ਪੰਜਾਬੀ ਤਵਿਆਂ ਵਿਚ ਵਿਸਾਖੀ ਦੇ ਗੀਤ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸ ਤਿਉਹਾਰ ਨਾਲ ਸਮੇਂ ਸਮੇਂ 'ਤੇ ਅਨੇਕਾਂ ਪੰਜਾਬੀ ਗਾਇਕਾਂ ਨੇ ਅਪਣੀਆਂ ਆਵਾਜ਼ਾਂ ਤੇ ਤਵੇ ਰੀਕਾਰਡ ਕਰਵਾਏ ਹਨ

visakhi

ਵਿਸਾਖੀ ਦਾ ਤਿਉਹਾਰ ਹਰ ਸਾਲ ਇਕ ਨਵਾਂ ਉਤਸ਼ਾਹ ਤੇ ਉਮੰਗ ਲੈ ਕੇ ਆਉੁਂਦਾ ਹੈ। ਲੋਕਾਂ ਵਿਚ ਇਕ ਨਵੀਂ ਚੇਤਨਾ ਪੈਦਾ ਹੁੰਦੀ ਹੈ। ਸਾਡੇ ਦੇਸ਼ ਵਿਚ ਹਰ ਸਾਲ ਅਨੇਕਾਂ ਮੇਲੇ ਲਗਦੇ ਹਨ। ਮੇਲੇ ਸਭਿਆਚਾਰ ਦਾ ਅੰਗ ਹਨ। ਇਨ੍ਹਾਂ ਦੁਆਰਾ ਸਾਡੇ ਸਰਬ ਪੱਖੀ ਵਿਕਾਸ ਨੂੰ ਪ੍ਰੇਰਨਾ ਮਿਲਦੀ ਹੈ। ਮੇਲੇ ਸਹਿਯੋਗ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਨੂੰ ਵਧਾਉਂਦੇ ਹਨ। ਸਾਡੇ ਦੇਸ਼ ਦੇ ਮੇਲੇ ਧਾਰਮਕ, ਦੇਸ਼ ਭਗਤੀ ਅਤੇ ਰੁੱਤਾਂ ਨਾਲ ਸਬੰਧਤ ਹਨ। ਇਸ ਸਮੇਂ ਬਸੰਤ ਰੁੱਤ ਖ਼ਤਮ ਹੁੰਦੀ ਹੈ। ਵਿਸਾਖੀ ਦਾ ਮੇਲਾ ਧਾਰਮਕ, ਦੇਸ਼ ਭਗਤੀ ਤੇ ਰੁੱਤ ਬਦਲੀ ਨਾਲ ਜੁੜਿਆ ਮੇਲਾ ਹੈ। ਇਸ ਤਿਉਹਾਰ ਨਾਲ ਸਮੇਂ ਸਮੇਂ 'ਤੇ ਅਨੇਕਾਂ ਪੰਜਾਬੀ ਗਾਇਕਾਂ ਨੇ ਅਪਣੀਆਂ ਆਵਾਜ਼ਾਂ ਤੇ ਤਵੇ ਰੀਕਾਰਡ ਕਰਵਾਏ ਹਨ, ਜਿਨ੍ਹਾਂ ਦਾ ਜ਼ਿਕਰ ਪਾਠਕਾਂ, ਸੰਗੀਤ ਪ੍ਰੇਮੀਆਂ ਅਤੇ ਖੋਜ ਕਰਦੇ ਵਿਦਿਆਰਥੀਆਂ ਲਈ ਵੀ ਗਿਆਨ ਭਰਪੂਰ ਹੋਵੇਗਾ। ਇਸੇ ਦਿਨ 13 ਅਪ੍ਰੈਲ, 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਸ ਸਾਜਨਾ ਦਿਵਸ ਦੇ ਇਤਿਹਾਸ ਤੇ ਗਾਏ ਮੁਖੜੇ ਇਸ ਪ੍ਰਕਾਰ ਹਨ :
1. ਅਨੰਦਪੁਰ ਲਾਇਆ ਸੰਗਤੇ, ਗੁਰ ਕਲਗ਼ੀਆਂ ਵਾਲਾ ਹੋਕਾ,
(ਢਾਡੀ ਵਾਰ ਅਮਰ ਸਿੰਘ ਸ਼ੌਂਕੀ 1955)
2.  ਮੈਂ ਪੰਥ ਖ਼ਾਲਸਾ ਸਾਜਣਾ, ਦਰਬਾਰ ਦੇ ਵਿਚੋਂ
(ਰਾਜਿੰਦਰ ਸਿੰਘ ਰਾਜ ਐਂਡ ਪਾਰਟੀ 1976)
13 ਅਪ੍ਰੈਲ, 1919 ਵਿਸਾਖੀ ਵਾਲੇ ਦਿਨ ਜਲ੍ਹਿਆਂ ਵਾਲਾ ਬਾਗ ਅੰਮ੍ਰਿਤਸਰ ਵਿਚ ਜਨਰਲ ਡਾਇਰ ਨੇ ਨਿਰਦੋਸ਼ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਸੁਟਿਆ ਸੀ। ਸਾਡੇ ਆਜ਼ਾਦੀ ਦੇ ਸੰਗਰਾਮ ਦੇ ਇਤਿਹਾਸ ਵਿਚ ਇਹ ਮਹੱਤਵਪੂਰਨ ਦਿਹਾੜਾ ਮਿਥਿਆ ਗਿਆ ਹੈ। ਇਸ ਘਟਨਾ ਨਾਲ ਸਬੰਧਤ ਕੌਮੀ ਗੀਤ 1979 ਵਿਚ ਗਾਇਕ ਲਖਵੀਰ ਲੱਖੀ ਨੇ ਹਰਬੰਸ ਲਿਤਰਾਂ ਵਾਲੇ ਦਾ ਲਿਖਿਆ ਗੀਤ ਗਾਇਆ ਜਿਸ ਦੇ ਬੋਲ ਹਨ:
ਜਲਿਆਂ ਵਾਲੇ ਬਾਗ਼ ਦਾ ਜਦ ਕੋਈ ਨਾਮ ਲੈਂਦਾ ਹੈ।
ਸਹੁੰ ਰੱਬ ਦੀ ਮੈਨੂੰ ਊਧਮ ਸਿੰਘ ਦਾ ਝਾਉਲਾ ਪੈਂਦਾ ਹੈ।
ਨੈਣਾਂ ਦੇ ਮਾਲਕ ਕੌਮ ਦੇ ਰਾਖੇ, ਵੀਰ ਸ਼ਹੀਦਾਂ ਦੀ,
ਨੈਣਾਂ ਮੂਹਰੇ ਆ ਜਾਂਦੀ ਤਸਵੀਰ ਸ਼ਹੀਦਾਂ ਦੀ,
ਜਦ ਕੋਈ ਸ਼ੇਰ ਜਵਾਨ ਮੁਲਕ ਲਈ ਦੁਖੜੇ ਸਹਿੰਦਾ ਏ।
ਸਹੁੰ ਰੱਬ ਦੀ ਮੈਨੂੰ ਊਧਮ ਸਿੰਘ ਦਾ ਝਾਉਲਾ ਪੈਂਦਾ ਏ।
ਇਸ ਮੌਕੇ ਕਣਕ ਦੀ ਫ਼ਸਲ ਪੱਕ ਜਾਂਦੀ ਹੈ। ਉਸ ਨੂੰ ਵੇਖ ਕੇ ਕਿਸਾਨ ਖ਼ੁਸ਼ੀ ਨਾਲ ਨੱਚ ਉਠਦੇ ਹਨ। ਪੱਕੀਆਂ ਫ਼ਸਲਾਂ ਦੀ ਵਾਢੀ ਲਈ ਅਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬੀ ਗਭਰੂ ਭੰਗੜੇ ਪਾਉੁਂਦੇ, ਗੀਤ ਗਾਉੁਂਦੇ, ਕਤਾਰਾਂ ਬੰਨ੍ਹ ਕੇ ਮੇਲੇ ਨੂੰ ਜਾਂਦੇ ਹਨ। ਇਸ ਰੁੱਤ ਅਤੇ ਤਿਉਹਾਰ ਤੇ ਸਾਡੇ ਉਘੇ ਗਾਇਕਾਂ ਨੇ ਵਿਸਾਖੀ ਦੇ ਮੇਲੇ ਨਾਲ ਸਬੰਧਤ ਜੋ ਵੱਖ ਵੱਖ ਦਹਾਕਿਆਂ ਵਿਚ ਗੀਤ ਰਿਲੀਜ਼ ਕਰਵਾਏ, ਉੁਨ੍ਹਾਂ ਦਾ ਜ਼ਿਕਰ ਹੇਠ ਲਿਖੇ ਅਨੁਸਾਰ ਹੈ। 1955 ਤੋਂ ਬਾਅਦ ਪੰਜਾਬੀ ਦੀ ਪ੍ਰਸਿੱਧ ਉਘੀ ਔਰਤ ਗਾਇਕਾ ਰਿਪੂਦਮਨ ਸ਼ੈਲੀ ਦਾ ਗਾਇਆ ਗੀਤ ਜਿਸ ਦੇ ਬੋਲ ਸਨ : 
ਮੇਲਾ ਜੀ ਵਿਸਾਖੀ ਦਾ ਇਕ ਪੈਸਾ ਲੈ ਜਾਈਉ ਜੀ,
ਕਾਕੇ ਦਾ ਛਣਕਣਾ, ਮੇਰੀਆਂ ਚੂੜੀਆਂ
ਰੱਖ ਕੇ ਡੱਬੇ ਵਿਚ ਆਪ ਗੱਡੀ ਚੜ੍ਹ ਆਈਉ ਜੀ,
ਧੇਲਾ ਮੋੜ ਲਿਆਈਉ ਜੀ, ਇਕ ਪੈਸਾ...
ਇਸ ਤਿਉਹਾਰ ਨਾਲ ਸਬੰਧਤ ਪੰਜਾਬੀ ਦੇ ਮਸ਼ਹੂਰ ਗੀਤਕਾਰ ਸਾਜਨ ਰਾਏਕੋਟੀ ਅਤੇ ਸ਼ਾਂਤੀ ਦੇਵੀ ਨੇ ਇਕ ਦੋਗਾਣਾ ਵੀ ਰਿਲੀਜ਼ ਕਰਵਾਇਆ ਸੀ, ਜਿਸ ਦੇ ਬੋਲ ਸਨ, 
ਆ ਗਈ ਵਿਸਾਖੀ ਚੱਲ ਮੇਲਾ ਵੀ ਵਿਖਾ ਦਿਆਂ, 
ਤੈਨੂੰ ਦਿਨੇ ਮੈਂ ਵਿਖਾ ਦਿਊਂ ਤਾਰੇ,
ਕੀ ਗੁਣ ਜਾਣੇਗਾ ਗੱਲਾਂ ਹੋਣ ਵੇ ਦਰਾਂ ਵਿਚ ਸਾਰੇ।
ਵਿਸਾਖੀ ਦੇ ਪਵਿੱਤਰ ਤਿਉਹਾਰ 'ਤੇ ਪੰਜਾਬੀ ਦੇ ਮਰਹੂਮ ਗਾਇਕ ਆਸਾ ਸਿੰਘ ਮਸਤਾਨਾ ਨੇ ਅਪਣੀ ਆਵਾਜ਼ ਵਿਚ ਇਹ ਗਾਣਾ ਰੀਕਾਰਡ ਕਰਵਾਇਆ: 
ਤੇਰੀ ਖੇਤੀ ਖਿੜੀ ਬਹਾਰ ਕੁੜੇ 
ਮੇਲੇ ਨੂੰ ਚੱਲ ਮੇਰੇ ਨਾਲ ਕੁੜੇ
ਓ........ਹੋ।
ਵਿਸਾਖੀ ਦੇ ਇਸ ਮੇਲੇ ਦਾ ਹਾਲ ਸਾਡੀਆਂ ਪੰਜਾਬੀ  ਫ਼ਿਲਮਾਂ 'ਦੋ ਲੱਛੀਆਂ' ਅਤੇ 'ਭੰਗੜਾ' ਵਿਚ ਵੇਖਣ ਨੂੰ ਮਿਲਦਾ ਹੈ। ਇਨ੍ਹਾਂ ਫ਼ਿਲਮਾਂ ਵਿਚ ਗਾਏ ਹੋਏ ਉਘੀ ਗਾਇਕਾ ਸ਼ਮਸ਼ਾਦ ਬੇਗ਼ਮ ਦੇ ਗੀਤਾਂ ਦੇ ਬੋਲ ਹਨ :
ਹੁਣ ਵਾਢੀਆਂ ਦੇ ਵੱਜ ਗਏ ਨੇ ਢੋਲ
ਵੇ ਚੰਨਾ ਵੱਸ ਅੱਖੀਆਂ ਦੇ ਕੋਲ।
...............
ਅੰਬੀਆਂ ਦੇ ਬੂਟਿਆਂ ਨੂੰ ਲੱਗ ਗਿਆ ਬੂਰ ਨੀ,
ਰੁੱਤ ਹੈ ਮਿਲਾਪਾਂ ਵਾਲੀ ਚੰਨ ਮੇਰਾ ਦੂਰ ਨੀ।
ਤੂੰਬੀ ਦੇ ਬਾਦਸ਼ਾਹ ਲਾਲ ਚੰਦ ਯਮਲਾ ਜੱਟ ਨੇ ਇਹ ਗੀਤ ਗਾਇਆ :
ਕਣਕਾ ਜੰਮੀਆਂ ਗਿੱਠ ਗਿੱਠ ਲੰਮੀਆਂ
ਆਜਾ ਢੋਲ ਸਿਪਾਹੀਆ ਵੇ।
ਵਿਸਾਖੀ ਦੇ ਮੇਲੇ ਬਾਰੇ ਮਰਹੂਮ ਗੀਤਕਾਰ ਇੰਦਰਜੀਤ ਹਸਨਪੁਰੀ ਦੀ ਕਲਮ ਦਾ ਲਿਖਿਆ ਹੋਇਆ ਦੋਗਾਣਾ ਮਸ਼ਹੂਰ ਗਾਇਕ ਚਾਂਦੀ ਰਾਮ ਤੇ ਸ਼ਾਂਤੀ ਦੇਵੀ ਦੀ ਆਵਾਜ਼ ਵਿਚ ਰੀਕਾਰਡ ਹੋਇਆ ਜਿਸ ਦੇ ਬੋਲ ਸਨ :
ਬਾਰ੍ਹੀਂ ਬਰਸੀ ਖਟਣ ਗਿਆ ਸੀ, ਖੱਟ ਕੇ ਲਿਆਂਦਾ ਟੱਲ, 
ਬੇਬੇ ਨੂੰ ਭੌਂਕਣ ਦੇ, ਮੇਲਾ ਵੇਖਣ ਚੱਲ।
ਮਰਹੂਮ ਪੰਜਾਬੀ ਗਾਇਕ ਸਿਰੀ ਰਾਮ ਦਰਦ ਨੇ ਗੀਤਕਾਰ ਪਰਦੁਮਣ ਸਿੰਘ ਦਮਨ ਦਾ ਲਿਖਿਆ ਗੀਤ ਗਾਇਆ ਜਿਸ ਦੇ ਬੋਲ ਸਨ : ''ਮੇਲੇ ਅੱਜ ਚੱਲੀਆਂ, ਸ਼ੌਕੀਨ ਜੱਟੀਆਂ, ਰੰਗੀਨ ਜੱਟੀਆਂ।'' 
1976 ਵਿਚ ਆਈ ਫ਼ਿਲਮ 'ਈਮਾਨ ਧਰਮ' ਵਿਚ ਅਨੰਦ ਬਖ਼ਸ਼ੀ ਦਾ ਲਿਖਿਆ ਗੀਤ ਬਹੁਤ ਮਸ਼ਹੂਰ ਹੋਇਆ, ਜਿਸ ਨੂੰ ਉਸ ਵੇਲੇ ਦੇ ਦੋ ਮੰਨੇ ਪ੍ਰਮੰਨੇ ਗਾਇਕਾਂ ਮੁਹੰਮਦ ਰਫ਼ੀ ਤੇ ਮੁਕੇਸ਼ ਨੇ ਗਾਇਆ ਤੇ ਇਹ ਪੰਜ ਮਿੰਟ ਦਾ ਗੀਤ ਸੀ, ਜਿਸ ਦੇ ਬੋਲ ਸਨ, ''ਓਏ ਜੱਟਾ ਆਈ ਵਿਸਾਖੀ।'' ਵਿਸਾਖੀ ਦੇ ਮੇਲੇ 'ਤੇ ਐਚ.ਐਮ.ਵੀ. ਕੰਪਨੀ ਵਲੋਂ ਇਕ ਵਿਸ਼ੇਸ਼ ਐਲ.ਪੀ. ਤਵਾ ਜਿਸ ਦਾ ਸਿਰਲੇਖ ਵਿਸਾਖੀ ਮੇਲਾ ਨਰਿੰਦਰ ਬੀਬਾ ਐਂਡ ਪਾਰਟੀ ਨੇ ਰਿਲੀਜ਼ ਕਰਵਾਇਆ ਸੀ, ਜੋ ਖ਼ੂਬ ਚਲਿਆ ਤੇ ਹਰ ਬਨੇਰੇ ਤੇ ਵਿਖਾਈ ਦਿਤਾ। ਇਸ ਤੋਂ ਇਲਾਵਾ ਹੋਰ ਵੀ ਪੰਜਾਬੀ ਗਾਇਕਾਂ ਨੇ ਗੀਤ ਗਾਏ।
ਭਾਵੇਂ ਅਜਿਹੇ ਤਿਉਹਾਰ ਸਾਡੇ ਇਤਿਹਾਸ ਸਭਿਆਚਾਰ, ਸਮਾਜਕ ਕਦਰਾਂ ਕੀਮਤਾਂ ਨਾਲ ਸਬੰਧਤ ਹਨ ਤੇ ਇਨ੍ਹਾਂ ਨੂੰ ਮਨਾਉਣਾ ਜਿਥੇ ਸਾਡਾ ਫ਼ਰਜ਼ ਹੈ, ਉਥੇ ਸਾਡੇ ਰੀਤੀ ਰਿਵਾਜ ਵੀ ਹਨ। ਪਰ ਅੱਜ ਕਲ ਇਹ ਤਿਉਹਾਰ ਸਿਆਸਤਦਾਨਾਂ ਦੀ ਭੇਟ ਚੜ੍ਹ ਕੇ ਮੇਲੇ ਬਣ ਕੇ ਰਹਿ ਗਏ ਹਨ ਤੇ ਨਗਰ ਕੀਰਤਨ ਜਲੂਸਾਂ ਦਾ ਰੂਪ ਲੈ ਰਹੇ ਹਨ। ਇਨ੍ਹਾਂ ਮੇਲਿਆਂ ਵਿਚ ਸਾਡੇ ਰਾਜਨੀਤਕ ਨੇਤਾ, ਜਿਨ੍ਹਾਂ ਸ਼ਹੀਦਾਂ ਨੇ ਸਾਨੂੰ ਆਜ਼ਾਦੀ ਦਿਵਾਈ, ਉਨ੍ਹਾਂ ਦਾ ਨਾਜਾਇਜ਼ ਫ਼ਾਇਦਾ ਲੈ ਕੇ ਅਪਣਾ ਉਲੂ ਸਿੱਧਾ ਕਰਨ ਵਿਚ ਲੱਗੇ ਹੋਏ ਹਨ। ਜੋ ਲੋਕ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਜਾਂਦੇ ਹਨ, ਉਹ ਮੁੜ ਕੇ ਮੇਲਿਆਂ ਵਿਚ ਨਾ ਜਾਣ ਦਾ ਵਿਚਾਰ ਮਨ ਵਿਚ ਵਸਾ ਲੈਂਦੇ ਹਨ। ਅਜਿਹੇ ਧਾਰਮਕ ਤਿਉਹਾਰਾਂ ਨੂੰ ਸਾਨੂੰ ਮੇਲਿਆਂ ਵਾਂਗ ਨਹੀਂ ਮਨਾਉਣਾ ਚਾਹੀਦਾ। ਯਾਦ ਕਰੋ ਉਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਜਿਨ੍ਹਾਂ ਨੇ ਅਪਣੀ ਜਾਨ ਦੇ ਕੇ ਅੱਜ ਸਾਨੂੰ ਅਪਣੇ ਫ਼ੈਸਲੇ ਖ਼ੁਦ ਲੈਣ ਜੋਗੇ ਬਣਾਇਆ ਹੈ। ਯਾਦ ਕਰੋ ਉਹ ਦਿਨ : 
ਜਲ੍ਹਿਆਂ ਵਾਲੇ ਬਾਗ਼ ਦਾ ਸਾਕਾ ਸੁਣ ਕੇ ਦਿਲ ਘਬਰਾਏ ਨੇ 
ਉਡ ਗਏ ਗੋਲੀਆਂ ਨਾਲ ਬੇਦੋਸ਼ੇ ਕਈ ਮਾਵਾਂ ਦੇ ਜਾਏ ਨੇ।
ਗੁਰਮੁਖ ਸਿੰਘ ਲਾਲੀ ਸੰਪਕਰ : 98720-29407