BR Ambedkar Jayanti 2024: ਦਲਿਤ ਸਮਾਜ ਲਈ ਮੁਕਤੀਦਾਤਾ ਸਨ ਡਾ. ਭੀਮ ਰਾਉ ਅੰਬੇਦਕਰ

ਏਜੰਸੀ

ਵਿਚਾਰ, ਵਿਸ਼ੇਸ਼ ਲੇਖ

ਲਾਖੋਂ ਸਾਲ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ, ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ...!

BR Ambedkar Jayanti 2024

BR Ambedkar Jayanti 2024: ਪ੍ਰਾਚੀਨ ਕਾਲ ਤੋਂ ਚਲਦੀ ਆ ਰਹੀ ਮਨੂੰਵਾਦੀ ਵਿਵਸਥਾ ਨਾਲ ਸ਼ੇਰ ਬਣ ਕੇ ਟੱਕਰ ਲੈਣ ਵਾਲੇ ਡਾਕਟਰ ਭੀਮ ਰਾਉ ਅੰਬੇਦਕਰ ਵਰਗੇ ਮਹਾਨ ਯੁੱਗ ਪੁਰਸ਼ ਸਦੀਆਂ ਵਿਚ ਇਕ ਵਾਰ ਹੀ ਜਨਮ ਲੈਂਦੇ ਹਨ। ਭਾਰਤੀ ਸੰਵਿਧਾਨ ਦੇ ਨਿਰਮਾਤਾ, ਲੋਹ ਪੁਰਸ਼, ਮਹਾਨ ਦੇਸ਼ ਭਗਤ, ਦਲਿਤਾਂ ਦੇ ਮਸੀਹਾ, ਭਾਰਤ ਰਤਨ ਡਾਕਟਰ ਭੀਮ ਰਾਉ ਅੰਬੇਦਕਰ ਦਾ ਜਨਮ 14 ਅਪ੍ਰੈਲ 1890 ਈਸਵੀ ਨੂੰ ਮੱਧ ਪ੍ਰਦੇਸ਼ ਦੇ ਮਹੂ ਨਾਮਕ ਪਿੰਡ ਵਿਚ ਪਿਤਾ ਰਾਮ ਜੀ ਮਾਲੋ ਦੇ ਘਰ ਅਤੇ ਮਾਤਾ ਭੀਮਾ ਬਾਈ ਜੀ ਦੀ ਕੁੱਖੋਂ ਹੋਇਆ। 

ਉਨ੍ਹਾਂ ਦੇ ਜਨਮ ਸਮੇਂ ਮਨੂਵਾਦ ਅਤੇ ਹਿੰਦੂਤਵ ਦਾ ਬੋਲਬਾਲਾ ਸੀ। ਉਨ੍ਹਾਂ ਦਾ ਪ੍ਰਵਾਰ ਮਹਾਰ ਜਾਤੀ ਨਾਲ ਸਬੰਧਤ ਸੀ ਜੋ ਕਿ ਅਛੂਤ ਅਤੇ ਨੀਵੀਂ ਸਮਝੀ ਜਾਂਦੀ ਸੀ। ਉਨ੍ਹਾਂ ਨੂੰ ਬਚਪਨ ਵਿਚ ਹੀ ਆਰਥਕ ਸਮਾਜਕ ਕਾਣੀ ਵੰਡ ਦਾ ਸ਼ਿਕਾਰ ਹੋਣਾ ਪਿਆ। ਉੱਚੀ ਜਾਤੀ ਦੇ ਬੱਚੇ ਉਨ੍ਹਾਂ ਨੂੰ ਨਫ਼ਰਤ ਕਰਦੇ ਸਨ। ਇਥੋਂ ਤਕ ਕਿ ਚਪੜਾਸੀ ਵੀ ਉਨ੍ਹਾਂ ਦੇ ਹੱਥਾਂ ਤੋਂ ਦੂਰੋਂ ਹੀ ਪਾਣੀ ਪਿਆਉਂਦੇ ਸੀ।

1913 ਵਿਚ ਉਹ ਬੜੌਦਾ ਦੇ ਮਹਾਰਾਜਾ ਵੀ.ਆਰ. ਗਾਇਕਵਾੜ ਵਲੋਂ ਸਕਾਲਰਸ਼ਿਪ ਮਿਲਣ ’ਤੇ ਅਮਰੀਕਾ ਚਲੇ ਗਏ। ਉਥੇ ਐਮ.ਏ. ਅਰਥ ਸਾਸਤਰ ਅਤੇ ਪੀ.ਐਚ.ਡੀ ਦੀ ਡਿਗਰੀ ਪ੍ਰਾਪਤ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੇ ਇੰਗਲੈਂਡ ਵਿਚ ਐਮ.ਐਸ.ਸੀ. ਅਰਥ ਸ਼ਾਸਤਰ ਅਤੇ ਵਕਾਲਤ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਤੇ ਭਾਰਤ ਆ ਕੇ ਕੁੱਝ ਸਮਾਂ ਮੁੰਬਈ ਵਿਖੇ ਪ੍ਰੋਫ਼ੈਸਰ ਦੇ ਤੌਰ ’ਤੇ ਨੌਕਰੀ ਕੀਤੀ।

ਉਸ ਸਮੇਂ ਤਕ ਉਨ੍ਹਾਂ ਦੀ ਨੇੜਤਾ ਕਾਫ਼ੀ ਲੋਕਾਂ ਨਾਲ ਵੱਧ ਗਈ ਅਤੇ ਉਨ੍ਹਾਂ ਕੌਮ ਲਈ ਕੱੁਝ ਕਰਨ ਦਾ ਸੰਘਰਸ਼ ਆਰੰਭਿਆ। ਡਾਕਟਰ ਅੰਬੇਦਕਰ ਦੇ ਸਿਆਸੀ ਜੀਵਨ ਦੀ ਸ਼ੁਰੂਆਤ ਵਿਚ ਹੀ 21 ਮਾਰਚ 1920 ਨੂੰ ਅਛੂਤਾਂ ਦੀ ਇਕ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਮਹਾਰਾਜਾ ਕੋਹਲਾਪੁਰ ਨੇ ਭਵਿੱਖਵਾਣੀ ਕੀਤੀ ਸੀ ਕਿ ਤੁਹਾਨੂੰ ਡਾ. ਅੰਬੇਦਕਰ ਦੇ ਰੂਪ ਵਿਚ ਮੁਕਤੀ ਦਾਤਾ ਮਿਲਿਆ ਹੈ।

ਮੈਨੂੰ ਪੂਰਾ ਯਕੀਨ ਹੈ ਕਿ ਉਹ ਤੁਹਾਡੀਆਂ ਗ਼ੁਲਾਮੀ ਦੀਆਂ ਜੰਜ਼ੀਰਾਂ ਤੋੜ ਦੇਵੇਗਾ। 1924 ਵਿਚ ਉਨ੍ਹਾਂ ਨੇ ਬੰਬਈ (ਹੁਣ ਮੁੰਬਈ) ਹਾਈ ਕੋਰਟ ਵਿਚ ਵਕਾਲਤ ਸ਼ੁਰੂ ਕੀਤੀ। ਉਸ ਸਮੇਂ ਮਨੂਵਾਦੀ ਤਾਕਤਾਂ ਵਿਚ ਬਹੁਤ ਹੰਕਾਰ ਸੀ ਤੇ ਦਲਿਤ ਲੋਕਾਂ ਨਾਲ ਅਨਿਆਇ ਕੀਤਾ ਜਾਂਦਾ ਸੀ। ਮਨੂਵਾਦੀ ਲੋਕਾਂ ਦੇ ਇਸ ਹੰਕਾਰ ਨੂੰ ਤੋੜਨ ਲਈ ਉਨ੍ਹਾਂ ਨੇ 20 ਮਾਰਚ 1927 ਨੂੰ ਲੱਖਾਂ ਲੋਕਾਂ ਨਾਲ ਚੋਬਦਾਰ ਤਾਲਾਬ ਵਿਚ ਪਾਣੀ ਪੀਤਾ ਅਤੇ ਕਿਹਾ ਕਿ ਇਕ ਕੁੱਤਾ ਤਾਲਾਬ ਵਿਚੋਂ ਲੰਘ ਜਾਵੇ ਤਾਂ ਤਾਲਾਬ ਦਾ ਪਾਣੀ ਭਿ੍ਰਸ਼ਟ ਨਹੀਂ ਹੁੰਦਾ ਪਰ ਜੇਕਰ ਇਕ ਅਛੂਤ ਤਾਲਾਬ ਵਿਚੋਂ ਪਾਣੀ ਪੀ ਲਵੇ ਤਾਂ ਇਹ ਅਸ਼ੁੱਧ ਹੋ ਜਾਂਦਾ ਹੈ, ਅਜਿਹਾ ਕਿਉਂ? 

ਬਾਬਾ ਸਾਹਿਬ ਮਹਾਨ ਕ੍ਰਾਂਤੀਕਾਰੀ ਨੇਤਾ ਸਨ। ਦਲਿਤਾਂ ਦੇ ਹੱਕਾਂ ਲਈ ਉਨ੍ਹਾਂ ਨੇ ਅਪਣੇ ਆਪ ਨੂੰ ਵੀ ਕੁਰਬਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ। ਬਾਬਾ ਸਾਹਿਬ ਡਾ. ਅੰਬੇਦਕਰ ਨੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਲੈ ਕੇ ਦਿੱਤੇ। ਉਸ ਸਮੇਂ ਮਰਦ ਔਰਤਾਂ ਨੂੰ ਪੈਰਾਂ ਦੀ ਜੁੱਤੀ ਸਮਝਦੇ ਸਨ ਪਰ ਬਾਬਾ ਸਾਹਿਬ ਨੇ ਔਰਤ ਨੂੰ ਪੈਰਾਂ ਦੀ ਜੁੱਤੀ ਤੋਂ ਸਿਰ ਦਾ ਤਾਜ ਬਣਾਇਆ। ਅੱਜ ਦੀ ਔਰਤ ਨੂੰ ਬਾਬਾ ਸਾਹਿਬ ਦਾ ਪਰਉਪਕਾਰੀ ਹੋਣਾ ਚਾਹੀਦਾ ਹੈ।

ਉਸ ਸਮੇਂ ਜਦੋਂ ਅੰਗਰੇਜ਼ ਭਾਰਤ ਛੱਡਣ ਲਈ ਮਜਬੂਰ ਸਨ ਤਾਂ ਸੰਨ 1932 ਵਿਚ ਉਹ 7 ਕਰੋੜ ਅਛੂਤਾਂ ਦੇ ਪ੍ਰਤੀਨਿਧ ਬਣ ਕੇ ਗੋਲਮੇਜ਼ ਕਾਨਫ਼ਰੰਸ ਵਿਚ ਸ਼ਾਮਲ ਹੋਏ। ਸੰਸਾਰ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਉਨ੍ਹਾਂ ਨੇ ਹਜ਼ਾਰਾਂ ਸਾਲਾਂ ਤੋਂ ਅਣਗੋਲਿਆਂ ਅਛੂਤਾਂ ਦਾ ਮਾਮਲਾ ਕੌਮਾਂਤਰੀ ਪੱਧਰ ਉੱਤੇ ਸੋਚ ਵਿਚਾਰ ਦਾ ਵਿਸ਼ਾ ਬਣਾਇਆ।

17 ਅਗੱਸਤ 1932 ਨੂੰ ਉਨ੍ਹਾਂ ਨੇ ਬਰਤਾਨਵੀ ਸਰਕਾਰ ਤੋਂ ‘ਕਮਿਊਨਲ ਅਵਾਰਡ’ ਦੇ ਰੂਪ ਵਿਚ ਦਲਿਤਾਂ ਨੂੰ ਉਨ੍ਹਾਂ ਦੇ ਅਧਿਕਾਰ ਲੈ ਕੇ ਦਿਤੇ ਜਿਸ ਵਿਚ ਲੋਕ ਸਭਾ ਤੇ ਵਿਧਾਨ ਸਭਾ ਵਿਚ ਦਲਿਤਾਂ ਦੀਆਂ ਸੀਟਾਂ ਦੇ ਰਾਖਵੇਂਕਰਨ ਅਤੇ ਵੋਟ ਪਾਉਣ ਦੇ ਅਧਿਕਾਰ ਪ੍ਰਮੁੱਖ ਸਨ। ਇਸੇ ਗੋਲਮੇਜ਼ ਕਾਨਫ਼ਰੰਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਅਛੂਤ ਜਨਤਾ ਜੋ ਤੇਜ਼ੀ ਨਾਲ ਉੱਪਰ ਉਠ ਰਹੀ ਹੈ ਜਦੋਂ ਇਹ ਅਪਣੇ ਹੱਕਾਂ ਪ੍ਰਤੀ ਜਾਗ ਉਠੀ ਤਾਂ ਭੁਚਾਲ ਆ ਜਾਵੇਗਾ। 

ਉਨ੍ਹਾਂ ਨੇ ਦਲਿਤ ਜਨਤਾ ਦੀ ਭਲਾਈ ਲਈ ਅਨੇਕਾਂ ਯਤਨ ਕੀਤੇ। ਅਖ਼ਬਾਰਾਂ, ਰਸਾਲੇ ਪ੍ਰਕਾਸ਼ਤ ਕਰਵਾਏ। ਕਈ ਸੰਘਾਂ ਦੀ ਸਥਾਪਨਾ ਕੀਤੀ। 1942-1946 ਦੇ ਅਰਸੇ ਦੌਰਾਨ ਉਨ੍ਹਾਂ ਨੇ ਗਵਰਨਰ ਜਨਰਲ ਐਗਜ਼ੀਕਿਊਟਿਵ ਕੌਂਸਲ ਦੇ ਮੈਂਬਰ ਵਜੋਂ ਦਲਿਤਾਂ ਦੀਆਂ ਨੌਕਰੀਆਂ ’ਚ ਰਾਖਵਾਂਕਰਨ ਲਈ ਮਹੱਤਵਪੂਰਨ ਕੰਮ ਕੀਤੇ। 1946-47 ਵਿਚ ਉਨ੍ਹਾਂ ਨੇ ਭਾਰਤੀ ਸੰਵਿਧਾਨ ਦੇ ਨਿਰਮਾਣ ਦਾ ਕੰਮ ਕੀਤਾ, ਜਿਸ ਵਿਚ ਦਲਿਤ ਸਮਾਜ ਲਈ ਅਧਿਕਾਰ ਅਤੇ ਹੱਕ ਰਾਖਵੇਂ ਰੱਖੇ। ਦੂਜੇ ਮੈਂਬਰਾਂ ਦੀ ਗ਼ੈਰ ਹਾਜ਼ਰੀ ਅਤੇ ਬਿਮਾਰੀ ਕਾਰਨ ਜ਼ਿਆਦਾ ਸੰਵਿਧਾਨ ਦਾ ਹਿੱਸਾ ਉਨ੍ਹਾਂ ਦੇ ਹੀ ਦਿਮਾਗ ਦੀ ਉਪਜ ਹੈ ਜੋ ਉਨ੍ਹਾਂ ਦੀ ਸਭ ਤੋਂ ਵੱਡੀ ਦੇਣ ਹੈ। 

20 ਫ਼ਰਵਰੀ 1946 ਨੂੰ ਅਚਾਨਕ ਲੰਡਨ ਦੇ ਦੋ ਪੱਤਰਕਾਰਾਂ ਨੇ ਅੱਧੀ ਰਾਤ ਡਾਕਟਰ ਅੰਬੇਡਕਰ ਨੂੰ ਫ਼ੋਨ ਕੀਤਾ ਕਿ ਉਹ ਵਾਪਸ ਜਾਣ ਤੋਂ ਪਹਿਲਾਂ ਉਸ ਸਮੇਂ ਦੇ ਤਿੰਨ ਨੇਤਾਵਾਂ ਗਾਂਧੀ, ਜਿਨਾਹ ਅਤੇ ਡਾਕਟਰ ਅੰਬੇਦਕਰ ਨਾਲ ਮੁਲਾਕਾਤ ਕਰਨਾ ਚਾਹੁੰਦੇ ਹਨ ਜਦ ਉਹ ਡਾਕਟਰ ਅੰਬੇਦਕਰ ਕੋਲ ਪਹੁੰਚੇ ਤਾਂ ਉਹ ਅਪਣੀ ਕੁਰਸੀ ’ਤੇ ਬੈਠੇ ਸਨ ਤਾਂ ਇਕ ਪੱਤਰਕਾਰ ਨੇ ਪੁੱਛਿਆ ਕਿ ਜਦੋਂ ਅਸੀਂ ਗਾਂਧੀ ਅਤੇ ਜਿਨਾਹ ਕੋਲ ਗਏ ਤਾਂ ਉਹ ਸੌਂ ਰਹੇ ਸਨ ਪਰ ਤੁਸੀਂ ਅਜੇ ਵੀ ਜਾਗ ਰਹੇ ਹੋ ਤਾਂ ਉਨ੍ਹਾਂ ਨੇ ਜਵਾਬ ਵਿਚ ਕਿਹਾ ਕਿ ਗਾਂਧੀ ਜੀ ਅਤੇ ਜਿਨਾਹ ਇਸ ਲਈ ਸੌਂ ਰਹੇ ਹਨ ਕਿਉਂਕਿ ਉਨ੍ਹਾਂ ਦਾ ਸਮਾਜ ਸੁਚੇਤ ਹੈ

ਭਾਵ ਉਨ੍ਹਾਂ ਦੇ ਲੋਕ ਜਾਗ ਰਹੇ ਹਨ ਪਰ ਦਲਿਤ ਸਮਾਜ ਦੇ ਲੋਕ ਅਪਣੇ ਹੱਕਾਂ ਪ੍ਰਤੀ ਲਾਪਰਵਾਹ ਹਨ, ਗ਼ਰੀਬੀ, ਅਗਿਆਨਤਾ ਅਤੇ ਅਨਪੜ੍ਹਤਾ ਦੀ ਚੱਕੀ ਵਿਚ ਪਿਸ ਰਹੇ ਹਨ, ਇਸ ਲਈ ਉਨ੍ਹਾਂ ਨੂੰ ਖ਼ੁਦ ਚੁਸਤ ਅਤੇ ਸਾਵਧਾਨ ਰਹਿਣਾ ਪੈ ਰਿਹਾ ਹੈ ਤਾਕਿ ਉਨ੍ਹਾਂ ਦੇ ਹੱਕਾਂ ਦੀ ਰਾਖੀ ਕਰ ਸਕਣ ਇਸ ਲਈ ਉਹ ਦਿਨ ਰਾਤ ਮਿਹਨਤ ਕਰ ਰਹੇ ਹਨ। ਉਨ੍ਹਾਂ ਨੇ ਦਲਿਤਾਂ ਨੂੰ ਮਾਨਸਕ ਗ਼ੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਗ਼ੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜਨ ਵਾਲੀ ਮਨੂਸਮਿ੍ਰਤੀ ਨਾਮਕ ਪੁਸਤਕ ਨੂੰ ਅਪਣੇ ਹੱਥੀਂ ਸਾੜਿਆ ਅਤੇ ‘ਪੜ੍ਹੋ, ਜੁੜੋ ਤੇ ਸੰਘਰਸ ਕਰੋ’ ਦਾ ਨਾਅਰਾ ਬੁਲੰਦ ਕੀਤਾ।

ਜ਼ਿੰਦਗੀ ਦੇ ਅੰਤਿਮ ਦਿਨਾਂ ’ਚ ਉਨ੍ਹਾਂ ਨੇ 1200 ਸਾਲ ਤੋਂ ਖ਼ਤਮ ਹੋ ਚੁੱਕੇ ਬੁੱਧ ਧਰਮ ਨੂੰ ਪੁਨਰ ਸਥਾਪਤ ਕੀਤਾ ਤੇ 14 ਅਕਤੂਬਰ 1956 ਨੂੰ ਨਾਗਪੁਰ ਵਿਚ ਅਪਣੇ ਲੱਖਾਂ ਪੈਰੋਕਾਰਾਂ ਨਾਲ ਦੀਕਸ਼ਾ ਗ੍ਰਹਿਣ ਕੀਤੀ। 6 ਦਸੰਬਰ 1956 ਨੂੰ ਉਹ ਲੱਖਾਂ ਪੈਰੋਕਾਰਾਂ ਦੀਆਂ ਅੱਖਾਂ ’ਚ ਹੰਝੂ ਛੱਡ ਕੇ ਸ੍ਰੀਰਕ ਵਿਛੋੜਾ ਦੇ ਗਏ।
ਅੱਜ ਬਾਬਾ ਸਾਹਿਬ ਦੀ ਦੇਣ ਸਦਕਾ ਹੀ ਦਲਿਤ ਸਮਾਜ ਅਪਣੇ ਪੈਰਾਂ ’ਤੇ ਖੜਾ ਹੈ।

ਉਨ੍ਹਾਂ ਨੇ ਦਲਿਤਾਂ ਦੇ ਵੋਟ ਦੇ ਅਧਿਕਾਰ ਬਾਰੇ ਕਿਹਾ ਸੀ ਕਿ ਮੈਂ ਅਪਣੇ ਸਮਾਜ ਲਈ ਅਜਿਹਾ ਬੰਬ ਤਿਆਰ ਕਰ ਚਲਿਆ ਹਾਂ ਕਿ ਜੇਕਰ ਇਸ ਨੂੰ ਅਪਣੇ ਦੁਸ਼ਮਣ ਤੇ ਸੁੱਟਣਗੇ ਤਾਂ ਉਹ ਆਪ ਤਬਾਹ ਹੋ ਜਾਣਗੇ ਅਤੇ ਜੇਕਰ ਅਪਣੇ ਆਪ ਤੇ ਸੁੱਟਣਗੇ ਤਾਂ ਦੁਸ਼ਮਣ ਤਬਾਹ ਹੋ ਜਾਵੇਗਾ। ਪਰ ਦਲਿਤ ਲੋਕਾਂ ਨੇ ਬਾਬਾ ਸਾਹਿਬ ਦੇ ਇਸ ਸੰਦੇਸ਼ ਨੂੰ ਜਲਦੀ ਹੀ ਭੁਲਾ ਦਿੱਤਾ ਅਤੇ ਇਹ ਬੰਬ ਦੁਸ਼ਮਣ ਤੇ ਸੁੱਟਣ ਲੱਗ ਪਏ ਜਿਸ ਕਰ ਕੇ ਆਜ਼ਾਦੀ ਦੇ 75 ਵਰਿ੍ਹਆਂ ਬਾਅਦ ਵੀ ਦਲਿਤ ਸਮਾਜ ਛੂਆਛਾਤ ਅਤੇ  ਸਮਾਜਕ-ਆਰਥਕ ਨਾ-ਬਰਾਬਰੀ ਦੇ ਸ਼ਿਕਾਰ ਹਨ।

ਬਾਬਾ ਸਾਹਿਬ ਦਲਿਤ ਲੋਕਾਂ ਨੂੰ ਸ਼ਾਸਕ ਦੇ ਰੂਪ ਵਿਚ ਵੇਖਣਾ ਚਾਹੁੰਦੇ ਸਨ ਪਰ ਦੇਸ਼ ਦੀ ਕੁੱਲ ਆਬਾਦੀ ਦਾ 85 ਫ਼ੀਸਦੀ ਹੋਣ ’ਤੇ ਵੀ ਦਲਿਤ ਸੱਤਾ ਵਿਚ ਨਹੀਂ ਆ ਸਕੇ। ਉੱਚ ਸ਼੍ਰੇਣੀ ਦੇ ਲੋਕ ਦਲਿਤਾਂ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਦੇ ਹਨ। ਦਲਿਤਾਂ ਦਾ ਬਾਈਕਾਟ ਅੱਜ ਵੀ ਜਾਰੀ ਹੈ। ਰਾਖਵੇਂਕਰਨ ਦਾ ਲਾਭ ਵੀ ਅਮੀਰ ਦਲਿਤ ਲੋਕ ਉਠਾ ਰਹੇ ਹਨ। ਅੱਜ ਦਲਿਤ ਸਮਾਜ ਦੀ ਇਹ ਹਾਲਤ ਵੇਖ ਕੇ ਡਾਕਟਰ ਅੰਬੇਦਕਰ ਦੀ ਆਤਮਾ ਦਲਿਤ ਸਮਾਜ ਨੂੰ ਇਕ-ਜੁੱਟ ਹੋਣ ਲਈ ਪੁਕਾਰ ਰਹੀ ਹੈ ਪਰ ਇਹ ਲੋਕ ਅਪਣੇ ਹੱਕਾਂ ਪ੍ਰਤੀ ਸੁਚੇਤ ਅਤੇ ਕਦੋਂ ਇੱਕਜੁੱਟ ਹੋਣਗੇ ਪਤਾ ਨਹੀਂ? ਦਲਿਤ ਸਮਾਜ ਨੂੰ ਇਨ੍ਹਾਂ ਸਵਾਲਾਂ ਪ੍ਰਤੀ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ।

 

ਚਰਨਜੀਤ ਸਿੰਘ ਮੁਕਤਸਰ, ਸੈਂਟਰ ਮੁੱਖ ਅਧਿਆਪਕ, ਸਰਕਾਰੀ ਪ੍ਰਾਇਮਰੀ ਸਕੂਲ, ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 
ਮੋ. 9501300716