆਰਾ ਦਾਤਣਸਰ ਸਾਹਿਬ:

ਟਿੱਬੀ ਸਾਹਿਬ ਗੁਰਦੁਆਰਾ ਸਾਹਿਬ ਤੋਂ ਅੱਧਾ ਕਿਲੋਮੀਟਰ ਦੂਰ ਗੁਰਦੁਆਰਾ ਦਾਤਣਸਰ ਸਾਹਿਬ ਸੁਸ਼ੋਭਿਤ ਹੈ। ਇਸ ਅਸਥਾਨ ਪਰ ਗੁਰੂ ਜੀ ਦਾਤਣ ਕੁਰਲਾ ਕਰਿਆ ਕਰਦੇ ਸਨ ਅਤੇ ਇਕ ਦਿਨ ਜਦੋਂ ਗ਼ਦਾਰ ਮੁਸਲਮਾਨ ਨੂਰਦੀਨ ਨੇ ਇਕ ਨਿਹੰਗ ਸਿੰਘ ਦੇ ਭੇਸ ਵਿਚ ਤਲਵਾਰ ਨਾਲ ਗੁਰੂ ਜੀ ਤੇ ਹਮਲਾ ਕੀਤਾ ਤਾਂ ਗੁਰੂ ਜੀ ਨੇ ਬੜੀ ਫੁਰਤੀ ਨਾਲ ਵਾਰ ਬਚਾਉਂਦੇ ਹੋਏ ਪਾਣੀ ਵਾਲਾ ਗੜਵਾ ਮਾਰ ਕੇ ਉਸ ਨੂੰ ਮਾਰ ਦਿਤਾ ਸੀ।

ਗੁਰਦੁਆਰਾ ਖੂਹ ਪਾਤਸ਼ਾਹੀ ਦਸਵੀਂ:

ਕਿਉਂਕਿ ਇਸ ਇਲਾਕੇ ਵਿਚ ਪਾਣੀ ਦੀ ਬਹੁਤ ਘਾਟ ਸੀ ਅਤੇ ਖਿਦਰਾਣੇ ਦੀ ਜੰਗ ਸਮੇਂ ਗੁਰੂ ਜੀ ਨੇ ਸੰਗਤਾਂ ਦੀ ਮੰਗ ਤੇ ਤੀਰ ਮਾਰ ਕੇ ਮਿੱਠਾ ਪਾਣੀ ਕਢਿਆ ਸੀ। ਇਸ ਸਥਾਨ ਪਰ ਅੱਜਕਲ ਗੁਰਦੁਆਰਾ ਗੁਰੂ ਦਾ ਖੂਹ ਪਾਤਸ਼ਾਹੀ ਦਸਵੀਂ ਸੁਸ਼ੋਭਿਤ ਹੈ।

 ਗੁਰਦੁਆਰਾ ਰਕਾਬਸਰ ਸਾਹਿਬ:

ਇਹ ਗੁਰਦੁਆਰਾ ਸਾਹਿਬ ਟਿੱਬੀ ਸਾਹਿਬ ਦੇ ਨੇੜੇ ਹੀ ਹੈ ਜਦੋਂ ਗੁਰੂ ਜੀ ਇਥੇ ਖਿਦਰਾਣੇ ਦੀ ਰਣਭੂਮੀ ਵਲ ਚਾਲੇ ਪਾਉਣ ਲੱਗੇ ਤਾਂ ਜਦੋਂ ਉਹ ਘੋੜੇ ਤੇ ਚੜ੍ਹੇ ਤਾਂ ਰਕਾਬ ਟੁੱਟ ਗਈ। ਇਹ ਰਕਾਬ ਅੱਜ ਵੀ ਇਥੇ ਮੌਜੂਦ ਹੈ। ਇਸ ਸਥਾਨ ਪਰ ਹੀ ਗੁਰਦੁਆਰਾ ਰਕਾਬ ਸਾਹਿਬ ਸਥਾਪਤ ਹੈ।

ਗੁਰਦੁਆਰਾ ਦੁੱਖ ਨਿਵਾਰਨ ਸਾਹਿਬ :

ਇਹ ਗੁਰਦੁਆਰਾ ਬਠਿੰਡਾ ਰੋਡ ’ਤੇ ਸਥਿਤ ਹੈ ਅਤੇ ਮਿੰਨੀ ਸਕੱਤਰੇਤ ਦੇ ਨੇੜੇ 80 ਫੁੱਟ ਉੱਚਾ 40 ਮੁਕਤਿਆਂ ਦੀ ਯਾਦ ਨੂੰ ਸਮਰਪਤ ਇਕ ਮੀਨਾਰ ਬਣਾਇਆ ਗਿਆ ਹੈ ਜਿਸ ਦੇ 40 ਗੋਲ ਚੱਕਰ ਹਨ ਅਤੇ 40 ਮੁਕਤਿਆਂ ਦੇ ਨਾਂ ਅੰਕਿਤ ਹਨ।


ਇਸ ਤਰ੍ਹਾਂ ਇਸ ਇਤਿਹਾਸਕ ਸ਼ਹਿਰ ਨੂੰ ਆਉਣ ਵਾਲੀਆਂ ਸੜਕਾਂ ਤੇ ਭਾਈ ਦਾਨ ਸਿੰਘ, ਭਾਈ ਲੰਗਰ ਸਿੰਘ, ਭਾਈ ਮਹਾਂ ਸਿੰਘ ਅਤੇ ਮਾਤਾ ਭਾਗ ਕੌਰ ਦੇ ਨਾਵਾਂ ਤੇ ਯਾਦਗਾਰੀ ਗੇਟ ਉਸਾਰੇ ਗਏ ਹਨ। ਸ਼ਹੀਦਾਂ ਦੇ ਖ਼ੂਨ ਨਾਲ ਸਿੰਜੀ ਇਸ ਧਰਤੀ ਨੂੰ ਗੁਰੂ ਗੋਬਿੰਦ ਸਿੰਘ ਜੀ ਆਪ ਹੀ ਖਿਦਰਾਣੇ ਦੀ ਢਾਬ ਨੂੰ ‘ਮੁਕਤੀ ਦਾ ਸਰ’ ਦਾ ਖ਼ਿਤਾਬ ਦਿਤਾ ਸੀ ਜੋ ਅੱਜਕਲ ਸ੍ਰੀ ਮੁਕਤਸਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੰਗਤਾਂ ਅਨੇਕਾਂ ਦੀ ਗਿਣਤੀ ਵਿਚ ਇਥੇ ਪਹੁੰਚ ਕੇ ਸ਼ਹੀਦ ਸਿੰਘਾਂ ਨੂੰ ਮੱਥਾ ਟੇਕਦੀਆਂ ਹਨ ਅਤੇ ਸੱਭ ਗੁਰਦਵਾਰਿਆਂ ਦੇ ਦਰਸ਼ਨ ਕਰ ਨਿਹਾਲ ਹੁੰਦੀਆਂ ਹਨ।

ਬਹਾਦਰ ਸਿੰਘ ਗੋਸਲ
(ਮੋਬਾ. 9876452223)