ਸੰਘਰਸ਼ ਦਾ ਪ੍ਰਤੀਕ ਡਾ.ਬੀ.ਆਰ.ਅੰਬੇਦਕਰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਦੱਬੇ ਕੁਚਲੇ ਵਰਗ ਦਾ ਉਹ ਪਹਿਲਾ ਵਿਅਕਤੀ ਸੀ ਜਿਸ ਨੇ ਉੱਚ ਕੋਟੀ ਦੀ ਸਿਖਿਆ ਪ੍ਰਾਪਤ ਕਰ ਕੇ ਅਪਣੀ ਵਿਦਵਤਾ ਦੇ ਝੰਡੇ ਗੱਡੇ ਸਨ ਤੇ ਇਤਿਹਾਸ ਸਿਰਜਿਆ ਸੀ।

Dr. BR Ambedkar

ਸਾਡੇ ਦੇਸ਼ ਅੰਦਰ ਸਦੀਆਂ ਤੋਂ ਜਾਤੀ ਭੇਦਭਾਵ ਕਾਰਨ ਛੂਆ ਛੂਤ, ਗ਼ੁਲਾਮੀ ਤੇ ਗ਼ੁਰਬਤ ਦਾ ਸੰਤਾਪ ਭੋਗ ਰਹੇ ਸ਼ੂਦਰ ਵਰਣ ਦੇ ਲੋਕਾਂ ਨੇ ਸ਼ਾਇਦ ਕਦੇ ਇਹ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ ਉਨ੍ਹਾਂ ਦੇ ਅੰਧਕਾਰ ਨੂੰ ਦੂਰ ਕਰਨ, ਉਨ੍ਹਾਂ ਨੂੰ ਗ਼ੁਲਾਮੀ ਤੇ ਗ਼ੁਰਬਤ ਦੀ ਦਲਦਲ ਵਿਚੋਂ ਬਾਹਰ ਕੱਢਣ, ਉਨ੍ਹਾਂ ਦੇ ਜੀਵਨ ਨੂੰ ਕੋਈ ਨਵੀਂ ਦਿਸ਼ਾ ਦੇਣ  ਵਾਲਾ ਬਾਬਾ ਸਾਹਬ ਡਾਕਟਰ ਬੀ.ਆਰ ਅੰਬੇਦਕਰ ਵਰਗਾ ਕੋਈ ਮਹਾਂ ਪੁਰਸ਼ ਵੀ ਇਸ ਦੇਸ਼ ਅੰਦਰ ਕਦੇ ਜਨਮ ਲਵੇਗਾ।ਤਬਦੀਲੀ ਕੁਦਰਤ ਦਾ ਨਿਯਮ ਹੈ।

ਇਸ ਤੱਥ ਵਿਚ ਸਾਡਾ ਸੱਭ ਦਾ ਪੱਕਾ ਵਿਸ਼ਵਾਸ ਹੈ ਅਰਥਾਤ ਕੁੱਝ ਵੀ ਚੰਗਾ ਮਾੜਾ ਸਥਿਰ ਨਹੀਂ ਹੁੰਦਾ। ਕਦੇ ਨਾ ਕਦੇ ਇਸ ਨੇ ਬਦਲਣਾ ਜ਼ਰੂਰ ਹੁੰਦਾ ਹੈ। ਇਸ ਲਈ ਇਹ ਕਿਵੇਂ ਹੋ ਸਕਦਾ ਸੀ ਕਿ ਭਾਰਤੀ ਸਮਾਜ ਜਾਤੀਵਾਦ ਵਰਗੇ ਗ਼ੈਰ ਮਨੁੱਖੀ ਵਰਤਾਰੇ ਨੂੰ ਗੰਭੀਰ ਚੁਨੌਤੀ ਦੇਣ ਵਾਲਾ ਕੋਈ ਵੀ ਮਹਾਨ ਸ਼ਖ਼ਸ ਕਦੇ ਸਾਡੇ ਦੇਸ਼ ਅੰਦਰ ਪੈਦਾ ਹੀ ਨਾ ਹੁੰਦਾ। ਡਾਕਟਰ ਬੀ.ਆਰ. ਅੰਬੇਦਕਰ ਤੋਂ ਪਹਿਲਾਂ ਕਈ ਗੁਰੂਆਂ ਪੀਰਾਂ ਤੇ ਸਮਾਜ ਸੁਧਾਰਕਾਂ ਨੇ ਇਥੇ ਜਨਮ ਵੀ ਲਿਆ ਸੀ ਅਤੇ ਉਨ੍ਹਾਂ ਨੇ ਇਸ ਨਿਮਨ ਵਰਗ ਦੇ ਲੋਕਾਂ ਦੀ ਵੇਦਨਾ ਤੇ ਤਰਸਯੋਗ ਸਮਾਜਕ ਦਸ਼ਾ ਨੂੰ ਭਾਂਪ ਕੇ ਇਸ ਮਨੂਵਾਦੀ ਵਰਣ ਵੰਡ ਪ੍ਰੰਪਰਾ ਨੂੰ  ਤਰਕਸੰਗਤ ਨਾ ਹੋਣ ਕਾਰਨ ਵੰਗਾਰਿਆ ਸੀ ਪਰ ਉਨ੍ਹਾਂ ਦੀਆਂ ਸਿਖਿਆਵਾਂ ਨਾਲ ਕੋਈ ਵੱਡੀ ਸਮਾਜਕ ਤਬਦੀਲੀ ਸੰਭਵ ਨਹੀਂ ਸੀ ਹੋ ਸਕੀ ਕਿਉਂਕਿ ਉਨ੍ਹਾਂ ਦੇ ਉਪਦੇਸ਼ਾਂ ਨੂੰ ਕੋਈ ਕਾਨੂੰਨੀ ਮਾਨਤਾ ਪ੍ਰਾਪਤ ਨਹੀਂ ਸੀ ਹੁੰਦੀ ਅਰਥਾਤ ਉਹ ਨਿਆਂਯੋਗ ਨਹੀਂ ਸਨ ਹੁੰਦੇ।

ਸਮਾਜ ਉਨ੍ਹਾਂ ਨੂੰ ਮੰਨਣ ਵਾਸਤੇ ਪਾਬੰਦ ਨਹੀਂ ਸੀ ਹੁੰਦਾ ਤੇ ਪੀੜਤ ਵਰਗ ਕੋਲ ਇਨ੍ਹਾਂ ਨੂੰ ਲਾਗੂ ਕਰਵਾਉਣ ਲਈ ਕਿਸੇ ਅਦਾਲਤੀ ਚਾਰਾਜੋਈ ਦੀ ਕੋਈ ਵਿਵਸਥਾ ਹੀ ਨਹੀਂ ਸੀ ਹੁੰਦੀ। ਕਾਨੂੰਨ ਦੇ ਸ਼ਾਸਨ ਵਰਗੀ ਰਾਜਨੀਤਕ ਵਿਵਸਥਾ ਦਾ ਵੀ ਅਜੇ ਕਿਧਰੇ ਜਨਮ ਨਹੀਂ ਸੀ ਹੋਇਆ। ਇਥੇ ਫਿਰ ਜੰਗਲੀ ਰਾਜ ਵਿਚ ਉਨ੍ਹਾਂ ਵੰਚਿਤ ਲੋਕਾਂ ਦੀਆਂ ਮਨੁੱਖੀ ਕਦਰਾਂ-ਕੀਮਤਾਂ ਲਈ ਉਠਾਈ ਗਈ ਕਿਸੇ ਵੀ ਆਵਾਜ਼ ਦੀ ਕਿਸੇ ਨੂੰ ਪ੍ਰਵਾਹ  ਕਰਨ ਦੀ  ਕੀ ਲੋੜ ਹੋ ਸਕਦੀ ਸੀ। ਜਦੋਂ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਮਹੂ ਕਸਬੇ ਵਿਖੇ ਸਥਿਤ  ਫ਼ੌਜੀ ਛਾਉਣੀ ਵਿਚ ਤਾਇਨਾਤ ਇਕ ਮਰਾਠੀ ਸੂਬੇਦਾਰ ਰਾਮਜੀ ਮਾਲੋਜੀ ਸਕਪਾਲ ਦੇ ਗ੍ਰਹਿ ਵਿਖੇ ਭੀਮਾਬਾਈ ਸਕਪਾਲ ਜੀ ਦੀ ਕੁੱਖੋਂ ਇਕ ਬਾਲਕ ਨੇ ਜਨਮ ਲਿਆ ਤਾਂ ਕਿਸੇ ਨੂੰ ਵੀ ਇਸ ਗੱਲ ਦਾ ਚਿੱਤ ਚੇਤਾ ਨਹੀਂ ਸੀ ਕਿ ਉਹ ਵੱਡਾ ਹੋ ਕੇ ਦੇਸ਼ ਦਾ ਮਹਾਨ ਚਿੰਤਕ, ਵਿਦਵਾਨ, ਲੇਖਕ, ਰਾਜਨੇਤਾ, ਅਰਥਸ਼ਾਸਤਰੀ, ਕਾਨੂੰਨਦਾਨ ਤੇ ਸਮਾਜ ਸੁਧਾਰਕ ਬਣੇਗਾ।

ਉਹ ਦੱਬੇ ਕੁਚਲੇ  ਲੋਕਾਂ ਦੀ ਮੁਕਤੀ ਦਾ ਮਾਰਗ ਪੇਸ਼ ਕਰੇਗਾ ਤੇ ਉਨ੍ਹਾਂ ਦਾ ਮਸੀਹਾ ਅਰਥਾਤ ਮੁਕਤੀ ਦਾਤਾ ਅਖਵਾਏਗਾ। ਮਹਾਂਰਾਸ਼ਟਰ ਦੀ ਅਛੂਤ ਸਮਝੀ ਜਾਂਦੀ ਮਹਾਰ ਜਾਤੀ ਵਿਚ ਜਨਮੇ ਇਸ ਬਾਲਕ ਭੀਮ ਰਾਓ ਦੇ ਏਨੇ ਪ੍ਰਤਿਭਾਵਾਨ ਹੋਣ ਦਾ ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਉੱਚ ਕੋਟੀ ਦੀ  ਤਾਲੀਮ ਹਾਸਲ ਕਰਨ ਵਾਲਿਆਂ ਕੁੱਝ ਕੁ ਭਾਰਤੀਆਂ ਦੀ ਸੂਚੀ ਵਿਚ ਕੇਵਲ ਉਸ ਦੇ ਨਾਮ ਦਾ ਸ਼ੁਮਾਰ ਹੀ ਨਹੀਂ ਹੋਵੇਗਾ ਬਲਕਿ ਉਹ 20ਵੀਂ ਸਦੀ ਦਾ ਦੇਸ਼ ਦਾ ਇਕ ਮਹਾਨ ਦਾਰਸ਼ਨਿਕ ਤੇ ਸਮਾਜਕ ਚਿੰਤਕ ਵੀ ਹੋਵੇਗਾ। ਉਹ ਦੇਸ਼ ਅਤੇ ਅਪਣੀ ਕੌਮ ਦੋਹਾਂ ਦੇ ਹਿੱਤਾਂ ਲਈ ਅਪਣੇ ਵਲੋਂ ਏਨੇ ਵੱਡੇ ਅਤੇ ਨਿਵੇਕਲੇ ਕਾਰਜ ਕਰ ਕੇ ਅਪਣੀ ਯੋਗਤਾ, ਪ੍ਰਤੀਬੱਧਤਾ, ਬੁਧੀਮਤਾ ਤੇ ਕਾਬਲੀਅਤ ਦਾ ਲੋਹਾ ਵੀ ਮਨਵਾਏਗਾ। ਉਹ ਦੇਸ਼ ਤੇ ਸਮਾਜ ਦੋਵਾਂ ਨੂੰ ਚਲਾਉਣ ਲਈ ਨਵੇਂ ਸਿਧਾਂਤ ਤੇ ਮੀਲ ਪੱਥਰ ਤੈਅ ਕਰੇਗਾ। ਦੇਸ਼ ਨੂੰ ਸੁਤੰਤਰਤਾ ਪ੍ਰਾਪਤੀ ਉਪਰੰਤ ਦੇਸ਼ ਦਾ ਆਧੁਨਿਕ ਭਾਰਤ ਵਜੋਂ ਨਿਰਮਾਣ ਕਰਨ ਵਾਲਿਆਂ ਮੋਹਰੀ ਆਗੂਆਂ ਵਜੋਂ ਇਕ ਉਹ ਵੀ ਹੋਵੇਗਾ।

ਅਛੂਤ ਤੇ ਪਛੜੇ ਲੋਕਾਂ ਲਈ ਉਹ ਜੁਗ ਪਲਟਾਊ ਬਣ ਕੇ ਵਿਚਰੇਗਾ। ਉਨ੍ਹਾਂ ਦੀ ਸਮਾਜਕ ਸੁਤੰਤਰਤਾ ਲਈ ਉਹ ਹਰ ਤਰ੍ਹਾਂ ਦੀ ਜਦੋਜਹਿਦ ਕਰਨ ਤੋਂ ਨਾ ਹੀ ਝਿਜਕੇਗਾ ਤੇ ਨਾ ਹੀ ਥਿੜਕੇਗਾ।  ਬਾਬਾ ਸਾਹਬ ਡਾਕਟਰ ਭੀਮ ਰਾਉ ਅੰਬੇਦਕਰ ਸੰਘਰਸ਼ ਦਾ ਪ੍ਰਤੀਕ ਸਨ।  ਉਨ੍ਹਾਂ ਦਾ ਸੰਕਲਪ ਬੜਾ ਪੱਕਾ ਤੇ  ਨਿਸ਼ਾਨੇ ਬੜੇ ਸਪੱਸ਼ਟ ਹੁੰਦੇ ਸਨ। ਛੋਟੀ ਉਮਰ ਤੋਂ ਹੀ ਉਨ੍ਹਾਂ ਵਿਚ ਕਠਿਨਾਈਆਂ ਤੇ ਚੁਨੌਤੀਆਂ ਅੱਗੇ ਗੋਡੇ ਨਾ ਟੇਕਣ ਸਗੋਂ ਉਨ੍ਹਾਂ ਨਾਲ ਲੋਹਾ ਲੈਣ ਦੀ ਬਿਰਤੀ ਨੇ ਬੜੀ ਤੇਜ਼ੀ ਨਾਲ ਵਿਕਾਸ ਕਰਨਾ ਸ਼ੁਰੂ ਕਰ ਦਿਤਾ ਸੀ। ਜਦੋਂ ਦਲਿਤਾਂ ਲਈ ਸਿਖਿਆ ਹਾਸਲ ਕਰਨਾ ਬਿਲਕੁਲ ਵਰਜਿਤ ਸੀ ਤੇ ਸਮਾਜਕ ਵਿਤਕਰਾ ਚਰਮ ਸੀਮਾ ਉਤੇ ਸੀ ਤਾਂ ਉਸ ਸਮੇਂ ਤਾਲੀਮ ਪ੍ਰਾਪਤੀ ਦੇ ਰਾਹ ਵਿਚ ਉਸ ਨੂੰ ਅਨੇਕਾਂ ਔਕੜਾਂ ਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸੀ ਜਿਨ੍ਹਾਂ ਦੀ ਫ਼ਰਿਸਤ ਬੜੀ ਲੰਮੀ ਹੈ ਤੇ ਜੋ ਹੁਣ ਇਤਿਹਾਸ ਦਾ ਹਿੱਸਾ ਬਣ ਚੁੱਕੀ ਹੈ। ਉਨ੍ਹਾਂ ਨੇ ਅਪਣੀ ਹਿੰਮਤ, ਲਗਨ ਤੇ ਫੌਲਾਦੀ ਇੱਛਾ ਸ਼ਕਤੀ ਸਦਕਾ ਇਨ੍ਹਾਂ ਸੱਭ ਪ੍ਰਕਾਰ ਦੀਆਂ ਸਮਾਜਕ ਆਰਥਕ ਚੁਨੌਤੀਆਂ ਦੀਆਂ ਗੋਡੀਆਂ ਲਵਾ ਕੇ ਰਖੀਆਂ ਸਨ।

ਉਨ੍ਹਾਂ ਦੇ ਸੰਘਰਸ਼ ਦੇ ਬਿਖੜੇ ਪੈਂਡੇ ਦੀ ਇਹ ਦਾਸਤਾਨ ਦਿਲ ਕੰਬਾਊ ਜ਼ਰੂਰ ਹੈ ਪਰ ਕਮਜ਼ੋਰ ਤੇ ਪਛੜੀਆਂ ਸ਼੍ਰੇਣੀਆਂ ਵਾਸਤੇ ਸਿਖਿਆ ਗ੍ਰਹਿਣ ਕਰਨ ਲਈ ਪ੍ਰੇਰਨਾ ਦਾ ਸੱਭ ਤੋਂ ਵੱਡਾ ਸ੍ਰੋਤ ਵੀ ਹੈ। ਉਸ ਨੇ ਅਤਿਅੰਤ ਕਠਿਨ ਤੇ ਵਿਰੋਧੀ ਪ੍ਰਸਥਿਤੀਆਂ ਦੇ ਬਾਵਜੂਦ ਦੇਸ਼ ਤੇ ਵਿਦੇਸ਼ ਦੀਆਂ ਨਾਮਵਰ ਸਿਖਿਆ ਸੰਸਥਾਵਾਂ ਵਿਸ਼ੇਸ਼ ਤੌਰ ਉਤੇ ਅਮਰੀਕਾ ਦੀ ਕੋਲੰਬੀਆ ਯੂਨੀਵਰਸਟੀ ਤੇ ਇੰਗਲੈਂਡ ਦੇ ਲੰਡਨ ਸਕੂਲ ਆਫ਼ ਇਕਨਾਮਿਕਸ ਵਿਖੇ ਰਾਜਨੀਤੀ, ਅਰਥ ਸ਼ਾਸਤਰ, ਕਾਨੂੰਨ, ਸਮਾਜ ਸ਼ਾਸਤਰ, ਮਨੋ ਵਿਗਿਆਨ, ਇਤਿਹਾਸ ਆਦਿ ਵਿਸ਼ਿਆਂ ਦਾ ਡੂੰਘਾ ਅਧਿਐਨ ਕੀਤਾ ਤੇ ਵੱਡੀਆਂ ਡਿਗਰੀਆਂ ਹਾਸਲ ਕੀਤੀਆਂ। ਬਾਬਾ ਸਾਹਬ ਨੇ ਇਸ ਘਾਲਣਾ ਦੇ ਬਲਬੂਤੇ ਅਪਣੇ ਵਿਅਕਤੀਤਵ ਨੂੰ ਤਰਾਸ਼ਿਆ ਤੇ ਨਿਖਾਰਿਆ ਸੀ ਤੇ ਅਪਣੇ ਆਪ ਨੂੰ ਇੱਕ ਵੱਡੇ ਕ੍ਰਾਂਤੀਕਾਰੀ ਮਿਸ਼ਨ ਤੇ ਭੂਮਿਕਾ ਲਈ ਤਿਆਰ ਕੀਤਾ ਸੀ। ਦੱਬੇ ਕੁਚਲੇ ਵਰਗ ਦਾ ਉਹ ਪਹਿਲਾ ਵਿਅਕਤੀ ਸੀ ਜਿਸ ਨੇ ਉੱਚ ਕੋਟੀ ਦੀ ਸਿਖਿਆ ਪ੍ਰਾਪਤ ਕਰ ਕੇ ਅਪਣੀ ਵਿਦਵਤਾ ਦੇ ਝੰਡੇ ਗੱਡੇ ਸਨ ਤੇ ਇਤਿਹਾਸ ਸਿਰਜਿਆ ਸੀ।

ਉਸ ਨੇ ਅਪਣੀਆਂ ਲਾਸਾਨੀ ਕਾਮਯਾਬੀਆਂ ਅਤੇ ਪ੍ਰਾਪਤੀਆਂ ਨਾਲ ਇਹ ਸਾਬਤ ਕਰ ਦਿਤਾ ਸੀ ਕਿ ਜੇਕਰ ਕਿਸੇ ਵਿਅਕਤੀ ਦਾ ਚਰਿੱਤਰ ਸੰਘਰਸ਼ੀ ਹੈ ਤਾਂ ਚਾਹੇ ਉਹ ਕਿੰਨੇ ਵੀ ਮਾੜੇ ਅਤੇ ਵਖਰੇ ਕਿਸਮ ਦੇ ਹਾਲਾਤ ਵਿਚ ਪੈਦਾ ਹੋਇਆ ਹੋਵੇ, ਕੋਈ ਵੀ ਕਠਿਨਾਈ ਉਸ ਦੇ ਬੁਲੰਦ ਹੌਸਲੇ ਅੱਗੇ ਟਿੱਕ ਨਹੀਂ ਸਕਦੀ। ਸੰਘਰਸ਼ ਵਾਲੀ ਬਿਰਤੀ ਨਾਲ ਉਹ ਨਿਸ਼ਚਿਤ ਤੌਰ ਉਤੇ ਅਪਣੀ ਅਗਿਆਨਤਾ, ਗ਼ੁਰਬਤ, ਨਸਲੀ/ਜਾਤੀ ਵਿਤਕਰੇ ਤੇ ਗ਼ੁਲਾਮੀ ਵਰਗੀ ਹਰੇਕ ਮੁਸੀਬਤ ਵਿਰੁਧ  ਲੜਾਈ ਵਿਚ ਜਿੱਤ ਪ੍ਰਾਪਤ ਕਰਨ ਲਈ ਰਸਤਾ ਜ਼ਰੂਰ ਪੱਧਰਾ ਕਰ ਲੈਂਦਾ ਹੈ।  ਡਾਕਟਰ ਬੀ.ਆਰ. ਅੰਬੇਦਕਰ ਜੀ ਨੇ ਸਾਡੇ ਦੇਸ਼ ਦਾ ਕੇਵਲ ਸੰਵਿਧਾਨ ਹੀ ਨਹੀਂ ਘੜਿਆ ਸਗੋਂ ਕਈ ਅਨਮੋਲ ਸਿਧਾਂਤ ਤੇ ਵਿਚਾਰ ਵੀ ਸਿਰਜ ਦਿਤੇ ਸਨ ਜਿਨ੍ਹਾਂ ਦੇ ਬਲਬੂਤੇ  ਦੇਸ਼ ਤੇ ਸਮਾਜ ਨੇ ਸੁਤੰਤਰਤਾ ਉਪਰੰਤ ਤਰੱਕੀ ਦੇ ਰਾਹ ਪੈਣਾ  ਸੀ । ਵਿੱਤ ਕਮਿਸ਼ਨ ਤੇ ਭਾਰਤੀ ਰਿਜ਼ਰਵ ਬੈਂਕ  ਵਰਗੀਆਂ ਸੰਸਥਾਵਾਂ ਦੀ ਸਥਾਪਨਾ ਵੀ ਉਸ ਦੂਰ ਅੰਦੇਸ਼ੀ ਆਗੂ ਦੀ ਵਿਚਾਰਧਾਰਾ ਦਾ ਹੀ ਨਤੀਜਾ ਹੈ। ਹੀਰਾਕੁੰਡ, ਦਮੋਦਰ ਘਾਟੀ ਤੇ ਸੋਨ ਨਦੀ ਵਰਗੇ ਦੇਸ਼ ਦੇ ਸੱਭ ਤੋਂ ਪਹਿਲੇ ਬਹੁ-ਉਦੇਸ਼ੀ ਪ੍ਰੋਜੈਕਟ ਵੀ ਉਸ ਮਹਾਨ ਵਿਅਕਤੀ ਦੇ ਖਿਆਲਾਂ ਦੀ ਹੀ ਉਪਜ ਹਨ। 

ਸਾਡਾ ਇਹ ਵੱਡਾ ਦੁਖਾਂਤ ਰਿਹਾ ਹੈ ਕਿ ਡਾਕਟਰ ਅੰਬੇਦਕਰ ਦੇ ਦਲਿਤ ਪ੍ਰਵਾਰ ਵਿਚ ਜਨਮ ਲੈਣ ਕਾਰਨ ਉਨ੍ਹਾਂ ਨੇ ਸਮਾਜਕ ਤਬਦੀਲੀ ਦਾ ਪੜ੍ਹੋ, ਜੁੜੋ ਤੇ ਸੰਘਰਸ਼ ਕਰੋ ਦਾ ਜੋ ਮੰਤਰ ਘੜਿਆ ਸੀ, ਸਾਡੇ ਭਾਰਤੀ ਸਮਾਜ ਨੇ ਉਸ ਨੂੰ ਸਮਝਣ ਅਤੇ ਅਮਲ ਵਿਚ ਲਿਆਉਣ  ਵਲ ਤਵੱਜੋਂ ਘੱਟ ਪਰ ਵਿਸਾਰਨ ਵਲ ਵਧੇਰੇ ਧਿਆਨ ਦਿਤਾ ਹੈ। ਮੇਰੀ ਜਾਚੇ ਇਹ ਦੂਰ ਅੰਦੇਸ਼ੀ ਵਾਲੀ ਸੋਚ ਨਹੀਂ ਸਗੋਂ ਇਕ ਬੜੀ ਵੱਡੀ ਭੁੱਲ ਕੀਤੀ ਗਈ ਹੈ। ਦੇਸ਼ ਅਤੇ ਸਮਾਜ ਦੋਵਾਂ ਦੇ ਵਿਕਾਸ ਵਿਚ ਜੋ ਇਸ ਦੀ ਨਿੱਗਰ ਭੂਮਿਕਾ ਹੋ ਸਕਦੀ ਸੀ, ਉਸ ਤੋਂ ਵਾਂਝੇ ਰਹਿਣ ਨਾਲ ਹੀ ਅੱਜ ਵੀ ਸਾਡਾ ਦੇਸ਼ ਪਛੜਿਆ ਹੋਇਆ ਹੈ ਤੇ ਅਨਪੜ੍ਹਤਾ, ਸਮਾਜਕ ਤੇ ਆਰਥਕ ਨਾ-ਬਰਾਬਰੀ ਕਾਰਨ ਗ਼ੁਰਬਤ, ਅਗਿਆਨਤਾ, ਅੰਧ ਵਿਸ਼ਵਾਸ, ਭੁੱਖਮਰੀ, ਆਬਾਦੀ ਵਿਚ ਬੇਤਹਾਸ਼ਾ ਵਾਧਾ, ਬੇਰੁਜ਼ਗਾਰੀ ਵਰਗੀਆਂ ਅਨੇਕਾਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਬਾਬਾ ਸਾਹਬ ਵਲੋਂ ਦਿਤਾ ਗਿਆ ਪੜ੍ਹੋ, ਜੁੜੋ ਤੇ ਸੰਘਰਸ਼ ਕਰੋ ਦਾ ਸਿਧਾਂਤ ਕੇਵਲ ਦਲਿਤਾਂ ਲਈ ਨਹੀਂ ਸੀ ਜਿਸ ਤਰ੍ਹਾਂ ਇਸ ਨੂੰ ਮੰਨ ਲਿਆ ਗਿਆ ਹੈ ਜਾਂ ਜਚਾ ਦਿਤਾ ਗਿਆ ਹੈ। ਇਹ ਤਾਂ ਸਮਾਜਕ ਕ੍ਰਾਂਤੀ ਤੇ ਮਨੁੱਖਤਾ ਦੀ ਤਰੱਕੀ ਲਈ ਬਿਹਤਰੀਨ ਵਿਚਾਰਧਾਰਾ ਦਾ ਨਾਂ ਹੈ।

ਇਹ ਤਾਂ ਬਾਬਾ ਸਾਹਬ ਵਲੋਂ ਸਮਾਜਕ ਤਬਦੀਲੀ ਵਾਸਤੇ ਵਰਤਿਆ ਤੇ ਅਜਮਾਇਆ ਗਿਆ, ਉਹ ਫ਼ਾਰਮੂਲਾ ਹੈ ਜਿਸ ਨੂੰ ਦੁਨੀਆਂ ਦੇ ਕਿਸੇ ਵੀ ਦੇਸ਼  ਜਾਂ ਵਰਗ ਦੇ ਗ਼ਰੀਬ, ਪਛੜੇ ਤੇ ਦੁਰਕਾਰੇ ਹੋਏ ਲੋਕ ਅਪਣੀਆਂ ਸਮਾਜਕ, ਆਰਥਕ ਤੇ ਰਾਜਨੀਤਕ ਕਠਿਨਾਈਆਂ ਦੇ ਹੱਲ ਲਈ ਵਰਤ ਸਕਦੇ ਹਨ ਤੇ ਹੱਲ ਤਲਾਸ਼ ਸਕਦੇ ਹਨ। ਇਹ ਸੱਭ ਲਈ ਸਾਂਝਾ ਹੈ। ਸਾਡੇ ਦੇਸ਼ ਦੇ ਦੱਬੇ-ਕੁਚਲੇ ਲੋਕਾਂ ਦੇ ਜਿਹੜੇ ਵਰਗਾਂ ਨੇ ਇਸ ਪ੍ਰਗਤੀਵਾਦੀ ਤੇ ਜੁਝਾਰੂ ਵਿਚਾਰਧਾਰਾ ਨੂੰ ਸਮਝਿਆ ਤੇ ਅਪਣਾਇਆ  ਹੈ ਉਨ੍ਹਾਂ ਨੂੰ ਇਸ ਨੇ ਨਿਰਾਸ਼ ਨਹੀਂ ਕੀਤਾ, ਸਗੋਂ ਉਨ੍ਹਾਂ ਦੇ ਅੰਧਕਾਰ ਨੂੰ ਦੂਰ ਕੀਤਾ ਹੈ ਤੇ ਉਨ੍ਹਾਂ ਦੇ ਜੀਵਨ ਨੂੰ ਰੋਸ਼ਨ ਕੀਤਾ ਹੈ। ਉਨ੍ਹਾਂ ਨੂੰ ਗ਼ੁਰਬਤ ਅਤੇ ਗ਼ੁਲਾਮੀ ਤੋਂ ਮੁਕਤੀ ਦਿਵਾਈ ਹੈ। ਉਨ੍ਹਾਂ ਨੂੰ ਗ਼ੈਰਤ ਨਾਲ ਜਿਊਣਾ ਸਿਖਾਇਆ ਹੈ। ਉਨ੍ਹਾਂ ਦਾ ਸਿਰ ਉੱਚਾ ਹੋਇਆ ਹੈ। ਸਾਡੇ ਦੇਸ਼ ਦੇ ਜੋ ਵਾਂਝੇ, ਗ਼ਰੀਬ ਅਤੇ ਪਛੜੇ ਦਲਿਤ ਤਬਕੇ ਬਾਬਾ ਸਾਹਬ ਵਲੋਂ ਦਰਸਾਏ ਗਏ ਨੁਕਤਿਆਂ ਨੂੰ  ਜਾਣਨ ਤੇ ਸਮਝਣ ਵਲੋਂ ਅਵੇਸਲੇ ਰਹੇ ਹਨ, ਉਨ੍ਹਾਂ ਨੂੰ ਅਪਣੇ ਤਰੱਕੀਯਾਫ਼ਤਾ ਭਾਈਚਾਰੇ ਤੋਂ ਸਬਕ ਸਿਖਣਾ  ਚਾਹੀਦਾ ਹੈ।

2011 ਦੀ ਜਨਗਣਨਾ ਅਨੁਸਾਰ ਸਾਡੇ ਦੇਸ਼ ਵਿਚ ਦਲਿਤਾਂ ਦੀ ਗਿਣਤੀ 20 ਕਰੋੜ ਤੋਂ ਵੱਧ ਸੀ ਜਿਨ੍ਹਾਂ ਦੀ ਸਾਖਰਤਾ ਦਰ 66 ਫ਼ੀ ਸਦੀ ਸੀ ਜਦੋਂ ਕਿ ਦੇਸ਼ ਦੀ ਸਾਖ਼ਰਤਾ ਦਰ 73 ਫ਼ੀ ਸਦੀ ਸੀ। ਦਲਿਤ ਭਾਈਚਾਰੇ ਦੇ ਬਹੁਤੇ ਲੋਕ ਅਜੇ ਵੀ ਸਿਖਿਆ ਤੋਂ ਵਾਂਝੇ ਹੋਣ ਕਾਰਨ ਹੀ ਹਾਸ਼ੀਏ ਤੋਂ ਪਰੇ ਧੱਕੇ ਹੋਏ ਹਨ। ਉਹ ਅਤਿ ਦੇ ਗ਼ਰੀਬ ਅਤੇ ਗ਼ੁਲਾਮ ਹਨ। ਉਨ੍ਹਾਂ ਦਾ ਬੌਧਿਕ ਵਿਕਾਸ ਅੱਧਵਾਟੇ ਰੁਕਣ ਕਾਰਨ ਉਨ੍ਹਾਂ ਵਿਚ ਰਾਜਨੀਤਕ ਚੇਤੰਨਤਾ ਦੀ ਵੀ ਵੱਡੀ ਘਾਟ ਹੈ। ਉਨ੍ਹਾਂ ਦਾ ਰਹਿਣ ਸਹਿਣ ਦਾ ਪੱਧਰ ਬੜੇ ਨੀਵੇਂ ਦਰਜੇ ਦਾ ਹੈ ਅਤੇ ਉਹ  ਗੰਦੀਆਂ ਬਸਤੀਆਂ ਵਿਚ ਰਹਿੰਦੇ ਹਨ ਹਨ, ਉਨ੍ਹਾਂ ਨਾਲ ਜਾਤੀ ਵਿਤਕਰਾ ਤੇ ਜ਼ਿਆਦਤੀਆਂ ਹੁੰਦੀਆਂ ਹਨ। ਉਹ ਸਾਧਨਹੀਣ ਹਨ। ਉਹ ਅਣਗੌਲੇ ਹੋਏ ਹਨ। ਬਾਬਾ ਸਾਹਬ ਡਾਕਟਰ ਭੀਮ ਰਾਉ ਅੰਬੇਦਕਰ ਜੀ ਨੇ ਉਨ੍ਹਾਂ ਵਾਸਤੇ ਸਮਾਜਕ ਆਰਥਕ ਬਰਾਬਰੀ ਦੇ ਜੋ ਸੁਪਨੇ ਵੇਖੇ ਸਨ, ਉਨ੍ਹਾਂ ਵਿਚੋਂ ਬਹੁਤੇ ਅਜੇ ਵੀ ਪੂਰੇ ਨਹੀਂ ਹੋਏ। ਪਹਿਲਾਂ ਹੀ ਬੜੀ ਦੇਰ ਹੋ ਚੁੱਕੀ ਹੈ, ਇਸ ਲਈ ਦੇਸ਼ ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਬਾਬਾ ਸਾਹਬ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਨਿਸ਼ਠਾ ਨਾਲ ਮਨਾਉਣ ਅਤੇ ਬਾਬਾ ਸਾਹਬ ਦੇ ਜੋ ਸੁਪਨੇ ਅਧੂਰੇ ਰਹਿ ਗਏ ਹਨ, ਉਨ੍ਹਾਂ ਨੂੰ ਪੂਰਾ ਕਰ ਲੈਣ ਦਾ ਤਹਈਆ ਵੀ ਕਰਨ।                                                                                                                       ਗੁਰਦੇਵ ਸਿੰਘ ਸਹੋਤਾ
                                                                                                ਰੀਟਾ. ਆਈ.ਪੀ.ਐਸ, ਏ.ਡੀ.ਜੀ.ਪੀ.,ਸੰਪਰਕ : 98143-70777