Sri Anandpur Sahib: ਸ੍ਰੀ ਅਨੰਦਪੁਰ ਸਾਹਿਬ ਦਾ ਇਤਿਹਾਸ ਅਤੇ ਵਰਤਮਾਨ

ਏਜੰਸੀ

ਵਿਚਾਰ, ਵਿਸ਼ੇਸ਼ ਲੇਖ

ਹੋਲਾ ਮੁਹੱਲਾ ਖ਼ਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਅਤੇ ਕੌਮੀ ਜੋੜ ਮੇਲਾ ਹੈ।

History and present of Sri Anandpur Sahib

 

History and present of Sri Anandpur Sahib: ਹਰ ਸਾਲ ਵਾਂਗ ਪ੍ਰਸਿੱਧ ਤਿਉਹਾਰ ਹੋਲਾ ਮੁਹੱਲਾ ਸ਼੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਵਿਚ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਲਈ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤ ਆ ਰਹੀ ਹੈ। ਹੋਲਾ ਮੁਹੱਲਾ ਖ਼ਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਅਤੇ ਕੌਮੀ ਜੋੜ ਮੇਲਾ ਹੈ।

ਇਹ ਮੇਲਾ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਕ ਪ੍ਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਅਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖ਼ਾਲਸਾਈ ਰੰਗ ਵਿਚ ਰੰਗਿਆ ਜਾਂਦਾ ਹੈ। ਹੋਲੀ ਤੋਂ ਅਗਲੇ ਦਿਨ ਅਨੰਦਪੁਰ ਸਾਹਿਬ ਵਿਚ ਕੇਸਗੜ੍ਹ ਸਾਹਿਬ ਅਤੇ ਹੋਰ ਧਾਰਮਕ ਸਥਾਨਾਂ ’ਤੇ ਇਹ ਮੇਲਾ ਭਰਦਾ ਹੈ ਜਿਸ ਨੂੰ ‘ਹੋਲਾ ਮਹੱਲਾ’ ਕਹਿੰਦੇ ਹਨ। ਇਸ ਮੇਲੇ ਦਾ ਮੁੱਢ ਗੁਰੂ ਗੋਬਿੰਦ ਸਿੰਘ ਨੇ ਕੀਤਾ ਸੀ।

ਉਦੋਂ ਤੋਂ ਹਰ ਸਾਲ ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਮਨਾਇਆ ਜਾਂਦਾ ਹੈ। ਉਨ੍ਹਾਂ ਵਲੋਂ ਖ਼ਾਲਸਾਈ ਫ਼ੌਜਾਂ ਦੇ ਦੋ ਮਨਸੂਈ ਦਲਾਂ ਵਿਚ ਸ਼ਸਤਰ ਵਿਦਿਆ ਦੇ ਜੰਗੀ ਮੁਕਾਬਲੇ ਕਰਵਾਏ ਜਾਂਦੇ ਸਨ ਤੇ ਚੰਗਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਨਮਾਨਤ ਕੀਤਾ ਜਾਂਦਾ ਸੀ। ਅੱਜ ਵੀ ਉਸੇ ਰਵਾਇਤ ਅਨੁਸਾਰ ਹੋਲਾ ਮਹੱਲਾ ਮਨਾਇਆ ਜਾਂਦਾ ਹੈ। 

ਇਸ ਮੌਕੇ ਦੀਵਾਨ ਸਜਦੇ ਹਨ, ਕਥਾ ਕੀਰਤਨ ਹੁੰਦੇ ਹਨ, ਬੀਰਰਸੀ ਵਾਰਾਂ ਗਾਈਆਂ ਜਾਂਦੀਆਂ ਹਨ ਅਤੇ ਅਨੇਕ ਤਰ੍ਹਾਂ ਦੀਆਂ ਫ਼ੌਜੀ ਕਵਾਇਦਾਂ ਹੁੰਦੀਆਂ ਹਨ। ਹਰ ਸਾਲ ਮਾਰਚ ਮਹੀਨੇ ਵਿਚ ਮਨਾਏ ਜਾਣ ਵਾਲੇ ਇਸ ਤਿਉਹਾਰ ਵਿਚ ਲੋਕ ਵੱਡੀ ਗਿਣਤੀ ਵਿਚ ਨਗਾੜਿਆਂ ਦੀ ਅਵਾਜ਼ ਵਿਚ ਇਕ ਗੁਰਧਾਮ ਤੋਂ ਦੂਜੇ ਗੁਰਧਾਮ ਤਕ ਜਾਂਦੇ ਹਨ। ਇਸ ਵਿਚ ਨਿਹੰਗ ਸਿੰਘ ਪੁਰਾਤਨ ਪੁਸ਼ਾਕਾਂ ਵਿਚ ਸ਼ਾਨ ਨਾਲ ਸ਼ਾਮਲ ਹੁੰਦੇ ਹਨ ਅਤੇ ਸ਼ਸਤਰਾਂ ਦੇ ਕਰਤੱਬ ਵਿਖਾਏ ਜਾਂਦੇ ਹਨ। 

ਅਨੰਦਪੁਰ ਸਾਹਿਬ ਨਗਰ ਦੀ ਸਥਾਪਨਾ ਸਿੱਖਾਂ ਦੇ ਨੌਵੇਂ ਗੁਰੂ, ਗੁਰੂ ਤੇਗ਼ ਬਹਾਦਰ ਜੀ ਨੇ 1665 ਵਿਚ ਕੀਤੀ ਸੀ। ਜੇਕਰ ਇਸ ਦਾ ਇਤਿਹਾਸ ਵੇਖੀਏ ਤਾਂ ਪਤਾ ਚਲਦਾ ਹੈ ਕਿ ਇਸ ਦਾ ਪਹਿਲਾਂ ਨਾਂ ਮਾਖੋਵਾਲ ਸੀ। ਇਕ ਹੋਰ ਕਹਾਣੀ ਅਨੁਸਾਰ ਇੱਥੇ ਮਾਖੋ ਨਾਂ ਦਾ ਡਾਕੂ ਰਹਿੰਦਾ ਸੀ ਜੋ ਕਿਸੇ ਨੂੰ ਵੀ ਇਸ ਇਲਾਕੇ ਵਿਚ ਨਹੀਂ ਰਹਿਣ ਦਿੰਦਾ ਸੀ।

ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਅਪਣੇ ਮਾਤਾ ਨਾਨਕੀ ਜੀ ਦੇ ਨਾਮ ’ਤੇ ਚੱਕ ਨਾਨਕੀ ਨਾਂ ਦਾ ਨਗਰ ਵਸਾਇਆ ਤਾਂ ਮਾਖੋ ਡਾਕੂ ਇਹ ਸਥਾਨ ਛੱਡ ਕੇ ਭੱਜ ਗਿਆ। ਮੌਜੂਦਾ ਸਮੇਂ ਚੱਕ ਨਾਨਕੀ, ਅਨੰਦਪੁਰ ਸਾਹਿਬ, ਸਹੋਟਾ, ਲੋਧੀਪੁਰ, ਅਗੰਮਪੁਰ, ਮਟੌਰ ਹੁਣ ਏਨੇ ਵਸ ਚੁੱਕੇ ਹਨ ਕਿ ਹੁਣ ਆਮ ਜਨਤਾ ਨੂੰ ਇਨ੍ਹਾਂ ਪਿੰਡਾਂ ਦੀਆਂ ਹੱਦਾਂ ਬਾਰੇ ਕੁੱਝ ਵੀ ਪਤਾ ਨਹੀਂ ਚਲਦਾ ਅਤੇ ਸਿਰਫ਼ ਰੈਵਨਿਊ ਵਿਭਾਗ ਦੇ ਅਧਿਕਾਰੀ ਹੀ ਇਨ੍ਹਾਂ ਪਿੰਡਾਂ ਦੀਆ ਹੱਦਾਂ ਬਾਰੇ ਜਾਣਦੇ ਹਨ।

ਅਨੰਦਪੁਰ ਸਾਹਿਬ ਦਾ ਇਲਾਕਾ ਕੀਰਤਪੁਰ ਸਾਹਿਬ ਤੋਂ ਨੰਗਲ ਅਤੇ ਹਿਮਾਚਲ ਪ੍ਰਦੇਸ਼ ਦੇ ਉੂਨਾ ਤਕ ਕਿਸੇ ਵੇਲੇ ਸੰਘਣਾ ਜੰਗਲ ਸੀ ਜਿਸ ਵਿਚ ਇਕ ਪਾਸੇ ਦਰਿਆ ਸਤਲੁਜ, ਚਰਨ ਗੰਗਾ ਤੇ ਚੋਅ ਸਨ ਅਤੇ ਦੂਜੇ ਪਾਸੇ ਪਹਾੜ ਸਨ। ਦਰਿਆ ਅਤੇ ਪਹਾੜਾਂ ਵਿਚ ਸੰਘਣੇ ਜੰਗਲ ਵਿਚ ਬਹੁਤ ਸਾਰੇ ਹਾਥੀ, ਸ਼ੇਰ, ਬਘਿਆੜ ਅਤੇ ਹੋਰ ਜੰਗਲੀ ਜਾਨਵਰ ਆਮ ਘੁੰਮਦੇ ਸਨ।

ਇੱਥੇ ਹਾਥੀ ਬਹੁਤ ਸਨ ਅਤੇ ਇਸ ਇਲਾਕੇ ਨੂੰ ਹਥੌਤ ਭਾਵ ਹਾਥੀਆਂ ਦਾ ਘਰ ਆਖਿਆ ਕਰਦੇ ਸਨ। ਹਥੌਤ ਦੇ ਇਲਾਕੇ ਦੀ ਲੰਬਾਈ ਲਗਭਗ 50 ਕਿਲੋਮੀਟਰ ਤੇ ਚੌੜਾਈ ਲਗਭਗ 10 ਕਿਲੋਮੀਟਰ ਸੀ। ਜਦੋਂ ਗੁਰੂ ਸਾਹਿਬ ਨੇ ਇਹ ਇਲਾਕਾ ਚੁਣਿਆ ਉਸ ਵੇਲੇ ਬਹੁਤੇ ਜਾਨਵਰ ਤਾਂ ਪਹਾੜੀ ਜੰਗਲਾਂ ਵਿਚ ਹੀ ਰਹਿ ਗਏ ਸਨ ਤੇ ਬਾਕੀਆਂ ਨੂੰ ਸ਼ਿਕਾਰੀਆਂ ਨੇ ਮਾਰ ਦਿਤਾ ਸੀ।

ਗੁਰੂ ਸਾਹਿਬ ਨੇ ਇਸ ਜੰਗਲ ਵਿਚ ਹੀ ਰਮਣੀਕ ਵਾਦੀ ਵਸਾ ਦਿਤੀ ਸੀ। ਜਿੱਥੇ ਕਦੇ ਦਿਨ ਵੇਲੇ ਵੀ ਕੋਈ ਨੇੜੇ ਨਹੀਂ ਆਉਂਦਾ ਸੀ ਉੱਥੇ ਹਰ ਵੇਲੇ ਸੰਗਤਾਂ ਦੀਆਂ ਰੋਣਕਾਂ ਲੱਗੀਆ ਰਹਿੰਦੀਆ ਹਨ। ਅਨੰਦਪੁਰ ਸਾਹਿਬ ਬਾਰੇ ਇਕ ਹੋਰ ਮਿਥਿਹਾਸਕ ਕਹਾਣੀ ਮਸ਼ਹੂਰ ਹੈ ਕਿ ਇੱਥੇ ਮਾਖੋ ਤੇ ਮਾਟੋ ਨਾਮ ਦੇ ਦੋ ਦੈਂਤ ਰਿਹਾ ਕਰਦੇ ਸਨ ਤੇ ਦੋਹਾਂ ਨੇ ਮਾਖੋਵਾਲ ਤੇ ਮਟੌਰ ਪਿੰਡ ਵਸਾਏ। ਉਹ ਦੋਵੇਂ ਜ਼ਾਲਮ ਸਨ ਅਤੇ ਇਲਾਕੇ ਦੇ ਲੋਕ ਉਨ੍ਹਾਂ ਤੋਂ ਬਹੁਤ ਦੁਖੀ ਸਨ। ਸਿੱਖ ਇਤਿਹਾਸ ਵਿਚ ਹਥੌਤ ਦੇ ਇਲਾਕੇ ਦੀ ਜੇ ਕਿਸੇ ਜਗ੍ਹਾ ਦਾ ਜ਼ਿਕਰ ਆਉਂਦਾ ਹੈ ਤਾਂ ਉਹ ਕੀਰਤਪੁਰ ਸਾਹਿਬ ਦੇ ਬਾਹਰ ਸਾਈਂ ਬੁੱਢਣ ਸ਼ਾਹ ਦੇ ਡੇਰੇ ਦਾ ਹੈ।

ਵੱਖ ਵੱਖ ਜਨਮ ਸਾਖੀਆਂ ਮੁਤਾਬਕ ਗੁਰੂ ਨਾਨਕ ਦੇਵ ਜੀ ਅਪਣੀਆਂ ਉਦਾਸੀਆਂ ਵੇਲੇ ਇਕ ਵਾਰ ਕੀਰਤਪੁਰ ਸਾਹਿਬ ਕੋਲੋਂ ਲੰਘੇ ਤਾਂ ਸਾਈਂ ਬੁੱਢਣ ਸ਼ਾਹ ਨਾਲ ਵਾਰਤਾ ਕੀਤੀ ਤੇ ਉਸ ਕੋਲੋਂ ਦੁੱਧ ਛਕਿਆ ਸੀ। ਇਸ ਮਗਰੋਂ ਹਥੌਤ ਦੇ ਇਲਾਕੇ ਵਿਚ 1624 ਵਿਚ ਗੁਰੂ ਹਰਿਗੋਬਿੰਦ ਸਾਹਿਬ ਆਏ ਅਤੇ ਉਨ੍ਹਾਂ ਦੇ ਵੱਡੇ ਬੇਟੇ ਬਾਬਾ ਗੁਰਦਿੱਤਾ ਨੇ ਕੀਰਤਪੁਰ ਸਾਹਿਬ ਵਸਾਇਆ।

1665 ਵਿਚ ਗੁਰੂ ਤੇਗ ਬਹਾਦਰ ਨੇ ਚੱਕ ਨਾਨਕੀ ਵਸਾਇਆ ਅਤੇ 1689 ਵਿਚ ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਸਾਹਿਬ ਦੀ ਨਗਰੀ ਨੂੰ ਵਸਾਇਆ। ਇੰਝ ਗੁਰੂ ਸਾਹਿਬ ਨੇ ਇਸ ਉਜਾੜ ਬੀਆਬਾਨ ਇਲਾਕੇ ਵਿਚ ਰੌਣਕਾਂ ਲਾ ਦਿਤੀਆਂ। ਅੱਜ ਹਥੌਤ ਦੇ ਇਲਾਕੇ ਵਿਚ ਵੱਖ-ਵੱਖ ਗੁਰਦੁਆਰਿਆਂ ਕਾਰਨ ਸ਼੍ਰੀ ਅਨੰਦਪੁਰ ਸਾਹਿਬ ਦਾ ਨਾਂ ਦੁਨੀਆਂ ਦੇ ਨਕਸ਼ੇ ’ਤੇ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਇਲਾਕੇ ਨੂੰ ਸਿੱਖ ਬੌਧਿਕਤਾ, ਵਿਦਵਤਾ, ਵਿਦਵਾਨਾਂ ਦਾ ਕੇਂਦਰ ਬਣਾਉਣ ਦੇ ਮੰਤਬ ਨਾਲ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਕੇਂਦਰ ਵਿਚ ਰੱਖ ਕੇ ਪੰਜ ਕਿਲ੍ਹਿਆਂ ਅਨੰਦਗੜ੍ਹ, ਲੋਹਗੜ੍ਹ, ਹੋਲਗੜ੍ਹ, ਤਾਰਾਗੜ੍ਹ ਅਤੇ ਫ਼ਤਿਹਗੜ੍ਹ ਦੀ ਉਸਾਰੀ ਕਰਵਾਈ ਗਈ ਸੀ। ਸ਼੍ਰੀ ਕੇਸਗੜ੍ਹ ਸਾਹਿਬ ਦੇ ਅਸਥਾਨ ’ਤੇ ਹੀ 1699 ਵਿਚ ਵਿਸਾਖੀ ਵਾਲੇ ਦਿਨ ਪੰਜ ਪਿਆਰਿਆਂ ਦੀ ਅਗਵਾਈ ਵਿਚ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਗਈ ਸੀ।

1665 ਤੋਂ ਲੈ ਕੇ ਹੁਣ ਤਕ ਅਨੰਦਪੁਰ ਸਾਹਿਬ ਵਿਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਹਨ। ਮੌਜੂਦਾ ਬੱਸ ਅੱਡੇ ਤੋਂ ਕੇਸਗੜ੍ਹ ਸਾਹਿਬ ਵਲ ਜਾਣ ਵਾਲੀ ਢੱਕੀ ਦੇ ਹੇਠਲੇ ਚੌਂਕ ਵਿਚ ਤਿੰਨ ਪਿੰਡਾਂ ਚੱਕ ਨਾਨਕੀ, ਅਨੰਦਪੁਰ ਸਾਹਿਬ ਅਤੇ ਲੋਧੀਪੁਰ ਦੀਆਂ ਹੱਦਾਂ ਮਿਲਦੀਆਂ ਹਨ। ਗੁਰਦੁਆਰਾ ਸੀਸ ਗੰਜ, ਦਮਦਮਾ ਸਾਹਿਬ, ਭੋਰਾ ਸਾਹਿਬ, ਚੱਕ ਨਾਨਕੀ ਦੀਆਂ ਹੱਦਾਂ, ਮਹਿਲ ਅਤੇ ਗੁਰੂ ਸਾਹਿਬ ਦਾ ਨਿਵਾਸ ਸਥਾਨ ਸਨ।

ਮੌਜੂਦਾ ਬੱਸ ਸਟੈਂਡ, ਸਰਕਾਰੀ ਹਸਪਤਾਲ, ਲੜਕੀਆਂ ਦਾ ਸਰਕਾਰੀ ਸਕੂਲ ਚੱਕ ਨਾਨਕੀ ਵਿਚ ਹੈ। ਹੋਲਗੜ੍ਹ ਗੁਰਦੁਆਰੇ ਦੇ ਨੇੜੇ ਚੱਕੀ ਦਾ ਆਰਾ ਚੱਕ ਨਾਨਕੀ ਵਿਚ ਹੈ। ਰੇਲਵੇ ਦਾ ਪੁਲ ਚੱਕ ਨਾਨਕੀ ਵਿਚ ਹੈ। ਕੇਸਗੜ੍ਹ ਸਾਹਿਬ ਦੇ ਹੇਠਾਂ ਵਲ ਦਾ ਸਰੋਵਰ ਤੇ ਮਿਲਕ ਬਾਰ ਪਿੰਡ ਲੋਧੀਪੁਰ ਵਿਚ ਹੈ। ਪੁਲਿਸ ਥਾਣੇ ਦੇ ਨਾਲ ਦਾ ਬਾਗ਼ ਚੱਕ ਨਾਨਕੀ ਦਾ ਹਿੱਸਾ ਹੈ।

ਖ਼ਾਲਸਾ ਹਾਈ ਸਕੂਲ ਸਹੋਟਾ ਵਿਚ ਹੈ। ਨਿਹੰਗ ਸਿੰਘਾਂ ਦੇ ਇੰਤਜ਼ਾਮ ਹੇਠਲਾ ਸ਼ਹੀਦੀ ਬਾਗ਼ ਪਿੰਡ ਲੋਧੀਪੁਰ ਵਿਚ ਹੈ। ਕੇਸਗੜ੍ਹ ਸਾਹਿਬ ਅਤੇ ਨਾਲ ਦੇ ਬਜ਼ਾਰਾਂ ਤੋਂ ਕੇਸਗੜ੍ਹ ਸਾਹਿਬ ਅਤੇ ਅਨੰਦਗੜ੍ਹ ਸਾਹਿਬ ਕਿਲ੍ਹੇ ਤਕ ਦਾ ਸਾਰਾ ਇਲਾਕਾ ਅਨੰਦਪੁਰ ਸਾਹਿਬ ਵਿਚ ਹਨ ਅਤੇ ਚਰਨ ਗੰਗਾ ਦਾ ਪੁਲ ਚੱਕ ਨਾਨਕੀ ਵਿਚ ਹੈ।  ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਪਿੰਡ ਮਟੌਰ ਵਿਚ ਹੈ। ਇਨ੍ਹਾਂ ਸਾਰੇ ਪਿੰਡਾਂ ਦੀਆਂ ਹੱਦਾਂ ਸਿਰਫ਼ ਸਰਕਾਰੀ ਕਾਗ਼ਜ਼ਾਂ ਤੋਂ ਹੀ ਪਤਾ ਲੱਗ ਸਕਦੀਆਂ ਹਨ ਕਿਉਂਕਿ ਅੱਜਕਲ ਇਹ ਸਾਰੇ ਪਿੰਡ ਅਨੰਦਪੁਰ ਸਾਹਿਬ ਦਾ ਹਿੱਸਾ ਹੀ ਹਨ।

ਸਤਲੁਜ ਦਰਿਆ ਜੋ ਕੇਸਗੜ੍ਹ ਦੀ ਪਹਾੜੀ ਦੇ ਨਾਲ ਵਗਦਾ ਸੀ ਤੇ ਹੁਣ ਲਗਭਗ ਪੰਜ ਕਿਲੋਮੀਟਰ ਦੂਰ ਚਲਾ ਗਿਆ ਹੈ। ਹਿਮੈਤੀ ਨਾਲਾ ਜੋ ਅਨੰਦਗੜ੍ਹ ਕਿਲ੍ਹੇ ਦੀ ਹਿਫ਼ਾਜਤ ਕਰਦਾ ਸੀ, ਦਾ ਨਾਮੋ ਨਿਸ਼ਾਨ ਮਿਟ ਗਿਆ ਹੈ। ਕਾਫ਼ੀ ਚੋਅ ਅਤੇ ਨਾਲੇ ਖ਼ਤਮ ਹੋ ਗਏ ਹਨ। ਚਰਨ ਗੰਗਾ ’ਤੇ ਪੁਲ ਬਣ ਗਿਆ ਹੈ ਅਤੇ ਕੇਸਗੜ੍ਹ ਸਾਹਿਬ ਦੇ ਨਾਲ ਦੀ ਤੰਬੂ ਵਾਲੀ ਪਹਾੜੀ ਖੁਰ ਕੇ ਅਲੋਪ ਹੋ ਚੁੱਕੀ ਹੈ।

ਕੇਸਗੜ੍ਹ ਤੇ ਅਨੰਦਗੜ੍ਹ ਵਿਚਲੀ ਪਹਾੜੀ ਨੂੰ ਕੱਟ ਕੇ ਸੜਕ ਬਣਾ ਦਿਤੀ ਗਈ ਹੈ। ਮੌਜੂਦਾ ਅਨੰਦਪੁਰ ਗੁਰੂ ਸਾਹਿਬ ਦੇ ਵੇਲੇ ਦੇ ਅਨੰਦਪੁਰ ਸਾਹਿਬ ਤੋਂ ਬਹੁਤ ਵਖਰਾ ਹੈ। ਅੱਜ ਅਨੰਦਪੁਰ ਸਾਹਿਬ ਇਕ ਸਬ-ਡਵੀਜਨ ਹੈ। ਇਸ ਵਿਚ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਨੂਰਪੁਰ ਬੇਦੀ ਆਦਿ ਕਸਬੇ ਸ਼ਾਮਲ ਹਨ। ਪਹਿਲਾਂ ਨੰਗਲ ਸ਼ਹਿਰ ਦਾ ਇਲਾਕਾ ਵੀ ਇਸ ਵਿਚ ਸ਼ਾਮਲ ਸੀ ਪ੍ਰੰਤੂ ਹੁਣ ਨੰਗਲ ਨੂੰ ਵਖਰੀ ਸਬ ਡਵੀਜ਼ਨ ਬਣਾਇਆ ਗਿਆ ਹੈ। ਮੌਜੂਦਾ ਸਰਕਾਰ ਵਲੋਂ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀਆਂ ਖ਼ਬਰਾਂ ਵੀ ਚਰਚਾ ਵਿਚ ਹਨ।

ਅਨੰਦਪੁਰ ਸਾਹਿਬ ਦੀ ਆਬਾਦੀ ਗੁਰੂ ਸਾਹਿਬ ਵੇਲੇ ਕੁੱਝ ਸੈਂਕੜੇ ਹੀ ਸੀ ਅਤੇ ਕੁੱਝ ਸੈਂਕੜੇ ਸਿੱਖ ਹਰ ਵੇਲੇ ਹੀ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਜੁੜੇ ਰਹਿੰਦੇ ਸਨ। ਮਾਰਚ ਦੇ ਆਖ਼ਰੀ ਦਿਨਾਂ ਵਿਚ ਹਜ਼ਾਰਾਂ ਸੰਗਤਾਂ ਅਨੰਦਪੁਰ ਸਾਹਿਬ ਵਿਚ ਜੁੜਿਆ ਕਰਦੀਆਂ ਸਨ। 

4-5 ਦਸੰਬਰ 1705 ਦੀ ਰਾਤ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਸਾਹਿਬ ਛੱਡਿਆ ਸੀ ਤਾਂ ਉਸ ਵੇਲੇ ਸਿਰਫ਼ ਭਾਈ ਗੁਰਬਖ਼ਸ਼ ਦਾਸ ਹੀ ਇੱਥੇ ਰਹਿ ਗਏ ਸਨ। ਕੁੱਝ ਸਾਲਾਂ ਬਾਅਦ ਸੋਢੀ ਗੁਲਾਬ ਸਿੰਘ ਤੇ ਸ਼ਾਮ ਸਿੰਘ ਦੇ ਪ੍ਰਵਾਰ ਇਥੇ ਵਸਣ ਲੱਗ ਪਏ ਸਨ ਅਤੇ ਅਨੰਦਪੁਰ ਸਾਹਿਬ ਫਿਰ ਵਸਣਾ ਸ਼ੁਰੂ ਹੋ ਗਿਆ ਸੀ।

ਅਕਾਲੀ ਫੂਲਾ ਸਿੰਘ ਵੇਲੇ ਸੋਢੀਆਂ ਦਾ ਆਗੂ ਸੁਰਜਨ ਸਿੰਘ ਅਤੇ ਉਸ ਦਾ ਪ੍ਰਵਾਰ ਵੀ ਇੱਥੇ ਰਿਹਾ ਕਰਦੇ ਸਨ। ਉਦੋਂ ਅਨੰਦਪੁਰ ਸਾਹਿਬ ਦੀ ਆਬਾਦੀ ਦੋ ਤਿੰਨ ਹਜ਼ਾਰ ਦੇ ਨੇੜੇ ਤੇੜੇ ਸੀ। ਇਸ ਮਗਰੋਂ ਆਬਾਦੀ ਵਧਣੀ ਸ਼ੁਰੂ ਹੋ ਗਈ। ਸੰਨ 1868 ਦੀ ਮਰਦਮ ਸ਼ੁਮਾਰੀ ਵੇਲੇ ਇਥੋਂ ਦੀ ਆਬਾਦੀ 6869 ਸੀ। ਵੀਹਵੀਂ ਸਦੀ ਦੇ ਸ਼ੁਰੂ ਤਕ ਇੱਥੇ ਘਾਤਕ ਬੀਮਾਰੀ ਫੈਲਣ ਨਾਲ ਕਾਫ਼ੀ ਲੋਕ ਇੱਥੋਂ ਜਾਣੇ ਸ਼ੁਰੂ ਹੋ ਗਏ ਸਨ।

ਆਜ਼ਾਦੀ ਵੇਲੇ 1947 ਤੋਂ ਬਾਅਦ ਇੱਥੇ ਕੁੱਝ ਸਿੱਖ ਪ੍ਰਵਾਰ ਪਾਕਿਸਤਾਨ ਤੋਂ ਆ ਕੇ ਵਸਣੇੇ ਸ਼ੁਰੂ ਹੋ ਹੋਏ ਅਤੇ ਫਿਰ ਭਾਖੜਾ-ਨੰਗਲ, ਗੰਗੂਵਾਲ ਪਾਵਰ ਪ੍ਰਾਜੈਕਟ ਲੱਗਣ ਨਾਲ ਕਾਫ਼ੀ ਲੋਕ ਇੱਥੇ ਆ ਕੇ ਵੱਸ ਗਏ ਅਤੇ ਫਿਰ ਇਸ ਦੀ ਆਬਾਦੀ ਵਧਦੀ ਗਈ। ਸਾਲ 1998 ’ਚ ਅਨੰਦਪੁਰ ਸਾਹਿਬ ਦੀ ਮਿਉਂਸੀਪਲ ਕੌਂਸਲ ਏਰੀਏ ਦੀ ਆਬਾਦੀ ਤਕਰੀਬਨ 13000 ਸੀ ਅਤੇ 2011 ਦੀ ਜਨਗਣਨਾ ਅਨੁਸਾਰ 16282 ਤਕ ਪਹੁੰਚ ਗਈ ਸੀ ਅਤੇ ਮੌਜੂਦਾ ਸਮੇਂ ਇਸ ਵਿਚ ਹੋਰ ਵਾਧਾ ਹੋਇਆ ਹੈ।

ਇਸ ਇਲਾਕੇ ਵਿਚ ਕਈ ਪ੍ਰਮੁੱਖ ਗੁਰਦੁਆਰੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ, ਸੀਸਗੰਜ, ਭੌਰਾ ਸਾਹਿਬ, ਥੜ੍ਹਾ ਸਾਹਿਬ, ਅਕਾਲ ਬੁੰਗਾ ਸਾਹਿਬ, ਦਮਦਮਾ ਸਾਹਿਬ, ਮੰਜੀ ਸਾਹਿਬ, ਸ਼ਹੀਦੀ ਬਾਗ਼, ਮਾਤਾ ਜੀਤ ਕੌਰ, ਗੁਰੂ ਕਾ ਮਹਿਲ ਆਦਿ ਸਥਾਪਤ ਹਨ। ਗੁਰੂ ਗੋਬਿੰਦ ਸਿੰਘ ਵਲੋਂ ਸ਼ੁਰੂ ਕੀਤੀ ਗਈ ਹੋਲਾ ਮੁਹੱਲਾ ਕੱਢਣ ਦੀ ਰੀਤ ਹੁਣ ਵੀ ਜਾਰੀ ਹੈ।

ਸ਼੍ਰੀ ਅਨੰਦਪੁਰ ਸਾਹਿਬ ਤੋਂ ਇਲਾਵਾ ਹਜ਼ੂਰ ਸਾਹਿਬ ਨਾਂਦੇੜ ਅਤੇ ਪਾਉਂਟਾ ਸਾਹਿਬ ਵਿਚ ਵੀ ਇਹ ਮੇਲਾ ਖ਼ਾਲਸਾ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਂਦਾ ਹੈ। ਮੌਜੂਦਾ ਸਮੇਂ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਝੂਲਦੇ ਖ਼ਾਲਸਾਈ ਨਿਸ਼ਾਨ ਸਾਹਿਬ ਗੁਰੂ ਸਾਹਿਬ ਦੀ ਰਿਆਸਤ ਦੀ ਸ਼ਾਨ ਵਧਾਉਂਦੇ ਹਨ ਪਰ ਬਿਲਾਸਪੁਰ ਰਿਆਸਤ ਦੇ ਜਿਸ ਰਾਜੇ ਨੇ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਛੱਡਣ ਤੇ ਮਜਬੂਰ ਕੀਤਾ ਸੀ ਦੀ ਸੈਂਕੜੇ ਸਾਲ ਪੁਰਾਣੀ ਰਾਜਧਾਨੀ ਬਿਲਾਸਪੁਰ ਦੇ ਕਈ ਮਹਿਲ ਖ਼ਤਮ ਹੋ ਗਏ ਹਨ ਅਤੇ ਸਤਲੁਜ ਦਰਿਆ ’ਤੇ ਬਣੇ ਭਾਖੜਾ ਬੰਨ੍ਹ ’ਤੇ ਗੁਰੂ ਗੋਬਿੰਦ ਸਿੰਘ ਦੇ ਨਾਮ ’ਤੇ ਬਣੇ ਗੋਬਿੰਦ ਸਾਗਰ ਵਿਚ ਸਮਾ ਚੁੱਕੇ ਹਨ।

ਸਰਕਾਰ ਵਲੋਂ ਖ਼ਾਲਸਾ ਸਾਜਨਾ ਦਿਵਸ ਦੇ ਤਿੰਨ ਸੌ ਸਾਲਾ ਜ਼ਸ਼ਨਾਂ ਮੌਕੇ ਸਾਲ 1999 ਵਿਚ ਅਨੰਦਪੁਰ ਸਾਹਿਬ ਵਿਚ ਕਈ ਨਵੀਆਂ ਇਮਾਰਤਾਂ ਦੀ ਉਸਾਰੀ ਕਰਵਾਈ ਗਈ ਹੈ ਜਿਸ ਨਾਲ ਸ਼ਹਿਰ ਵਿਚ ਨਵੀਂ ਦਿੱਖ ਬਣ ਗਈ ਹੈ ਅਤੇ ਨਾਲ ਹੀ ਸ਼ਹਿਰ ਦੀ ਪੁਰਾਣੀ ਦਿੱਖ ਵੀ ਹੋਰ ਸੁੰਦਰ ਹੋ ਗਈ ਹੈ। ਇਸ ਇਲਾਕੇ ਵਿਚ ਇਮਾਰਤਾਂ ’ਤੇ ਸਫ਼ੇਦ ਰੰਗ ਹੋਣ ਕਾਰਨ ਇਸ ਨੂੰ ਸਫ਼ੇਦ ਸ਼ਹਿਰ ਬਣਾਇਆ ਗਿਆ ਹੈ।

ਸਰਕਾਰ ਵਲੋਂ ਇਥੇ ਵਿਰਾਸਤ-ਏ-ਖ਼ਾਲਸਾ ਦਾ ਨਿਰਮਾਣ ਕਰਵਾਇਆ ਗਿਆ ਹੈ ਜਿਥੇ ਹਰ ਸਾਲ ਲੱਖਾਂ ਸੈਲਾਨੀ ਸ੍ਰੀ ਅਨੰਦਪੁਰ ਸਾਹਿਬ ਦੇ ਇਸ ਵਿਸ਼ਵ ਪ੍ਰਸਿੱਧ ਅਜੂਬੇ ਦੇ ਦਰਸ਼ਨ ਕਰਦੇ ਹਨ ਅਤੇ ਗੌਰਵਮਈ ਸਿੱਖ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰਦੇ ਹਨ। ਇੱਥੇ ਕਈ ਸਰਕਾਰੀ ਅਤੇ ਪ੍ਰਾਈਵੇਟ ਗੈਸਟ ਹਾਊਸ ਅਤੇ ਹੋਟਲ ਬਣਾਏ ਗਏ ਹਨ।

ਸਰਕਾਰ ਵਲੋਂ ਇੱਥੇ ਬਣਾਈ ਗਈ ਕਿਸਾਨ ਹਵੇਲੀ ਵਿਚ ਵਿਸ਼ਾਲ ਕਮਰੇ ਸ਼ਿਵਾਲਿਕ ਪਹਾੜੀਆਂ ਨਾਲ ਘਿਰੇ ਸ਼ਹਿਰ ਦੇ ਸ਼ਾਨਦਾਰ ਦ੍ਰਿਸ਼ ਪੇਸ਼ ਕਰਦੇ ਹਨ। ਚੰਡੀਗੜ੍ਹ ਮੁੱਖ ਮਾਰਗ ’ਤੇ ਪੰਜ ਪਿਆਰੇ ਪਾਰਕ ਬਣਾਇਆ ਗਿਆ ਹੈ ਜਿਸ ਵਿਚ ਲਗਭਗ 81 ਫੁੱਟ ਉੱਚਾ ਖੰਡਾ ਸਥਿਤ ਹੈ। ਇਹ ਦੁਨੀਆਂ ਦਾ ਸਭ ਤੋਂ ਉੱਚਾ ਅਤੇ ਸਭ ਤੋਂ ਵੱਡਾ ਹੈ। ਭਾਰਤ ਸਰਕਾਰ ਵਲੋਂ ਇੱਥੇ ਬਣੇ ਰੇਲਵੇ ਸਟੇਸ਼ਨ ਨੂੰ ਨਵੀਂ ਦਿੱਖ ਦਿਤੀ ਜਾ ਰਹੀ ਹੈ।

ਹਰ ਸਾਲ ਵਾਂਗ ਇਸ ਵਾਰ ਵੀ ਸਰਕਾਰ ਅਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਤਿਉਹਾਰ ਦੀ ਮਹੱਤਤਾ ਅਤੇ ਲੋਕਾਂ ਦੀ ਆਮਦ ਨੂੰ ਵੇਖਦੇ ਹੋਏ ਪੁੱਖਤਾ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਵੱਖ ਵੱਖ ਸਮਾਜਕ, ਧਾਰਮਕ, ਰਾਜਨੀਤਕ ਸੰਸਥਾਵਾਂ ਵਲੋਂ ਵੀ ਇਸ ਤਿਉਹਾਰ ਸਬੰਧੀ ਪ੍ਰਬੰਧ ਅਤੇ ਤਿਆਰੀਆਂ ਕੀਤੀਆਂ ਗਈਆਂ ਹਨ।