ਕੀ ਚੀਨ ਭਾਰਤ ਨਾਲ ਲੜਾਈ ਕਰੇਗਾ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਇਸ ਦੇ ਇਰਾਦੇ ਕਦੇ ਵੀ ਨੇਕ ਨਹੀਂ ਰਹੇ

India and China

ਕੋਰੋਨਾ ਮਹਾਂਮਾਰੀ ਵਾਲੇ ਸਰਗਰਮ ਮੁੱਦੇ ਨੂੰ ਲੈ ਕੇ ਦੁਨੀਆਂ ਭਰ ਦੇ ਮੁਲਕਾਂ ਦੀਆਂ ਨਜ਼ਰਾਂ ਚੀਨ ਦੇ ਵਿਵਾਦਗ੍ਰਸਤ ਵੁਹਾਨ ਵਲ ਨੂੰ ਟਿਕੀਆਂ ਹੋਈਆਂ ਹਨ। ਕੋਰੋਨਾ ਵਾਇਰਸ ਨਾਲ ਜੰਗ ਲੜ ਰਹੀ ਮੋਦੀ ਸਰਕਾਰ ਦਾ ਧਿਆਨ ਵੁਹਾਨ ਦੀ ਬਜਾਏ ਸੀਮਾਂ ਵਰਤੀ ਇਲਾਕੇ ਵਲ ਕੇਂਦਰਤ ਕਰਨ ਖ਼ਾਤਰ ਚੀਨ ਘਿਨਾਉਣੀਆਂ ਚਾਲਾਂ ਚੱਲ ਰਿਹਾ ਹੈ। ਪਹਿਲਾਂ 5-6 ਮਈ ਨੂੰ ਲੱਦਾਖ਼ ਦੇ ਪਛਮੀ ਸੈਕਟਰ ਵਿਚ ਪੈਂਦੇ ਪੈਂਗੋਗ-ਸੋ ਝੀਲ ਦੇ ਉਤਰ ਵਲ ਚੀਨੀ ਭਾਰਤੀ ਖੇਤਰਫਲ ਵਿਚ ਇਕ ਤੋਂ ਤਿੰਨ ਕਿਲੋਮੀਟਰ ਤਕ ਪ੍ਰਵੇਸ਼ ਕਰ ਕੇ ਕਮੀਨੀਆਂ ਹਰਕਤਾਂ 'ਤੇ ਉਤਰ ਆਏ ਅਤੇ ਸੁਰੱਖਿਆ ਦਸਤਿਆਂ ਉਪਰ ਪੱਥਰਾਂ-ਡੰਡਿਆਂ ਅਤੇ ਤਾਰ ਵਾਲੇ ਸਰੀਏ ਨਾਲ ਹਮਲਾ ਕਰ ਦਿਤਾ।

ਫਿਰ 9 ਮਈ ਨੂੰ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ) ਦੀ ਤਕਰੀਬਨ ਇਕ ਕੰਪਨੀ ਵਾਲੀ ਨਫ਼ਰੀ ਨੇ ਸਿੱਕਿਮ ਦੇ ਨਾਕੂਲਾ ਵਿਚ ਲਾਈਨ ਆਫ਼ ਐਕਚੂਅਲ ਕੰਟਰੋਲ (ਐਲ.ਏ.ਸੀ) ਦੀ ਉਲੰਘਣਾ ਕਰ ਕੇ ਭਾਰਤੀ ਫ਼ੌਜੀਆਂ ਨਾਲ ਝੜਪਾਂ ਕੀਤੀਆਂ। ਦੋਵੇਂ ਸਥਾਨਾਂ ਤੇ ਸੁਰੱਖਿਆ ਦਲਾਂ ਦੇ ਬਹਾਦਰ ਜਵਾਨਾਂ ਨੇ ਪੀ.ਐਲ.ਏ. ਦੇ ਹਮਲਾਵਰਾਂ ਦਾ ਮੂੰਹ ਤੋੜਵਾਂ ਜਵਾਬ ਦਿਤਾ ਜਿਸ ਕਾਰਨ ਦੋਵੇਂ ਧਿਰਾਂ ਦੇ ਭਿੜਨ ਵਾਲਿਆਂ ਨੂੰ ਸੱਟਾਂ ਵੀ ਵੱਜੀਆਂ।

ਪਹਿਲਾਂ ਤੋਂ ਹੀ ਤਿਆਰ ਪੀ.ਐਲ.ਏ. ਨੇ ਭਾਰਤ ਦੇ ਵਿਵਾਦ ਰਹਿਤ ਉਤਰੀ ਲੱਦਾਖ ਵਿਚ ਗਲਵਾਨ ਘਾਟੀ ਤੇ ਦਿਮਚੋਕ ਨਾਲ ਛੂੰਹਦੀ ਐਲ.ਏ.ਸੀ. ਦੇ ਇਰਦ-ਗਿਰਦ ਚੀਨੀਆਂ ਨੇ ਭਾਰੀ ਗਿਣਤੀ ਵਿਚ ਅਪਣੀਆਂ ਤੋਪਾਂ, ਟੈਂਕਾਂ, ਮਿਜ਼ਾਈਲਾਂ ਆਦਿ ਨਾਲ ਪਾਲਬੰਦੀ ਸ਼ੁਰੂ ਕਰ ਦਿਤੀ। ਭਾਰਤੀ ਫ਼ੌਜ ਨੇ ਵੀ ਅਪਣੇ ਲਾਮ-ਲਸ਼ਕਰ ਨਾਲ ਲੱਦਾਖ ਦੇ ਪਛਮੀ ਖੇਤਰ ਵਿਚ ਨਿਰਧਾਰਤ ਮੋਰਚੇ ਸੰਭਾਲ ਲਏ ਤੇ ਹਰ ਕਿਸਮ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੋ ਗਏ। ਬੌਖਲਾਏ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਸ਼ ਦੇ ਚੋਟੀ ਦੇ ਅਧਿਕਾਰੀਆਂ ਦੀ ਇਕ ਬੈਠਕ ਵਿਚ ਪੀ.ਐਲ.ਏ. ਨੂੰ ਅਪਣੀ ਇੱਛਾ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਆਖਦਿਆਂ ਇੰਜ ਕਿਹਾ, ''ਇਸ ਸਮੇਂ ਉਹ ਸੱਭ ਕੁੱਝ ਕਰਨ ਦੀ ਜ਼ਰੂਰਤ ਹੈ, ਜੋ ਜੰਗ ਲਈ ਜ਼ਰੂਰੀ ਹੁੰਦਾ ਹੈ।''

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਦੋਵਾਲ ਤੇ ਚੀਫ਼ ਆਫ਼ ਡਿਫ਼ੈਂਸ ਸਟਾਫ਼ (ਸੀ.ਡੀ.ਐਸ.) ਜਨਰਲ ਬਿਪਿਨ ਰਾਵਤ ਨਾਲ ਸੁਰੱਖਿਆ ਚੁਨੌਤੀਆਂ ਬਾਰੇ ਚਰਚਾ ਕੀਤੀ। ਰਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਸੀ.ਡੀ.ਐਸ. ਤੇ ਤਿੰਨਾਂ ਫ਼ੌਜ ਮੁਖੀਆਂ ਨਾਲ ਮਹਾਂਮੰਥਨ ਉਪਰੰਤ ਸਪੱਸ਼ਟ ਕਰ ਦਿਤਾ ਕਿ ਜੰਗਬੰਦੀ ਲਈ ਗੱਲਬਾਤ ਜਾਰੀ ਰਹੇਗੀ ਪਰ ਭਾਰਤੀ ਫ਼ੌਜਾਂ ਉਥੇ ਅਪਣੀ ਪ੍ਰਭੂਸੱਤਾ ਨਾਲ ਬਿਲਕੁਲ ਸਮਝੌਤਾ ਨਹੀਂ ਕਰਨਗੀਆਂ ਤੇ ਅਪਣੀ ਪਕੜ ਕਾਇਮ ਰਖਣਗੀਆਂ।

ਬਸ ਫਿਰ ਮੀਡੀਆ ਤਾਂ 'ਵਾਲ ਦੀ ਖੱਲ ਲਾਹੁਣਾ' ਜਾਣਦਾ ਹੀ ਹੈ, ਕਈ ਚੈਨਲਾਂ ਵਾਲਿਆਂ ਨੇ ਮੈਨੂੰ ਆ ਘੇਰਿਆ। ਮੁੱਖ ਤੌਰ 'ਤੇ ਵੱਡਾ ਸਵਾਲ ਤਾਂ ਇਹ ਸੀ ਕਿ ਕੀ ਚੀਨ ਨਾਲ ਜੰਗ ਲੱਗੇਗੀ? ਫਿਰ ਕੀ ਅਸੀ ਤਿਆਰ ਹਾਂ? ਇਨ੍ਹਾਂ ਸਵਾਲਾਂ ਦਾ ਉਤਰ ਦੇਣਾ ਤਾਂ ਹੀ ਸੰਭਵ ਹੋਵੇਗਾ ਜੇਕਰ ਪਹਿਲਾਂ ਤਣਾਅ ਪੂਰਨ ਸਥਿਤੀ ਦੇ ਕਾਰਨ ਤੇ ਪਿਛੋਕੜ ਤੇ ਝਾਤ ਮਾਰੀ ਜਾਵੇ।

ਇਰਾਦੇ ਨੇਕ ਨਹੀਂ-ਪਿਛੋਕੜ: ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਚੀਨ ਦੇ ਕਰਤਾ ਧਰਤਾ ਚਾਊ ਐਨ ਲਾਈ ਤੇ ਮਾਊ ਜ਼ੇ ਤੁੰਗ ਵਰਗੇ ਆਗੂਆਂ ਨਾਲ ਭਾਈਚਾਰਕ ਸਾਂਝ ਵਧਾਉਣ ਖ਼ਾਤਰ 'ਪੰਚਸ਼ੀਲ' ਨਾਂ ਦਾ ਐਲਾਨਨਾਮਾ ਕੀਤਾ ਤੇ ਹਿੰਦੀ-ਚੀਨੀ ਭਾਈ-ਭਾਈ ਦੇ ਨਾਹਰੇ ਗੂੰਜਣ ਲੱਗੇ। ਸੰਨ 1950 ਦੇ ਦਹਾਕੇ ਵਿਚ ਸੱਭ ਤੋਂ ਪਹਿਲਾਂ ਬੀਜਿੰਗ ਨੇ ਕਾਨੂੰਨੀ ਤੌਰ 'ਤੇ ਭਾਰਤ ਦੇ ਇਲਾਕੇ ਅਕਸਾਈਚਿਨ ਵਿਚੋਂ ਸੜਕ ਕੱਢ ਕੇ ਅਪਣੇ ਮੁਲਕ ਦੇ ਮੁਸਲਿਮ ਬਹੁਲਤਾ ਵਾਲੇ ਸੂਬੇ ਸ਼ਿਨਜ਼ਿਆਰਾ ਨੂੰ ਤਿੱਬਤ ਨਾਲ ਜੋੜ ਦਿਤਾ ਤੇ ਲਗਭਗ 38 ਹਜ਼ਾਰ ਵਰਗ ਕਿਲੋਮੀਟਰ ਵਾਲੇ ਕਸ਼ਮੀਰ ਦੇ ਉੱਤਰ ਪੂਰਬੀ ਖੇਤਰ ਦੇ ਪਹਾੜੀ ਇਲਾਕੇ ਨੂੰ ਹੜੱਪ ਕਰ ਲਿਆ ਤੇ ਸਾਨੂੰ ਸੂਹ ਵੀ ਨਾ ਲੱਗਣ ਦਿਤੀ।

ਸੰਨ 1959 ਵਿਚ ਜਦੋਂ ਚੀਨ ਨੇ ਤਿੱਬਤ ਦੇ ਵਿਸ਼ਾਲ ਖ਼ਿੱਤੇ 'ਤੇ ਕਬਜ਼ਾ ਕਰ ਲਿਆ ਤੇ ਜਦੋਂ ਧਾਰਮਕ ਆਗੂ ਦਲਾਈਲਾਮਾ ਨੇ ਭਾਰਤ ਵਿਚ ਸ਼ਰਨ ਲਈ ਤਾਂ ਸਰਹੱਦੀ ਵਿਵਾਦ ਸ਼ੁਰੂ ਹੋ ਗਿਆ ਤੇ ਫਿਰ ਚੀਨ ਨੇ ਲੋਰਾਜ (ਅਰੁਣਾਚਲ ਪ੍ਰਦੇਸ਼) ਅਤੇ ਕੋਰਾਕਾ ਦੌਰੇ ਉਤੇ ਜੰਗੀ ਟ੍ਰੇਲਰ ਵਿਖਾਇਆ। ਸੰਨ 1962 ਜੰਗ ਤੋਂ ਬਾਅਦ ਸੰਨ 1967 ਵਿਚ ਜਦੋਂ ਚੀਨ ਦੀਆਂ ਫ਼ੌਜਾਂ ਸਿੱਕਿਮ ਦੇ ਨਾਥੂਲਾ ਵਲ ਨੂੰ ਵਧੀਆਂ ਤਾਂ ਭਾਰਤੀ ਫ਼ੌਜ ਨੇ ਡੱਟ ਕੇ ਮੁਕਾਬਲਾ ਕੀਤਾ ਤੇ ਇਸ ਖ਼ੂਨੀ ਜੰਗ ਵਿਚ ਕਈ ਜੁਝਾਰੂ ਸ਼ਹਾਦਤ ਦਾ ਜਾਮ ਪੀ ਗਏ। ਬਾਅਦ ਵਿਚ ਪੀ.ਐਲ.ਏ. ਪਿਛਾਂਹ ਹੱਟ ਗਈ। ਰਾਜ ਭਾਗ ਦੇ ਵਿਸਤਾਰ ਵਾਲੀ ਨੀਤੀ ਦੇ ਅੰਤਰਗਤ ਇਕ ਵਾਰ ਫਿਰ ਘਿਨਾਉਣੀ ਚਾਲ ਚਲਦਿਆਂ ਸੰਨ 1986 ਵਿਚ ਪੀ.ਐਲ.ਏ ਅਰੁਣਾਂਚਲ ਦੇ ਵਾਂਗਚੁੰਗ ਹਿੱਸੇ ਵਲ ਨੂੰ ਵਧੀ ਤਾਂ ਭਾਰਤੀ ਫ਼ੌਜ ਦੇ ਮੁਖੀ ਜਨਰਲ ਸੁੰਦਰਜੀ ਨੇ ਤੁਰਤ ਕਾਰਵਾਈ ਕਰਦਿਆਂ ਇਕ ਬ੍ਰਿਗੇਡ ਦੀ ਨਫ਼ਰੀ ਇਸ ਇਲਾਕੇ ਵਿਚ ਏਅਰਲਿਫ਼ਟ ਕੀਤੀ ਜਿਸ ਨਾਲ ਲੜਾਈ ਟਲ ਗਈ।

ਇਕ ਡੂੰਘੀ ਕਾਨੂੰਨੀਤਕ ਚਾਲ ਚਲਦਿਆਂ ਸੰਨ 1963 ਵਿਚ ਚੀਨ ਨੇ ਪਾਕਿਸਤਾਨ ਨਾਲ ਸਮਝੌਤਾ ਕਰ ਕੇ ਕਸ਼ਮੀਰ ਦਾ 5120 ਵਰਗ ਦਕਿਲੋਮੀਟਰ ਹਿੱਸਾ ਅਪਣੇ ਕਬਜ਼ੇ ਵਿਚ ਲੈ ਲਿਆ ਜੋ ਕਾਨੂੰਨੀ ਤੌਰ 'ਤੇ ਭਾਰਤ ਦਾ ਹਿੱਸਾ ਸੀ। ਜ਼ਿਕਰਯੋਗ ਹੈ ਕਿ ਚੀਨ ਨੇ ਅਰੁਣਾਂਚਲ ਪ੍ਰਦੇਸ਼ ਨੂੰ ਕਦੇ ਵੀ ਭਾਰਤ ਦਾ ਹਿੱਸਾ ਨਹੀਂ ਸਵੀਕਾਰਿਆ ਤੇ ਪੀ.ਐਲ.ਏ. ਅਕਸਰ ਤਵਾਂਗ ਇਲਾਕੇ ਦੇ ਪਿੰਡਾਂ ਤੇ ਫ਼ੌਜੀ ਚੌਕੀਆਂ ਨੂੰ ਘੇਰਨ ਵਾਲੀਆਂ ਹਰਕਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਕਿ ਸੰਨ 2003 ਵਿਚ ਅਰੁਣਾਂਚਲ ਪ੍ਰਦੇਸ਼ ਵਿਚ ਇਕ ਸਥਾਨਕ ਵਿਧਾਇਕ ਨੋਕਨ ਤਾਸਾਰ ਨੇ ਇਨ੍ਹਾਂ ਵਾਰਦਾਤਾਂ ਨੂੰ ਕਬੂਲਿਆ। ਫਿਰ ਸੰਨ 2005 ਵਿਚ ਉਸ ਇਲਾਕੇ ਦੇ ਸਾਂਸਦ ਨੇ ਚੀਨ ਦੀਆਂ ਕੋਝੀਆਂ ਹਰਕਤਾਂ ਬਾਰੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਜਾਣਕਾਰੀ ਦਿਤੀ।

ਸੰਨ 2009 ਵਿਚ ਚੀਨ ਦੇ ਹੈਲੀਕਾਪਟਰ ਤੇ ਪੈਦਲ ਫ਼ੌਜ ਲੱਦਾਖ ਦੇ ਚੁਮਾਰ ਸੈਕਟਰ ਵਿਚ ਪੱਥਰਾਂ ਉਪਰ ਲਾਲ ਰੰਗ ਨਾਲ ਡਰੈਗਨ ਬਣਾ ਗਏ। ਅਪ੍ਰੈਲ-ਮਈ 2013 ਵਿਚ ਪੀ.ਐਲ.ਏ. ਦੀ ਲਗਭਗ ਇਕ ਪਲਟੂਨ ਵਾਲੀ ਨਫ਼ਰੀ ਸਾਜ਼ੋ-ਸਮਾਨ ਤੇ ਦੋ ਕੁੱਤਿਆਂ ਸਮੇਤ ਲਦਾਖ਼ ਸੈਕਟਰ ਵਿਚ ਤਕਰੀਬਨ 19 ਕਿ.ਮੀ. ਤਕ ਦੌਲਤਬਾਗ ਉਲਡੀ ਵਿਚ ਦਾਖ਼ਲ ਹੋ ਕੇ ਅਪਣੇ ਤੰਬੂ ਗੱਡ ਦਿਤੇ। ਸੰਨ 2017 ਵਾਲਾ ਡੋਕਲਾਮ ਕਿੱਸਾ ਕੌਣ ਨਹੀਂ ਜਾਣਦਾ?

ਬਾਜ ਵਾਲੀ ਨਜ਼ਰ: ਭਾਰਤ-ਚੀਨ ਨਾਲ ਲਗਦੀ ਤਕਰੀਬਨ 4 ਹਜ਼ਾਰ ਕਿ.ਮੀ. ਵਾਲੀ ਐਲ.ਓ.ਸੀ. ਉੱਚ ਪਰਬਤੀ ਇਲਾਕਿਆਂ, ਗਲੇਸ਼ੀਅਰ, ਡੂੰਘੀ ਜੰਗਲ ਭਰਪੂਰ ਵਾਦੀਆਂ ਵਿਚੋਂ ਨਿਕਲਦੀ ਦਰਿਆਵਾਂ ਨੂੰ ਛੂੰਹਦੀ ਦੇਸ਼ ਦੇ ਤਿੰਨ ਵੱਡੇ ਖੇਤਰਫਲਾਂ ਯਾਨੀ ਪਛਮੀ ਸੈਕਟਰ (ਕਸ਼ਮੀਰ-ਲੱਦਾਖ਼), ਵਿਚਕਾਰਲਾ ਹਿੱਸਾ (ਉੱਤਰਾਖੰਡ ਤੇ ਹਿਮਾਚਲ) ਤੇ ਪੂਰਬੀ ਸੈਕਟਰ (ਸਿੱਕਮ ਤੇ ਅਰੁਣਾਂਚਲ) ਨਾਲ ਸਬੰਧਤ ਹੈ ਜਿਸ ਦੀ ਕਦੇ ਹੱਦਬੰਦੀ ਨਹੀਂ ਕੀਤੀ ਗਈ।

ਇਸੇ ਕਰ ਕੇ ਦੋਹਾਂ ਮੁਲਕਾਂ ਦੀਆਂ ਗਸ਼ਤ ਲਾਉਣ ਵਾਲੀਆਂ ਟੁਕੜੀਆਂ ਵਿਸ਼ੇਸ਼ ਤੌਰ 'ਤੇ ਪੀ.ਐਲ.ਏ., ਅਕਸਰ ਐਲ.ਓ.ਸੀ. ਦੀ ਉਲੰਘਣਾ ਕਰਦੀਆਂ ਰਹਿੰਦੀਆਂ ਹਨ ਤੇ ਟਕਰਾਅ ਵਾਲੀ ਸਥਿਤੀ ਪੈਦਾ ਹੋ ਜਾਂਦੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਗਲਵਾਨ ਵਾਦੀ ਤੇ ਨਾਕੂਲ ਉਨ੍ਹਾਂ 16 ਸਥਾਨਾਂ ਵਿਚੋਂ ਨਹੀਂ ਜਿਥੇ ਹੱਦਬੰਦੀ ਬਾਰੇ ਮੁਢਲੀ ਮਤਭੇਦ ਹੋਣ, ਫਿਰ ਐਸਾ ਕਿਉਂ? ਇਸ ਲਈ ਕਿ ਚੀਨ ਪਅਣੀ ਵਿਸਤਾਰ ਵਾਲੀ ਨੀਤੀ 'ਤੇ ਚਲਦਿਆਂ ਕੇਵਲ ਏਸ਼ੀਆ ਦੇ ਮੁਲਕਾਂ ਵਿਚ ਨਹੀਂ ਬਲਕਿ ਵਿਸ਼ਵ ਭਰ ਵਿਚ ਅਪਣੀ ਪਕੜ ਮਜ਼ਬੂਤ ਕਰਨਾ ਚਾਹੁੰਦਾ ਹੈ।

ਜਿਥੋਂ ਤਕ ਹੁਣ ਲੱਦਾਖ਼ ਦੇ ਉੱਤਰ-ਪੂਰਬੀ ਇਲਾਕੇ ਵਿਚ ਤਣਾਅਪੂਰਨ ਸਥਿਤੀ ਪੈਦਾ ਹੋਣ ਦਾ ਸਬੰਧ ਹੈ, ਇਥੇ ਇਹ ਦਸਣਾ ਉਚਿਤ ਹੋਵੇਗਾ ਕਿ ਤਿੱਬਤ ਦੇ 14 ਹਜ਼ਾਰ ਫੁੱਟ ਦੀ ਉੱਚਾਈ ਵਾਲੇ ਗਲੇਸ਼ੀਅਰ ਵਿਚੋਂ ਨਿਕਲੀ 135 ਕਿਲੋਮੀਟਰ ਲੰਮੀ ਕੁਦਰਤੀ ਨਜ਼ਾਰਿਆਂ ਵਾਲੀ ਝੀਲ ਪਨਗੋਂਗ ਜਿਸ ਦਾ ਦੋ ਤਿਹਾਈ ਹਿੱਸਾ ਚੀਨ ਵਿਚ ਤੇ ਬਾਕੀ ਲੱਦਾਖ਼ ਸੈਕਟਰ ਵਿਚ ਹੈ, ਇਸ ਦੇ ਕਿਨਾਰੇ ਉੱਤਰੀ ਹਿੱਸੇ ਵਿਚ 8 ਪਰਬਤ ਸ਼੍ਰੇਣੀਆਂ ਵਾਲਾ ਸਿਲਸਿਲਾ ਹੈ ਜਿਸ ਨੂੰ ਫ਼ੌਜ ਵਲੋਂ 'ਫ਼ਿੰਗਰਜ਼' ਵਿਚ 2 ਤੋਂ 5 ਕਿਲੋਮੀਟਰ ਵਾਲਾ ਫ਼ਾਸਲਾ ਹੈ। ਭਾਰਤ ਅਨੁਸਾਰ ਐਲ.ਓ.ਸੀ. ਅੱਠਵੀਂ ਫ਼ਿੰਗਰ ਨਾਲੋਂ ਗੁਜ਼ਰਦੀ ਹੈ ਪਰ ਚੀਨ ਉਸ ਨੂੰ ਦੂਜੀ ਫ਼ਿੰਗਰ ਤਕ ਧਕੇਲਣਾ ਚਾਹੁੰਦਾ ਹੈ ਜਿਸ ਦਾ ਅਰਥ ਬੀਜਿੰਗ ਭਾਰਤ ਦੇ ਤਕਰੀਬਨ 10-20 ਕਿਲੋਮੀਟਰ ਰਣਨੀਤਕ ਮਹੱਤਤਾ ਵਾਲਾ ਹੋਰ ਇਲਾਕਾ ਹੜੱਪ ਕਰਨਾ ਚਾਹੁੰਦਾ ਹੈ। ਇਸੇ ਇਲਾਕੇ 'ਚ ਉਸ ਨੇ ਫ਼ੌਜ ਇਕੱਠੀ ਕੀਤੀ ਹੋਈ ਹੈ ਅਤੇ ਸਾਨੂੰ ਪੈਟਰੋਲ ਨਹੀਂ ਕਰਨ ਦਿਤੀ ਜਾ ਰਹੀ।

ਦੱਸਣਯੋਗ ਹੈ ਕਿ ਮਿਲਟਰੀ ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਨੂੰ ਸੰਨ 1992 ਵਿਚ ਬ੍ਰਿਗੇਡ ਕਮਾਂਡਰ ਦੇ ਤੌਰ 'ਤੇ ਹਾਲਾਂਕਿ ਇਹ ਮੇਰਾ ਆਪ੍ਰੇਸ਼ਨਲ ਜ਼ਿੰਮੇਵਾਰੀ ਵਾਲਾ ਇਲਾਕਾ ਨਹੀਂ ਸੀ, ਪਰ ਇਕ ਖੋਜੀ ਦੇ ਤੌਰ 'ਤੇ ਅਪਣੀ ਭੂ-ਵਿਗਿਆਨੀ ਬੇਟੀ ਡਾ. ਅਮਨਦੀਪ ਕਾਹਲੋਂ ਨਾਲ ਇਸ ਇਲਾਕੇ ਦਾ ਅਧਿਐਨ ਕਰਨ ਦਾ ਅਵਸਰ ਪ੍ਰਾਪਤ ਹੋਇਆ। ਝੀਲ ਦੇ ਨਾਲ ਇਕ ਆਪ੍ਰੇਸ਼ਨਲ ਟਰੈਕ ਸਰਹੱਦੀ ਇਲਾਕੇ ਵਲ ਨੂੰ ਜਾਂਦਾ ਸੀ ਜੋ ਕਿ ਬਹੁਤਾ ਵਧੀਆ ਨਹੀਂ ਸੀ। ਹੁਣ ਜਦੋਂ ਭਾਰਤ ਰਣਨੀਤਕ ਪੱਖੋਂ ਇਸ ਮਹੱਤਵਪੂਰਨ ਇਲਾਕੇ ਦੇ ਵਿਕਾਸ ਤੇ ਸਥਿਤੀ ਵਧੇਰੇ ਮਜ਼ਬੂਤ ਕਰਦਾ ਜਾ ਰਿਹਾ ਹੈ ਜੋ ਕਿ ਚੀਨ ਨੂੰ ਹਜ਼ਮ ਨਹੀਂ ਹੋ ਰਿਹਾ।

ਮਿਸਾਲ ਦੇ ਤੌਰ 'ਤੇ ਦਰਬਾਰ-ਸ਼ਾਈਓਕ, ਦੌਲਤ ਬਾਗਓਲਡੀ 255 ਕਿ.ਮੀ. ਵਾਲੀ ਸੜਕ ਚਾਲੂ ਹੋ ਗਈ ਹੈ ਜਿਸ ਨੂੰ ਹੁਣ ਕੁੱਝ ਲਿੰਕ ਸੜਕਾਂ ਨਾਲ ਜੋੜਿਆ ਜਾ ਰਿਹਾ ਹੈ। ਇਹ ਸੜਕ ਐਲ.ਓ.ਸੀ. ਦੇ ਤਕਰੀਬਨ ਸਮਾਨਾਂਤਰ ਰਹਿੰਦੀਆਂ ਗਲਵਾਨ ਘਾਟੀ ਦੇ ਦਿਪਸਾਂਗ ਵਾਲੇ ਆਪਰੇਸ਼ਨਲ ਜ਼ਿੰਮੇਵਾਰੀ ਇਲਾਕੇ ਵਿਚ ਫ਼ੌਜਾਂ ਆਸਾਨੀ ਨਾਲ ਪਹੁੰਚ ਸਕਦੀਆਂ ਹਨ ਅਤੇ ਅਗਲੀ ਪੰਗਤੀ ਵਾਲੇ ਪੁਰਾਣੇ ਏਅਰ ਬੇਸ ਤੇ ਏ.ਐਲ.ਜੀ. ਨੂੰ ਅਪਗਰੇਡ ਕੀਤਾ ਜਾ ਰਿਹਾ ਹੈ ਤੇ ਚੀਨ ਨੇ ਹੁਣ ਕਈ ਸਵਾਲੀਆ ਚਿੰਨ੍ਹ ਲਗਾਏ ਹਨ।
ਚੀਨ ਨੇ ਤਿੱਬਤ ਵਿਚ ਅਕਸਾਈ ਚਿਨ ਸਮੇਤ 58 ਹਜ਼ਾਰ ਕਿਲੋਮੀਟਰ ਵਾਲੀਆਂ ਸੜਕਾਂ ਤੇ ਰੇਲ ਲਾਈਨਾਂ ਦਾ ਜਾਲ ਵਿਛਾ ਰਖਿਆ ਹੈ। ਅਨੇਕਾਂ ਸਿਕਮ ਦੇ ਮਿਸਾਈਲ ਟਿਕਾਣੇ ਤੇ ਹੋਰ ਮਿਲਟਰੀ ਛਾਉਣੀਆਂ ਮਜ਼ਬੂਤ ਕੀਤੀਆਂ ਜਾ ਰਹੀਆਂ ਹਨ ਤੇ 14 ਹਵਾਈ ਅੱਡੇ ਵੀ ਇਸੇ ਸਰਹੱਦੀ ਇਲਾਕੇ ਵਿਚ ਸਰਗਰਮ ਹਨ। ਬਹੁਪੱਖੀ ਸਰਹੱਦੀ ਵਿਕਾਸ ਕਾਰਨ ਬੀਜਿੰਗ ਫ਼ੌਜ, ਤੋਪਾਂ, ਟੈਂਕਾਂ ਤੇ ਬਾਕੀ ਹਥਿਆਰਾਂ ਨੂੰ ਇਕ ਸਥਾਨ ਤੋਂ ਦੂਜੇ ਸਥਾਨ ਤਕ ਤੇਜ਼ੀ ਨਾਲ ਪਹੁੰਚਾਇਆ ਜਾ ਸਕਦਾ ਹੈ।

ਮਸਲਾ ਜੰਗ ਵਾਲਾ: ਵਿਸ਼ਵ ਵਿਆਪੀ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ 'ਤੇ ਤਾਬੜ ਤੋੜ ਹਮਲੇ ਕਰ ਰਹੇ ਹਨ। ਵਿਸ਼ਵ ਸਿਹਤ ਜਥੇਬੰਦੀ (ਡਬਲਿਉ.ਐਚ.ਓ.) ਦੇ 194 ਮੈਂਬਰ ਦੇਸ਼ਾਂ ਵਿਚੋਂ ਬਹੁਤ ਸਾਰੇ ਮੁਲਕ ਕੋਰੋਨਾ ਵਾਇਰਸ ਦੀਆਂ ਜੜ੍ਹਾਂ ਤਕ ਪਹੁੰਚਣਾ ਚਾਹੁੰਦੇ ਹਨ। ਅਮਰੀਕਾ ਤੇ ਭਾਰਤ ਵਿਚਾਲੇ ਤੇਜ਼ੀ ਨਾਲ ਦੋਸਤੀ ਦੇ ਵਧਦੇ ਕਦਮ ਵੀ ਚੀਨ ਨੂੰ ਹਜ਼ਮ ਨਹੀਂ ਹੋ ਰਹੇ ਤੇ ਉਹ ਸਾਡੇ ਮੁਲਕ ਦੀ ਚੜ੍ਹਤ ਨੂੰ ਸੀਮਤ ਕਰਨ ਖ਼ਾਤਰ ਅਤੇ ਅਪਣੀ ਮਿਲਟਰੀ ਸ਼ਕਤੀ ਦੇ ਪ੍ਰਦਰਸ਼ਨ ਸਦਕਾ ਡੋਕਲਾਮ ਤੇ ਲੱਦਾਖ ਜਹੀਆਂ ਘਿਨਾਉਣੀਆਂ ਚਾਲਾਂ ਚੱਲ ਰਿਹਾ ਹੈ।

ਕਦੇ ਚੀਨ ਅੰਦਰਖਾਤੇ ਨੇਪਾਲ ਨੂੰ ਭਾਰਤ ਵਿਰੁਧ ਭੜਕਾ ਰਿਹਾ ਹੈ, ਮਿਆਂਮਾਰ, ਬੰਗਲਾਦੇਸ਼, ਸ੍ਰੀਲੰਕਾ, ਮਾਲਦੀਪ ਤੇ ਕੁੱਝ ਹੋਰ ਮੁਲਕਾਂ ਨੂੰ ਆਰਥਕ ਮਿਲਟਰੀ ਤੇ ਰਾਜਨੀਤਕ ਸਹਾਇਤਾ ਪ੍ਰਦਾਨ ਕਰ ਕੇ ਅਪਣੇ ਨਾਲ ਜੋੜਨ ਦੇ ਯਤਨ ਜਾਰੀ ਹਨ। ਇਸ ਨਾਲ ਹੀ ਭਾਰਤੀ ਉਪ-ਮਹਾਂਦੀਪ ਵਿਚ ਪੈਰ ਪਸਾਰੇ ਜਾ ਰਹੇ ਹਨ। ਪਾਕਿਸਤਾਨ ਪਹਿਲਾਂ ਹੀ ਚੀਨ ਦੀ ਕਠਪੁਤਲੀ ਹੈ। ਇਸ ਦਾ ਅਰਥ ਚੀਨ ਭਾਰਤ ਦੀ ਘੇਰਾਬੰਦੀ ਕਰਨਾ ਚਾਹੁੰਦਾ ਹੈ।

ਇਸ ਤੋਂ ਇਲਾਵਾ ਤਿੱਬਤ ਵਿਚੋਂ ਵਗਦੇ-ਯਾਰਲੁੰਗ-ਤਸੰਗਪੋ ਦਰਿਆ ਜੋ ਭਾਰਤ ਵਿਚ ਬ੍ਰਹਮਪੁੱਤਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਸ ਉਤੇ ਬੰਨ੍ਹ ਬਣਾ ਕੇ ਚੀਨ ਦੇ ਪਾਣੀ ਦਾ ਰੁਖ਼ ਮੋੜਨ ਵਾਲੀਆਂ ਕੋਝੀਆਂ ਹਰਕਤਾਂ ਇਹ ਸਿੱਧ ਕਰਦੀਆਂ ਹਨ ਕਿ ਚੀਨ ਦੀ ਨੀਅਤ ਸਾਫ਼ ਨਹੀਂ ਅਤੇ ਉਹ ਭਾਰਤ ਨੂੰ ਕਦੇ ਵੀ ਧੋਖਾ ਦੇ ਸਕਦਾ ਹੈ। ਰਖਿਆ ਮੰਤਰੀ ਰਾਜਨਾਥ ਸਿੰਘ ਅਨੁਸਾਰ ਲੱਦਾਖ ਵਿਚ ਜੰਗਬੰਦੀ ਬਾਰੇ ਕੂਟਨੀਤਕ ਪੱਧਰ 'ਤੇ ਗੱਲਬਾਤ ਜਾਰੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਰਹੱਦ ਦੀ ਹੱਦਬੰਦੀ ਤਹਿ ਕਰਨ ਵਾਸਤੇ 22 ਮੀਟਿੰਗਾਂ ਹੋ ਚੁਕੀਆਂ ਹਨ ਪਰ ਸਿੱਟਾ ਅਜੇ ਤਕ ਕੋਈ ਨਹੀਂ ਨਿਕਲਿਆ ਅਤੇ ਨਾ ਹੀ ਕੋਈ ਜਲਦੀ ਆਸ ਕੀਤੀ ਜਾ ਸਕਦੀ ਹੈ।

ਇਸ ਵਿਚ ਕੋਈ ਸੰਦੇਹ ਨਹੀਂ ਕਿ ਚੀਨ ਦੀ ਮਿਲਟਰੀ ਸ਼ਕਤੀ ਭਾਰਤ ਨਾਲੋਂ ਤਿੰਨ ਗੁਣਾਂ ਵੱਧ ਹੈ। 22 ਮਈ ਦੀਆਂ ਖ਼ਬਰਾਂ ਅਨੁਸਾਰ ਸ਼ੀ ਜਿੰਨਪਿੰਗ ਨੇ ਅਪਣੇ ਰਖਿਆ ਬਜਟ ਵਿਚ 11 ਬਿਲੀਅਨ ਡਾਲਰ ਦਾ ਵਾਧਾ ਕੀਤਾ ਹੈ। ਸਾਡੇ ਦੇਸ਼ ਦੀ ਵਿੱਤ ਮੰਤਰੀ ਨੇ ਰਖਿਆ ਬਜਟ ਵਿਚ 20 ਤੋਂ 40 ਫ਼ੀ ਸਦੀ ਦਰਮਿਆਨ ਕੱਟ ਲਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁਕੀ ਹੈ ਜਿਸ ਦਾ ਪ੍ਰਭਾਵ ਫ਼ੌਜ ਦੇ ਆਧੁਨਿਕੀਕਰਨ 'ਤੇ ਪੈਣਾ ਲਾਜ਼ਮੀ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਦੋ-ਢਾਈ ਤੇ ਜੰਗ ਲੜਨ ਦੇ ਦਾਅਵੇ ਕਰਨ ਵਾਲੇ ਕਿਉਂ ਹਾਕਮਾਂ ਤੇ ਦੇਸ਼ ਵਾਸੀਆਂ ਨੂੰ ਗੁਮਰਾਹ ਕਰ ਰਹੇ ਹਨ? ਇਸ ਸਮੇਂ ਦੇਸ਼ ਨੂੰ ਫ਼ੀਲਡ ਮਾਰਸ਼ਲਾਂ ਮਾਨਕਸ਼ਾ ਤੇ ਜਨਰਲ ਹਰਬਖ਼ਸ਼ ਸਿੰਘ ਵਰਗੇ ਨਿਧੜਕ ਯੁਧ ਨੀਤੀਵਾਨਾਂ ਦੀ ਲੋੜ ਹੈ ਜੋ ਕੋਈ ਸਟੈਂਡ ਲੈ ਸਕਣ।

ਭਾਰਤ ਤੇ ਚੀਨ ਦਰਮਿਆਨ ਪੂਰਬੀ ਲਦਾਖ ਵਾਲੇ ਵਿਵਾਦਤ ਇਲਾਕੇ 'ਚ ਇਕ ਮਹੀਨੇ ਤੋਂ ਵੱਧ ਤੋਂ ਪੈਦਾ ਹੋਈ ਤਣਾਅਪੂਰਨ ਸਥਿਤੀ ਦਾ ਹੱਲ ਲੱਭਣ ਖ਼ਾਤਰ ਦੋਵੇਂ ਮੁਲਕਾਂ ਦੇ ਉੱਚ ਫ਼ੌਜੀ ਅਧਿਕਾਰੀਆਂ ਦਰਮਿਆਨ 6 ਜੂਨ ਨੂੰ ਐਲ.ਓ.ਸੀ. ਦੇ ਚੀਨ ਵਾਲੇ ਪਾਸੇ ਮਾਲਡੋ ਸਰਹੱਦੀ ਮੁਲਾਜ਼ਮ ਬੈਠਕ ਵਾਲੀ ਥਾਂ 'ਤੇ ਬੈਠਕ ਹੋਈ। ਭਾਰਤੀ ਵਫ਼ਦ ਦੀ ਅਗਵਾਈ 14 ਕੋਰ ਦੇ ਜਨਰਲ ਅਫ਼ਸਰ ਕਮਾਂਡਿੰਗ ਲੈਫ਼. ਜਨਰਲ ਹਰਿੰਦਰ ਸਿੰਘ ਨੇ ਕੀਤੀ ਜਦਕਿ ਬੀਜਿੰਗ ਦੀ ਤਰਫ਼ੋਂ ਦਖਣੀ ਸ਼ਿਨ ਜਿਆਂਗ ਦੇ ਮਿਲਟਰੀ ਜ਼ਿਲ੍ਹੇ ਦੇ ਕਮਾਂਡਰ ਮੇਜਰ ਜਨਰਲ ਲੀਊ ਲਿੱਨ ਨੇ ਕੀਤੀ। ਇਸ ਤੋਂ ਪਹਿਲਾਂ ਦੋਵੇਂ ਮੁਲਕਾਂ ਦਰਮਿਆਨ ਹੇਠਲੇ ਪੱਧਰ ਤੋਂ ਸ਼ੁਰੂ ਹੋ ਕੇ ਮੇਜਰ ਜਨਰਲ ਰੈਂਕ ਦੇ ਸਥਾਨਕ ਕਮਾਂਡਰਾਂ ਦਰਮਿਆਨ ਕੋਈ 12 ਮੀਟਿੰਗਾਂ ਹੋ ਚੁਕੀਆਂ ਹਨ ਪਰ ਬੇਸਿੱਟਾ ਰਹੀਆਂ।

ਵਿਦੇਸ਼ ਮੰਤਰਾਲੇ ਅਨੁਸਾਰ ਇਹ ਬੈਠਕ ਸੁਹਿਰਦ ਅਤੇ ਸਾਕਾਰਾਤਮਕ ਵਾਤਾਵਰਣ ਵਿਚ ਹੋਈ ਅਤੇ ਦੋਵੇਂ ਪੱਖਾਂ ਨੇ ਇਸ ਗੱਲ ਤੇ ਸਹਿਮਤੀ ਪ੍ਰਗਟਾਈ ਅਤੇ ਵੱਖ-ਵੱਖ ਸਮਝੌਤਿਆਂ ਅਨੁਸਾਰ ਸਰਹੱਦੀ ਖੇਤਰਾਂ 'ਚ ਸਥਿਤੀ ਨੂੰ ਸ਼ਾਂਤਮਈ ਢੰਗ ਨਾਲ ਸੰਭਾਲਣ ਲਈ ਸਹਿਮਤ ਹੋਏ। ਸਾਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਅੰਦਰ ਰਾਜਨੀਤਕ, ਕੂਟਨੀਤਕ ਤੇ ਮਿਲਟਰੀ ਪੱਧਰ 'ਤੇ ਮੀਟਿੰਗਾਂ ਦਰਮਿਆਲ ਗੱਲਬਾਤ ਦਾ ਸਿਲਸਿਲਾ ਜਾਰੀ ਰਹੇਗਾ।

ਯਾਦ ਰਹੇ ਕਿ ਅਚਨਚੇਤ ਵਿਵਾਦਤ ਖੇਤਰ ਲਦਾਖ ਦੇ ਪਛਮੀ ਹਿੱਸੇ ਨਾਲ ਲਗਦੀ 826 ਕਿਲੋਮੀਟਰ ਵਾਲੀ ਚੀਨ ਨਾਲ ਲਗਦੀ ਸਰਹੱਦ ਵਲ ਹੈ, ਜਿਸ ਵਿਚ ਪੈਗੈਂਗਸੋ ਫ਼ਿੰਗਰ 4-8, ਗਲਵਾਨ ਵਾਦੀ, ਗੋਗਰਾ ਹਾਟ ਸਪਿੰਗ ਤੇ ਪੈਟਰੋਲਿੰਗ ਪੁਆਇੰਟ ਵਰਗੇ ਇਲਾਕਿਆਂ ਅੰਦਰ ਚੀਨੀਆਂ ਵਲੋਂ ਘੁਸਪੈਠ ਕਰ ਕੇ ਡੇਰੇ ਲਾਏ ਹੋਏ ਹਨ। ਆਰਜ਼ੀ ਤੌਰ 'ਤੇ ਤਾਂ ਇਸ ਦਾ ਹਲ ਸੰਭਵ ਹੋ ਸਕਦਾ ਹੈ ਪਰ ਚੀਨ ਦੀ ਤਰਫ਼ੋਂ ਸਿੱਕਿਮ ਦੀ ਨਾਕੂਲਾ ਘਾਟੀ 'ਚ ਵੀ ਘੁਸਪੈਠ 9 ਮਈ ਨੂੰ ਕੀਤੀ ਸੀ। ਉਸ ਦਾ ਕੀ ਬਣੂ? ਇਸ ਸਰਹੱਦੀ ਵਿਵਾਦ ਦਾ ਚਿਰਸਥਾਈ ਹੱਲ ਲੱਭਣ ਦੀ ਲੋੜ ਹੈ। ਫ਼ਿਲਹਾਲ ਜੰਗ ਵਾਲਾ ਮਾਹੌਲ ਤਾਂ ਨਹੀਂ ਬਣਦਾ ਪਰ ਲੋੜ ਇਸ ਗੱਲ ਕੀ ਹੈ ਕਿ ਚੀਨ ਦੀਆਂ ਰਮਜ਼ਾਂ ਨੂੰ ਸਮਝਦਿਆਂ ਹੋਇਆਂ ਭਾਰਤ ਮਿਲਟਰੀ ਪੱਖੋਂ ਅਪਣੇ ਆਪ ਨੂੰ ਮਜ਼ਬੂਤ ਕਰੇ।
(ਲੇਖਕ ਰਖਿਆ ਵਿਸ਼ਲੇਸ਼ਕ ਹਨ)
ਸੰਪਰਕ : 0172-2740991