ਨਿਸ਼ਾਨ ਸਾਹਿਬ 'ਤੇ ਮੀਡੀਏ ਦਾ ਕੂੜ ਪ੍ਰਚਾਰ
ਜੋ ਇਸ ਨਿਸ਼ਾਨ ਸਾਹਿਬ ਨੂੰ ਵਖਰੇ ਧਰਮ ਦਾ ਵਖਰਾ ਚਿੰਨ੍ਹ ਮੰਨਦੇ ਹਨ ਉਹ ਇਸ ਦੇ ਇਤਿਹਾਸ ਵਲ ਨਜ਼ਰ ਜ਼ਰੂਰ ਮਾਰਨ ਦੀ ਖੇਚਲ ਕਰਨ।
26 ਜਨਵਰੀ ਨੂੰ ਲਾਲ ਕਿਲ੍ਹੇ ਉਤੇ ਚੜ੍ਹੇ ਸਰਬਸਾਂਝੇ ਨਿਸ਼ਾਨ ਸਾਹਿਬ ਨੂੰ ਲੈ ਕੇ ਜੋ ਹਿੰਦਸਤਾਨੀ ਮੀਡੀਏ ਨੇ ਬੇਅਦਬੀ ਦਾ ਰੌਲਾ ਰੱਪਾ ਪਾਇਆ ਹੈ, ਉਸ ਨੂੰ ਵੇਖ ਕੇ ਮਨ ਨੂੰ ਡਾਢਾ ਦੁੱਖ ਮਹਿਸੂਸ ਹੋਇਆ ਹੈ। ਕਿਉਂ ਦੇਸ਼ ਨੂੰ ਫ਼ਿਰਕਾ ਪ੍ਰਸਤੀ ਵਿਚ ਜਕੜਿਆ ਜਾ ਰਿਹਾ ਹੈ?
ਜਦੋਂ ਪੰਜਾਬ ਦੀ ਜਨਤਾ ਖ਼ਾਸ ਕਰ ਕੇ ਸਿੱਖਾਂ ਨੂੰ ਦਿੱਲੀ ਜਾਣ ਤੋਂ ਸਰਕਾਰੀ ਤੌਰ ’ਤੇ ਰੋਕਿਆ ਜਾਂਦਾ ਹੈ ਤਾਂ ਸਿੱਖ ਨੌਜਵਾਨਾਂ ਦਾ ਜੋਸ਼ ਵਿਚ ਆ ਕੇ ਲਾਲ ਕਿਲ੍ਹੇ ਉਤੇ ਨਿਸ਼ਾਨ ਸਾਹਿਬ ਚੜ੍ਹਾ ਕੇ ਇਹ ਸਾਬਤ ਕਰਨਾ ਕਿ ਦਿੱਲੀ ’ਤੇ ਲਾਲ ਕਿਲ੍ਹਾ ਸਾਡਾ ਵੀ ਹੈ, ਇਸ ਨਾਲੋਂ ਸਾਨੂੰ ਤੋੜਿਆ ਨਹੀਂ ਜਾ ਸਕਦਾ, ਇਸ ਵਿਚ ਬੁਰਾਈ ਹੀ ਕੀ ਹੈ? ਕੀ ਇਹ ਦੇਸ਼ ਦੇ ਹਿਤ ਵਿਚ ਹੈ ਕਿ ਸਿੱਖ ਦਿੱਲੀ ਤੋਂ ਟੁੱਟ ਜਾਣ?
ਜੋ ਇਸ ਨਿਸ਼ਾਨ ਸਾਹਿਬ ਨੂੰ ਵਖਰੇ ਧਰਮ ਦਾ ਵਖਰਾ ਚਿੰਨ੍ਹ ਮੰਨਦੇ ਹਨ ਉਹ ਇਸ ਦੇ ਇਤਿਹਾਸ ਵਲ ਨਜ਼ਰ ਜ਼ਰੂਰ ਮਾਰਨ ਦੀ ਖੇਚਲ ਕਰਨ। ਵਿਦੇਸ਼ੀਆਂ ਨੂੰ ਹਿੰਦੋਸਤਾਨ ’ਚੋਂ ਕੱਢਣ ਅਤੇ ਉਨ੍ਹਾਂ ਦੇ ਜ਼ੁਲਮੋ ਸਿਤਮ ਨੂੰ ਖ਼ਤਮ ਕਰਨ ਲਈ ਸਾਰੇ ਹਿੰਦੋਸਤਾਨੀਆਂ ਲਈ ਇਸੇ ਨਿਸ਼ਾਨ ਸਾਹਿਬ ਨੇ ਵੱਡਾ ਰੋਲ ਅਦਾ ਕੀਤਾ ਸੀ।
ਇਹ ਠੀਕ ਹੈ ਕਿ ਅੱਜ ਤਿਰੰਗੇ ਨਾਲ ਸਾਰੇ ਦੇਸ਼ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਪਰ ਅਪਣੇ ਹੀ ਦੇਸ਼ ਦੇ ਰਾਸ਼ਟਰੀ ਝੰਡੇ ਦੀ ਬੇਅਦਬੀ ਕਰਨ ਦਾ ਨਾ ਕਿਸੇ ਦਾ ਇਰਾਦਾ ਸੀ ਨਾ ਹੀ ਹੈ। ਫਿਰ ਇਕ ਫ਼ਿਰਕੇ ਨੂੰ ਬੇਲੋੜਾ ਨਿਸ਼ਾਨੇ ’ਤੇ ਕਿਉਂ ਲਿਆ ਜਾ ਰਿਹਾ ਹੈ? ਉਨ੍ਹਾਂ ਉਤੇ ਵੱਖਵਾਦੀ ਤੇ ਖ਼ਾਲਿਸਤਾਨੀ ਹੋਣ ਦਾ ਇਲਜ਼ਾਮ ਲਾਇਆ ਜਾ ਰਿਹਾ ਹੈ। ਇਹ ਤਾਂ ਵਿਦੇਸ਼ੀਆਂ ਵਾਂਗ ਉਨ੍ਹਾਂ ਨਾਲ ਬੇਇਨਸਾਫ਼ੀ ਕਰਨ ਵਾਲੀ ਗੱਲ ਹੈ।
ਸੋਚਣਾ ਪਵੇਗਾ ਕਿ ਹਿੰਦੋਸਤਾਨ ਬਹੁਰੰਗੀ ਤੇ ਬਹੁਭਾਂਤੀ ਦੇਸ਼ ਹੈ। ਜਦੋਂ ਕੋਈ ਫ਼ਿਰਕਾ ਅਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਦਾ ਹੈ, (ਇਸੇ ਲਈ ਤਾਂ ਅਸੀ ਅੰਗਰੇਜ਼ਾਂ ਤੋਂ ਆਜ਼ਾਦੀ ਦੀ ਮੰਗ ਕੀਤੀ ਸੀ) ਉਸ ਨੂੰ ਤਤਕਾਲ ਬਾਕੀਆਂ ਦਾ ਵਿਰੋਧੀ ਸਾਬਤ ਕਰ ਦੇਣਾ ਦੇਸ਼ ਦੀ ਏਕਤਾ ਲਈ ਫ਼ਾਇਦੇਮੰਦ ਨਹੀਂ ਹੋਵੇਗਾ। ਇਹ ਵੀ ਠੀਕ ਹੈ ਕਿ ਸਾਨੂੰ ਇਕ ਦੂਸਰੇ ਦੀਆਂ ਭਾਵਨਾਵਾਂ ਦਾ ਖ਼ਿਆਲ ਰਖਣਾ ਚਾਹੀਦਾ ਹੈ ਕਿਉਂਕਿ ਆਜ਼ਾਦੀ ਦੇ ਅਰਥ ਕਦੇ ਵੀ ਜ਼ਾਬਤਾ ਰਹਿਤ ਹੋਣਾ ਨਹੀਂ ਹੁੰਦੇ। ਜਿਥੋਂ ਤਕ ਖ਼ਾਲਿਸਤਾਨ ਦਾ ਸਵਾਲ ਹੈ, ਗੁਰੂ ਦਾ ਮਨਸੂਬਾ ਸਾਰੀ ਮਨੁੱਖ ਜਾਤੀ ਨੂੰ ਸ਼ੁਧ ਮਾਨਵਵਾਦੀ ਕਦਰਾਂ ਕੀਮਤਾਂ ਵਿਚ ਪਰੋਣਾ ਸੀ। ਹਿੰਦੁਸਤਾਨ ਨੂੰ ਛੇਤੀ ਗੁਰੂ ਦੇ ਚਿਤਵੇ ‘ਖ਼ਾਲਿਸਤਾਨ’ (ਸ਼ੁਧ ਮਾਨਵੀ ਕਦਰਾਂ ਕੀਮਤਾਂ ਵਾਲੇ ਦੇਸ਼) ਵਿਚ ਬਦਲਣਾ ਹੋਵੇਗਾ।
ਦੇਸ਼ ਵਿਚ ਜਿਸ ਤੇਜ਼ੀ ਨਾਲ ਇਨਸਾਨੀ ਕਦਰਾਂ ਕੀਮਤਾਂ ਦਾ ਘਾਣ ਹੋਣ ਲੱਗਾ ਹੈ, ਫ਼ਿਰਕਾਪ੍ਰਸਤੀ ਫੈਲ ਰਹੀ ਹੈ, ਉਹ ਚਿੰਤਾ ਦਾ ਵਿਸ਼ਾ ਹੈ। ਹਿੰਦੋਸਤਾਨ ਮਗਰੋਂ ਸਾਰੀ ਧਰਤੀ ਨੂੰ ਗੁਰੂ ਦੇ ਦੱਸੇ ‘ਖ਼ਾਲਿਸਤਾਨ’ ਅਥਵਾ ਮਾਨਵੀ ਕਦਰਾਂ ਕੀਮਤਾਂ ਵਾਲੀ ਧਰਤੀ ਬਣਾਉਣਾ ਸੌਖਾ ਹੋਵੇਗਾ। ਮਨੁੱਖਤਾ ਅੰਦਰ ਮਾਨਵਤਾ ਦੇ ਭਲੇ ਲਈ ਤਬਦੀਲੀ ਧਰਮ ਨਾਲ ਨਹੀਂ ਸਗੋਂ ਚੇਤਨਾ ਨਾਲ ਲਿਆਉਣੀ ਪਵੇਗੀ। ਇਸ ਦੀ ਸ਼ੁਰੂਆਤ ਹਿੰਦੋਸਤਾਨ ਤੋਂ ਕਰਨੀ ਚੰਗੀ ਹੋਵੇਗੀ ਕਿਉਂਕਿ ਇਹ ਇਲਾਕਾ ਬਹੁਭਾਂਤੀ ਸਭਿਆਚਾਰ ਵਾਲਾ ਹੈ।
ਜੋ ਇਥੇ ਹੋ ਸਕਦਾ ਹੈ, ਉਹ ਪੂਰੀ ਮਨੁੱਖਤਾ ਵਿਚ ਹੋ ਸਕਦਾ ਹੈ। ਜੋ ਲੋਕ ਅੱਜ ਰਾਸ਼ਟਰ ਦੇ ਨਾਮ ਤੇ ਲੋਕਾਂ ਨੂੰ ਭੜਕਾ ਰਹੇ ਹਨ, ਉਹ ਇਕ ਕਿਸਮ ਦੀ ਫਿਰਕਾਪ੍ਰਸਤੀ ਨੂੰ ਉਤਸ਼ਾਹਤ ਕਰਨ ਵਾਲੇ ਹਨ ਕਿਉਂਕਿ ਮਾਨਵ ਜਾਤੀ ਇਕ ਜਾਗਰੂਕ ਚੇਤਨਤਾ ਦਾ ਪ੍ਰਯੋਗ ਕਰਦੀ ਹੈ, ਇਸ ਲਈ ਇਕੋ ਜੋਤ ਦਾ ਪ੍ਰਕਾਸ਼ ਹੈ। ਫਿਰ ਵੱਖ ਵੱਖ ਦੇਸ਼ਾਂ ਦੇ ਝੰਡਿਆਂ ਨਾਲ ਅਪਣੇ ਆਪ ਨੂੰ ਜੋੜਨਾ ਫਿਰਕਾਪ੍ਰਸਤੀ ਕਿਉਂ ਨਹੀਂ ਹੈ?
ਯੂਰਪ ਇਸ ਬੀਮਾਰੀ ਤੋਂ ਸੁਚੇਤ ਹੋ ਰਿਹਾ ਹੈ। ਸੱਭ ਝੰਡੇ ਹਟਾ ਕੇ ਇਕੋ ਝੰਡੇ ਨੂੰ ਜਨਮ ਦਿਤਾ ਹੈ। ਇਕ ਦਿਨ ਉਹ ਵੀ ਹਟ ਜਾਵੇਗਾ। ਇਹ ਜਾਗੇ ਹੋਏ ਮਨੁੱਖ ਦੀ ਪ੍ਰਕਿਰਿਆ ਹੈ ਤੇ ਉਸ ਦੀ ਅਸਲੀ ਪਹਿਚਾਣ ਕੌਮੀ ਝੰਡੇ ਨਹੀਂ, ਸਗੋਂ ਸੱਭ ਅੰਦਰ ਵਸ ਰਹੀ ਇਕ ਜੋਤ ਅਵੇਅਰਨੈਸ ਜਾਂ ਚੇਤਨਤਾ ਉਸ ਦੀ ਪਹਿਚਾਣ ਹੈ।
ਜਿਸ ਦਿਨ ਕੌਮੀ ਲੀਡਰ ਤੇ ਕੌਮੀ ਮੀਡੀਆ ਝੂਠ ਪ੍ਰਚਾਰ ਨੂੰ ਛੱਡ ਕੇ ਲੋਕਾਂ ਨੂੰ ਉਨ੍ਹਾਂ ਦਾ ਅਸਲੀ ਸੱਚ ਦਸਣ ਲਈ ਤਿਆਰ ਹੋਵੇਗਾ, ਤਾਂ ਹੀ ਹਿੰਦੋਸਤਾਨ ਤੇ ਮਨੁੱਖਤਾ ਦੀਆਂ ਸਮੱਸਿਆਵਾਂ ਦਾ ਸਮਾਧਾਨ ਹੋ ਸਕੇਗਾ ਵਰਨਾ ਇਸ ਫ਼ਿਰਕਾ ਪ੍ਰਸਤੀ ਦੇ ਮਾਰਗ ’ਤੇ ਚਲ ਕੇ ਹਿੰਦੋਸਤਾਨ ਨੇ ਇਕ ਲੰਮੀ ਗੁਲਾਮੀ ਭੋਗੀ ਹੈ।
ਇਸ ਮਾਰਗ ਨਾਲ ਭਵਿੱਖ ਵੀ ਬਹੁਤਾ ਉਜਲਾ ਨਹੀਂ ਹੋ ਸਕੇਗਾ। ਜੋ ਵਿਅਕਤੀ ਮਨੁੱਖਤਾ ਦੇ ਭਲੇ ਨੂੰ ਛੱਡ ਕੇ ਸਿਰਫ਼ ਅਪਣੇ ਨਿਜੀ ਫ਼ਾਇਦੇ ਜਾਂ ਸਿਆਸੀ ਫ਼ਾਇਦੇ ਲਈ ਅਪਣੀ ਸਭਿਅਤਾ ਨੂੰ ਹੀ ਪਿਆਰਦਾ ਤੇ ਅਪਣੇ ਆਪ ਨੂੰ ਉਸ ਨਾਲ ਜੋੜ ਕੇ ਦਰਸਾਉਂਦਾ ਹੈ, ਉਹ ਅਪਣੀ ਅਸਲੀ ਪਹਿਚਾਣ ਤੋਂ ਅਣਜਾਣ ਹੀ ਰਹੇਗਾ। ਅਜਿਹੇ ਮਨੁੱਖ ਕਦੇ ਵੀ ਮਾਨਵਵਾਦੀ ਨਹੀਂ ਹੋ ਸਕਦੇ। ਉਹ ਅਪਣੀ ਹੋਂਦ ਦੇ ਝੂਠ ਵਿਚ ਫਸਿਆ ਅਪਣੀ ਝੂਠੀ ਈਗੋ ਦਾ ਸ਼ਿਕਾਰ ਬਣਿਆ ਰਹੇਗਾ। ਹਿੰਦੋਸਤਾਨ ਅੰਦਰ ਐਸੇ ਮਨੁੱਖ ਦਾ ਪ੍ਰਧਾਨ ਹੋਣਾ ਤੇ ਅਜਿਹੀ ਸੋਚ ਦਾ ਮੀਡੀਏ ’ਤੇ ਭਾਰੂ ਹੋਣਾ ਹਿੰਦੋਸਤਾਨ ਲਈ ਹਾਨੀਕਾਰਕ ਸਾਬਤ ਹੋਵੇਗਾ।
ਇਹ ਸਾਰੀ ਧਰਤੀ ਇਕੋ ਮਨੁੱਖ ਜਾਤੀ ਦੀ ਹੈ। ਇਸ ਨੂੰ ਹੋਰ ਸੁਹਾਵਣਾ ਬਣਾਉਣ ਲਈ, ਮਨੁੱਖ ਲੋਕਤੰਤਰ, ਕਮਿਊਨਿਜ਼ਮ, ਕੈਪੀਟਲਿਜ਼ਮ, ਰਾਮਰਾਜ ਜਾਂ ਖ਼ਾਲਿਸਤਾਨ ਵਰਗੇ ਅਨੇਕਾਂ ਕਨਸੈਪਟ ਪੈਦਾ ਕਰ ਚੁੱਕਾ ਹੈ। ਕੋਈ ਵੀ ਅਦ੍ਰਿਸ਼ ਨਿਸ਼ਾਨਾ ਪੂਰਾ ਨਹੀਂ ਹੋ ਸਕਿਆ ਕਿਉਂਕਿ ਮਨੁੱਖ ਅਪਣੇ ਆਪ ਦਾ ਸੁਧਾਰ ਕਰਨ ਦੀ ਬਜਾਏ ਸੰਸਾਰ ਸੁਧਾਰਨ ਵਿਚ ਲੱਗਾ ਹੋਇਆ ਹੈ। ਸੰਸਾਰ ਸਾਡੀ ਸਿਰਜਣਾ ਹੈ।
ਸੰਸਾਰ ਉਦੋਂ ਤਕ ਚੰਗਾ ਨਹੀਂ ਬਣ ਸਕਦਾ ਜਦੋਂ ਤਕ ਅਸੀ ਖ਼ੁਦ ਸੱਚ ਨਾਲ ਜੁੜ ਕੇ ਚੰਗੇ ਇਨਸਾਨ ਨਹੀਂ ਬਣਾਂਗੇ। ਸਾਡਾ ਅਸਲੀ ਸੱਚ ਸਾਡੇ ਅੰਦਰ ਵਸਦਾ ਜੋਤੀ ਸਰੂਪ ਸਰਬਸਾਂਝੀ ਚੇਤਨਤਾ, ਪ੍ਰਮਾਤਮਾ ਦੀ ਕਿਰਨ ਹੈ। ਜਾਗ ਕੇ ਵੇਖਿਆਂ ਸੱਭ ਰੱਬੀ ਵਿਖਾਈ ਦਿੰਦਾ ਹੈ। ਖਿਆਲਾਂ ਅਤੇ ਵਿਸ਼ਵਾਸਾਂ ਦੇ ਵਖਰੇਵਿਆਂ ਤੇ ਲੜਨਾ ਭਿੜਨਾ, ਦੂਜੇ ਨੂੰ ਨੀਵਾਂ ਵਿਖਾਉਣਾ ਹਿੰਦੋਸਤਾਨ ਵਰਗੇ ਦੇਸ਼ ਨੂੰ ਸੋਭਾ ਨਹੀਂ ਦਿੰਦਾ।
ਸੁਖਦੇਵ ਸਿੰਘ ਬਾਂਸਲ
ਯੂ.ਕੇ. (ਇੰਗਲੈਂਡ)
- ਮੋਬਾਈਲ : 07718629730