Makar Sankranti: 'ਪਹਿਲੇ ਦਿਨ 'ਲੋਹੜੀ' ਅਤੇ ਦੂਜੇ ਦਿਨ 'ਮਾਘੀ', ਜਾਣੋ ਇਸ ਨੂੰ ਮਕਰ ਸੰਕ੍ਰਾਂਤੀ ਕਿਉਂ ਕਿਹਾ ਜਾਂਦਾ ਹੈ?
ਮੱਕਰ ਇਕ ਰਾਸ਼ੀ ਹੈ ਅਤੇ ਸੰਕ੍ਰਾਂਤੀ ਦਾ ਅਰਥ ਹੈ ਗਤੀ।
Makar Sankranti: ਪ੍ਰਾਚੀਨ ਭਾਰਤੀ ਧਾਰਮਕ ਪੁਸਤਕਾਂ, ਪੁਰਾਣ ਗ੍ਰੰਥਾਂ ਅਤੇ ਦੂਜੇ ਸਾਹਿਤ ਵਿਚ ਏਨੇ ਵਰਤ, ਉਤਸਵ, ਪੁਰਬ ਅਤੇ ਤਿਉਹਾਰ ਵਗੈਰਾ ਆਉਂਦੇ ਹਨ ਕਿ ਉਨ੍ਹਾਂ ਦੀ ਗਿਣਤੀ ਕੁਲ ਮਿਲਾ ਕੇ 365 ਤੋਂ ਵੀ ਵੱਧ ਬਣਦੀ ਹੋਵੇਗੀ। ਉਲਟੇ ਸਿੱਧੇ ਢੰਗ ਨਾਲ ਹਰ ਦਿਨ ਨੂੰ ਕੋਈ ਨਾ ਕੋਈ ਵਰਤ ਤਿਉਹਾਰ, ਪੁਰਬ ਜਾਂ ਉਤਸਵ ਬਣਾ ਦਿਤਾ ਹੈ। ਇਸ ਸਿਲਸਿਲੇ 'ਚ ਬਹੁਤ ਸਾਰੀਆਂ ਊਟ-ਪਟਾਂਗ ਗੱਲਾਂ ਲਿਖੀਆਂ ਗਈਆਂ ਅਤੇ ਕਈ ਅੰਧਵਿਸ਼ਵਾਸਪੂਰਨ ਕਥਾਵਾਂ ਘੜੀਆਂ ਗਈਆਂ ਹਨ।
ਹਾਲਾਤ ਅਨੁਸਾਰ ਕਈ ਪੂਰਬ, ਤਿਉਹਾਰ ਬਣੇ, ਬਣਦੇ ਗਏ ਅਤੇ ਕਈ ਅਲੋਪ ਹੁੰਦੇ ਗਏ। ਜਿਊਂਦੇ ਤਿਉਹਾਰਾਂ ਵਿਚ ਇਕ ਪ੍ਰਸਿੱਧ ਤਿਉਹਾਰ ਹੈ ਮੱਕਰ ਸੰਕ੍ਰਾਂਤੀ (ਸੰਗਰਾਂਦ)। ਪੰਜਾਬ ਅਤੇ ਨੇੜੇ ਤੇੜੇ ਦੇ ਸੂਬਿਆਂ ਵਿਚ ਇਹ ਤਿਉਹਾਰ ਦੋ ਦਿਨ ਦਾ ਮੰਨਿਆ ਜਾਂਦਾ ਹੈ। ਪਹਿਲੇ ਦਿਨ 'ਲੋਹੜੀ' ਅਤੇ ਦੂਜੇ ਦਿਨ 'ਮਾਘੀ'। ਇਸ ਨੂੰ ਮਕਰ ਸੰਕ੍ਰਾਂਤੀ ਕਿਉਂ ਕਿਹਾ ਜਾਂਦਾ ਹੈ? ਮੱਕਰ ਇਕ ਰਾਸ਼ੀ ਹੈ ਅਤੇ ਸੰਕ੍ਰਾਂਤੀ ਦਾ ਅਰਥ ਹੈ ਗਤੀ।
ਪ੍ਰਾਚੀਨ ਖਗੋਲ ਵਿਗਿਆਨੀਆਂ ਨੇ ਸੂਰਜ ਦੇ ਰਸਤੇ ਨੂੰ 12 ਹਿੱਸਿਆਂ ਵਿਚ ਵੰਡਿਆ ਸੀ। ਇਸ ਰਸਤੇ ਨੂੰ ਉਨ੍ਹਾਂ ਨੇ 'ਕ੍ਰਾਂਤੀ ਵ੍ਰਿਤ' ਕਿਹਾ ਹੈ। ਇਹ 12 ਫ਼ਰਜ਼ੀ/ਕਲਪਿਤ ਭਾਗ ਹਨ: ਮੇਖ, ਬ੍ਰਿਖ, ਮਿਥੁਨ, ਕਰਕ, ਸਿੰਘ, ਕੰਨਿਆ, ਤੁਲਾ, ਬ੍ਰਿਸ਼ਚਕ, ਧਨੁ, ਮਕਰ, ਕੁੰਭ ਅਤੇ ਮੀਨ। ਹਰ ਇਕ ਭਾਗ ਨੂੰ ਰਾਸ਼ੀ ਕਿਹਾ ਗਿਆ ਹੈ। ਸੂਰਜ ਦੇ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿਚ ਦਾਖ਼ਲੇ ਨੂੰ 'ਸੰਕ੍ਰਾਂਤੀ' ਕਹਿੰਦੇ ਹਨ। ਜਦ ਸੂਰਜ ਮੱਕਰ ਰਾਸ਼ੀ ਵਿਚ ਦਾਖ਼ਲ ਹੁੰਦਾ ਹੈ ਤਦ ਇਸ ਸੰਕ੍ਰਾਂਤੀ ਨੂੰ 'ਮਕਰ ਸੰਕ੍ਰਾਂਤੀ' ਕਹਿੰਦੇ ਹਨ।
ਅੱਜ ਭਾਵੇਂ ਸਕੂਲ ਜਾਣ ਵਾਲਾ ਬੱਚਾ ਵੀ ਇਹ ਜਾਣਦਾ ਹੈ ਕਿ ਧਰਤੀ ਗਤੀਸ਼ੀਲ ਹੈ ਨਾਕਿ ਸੂਰਜ। ਫਿਰ ਵੀ ਵੱਡੇ-ਵਡੇਰਿਆਂ ਦੇ ਆਦਰ ਦੇ ਨਾਂ ਤੇ ਉਨ੍ਹਾਂ ਦੀ ਹਰ ਗ਼ਲਤ ਗੱਲ ਨੂੰ ਵੀ ਹਜ਼ਮ ਕਰਦੇ ਆ ਰਹੇ ਹਿੰਦੂ ਅੰਨ੍ਹੇਵਾਹ 'ਮੱਕਰ ਸੰਕ੍ਰਾਂਤੀ' ਸੰਗਰਾਂਦੇ ਚਲੇ ਆ ਰਹੇ ਹਾਂ। ਬਗ਼ੈਰ ਇਹ ਸੋਚੇ ਕਿ ਉਨ੍ਹਾਂ ਦੇ ਆਦਰਯੋਗ ਪੁਰਾਣੇ ਗ੍ਰੰਥਾਂ ਵਿਚ ਕਿਤੇ ਵਿਗਿਆਨ ਦੇ ਉਲਟ ਗੱਲਾਂ ਤਾਂ ਨਹੀਂ ਦੱਸ ਰਹੇ। ਚੰਗੇ ਪੜ੍ਹੇ-ਲਿਖੇ ਲੋਕ ਵੀ ਮਾਣਪੂਰਵਕ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਮੱਕਰ ਸੰਕ੍ਰਾਂਤੀ ਦੇ ਦਿਨ ਸੂਰਜ ਮੱਕਰ ਰਾਸ਼ੀ ਵਿਚ ਦਾਖ਼ਲ ਹੁੰਦਾ ਹੈ। ਵੀਹਵੀਂ ਸਦੀ ਵਿਚ ਵੀ ਸੂਰਜ ਵਲੋਂ ਧਰਤੀ ਦੇ ਦੁਆਲੇ ਚੱਕਰ ਲਾਉਣ ਦੀਆਂ ਗੱਲਾਂ ਕਰਨਾ ਬਹੁਤ ਹੀ ਗ਼ਲਤ ਹੈ।
ਪੁਰਾਣੇ ਧਰਮ ਗ੍ਰੰਥਾਂ ਅਤੇ ਪੁਰਾਣਾਂ ਵਿਚ ਮੱਕਰ ਸੰਕ੍ਰਾਂਤੀ ਦਾ ਬਹੁਤ ਮਹੱਤਵ ਦਸਿਆ ਗਿਆ ਹੈ। ਰਿਸ਼ੀ ਵਸ਼ਿਸਟ ਦਾ ਕਹਿਣਾ ਹੈ : ਜੇਕਰ ਸੂਰਜ ਦਿਨ ਦੇ ਸਮੇਂ ਦੂਜੀ ਰਾਸ਼ੀ ਵਿਚ ਜਾਵੇ ਤਾਂ ਸਾਰਾ ਦਿਨ ਪੰਨਮਈ ਹੁੰਦਾ ਹੈ, ਜੇਕਰ ਰਾਤ ਨੂੰ ਰਾਸ਼ੀ ਤਬਦੀਲ ਕਰੇ, ਤਦ ਅੱਧੇ ਦਿਨ ਵਿਚ ਕੀਤੇ ਗਏ ਇਸ਼ਨਾਨ ਅਤੇ ਦਾਨ ਦਾ ਹੀ ਪੁੰਨ ਮਿਲਦਾ ਹੈ।
ਅੱਧੀ ਰਾਤ ਤੋਂ ਪਹਿਲਾਂ ਜੇਕਰ ਸੂਰਜ ਰਾਸ਼ੀ ਤਬਦੀਲ ਕਰ ਲਵੇ ਤਾਂ ਪਹਿਲੇ ਦਿਨ ਦਾ ਸਮਾਂ ਪੁੰਨਮਈ ਹੁੰਦਾ ਹੈ। ਅੱਧੀ ਰਾਤ ਦੇ ਬਾਅਦ ਸਮੇਂ ਵਿਚ ਸੂਰਜ ਦੇ ਰਾਸ਼ੀ ਬਦਲਣ ਦੀ ਹਾਲਤ ਵਿਚ ਅਗਲੇ ਦਿਨ ਦਾ ਦੁਪਹਿਰ ਤੋਂ ਪਹਿਲਾਂ ਦਾ ਸਮਾਂ ਪੁੰਨ ਦਾ ਸਮਾਂ ਹੁੰਦਾ ਹੈ। ਸੁਮੰਤ ਅਤੇ ਬਜ਼ੁਰਗ ਵਸ਼ਿਸਟ ਵਰਗੇ ਧਰਮਾਚਾਰੀਆਂ ਨੇ ਤਾਂ ਰਾਸ਼ੀ ਵਿਚ ਸੂਰਜ ਦੇ ਰਾਸ਼ੀ ਬਦਲੀ ਦੀ ਹਾਲਤ ਵਿਚ ਰਾਤ ਨੂੰ ਇਸ਼ਨਾਨ ਕਰਨ ਦਾ ਕਾਨੂੰਨ ਕੀਤਾ ਹੈ।