ਤਾਸ਼ ਨਿਰੀ ਖੇਡ ਹੀ ਨਹੀਂ ਗਿਆਨ ਦਾ ਸੋਮਾ ਵੀ ਹੈ 

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਤਾਸ਼ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੋਬਾਈਲ ਗੇਮਾਂ ਵਿਚ ਵੀ ਤਾਸ਼ ਗੇਮਾਂ ਨੂੰ ਵਿਕਸਤ ਕੀਤਾ ਜਾ ਰਿਹਾ ਹੈ।

Representational Image

ਟਾਈਮ ਪਾਸ ਲਈ ਤਾਸ਼ ਅਜੇ ਵੀ ਭਾਰਤੀਆਂ ਵਿਚ ਬਹੁਤ ਮਸ਼ਹੂਰ ਹੈ। ਤਾਸ਼ ਖੇਡਣ ਦੇ ਸ਼ੌਕੀਨ ਸਿਰਫ਼ ਇਕੱਠ ਦੀ ਉਡੀਕ ਕਰਦੇ ਹਨ। ਇਸ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੋਬਾਈਲ ਗੇਮਾਂ ਵਿਚ ਵੀ ਤਾਸ਼ ਗੇਮਾਂ ਨੂੰ ਵਿਕਸਤ ਕੀਤਾ ਜਾ ਰਿਹਾ ਹੈ। ਹਾਲਾਂਕਿ ਤਾਸ਼ ਖੇਡਾਂ ਦੀ ਕੋਈ ਗਿਣਤੀ ਨਹੀਂ ਹੈ ਪਰ ਕੁੱਝ ਖੇਡਾਂ ਜਿਵੇਂ ਸੀਪ, ਰਮੀ, ਚਾਰ ਸੌ ਵੀਹ, ਪੱਤੇ ਤੇ ਪੱਤਾ, ਸਰਾਂ ਬਣਾਉਣਾ ਭਾਰਤ ਵਿਚ ਸਭ ਤੋਂ ਵੱਧ ਪ੍ਰਸਿੱਧ ਹਨ।
ਤਾਸ਼ ਭਾਰਤ ਦੇ ਹਰ ਹਿੱਸੇ ਵਿਚ ਖੇਡੀ ਜਾਂਦੀ ਹੈ। ਪੰਜਾਬ ਦੇ ਪਿੰਡਾਂ ਦੇ ਬਹੁਤੇ ਲੋਕ ਅਪਣਾ ਵਾਧੂ ਸਮਾਂ ਸੱਥਾਂ ’ਚ ਤਾਸ਼ ਖੇਡ ਕੇ ਬਿਤਾਉਂਦੇ ਹਨ। ਤਾਸ਼ ਖੇਡਣਾ ਜਿਥੇ ਮਨੋਰੰਜਨ ਦਾ ਸਾਧਨ ਹੈ ਉਥੇ ਦਿਮਾਗ਼ੀ ਕਸਰਤ ਲਈ ਵੀ ਕਾਰਗਰ ਹੈ। ਭਾਰਤ ਵਿਚ ਤਾਸ਼ ਹਜ਼ਾਰਾਂ ਸਾਲਾਂ ਤੋਂ ਖੇਡੀ ਜਾ ਰਹੀ ਹੈ। ਪਹਿਲਾਂ ਇਹ ਸ਼ਾਹੀ ਘਰਾਣਿਆਂ ਦੀ ਖੇਡ ਸੀ ਪਰ ਸਮਾਂ ਪਾ ਕੇ ਇਹ ਤਿਉਹਾਰਾਂ ਮੇਲਿਆਂ ਵਿਚ ਵੀ ਖੇਡੀ ਜਾਣ ਲੱਗੀ।

ਭਾਰਤ ਵਿਚ ਤਾਸ਼ ਕਿਥੋਂ ਆਈ
ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਤਾਸ਼ ਖੇਡਣ ਦੀ ਸ਼ੁਰੂਆਤ ਚੀਨ ਤੋਂ ਹੋਈ ਸੀ। 868 ਵਿਚ ਚੀਨ ਦੇ ਰਾਜੇ ਲੀ ਜੂਨ ਦੀ ਬੇਟੀ ਤਾਂਕ ਚਾਨ ਅਪਣੇ ਪਤੀ ਦੇ ਰਿਸ਼ਤੇਦਾਰਾਂ ਨਾਲ ਪੱਤਿਆਂ ਦੀ ਇਹ ਖੇਡ ਖੇਡਦੀ ਸੀ। ਭਾਰਤ ਵਿਚ ਤਾਸ਼ ਖੇਡਣ ਦਾ ਇਤਿਹਾਸ ਸਰਕੂਲਰ ਗੰਜੀਫਾ/ਗੰਜੱਪਾ ਤਾਸ਼ ਨਾਲ ਸੁਰੂ ਹੁੰਦਾ ਹੈ। ਇਹਨਾਂ ਦਾ ਪਹਿਲਾ ਜ਼ਿਕਰ ਮੁਗ਼ਲ ਬਾਦਸ਼ਾਹ ਬਾਬਰ ਦੀਆਂ ਯਾਦਾਂ ਤੋਂ ਮਿਲਦਾ ਹੈ। ਸੰਨ 1527 ਵਿਚ ਮੁਗ਼ਲ ਬਾਦਸਾਹ ਬਾਬਰ ਨੇ ਸਿੰਧ ਵਿਚ ਅਪਣੇ ਦੋਸਤ ਸ਼ਾਹ ਹੁਸੈਨ ਨੂੰ ਗੰਜੀਫ਼ਾ ਦਾ ਇਕ ਸੈੱਟ ਭੇਂਟ ਕੀਤਾ ਸੀ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਗੰਜੀਫ਼ਾ ਪਾਰਸੀ ਸਭਿਆਚਾਰ ਤੋਂ ਪ੍ਰੇਰਤ ਸੀ।

ਬਾਦਸਾਹ ਬੇਗ਼ਮ ਤੇ ਇੱਕਾ (1) ਭਾਰੀ 
ਤਾਸ਼ ਖੇਡਣ ਦੇ ਇਤਿਹਾਸਕਾਰ ਸੈਮੂਅਲ ਸਿੰਗਰ ਅਨੁਸਾਰ, ਤਾਸ਼ ਖੇਡਣ ਦੀ ਆਧੁਨਿਕ ਤਾਰੀਖ਼ ਫਰਾਂਸੀਸੀ ਸਮਾਜਕ ਸਥਿਤੀ ਨੂੰ ਦਰਸਾਉਂਦੀ ਹੈ। ਤਾਸ਼ ਵਿਚ 4 ਕਿਸਮ ਦੇ ਕਾਰਡ ਹਨ - ਹੁਕਮ, ਪਾਨ, ਇੱਟ ਅਤੇ ਚਿੜੀ। ਫਰੈਂਚ ਡੇਕ ਵਿਚ ਰਾਇਲਟੀ ਦੇ ਪ੍ਰਤੀਕ ਕੁੰਡੇ, ਪਾਦਰੀਆਂ ਲਈ ਪਾਨ (ਦਿਲ), ਵਪਾਰੀਆਂ ਲਈ ਇੱਟ ਜਾਂ ਹੀਰਾ ਤੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਚਿੜੀ ਸਨ। ਦਿਲਚਸਪ ਗੱਲ ਇਹ ਹੈ ਕਿ ਇਸ ਕਾਰਨ ਕਰ ਕੇ ਇੱਕਾ ਭਾਵ (1) ਫਰਾਂਸੀਸੀ ਕ੍ਰਾਂਤੀ ਤੋਂ ਬਾਅਦ ਡੈੱਕ ਦਾ ਸਿਖ਼ਰਲਾ ਕਾਰਡ ਬਣ ਗਿਆ। ਇਹ ਦਰਸਾਉਂਦਾ ਹੈ ਕਿ ਕਿਵੇਂ ਆਮ ਲੋਕਾਂ ਨੇ ਰਾਜਾਸ਼ਾਹੀ ਦਾ ਤਖ਼ਤਾ ਪਲਟ ਦਿਤਾ। ਇਸ ਲਈ ਇੱਕਾ (1) ਸੱਭ ਤੋਂ ਵੱਧ ਸ਼ਕਤੀਸਾਲੀ ਹੁੰਦਾ ਹੈ ਜੋ ਆਮ ਆਦਮੀ ਜਾਂ ਕ੍ਰਾਂਤੀਕਾਰੀਆਂ ਦਾ ਪ੍ਰਤੀਕ ਹੁੰਦਾ ਹੈ।

ਸਾਲ ਦਾ ਕੈਲੰਡਰ ਹੈ ਤਾਸ਼
ਤਾਸ਼ ਸਾਲ ਦਾ ਕੈਲੰਡਰ ਹੈ। ਇਸ ਦੇ 52 ਪੱਤੇ ਦਸਦੇ ਹਨ ਕਿ ਸਾਲ ਵਿਚ 52 ਹਫ਼ਤੇ ਹੁੰਦੇ ਹਨ। ਤਾਸ਼ ਦੇ ਪੱਤੇ ਚਾਰ ਰੰਗ ਦੇ ਹੁੰਦੇ ਹਨ ਹੁਕਮ, ਇੱਟ, ਚਿੜੀ ਤੇ ਪਾਨ ਜੋ ਇਹ ਦਸਦੇ ਹਨ ਕਿ ਸਾਲ ਵਿਚ ਚਾਰ ਰੁੱਤਾਂ ਆਉਂਦੀਆਂ ਹਨ। ਹਰ ਰੰਗ ਦੇ 13 ਪੱਤੇ ਹੁੰਦੇ ਹਨ ਜੋ ਇਸ ਗੱਲ ਦੀ ਜਾਣਕਾਰੀ ਦਿੰਦੇ ਹਨ ਕਿ ਹਰ ਰੁੱਤ 13 ਹਫ਼ਤਿਆਂ ਦੀ ਰਹਿੰਦੀ ਹੈ। ਜੇ 52 ਪੱਤਿਆਂ ਦੇ ਕੁਲ ਅੰਕਾਂ ਦਾ ਜੋੜ ਤੇ ਜੋਕਰ ਦਾ ਇਕ ਅੰਕ ਮੰਨ ਕੇ ਜੋੜ ਕੀਤਾ ਜਾਵੇ ਤਾਂ ਇਨ੍ਹਾਂ ਦਾ ਜੋੜ 365 ਹੋਵੇਗਾ ਜਿਸ ਤੋਂ ਪਤਾ ਲਗਦਾ ਹੈ ਕਿ ਸਾਲ ਵਿਚ 365 ਦਿਨ ਹੁੰਦੇ ਹਨ। ਹੁਕਮ ਤੇ ਚਿੜੀ ਰਾਤ ਦੇ ਪ੍ਰਤੀਕ ਹਨ। ਪਾਨ ਤੇ ਇੱਟ ਦਿਨ ਦੇ ਪ੍ਰਤੀਕ ਹਨ। ਇਸ ਤਰ੍ਹਾਂ ਤਾਸ਼ ਵਿਚ ਸਾਲ ਦੀਆਂ ਸਾਰੀਆਂ ਰੁੱਤਾਂ, ਹਫ਼ਤੇ ਤੇ ਦਿਨਾਂ ਦੀ ਗਿਣਤੀ ਬਾਰੇ ਰੋਚਕ ਢੰਗ ਨਾਲ ਦਸਿਆ ਗਿਆ ਹੈ।

ਹਰਪ੍ਰੀਤ ਸਿੰਘ ਉੱਪਲ
ਮੋ. 8054020692