ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿਚ ਤਰਜਮਾ ਸਿਰਦਾਰ ਕਪੂਰ ਸਿੰੰਘ ਆਈ.ਸੀ.ਐਸ ਦਾ ਜਾਂ...
ਸਿਰਦਾਰ ਕਪੂਰ ਸਿੰਘ ਜੀ ਬਾਰੇ ਕੁੱਝ ਹੋਰ ਵਿਦਵਾਨਾਂ ਦਾ ਕਹਿਣਾ ਹੈ ਕਿ ਕਪੂਰ ਸਿੰਘ ਜੀ ਇਕ ਰਾਜਨੀਤਕ ਨੇਤਾ ਤੇ ਜ਼ਿੰਮੇਵਾਰ ਅਫ਼ਸਰ ਸਨ, ਜੋ ਬਹੁਤ ਹੀ ਵਿਅਸਤ ਰਹਿੰਦੇ ਸਨ।
ਉਪਰੋਕਤ ਖਰੜੇ ਬਾਰੇ ਮੈਨੂੰ ਇਕ ਵਿਦਵਾਨ ਨੇ ਦਸਿਆ ਕਿ ਸਿਰਦਾਰ ਕਪੂਰ ਸਿੰਘ ਹੋਰਾਂ ਦੀ, ਡਾਕਟਰ ਗੋਪਾਲ ਸਿੰਘ ਹੋਰਾਂ ਦੀ ਪਤਨੀ ਨਾਲ ਪੁਰਾਣੀ ਜਾਣ ਪਛਾਣ ਸੀ, ਉਹ ਵੀ ਵਿਦਵਾਨ ਲੇਖਕ ਸੀ। ਸਿਰਦਾਰ ਕਪੂਰ ਸਿੰਘ ਹੋਰਾਂ ਨੇ ਖਰੜਾ ਉਸ ਨੂੰ ਦੇ ਦਿਤਾ ਕਿ ਡਾਕਟਰ ਗੋਪਾਲ ਸਿੰਘ ਉਸ ਦਾ ਮੁੱਖਬੰਦ ਲਿੱਖ ਦੇਣ। ਜਦੋਂ ਖਰੜਾ ਉਨ੍ਹਾਂ ਨੇ ਪੜਿ੍ਹਆ ਤਾਂ ਦੋਹਾਂ ਦੀ ਨੀਅਤ ਬਦਲ ਗਈ ਤੇ ਉਨ੍ਹਾਂ ਨੇ ਧੋਖੇ ਨਾਲ ਉਹ ਖਰੜਾ ਅਪਣੇ ਨਾਮ ਹੇਠ ਛਪਵਾ ਲਿਆ। ਨਾਲ ਹੀ ਉਪਰੋਕਤ ਵਿਦਵਾਨ ਨੇ ਇਹ ਵੀ ਮੰਨ ਲਿਆ ਕਿ ‘ਪਰ ਇਸ ਦਾ ਕੋਈ ਲਿਖਤੀ ਸਬੂਤ ਨਹੀਂ ਮਿਲਦਾ।’
ਸਿਰਦਾਰ ਕਪੂਰ ਸਿੰਘ ਜੀ ਬਾਰੇ ਕੁੱਝ ਹੋਰ ਵਿਦਵਾਨਾਂ ਦਾ ਕਹਿਣਾ ਹੈ ਕਿ ਕਪੂਰ ਸਿੰਘ ਜੀ ਇਕ ਰਾਜਨੀਤਕ ਨੇਤਾ ਤੇ ਜ਼ਿੰਮੇਵਾਰ ਅਫ਼ਸਰ ਸਨ, ਜੋ ਬਹੁਤ ਹੀ ਵਿਅਸਤ ਰਹਿੰਦੇ ਸਨ। ਉਨ੍ਹਾਂ ਕੋਲ ਏਨਾ ਸਮਾਂ ਹੀ ਕਿਥੇ ਸੀ ਕਿ ਏਨਾ ਵੱਡਾ ਸ਼ਾਹਕਾਰ ਲਿਖ ਸਕਣ।
ਕੁੱਝ ਹੋਰ ਵਿਦਵਾਨਾਂ ਦਾ ਮੱਤ ਇਸ ਦੇ ਉਲਟ ਹੈ ਕਿ ਜੇ ਸਿਰਦਾਰ ਕਪੂਰ ਸਿੰਘ ਸਾਚੀ ਸਾਖੀ ਤੋਂ ਇਲਾਵਾ ਹੋਰ ਕਈ ਵੱਡਮੁੱਲੀਆਂ ਸਿੱਖ ਇਤਿਹਾਸਕ ਲਿਖਤਾਂ ਜਿਵੇਂ ਕਿ ਇਕ ਕਵਿਤਾ ਦੀ ਪੁਸਤਕ ‘ਹਸ਼ੀਸ਼, ਪੁੰਦ੍ਰੀਕ, ਮਾਸਕ੍ਰਿਤਕ ਨਿਬੰਧ, ਬਹੁ ਵਿਸਤਾਰ, (ਇਤਿਹਾਸਕ ਤੇ ਧਾਰਮਕ ਨਿਬੰਧ ਸਪਤਸ੍ਰਿੰਗ) (ਮਹਾਨ ਜੀਵਨੀਆਂ ਤੇ ਅੰਗਰੇਜ਼ੀ ਵਿਚ ਸੇਕਰਡ ਰਾਈਟਿੰਗਜ਼ ਆਫ਼ ਸਿੱਖਜ਼) (ਜੀ.ਟੀ. ਏ.ਐਲ. ਯੁਨੈਸਕੋ) Parasharprasna (1 thesis on status and significance of Sikhism. Prejudice (1 misc. only) ਵਰਗੀਆਂ ਬਹੁਮੁਲੀਆਂ ਬਹੁਤ ਸਾਰੀਆਂ ਵੱਡੀਆਂ ਛੋਟੀਆਂ ਪੁਸਤਕਾਂ ਤੇ ਇਨ੍ਹਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਧਾਰਮਕ ਲੇਖ ਲਿਖਣ ਦਾ ਸਮਾਂ ਉਨ੍ਹਾਂ ਕੋਲ ਸੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗ੍ਰੇਜ਼ੀ ਉਲੱਥਾ ਲਿਖਣ ਲਈ ਸਮਾਂ ਕਿਉਂ ਨਹੀਂ ਸੀ? ਉਨ੍ਹਾਂ ਵਿਦਵਾਨਾਂ ਦਾ ਕਹਿਣਾ ਹੈ ਕਿ ਡਾਕਟਰ ਗੋਪਾਲ ਸਿੰਘ ਦਰਦੀ ਹੋਰਾਂ ਕੋਲ ਤਾਂ ਬਿਲਕੁਲ ਹੀ ਸਮਾਂ ਨਹੀਂ ਸੀ।
ਇਸ ਸੰਦਰਭ ਵਿਚ ਡਾਕਟਰ ਗੋਪਾਲ ਸਿੰਘ ਦਰਦੀ ਹੋਰਾਂ ਦੀ ਇਕ ਬਹੁਤ ਵੱਡੀ ਕਰਤੂਤ ਦਾ ਬਿਆਨ ਕਰਨਾ ਕੁਥਾਵਾਂ ਨਹੀਂ ਹੋਏਗਾ ਤੇ ਸੰਗਤਾਂ ਸਮਝ ਸਕਣਗੀਆਂ ਕਿ ਗੋਪਾਲ ਸਿੰਘ ਦਰਦੀ, ਜੋ ਸਿੱਖ ਪੰਥ ਨਾਲ ਏਨੀ ਵੱਡੀ ਗ਼ੱਦਾਰੀ ਕਰ ਸਕਦੇ ਹਨ, ਉਨ੍ਹਾਂ ਵਾਸਤੇ ਸਿਰਦਾਰ ਕਪੂਰ ਸਿੰਘ ਜੀ ਨਾਲ ਧੋਖਾ ਕਰਨਾ ਬਹੁਤ ਹੀ ਮਾਮੂਲੀ ਜਹੀ ਗੱਲ ਸੀ ਕਿਉਂਕਿ ਉਹ ਜਾਣਦੇ ਸਨ ਕਿ ਸਿਰਦਾਰ ਕਪੂਰ ਸਿੰਘ ਹੋਰਾਂ ਵਿਰੁਧ ਪੂਰੀ ਭਾਰਤ ਸਰਕਾਰ ਲਾਮਬੰਦ ਸੀ।
ਉਪਰੋਕਤ ਵਿਦਵਾਨ ਨੇ ਮੈਨੂੰ ਕਿਹਾ ਕਿ ਇਸ ਬਾਰੇ ਸਿਰਦਾਰ ਕਪੂਰ ਸਿੰਘ ਹੋਰਾਂ ਦੀ ਪੁਸਤਕ ਸਾਚੀ ਸਾਖੀ ਨੂੰ ਪੜ੍ਹੋ। ਮੈਂ ਸਾਚੀ ਸਾਖੀ ਪੜ੍ਹੀ ਤੇ ਬਹੁਤ ਹੀ ਦੁੱਖ ਹੋਇਆ ਕਿ ਕਿਵੇਂ ਇਕ ਵਿਦਵਾਨ ਨਾਲ ਹੀ ਨਹੀਂ ਪੂਰੇ ਸਿੱਖ ਪੰਥ ਨਾਲ ਡਾਕਟਰ ਗੋਪਾਲ ਸਿੰਘ ਦਰਦੀ ਹੋਰਾਂ ਨੇ ਕਿੰਨੀ ਵੱਡੀ ਗ਼ਦਾਰੀ ਤੇ ਧੋਖੇਬਾਜ਼ੀ ਕੀਤੀ ਹੈ।
ਸਾਚੀ ਸਾਖੀ ਪੁਸਤਕ ਦੇ ਪੰਨਾ ਨੰ. 230 ਤੇ ਅਣਵੰਡੇ ਪੰਜਾਬ ਦੇ ਪ੍ਰਤਿਸ਼ਟਤ ਤੇ ਪ੍ਰਸਿੱਧ ਪੱਤਰਕਾਰ ਅਤੇ ਪਛਮੀ ਪਾਕਿਸਤਾਨ ਦੇ ਪ੍ਰਤਿਸ਼ਟਤ ਅਖ਼ਬਾਰ ਨਵੀਸ ਮੀਆਂ ਮੁਹੰਮਦ ਸੂਫ਼ੀ ਨੇ ਲਾਹੌਰ ਦੀ ਰੋਜ਼ਾਨਾ ਅਖ਼ਬਾਰ ‘ਨਵਾ-ਏ-ਵਕਤ’ ਦੇ 6 ਦਸੰਬਰ 1968 ਦੇ ਅੰਕ ਵਿਚ ਮੀਮ ਸ਼ੀਨ ਕੀ ਡਾਇਰੀ ਦੇ ਸਰਲੇਖ ਹੇਠ ਇੰਜ ਲਿਖਿਆ ਸੀ, ‘ਯਹ ਏਕ ਖ਼ਤ ਕੀ ਕਹਾਨੀ ਹੈ, ਜੋ ਕਾਇਦੇ ਆਜ਼ਮ ਮਿਸਟਰ ਜਿਨਾਹ ਕੇ ਨਾਮ ਲਿਖੀ ਗਈ ਥੀ ਜਿਸ ਨੂੰ ਗਿਆਨੀ ਕਰਤਾਰ ਸਿੰਘ ਜਿਨ੍ਹਾਂ ਨੂੰ ਸਿੱਖਾਂ ਦਾ ਦਿਮਾਗ਼ ਕਿਹਾ ਜਾਂਦਾ ਹੈ, ਨੇ ਤਿਆਰ ਕੀਤਾ ਸੀ ਤੇ ਜਿਸ ਨੂੰ ਮਾਸਟਰ ਤਾਰਾ ਸਿੰਘ ਜੀ ਨੇ ਵੀ ਪ੍ਰਵਾਨਗੀ ਦੇ ਦਿਤੀ ਸੀ- ਦਰਅਸਲ ਮਿਸਟਰ ਜਿਨਾਹ ਨੇ ਕਈ ਵਾਰ ਕਈ ਸਿੱਖ ਲੀਡਰਾਂ ਨਾਲ ਗੱਲ ਕੀਤੀ ਸੀ ਤੇ ਉਹ ਚਾਹੁੰਦੇ ਸਨ ਕਿ ਘੱਟ-ਗਿਣਤੀ ਸਿੱਖ ਜੋ 13% ਸਨ ਤੇ ਮੁਸਲਮਾਨ ਜੋ 65% ਸਨ, ਨਾਲ ਮਿਲ ਕੇ ਕੰਮ ਕਰਨ ਤੇ ਕਾਂਗਰਸ ਵਿਰੁਧ ਮੋਰਚਾ ਖੋਲ੍ਹ ਦੇਣ ਤਾਂ ਪੰਜਾਬ ਵੰਡੇ ਜਾਣ ਤੋਂ ਬੱਚ ਸਕਦਾ ਹੈ ਤੇ ਹੋਰ ਸੂਬਿਆਂ ਦੀ ਕਤਲੋਗਾਰਤ ਤੋਂ ਵੀ ਬਚਿਆ ਜਾ ਸਕਦਾ ਹੈ।
ਸਿੱਖਾਂ ਤੇ ਮੁਸਲਮਾਨਾਂ ਦਾ ਏਕਾ ਕਾਇਮ ਕੀਤਾ ਜਾ ਸਕਦਾ ਹੈ। ਇਹ ਚਿੱਠੀ ਕਾਫ਼ੀ ਲੰਮੀ ਹੈ ਇਸ ਲਈ ਸੰਕੋਚ ਨਾਲ ਲਿਖ ਰਿਹਾਂ। ਇਸ ਦੇ ਜਵਾਬ ਵਿਚ ਚਿੱਠੀ ਜੋ ਗਿਆਨੀ ਕਰਤਾਰ ਸਿੰਘ ਨੇ ਲਿਖੀ ਸੀ, ਉਸ ਨੂੰ ਭੇਜਣ ਲਈ ਇਹ ਤੈਅ ਹੋਇਆ ਕਿ ਡਾਕ ਰਾਹੀਂ ਭੇਜਣ ਦੀ ਬਜਾਏ ਕਿਸੇ ਇਤਬਾਰੀ ਵਿਅਕਤੀ ਦੇ ਹੱਥ ਸਿੱਧੀ ਮਿਸਟਰ ਜਿਨਾਹ ਕੋਲ ਭੇਜੀ ਜਾਏ। ਸੱਭ ਦੀ ਰਾਏ ਬਣੀ ਕਿ ਡਾਕਟਰ ਗੋਪਾਲ ਸਿੰਘ ਦਰਦੀ ਹੀ ਸੱਭ ਤੋਂ ਵੱਧ ਭਰੋਸੇ ਵਾਲੇ ਵਿਅਕਤੀ ਹਨ। ਇਨ੍ਹਾਂ ਨੂੰ ਹੀ ਚਿੱਠੀ ਦੇ ਕੇ ਦਿੱਲੀ ਉਨ੍ਹਾਂ ਦੇ ਨਿਵਾਸ ਕੋਠੀ ਨੰ. 10 ਔਰੰਗਜ਼ੇਬ ਰੋਡ ਤੇ ਭੇਜੀ ਜਾਏ।
ਇਹ ਹਦਾਇਤ ਵੀ ਕੀਤੀ ਕਿ ਚਿੱਠੀ ਸਿਰਫ਼ ਮਿਸਟਰ ਜਿਨਾਹ ਕੋਲ ਹੀ ਪਹੁੰਚੇ। ਪਰ ਸਰਦਾਰ ਡਾਕਟਰ ਗੋਪਾਲ ਸਿੰਘ ਹੋਰਾਂ ਨੇ ਗ਼ੱਦਾਰੀ ਕੀਤੀ ਤੇ ਉਹ ਚਿੱਠੀ ਉਸ ਨੇ ਜਵਾਹਰ ਲਾਲ ਨਹਿਰੂ ਨੂੰ ਜਾ ਫੜਾਈ ਤੇ ਸਾਰੀ ਖੇਡ ਖ਼ਰਾਬ ਕਰ ਦਿਤੀ। ਉਸ ਚਿੱਠੀ ਵਿਚ ਸਿਆਸੀ, ਧਾਰਮਕ, ਕਲਚਰਲ, ਸੰਸਕ੍ਰਿਤਕ ਮਸਲਿਆਂ ਬਾਰੇ ਮੰਗ ਕੀਤੀ ਗਈ ਸੀ ਕਿ ਸੂਬੇ ਤੋਂ ਇਲਾਵਾ ਫ਼ੌਜੀ ਤੇ ਸਿਵਲ ਕਰਮਚਾਰੀਆਂ ਵਿਚ ਗਿਣਤੀ ਦੀ ਫ਼ੀ ਸਦੀ ਵਧਾਈ ਜਾਵੇ ਅਤੇ ਸਿੱਖ ਰਿਆਸਤਾਂ, ਪਟਿਆਲਾ, ਨਾਭਾ, ਜੀਂਦ, ਫ਼ਰੀਦਕੋਟ, ਕਪੂਰਥਲਾ ਦੇ ਭਵਿੱਖ ਦੇ ਮਸਲਿਆਂ ਵਿਚ ਜ਼ਮਾਨਤ ਮੰਗੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਅਣਵੰਡੇ ਪੰਜਾਬ ਦੇ ਮੁੱਖ ਮੰਤਰੀ ਤੇ ਗਵਰਨਰ ਕਿਸੇ ਇਕ ਉਤੇ ਹਮੇਸ਼ਾ ਇਕ ਸਿੱਖ ਦਾ ਹੱਕ ਰਹੇਗਾ।
ਇਸ ਚਿੱਠੀ ਵਿਚ ਖ਼ਾਸ ਗੱਲ ਇਹ ਕਹੀ ਗਈ ਸੀ ਕਿ ਪਾਕਿਸਤਾਨ ਦੇ ਕਿਸੇ ਵੀ ਸੂਬੇ ਜਾਂ ਕੇਂਦਰ ਦੀ ਅਸੈਂਬਲੀ ਨੂੰ ਸਿੱਖਾਂ ਦੀ ਮਰਜ਼ੀ ਤੋਂ ਬਿਨਾਂ ਸਿੱਖਾਂ ਦੇ ਧਾਰਮਕ ਮਾਮਲਿਆਂ ਬਾਰੇ ਕਾਨੂੰਨ ਬਣਾਉਣ ਦਾ ਕੋਈ ਹੱਕ ਨਹੀਂ ਹੋਵੇਗਾ। ਉਸ ਚਿੱਠੀ ਦੇ ਆਖ਼ਰੀ ਪਹਿਰੇ ਵਿਚ ਲਿਖਿਆ ਗਿਆ ਸੀ ਕਿ ਜਿਸ ਤਰ੍ਹਾਂ ਬਰਤਾਨਵੀ ਪਾਰਲੀਮੈਂਟ ਨੂੰ ਇਹ ਅਖ਼ਤਿਆਰ ਨਹੀਂ ਕਿ ਘੱਟ ਗਿਣਤੀ ਦੀਆਂ ਵੋਟਾਂ ਨਾਲ ਬਾਦਸ਼ਾਹਤ ਨੂੰ ਖ਼ਤਮ ਕਰ ਸਕੇ, ਉਸੇ ਤਰ੍ਹਾਂ ਪਾਕਿਸਤਾਨ ਦੀ ਸਥਾਪਨਾ ਮਗਰੋਂ ਕਿਸੇ ਵੀ ਸੂੁਬੇ ਜਾਂ ਕੇਂਦਰੀ ਅਸੈਂਬਲੀ ਨੂੰ ਸਿਰਫ਼ ਘੱਟ-ਗਿਣਤੀ ਦੇ ਜ਼ੋਰ ਤੇ ਸਿੱਖਾਂ ਦੇ ਧਾਰਮਕ ਮਸਲਿਆਂ ਲਈ ਕੋਈ ਕਾਨੂੰਨ ਬਣਾਉਣ ਦਾ ਹੱਕ ਹਾਸਲ ਨਹੀਂ ਹੋਵੇਗਾ।
ਅੰਤ ਵਿਚ ਲਿਖਤੀ ਯਕੀਨ ਦਿਵਾਇਆ ਗਿਆ ਸੀ ਕਿ ਜੇ ਮੁਸਲਿਮ ਲੀਗ ਇਨ੍ਹਾਂ ਘੱਟੋ-ਘੱਟ ਮੰਗਾਂ ਨੂੰ ਲਿਖਤੀ ਤੌਰ ਤੇ ਕਬੂਲ ਕਰ ਲਵੇ ਤਾਂ ਅਕਾਲੀ ਦਲ, ਕਾਂਗਰਸ ਵਿਰੁਧ ਉਨ੍ਹਾਂ ਦੀ ਜਦੋਜਹਿਦ ਵਿਚ ਸ਼ਾਮਲ ਹੋ ਸਕਦਾ ਹੈ। ਇਸ ਤੋਂ ਪਹਿਲਾਂ ਦੋ ਵਾਰ ਮਾਸਟਰ ਤਾਰਾ ਸਿੰਘ ਮਿਸਟਰ ਜਿਨਾਹ ਨੂੰ ਮਿਲਣੋਂ ਨਾਂਹ ਕਰ ਚੁੱਕੇ ਸਨ ਤੇ ਜਲੰਧਰ ਡਵੀਜ਼ਨ ਜ਼ਿਲ੍ਹਾ ਅੰਮ੍ਰਿਤਸਰ ਅਤੇ ਸਾਰੀਆਂ ਸਿੱਖ ਰਿਆਸਤਾਂ ਤੇ ਫ਼ਰੀਦਕੋਟ ਸਿੱਖਾਂ ਨੂੰ ਦੇਣ ਦੀ ਗੱਲ ਨੂੰ ਨਾਮਨਜ਼ੂਰ ਕਰ ਚੁੱਕੇ ਸਨ। ਮਿਸਟਰ ਜਿਨਾਹ ਨੇ ਕਿਹਾ ਸੀ ਕਿ ਬਾਕੀ ਗੱਲਾਂ ਮਿਲ ਬੈਠ ਕੇ ਤਹਿ ਕਰ ਲਈਆਂ ਜਾਣਗੀਆਂ। ਇਹ ਮੁਮਕਿਨ ਸੀ ਕਿ ਮਿਸਟਰ ਜਿਨਾਹ ਇਨ੍ਹਾਂ ਮੰਗਾਂ ਨੂੰ ਮੰਨ ਲੈਂਦੇ ਤਾਂ ਗੱਲ ਕੁੱਝ ਹੋਰ ਹੀ ਹੋਣੀ ਸੀ।’’
ਖ਼ੈਰ ਗੱਲ ਜੋ ਸਿਰੇ ਨਾ ਚੜ੍ਹ ਸਕੀ, ਉਸ ਦਾ ਦੋਸ਼ੀ ਡਾਕਟਰ ਗੋਪਾਲ ਸਿੰਘ ਦਰਦੀ ਨੂੰ ਹੀ ਮੰਨਿਆ ਜਾਵੇਗਾ। ਸਦਕੇ ਜਾਂਦਾ ਹਾਂ ਸਿਰਦਾਰ ਕਪੂਰ ਸਿੰਘ ਜੀ ਤੋਂ, ਸਿਰ ਝੁੱਕ ਜਾਂਦਾ ਹੈ ਉਸ ਨਿਮਰਤਾ ਦੇ ਪੁੰਜ ਤੇ ਧਰਮੀ ਯੋਧੇ ਅੱਗੇ। ਅੰਤ ਵਿਚ ਇਹੀ ਕਹਿਣਾ ਠੀਕ ਹੋਵੇਗਾ ਕਿ ਜਿਹੜਾ ਬੰਦਾ ਸਿੱਖ ਕੌਮ ਨਾਲ ਏਨੀ ਵੱਡੀ ਗ਼ੱਦਾਰੀ ਕਰ ਸਕਦਾ ਹੈ, ਉਸ ਲਈ ਇਕ ਵਿਅਕਤੀ ਨਾਲ ਜਿਸ ਦੇ ਵਿਰੁਧ ਭਾਰਤ ਦੀ ਕਾਂਗਰਸ ਸਰਕਾਰ ਖੜੀ ਹੋਵੇ, ਉਸ ਨਾਲ ਏਨੀ ਗ਼ੱਦਾਰੀ ਕਰਨਾ ਕੋਈ ਵੱਡੀ ਗੱਲ ਨਹੀਂ ਸੀ। ਇਸ ਤੋਂ ਸਿਧ ਹੁੰਦਾ ਹੈ ਕਿ ਸਿਰਦਾਰ ਕਪੂਰ ਸਿੰਘ ਜੀ ਹੀ ਸੱਚੇ ਸਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗਰੇਜ਼ੀ ਅਨੁਵਾਦ ਉਨ੍ਹਾਂ ਦਾ ਹੀ ਕੀਤਾ ਹੋਇਆ ਹੈ, ਡਾਕਟਰ ਗੋਪਾਲ ਸਿੰਘ ਦਰਦੀ ਦਾ ਨਹੀਂ।
ਪ੍ਰੇਮ ਸਿੰਘ ਪਾਰਸ
- ਸੰਪਰਕ : 92102-35435