ਬਚਾਉ! ਪੰਜਾਬ ਦੇ ਕੋਹਿਨੂਰ ਹੀਰਿਆਂ ਨੂੰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਾਡੇ ਵੱਡੇ ਵਡੇਰਿਆਂ ਨੂੰ ਕਦੇ ਸੁਪਨੇ ਵਿਚ ਵੀ ਇਹ ਖ਼ਿਆਲ ਨਹੀਂ ਆਇਆ ਹੋਣਾ ਕਿ ਪੰਜਾਬ ਦੀ ਪਵਿੱਤਰ ਧਰਤੀ 'ਤੇ ਇਹੋ ਜਿਹਾ ਸਮਾਂ ਵੀ ਆਵੇਗਾ.............

Youth using Drugs

ਸਾਡੇ ਵੱਡੇ ਵਡੇਰਿਆਂ ਨੂੰ ਕਦੇ ਸੁਪਨੇ ਵਿਚ ਵੀ ਇਹ ਖ਼ਿਆਲ ਨਹੀਂ ਆਇਆ ਹੋਣਾ ਕਿ ਪੰਜਾਬ ਦੀ ਪਵਿੱਤਰ ਧਰਤੀ 'ਤੇ ਇਹੋ ਜਿਹਾ ਸਮਾਂ ਵੀ ਆਵੇਗਾ ਜਦੋਂ ਇਥੋਂ ਦਾ ਨੌਜਵਾਨ ਅਪਣੀ ਅਣਖ, ਸਿਹਤ, ਸੱਭ ਨਸ਼ੇ ਵਿਚ ਘੋਲ ਕੇ ਪੀ ਜਾਵੇਗਾ ਤੇ ਅਪਣੇ ਮਾਪਿਆਂ ਨੂੰ ਨਾ ਜਿਉਂਦਿਆਂ ਤੇ ਨਾ ਮਰਿਆਂ 'ਚ ਛਡੇਗਾ। ਅੱਜ ਸਥਿਤੀ ਇਹ ਬਣੀ ਹੋਈ ਹੈ ਕਿ ਨਸ਼ਿਆਂ ਵਿਚ ਨੌਜਵਾਨਾਂ ਦੇ ਗ਼ਲਤਾਨ ਹੋਣ ਕਾਰਨ ਪੰਜਾਬ ਦੀ ਧਰਤੀ ਇਕ ਜੰਗ ਦਾ ਮੈਦਾਨ ਬਣ ਕੇ ਰਹਿ ਗਈ ਹੈ। ਲੋਕ ਜੂਝ ਰਹੇ ਹਨ, ਜਿਵੇਂ ਕਿ ਕਿਸੇ ਜੰਗ ਵਿਚ ਹੁੰਦਾ ਹੈ, ਕੁੱਝ ਬਚ ਕੇ ਭੱਜ ਜਾਂਦੇ ਹਨ, ਕੁੱਝ ਜਾਨ ਵਾਰ ਦਿੰਦੇ ਹਨ ਤੇ ਜਿਹੜੇ ਫਿਰ ਵੀ ਬਚ ਜਾਂਦੇ ਹਨ, ਉਹ ਗ਼ੁਲਾਮ ਬਣਾ ਲਏ ਜਾਂਦੇ ਹਨ।

ਪੰਜਾਬ ਨੂੰ ਛੱਡ ਕੇ ਵਿਦੇਸ਼ਾਂ 'ਚ ਵਸ  ਜਾਣ ਵਾਲੇ ਉਹੀ ਹਨ ਜੋ ਜਾਨ ਬਚਾ ਕੇ ਨਿਕਲ ਜਾਂਦੇ ਹਨ। ਮਰਨ ਵਾਲੇ ਉਹ ਹਨ, ਜਿਹੜੇ ਆਏ ਦਿਨ ਨਸ਼ੇ ਦੀ ਭੇਟ ਚੜ੍ਹ ਰਹੇ ਹਨ ਜਾਂ ਮਾੜੇ ਹਾਲਾਤ ਤੋਂ ਦੁਖੀ ਹੋ ਕੇ ਮੌਤ ਨੂੰ ਗਲੇ ਲਗਾ ਰਹੇ ਹਨ ਤੇ ਇਹ ਵੀ ਸਾਫ਼ ਹੈ ਕਿ ਗ਼ੁਲਾਮ ਫਿਰ ਕੌਣ ਹੋਣਗੇ? ਉਹ ਮਾਸੂਮ ਬੱਚੇ ਜਿਨ੍ਹਾਂ ਦਾ ਪਿਤਾ ਨਿੱਕਿਆਂ-ਨਿੱਕਿਆਂ ਨੂੰ ਛੱਡ ਕੇ ਨਸ਼ੇ ਦੇ ਦੈਂਤ ਦੇ ਮੂੰਹ ਵਿਚ ਜਾ ਵੜਿਆ ਜਾਂ ਖ਼ੁਦਕੁਸ਼ੀ ਕਰ ਗਿਆ। ਅੱਜ ਦੇ ਹਾਲਾਤ ਵਿਚ ਇਨ੍ਹਾਂ ਬੱਚਿਆਂ ਦਾ ਕੀ ਹੋਵੇਗਾ? ਉਹ ਕਿਸੇ ਨਾ ਕਿਸੇ ਦੀ ਗ਼ੁਲਾਮੀ ਹੀ ਤਾਂ ਕਰਨਗੇ। ਬੱਚਿਆਂ ਦਾ ਰਾਜ ਤਾਂ ਮਾਂ-ਬਾਪ ਦੇ ਸਿਰ 'ਤੇ ਹੀ ਹੁੰਦਾ ਹੈ। ਪਿਛੇ ਰਹਿ ਗਏ, ਬੁੱਢੇ ਮਾਪੇ,

ਉਨ੍ਹਾਂ ਦਾ ਬੁਢਾਪਾ ਵੀ ਤਾਂ ਰੁਲਣਾ ਹੀ ਹੋਇਆ।  ਅਸੀ ਉਸ ਦੇਸ਼ ਦੇ ਵਾਸੀ ਹਾਂ ਜਿਥੇ ਇਕ ਬੰਦਾ ਜੁਮਲੇ ਸੁਣਾ-ਸੁਣਾ ਕੇ ਜਾਂ ਝੂਠੀ ਸਹੁੰ ਖਾ ਕੇ ਲੱਖਾਂ ਲੋਕਾਂ ਨੂੰ ਮਗਰ ਲਗਾ ਲੈਂਦਾ ਹੈ। ਸਾਡੇ ਲਾਈਲੱਗਪੁਣੇ ਤੇ ਭੇਡਚਾਲ ਨੇ ਸਾਨੂੰ ਕਿਸੇ ਪਾਸੇ ਦਾ ਨਹੀਂ ਛਡਿਆ। ਗ਼ਰੀਬ ਤੇ ਅਨਪੜ੍ਹ ਦੀ ਗੱਲ ਛਡੋ, ਪੜ੍ਹੇ ਲਿਖੇ ਵੀ ਪਤਾ ਨਹੀਂ, ਕੀ ਸੋਚ ਕੇ ਭੀੜ ਦਾ ਹਿੱਸਾ ਬਣ ਜਾਂਦੇ ਹਨ ਜਦਕਿ ਭੀੜ ਹਮੇਸ਼ਾ ਸਹੀ ਨਹੀਂ ਹੁੰਦੀ। ਜ਼ਰੂਰੀ ਨਹੀਂ ਕਿ ਬਹੁਮਤ ਸਹੀ ਹੀ ਹੋਵੇ। ਪਹਿਲਾਂ ਹੀ ਪੰਜਾਬ ਦਾ ਖਹਿੜਾ ਇਕ ਗੁੰਡਾਰਾਜ ਤੋਂ ਬੜੀ ਮੁਸ਼ਕਲ ਨਾਲ ਛੁਟਿਆ ਹੈ। ਅੱਜ ਪੰਜਾਬ ਦੀ ਸਥਿਤੀ ਉਹ ਬਣ ਗਈ ਹੈ ਕਿ ਅਸਮਾਨ ਤੋਂ ਡਿੱਗੀ ਤੇ ਖਜੂਰ ਵਿਚ ਜਾ ਅਟਕੀ।

ਜਿਹੜੇ ਦਿਨ ਫਿਰਨ ਦੇ ਸੁਪਨੇ ਵੇਖੇ ਸੀ, ਉਹ ਛੇਤੀ ਹੀ ਚੂਰ-ਚੂਰ ਹੋ ਗਏ। ਲੋਕਾਂ ਦੇ ਹੱਥਾਂ ਵਿਚ ਇਕ ਬਹੁਤ ਕੀਮਤੀ ਹਥਿਆਰ ਹੈ, ਉਨ੍ਹਾਂ ਦੀ ਵੋਟ। ਇਕ ਦਿਨ ਦਾ ਸਹੀ ਫ਼ੈਸਲਾ ਤੇ ਫਿਰ ਪੰਜ ਸਾਲ ਸੁਖ ਦੇ ਪਰ ਇਹੀ ਫ਼ੈਸਲਾ, ਜਦੋਂ ਸ਼ਰਾਬ ਦੀ ਬੋਤਲ ਲੈ ਕੇ ਕੀਤਾ ਹੋਵੇ ਤਾਂ ਫਿਰ ਰੱਬ ਵੀ ਨਹੀਂ ਬਚਾ ਸਕਦਾ। ਕਈਆਂ ਨੂੰ ਇਹ ਕਹਿੰਦਿਆਂ ਸੁਣਿਆ ਹੈ ਕਿ ਅਸੀ ਫ਼ਲਾਣੀ ਪਾਰਟੀ ਨੂੰ ਵੋਟ ਪਾਵਾਂਗੇ, ਜ਼ਮੀਨਾਂ ਮਹਿੰਗੀਆਂ ਹੋ ਜਾਣਗੀਆਂ, ਅਸੀ ਅਪਣੀ ਜ਼ਮੀਨ ਵੇਚਣ 'ਤੇ ਲਾਈ ਹੋਈ ਹੈ। ਇਹ ਮਤਲਬਪ੍ਰਸਤ ਸੋਚ ਵਾਲੇ ਵਪਾਰੀ ਕਿਸਮ ਦੇ ਲੋਕ ਹੀ ਜ਼ਿੰਮੇਵਾਰ ਹਨ, ਪੰਜਾਬ ਦੀ ਬਰਬਾਦੀ ਲਈ। ਪੰਜਾਬ ਦਾ ਭਲਾ ਸੋਚਣ ਵਾਲੇ ਕਿੰਨੇ ਕੁ ਹਨ?

ਅਪਣਾ ਉਲੂ ਸਿੱਧਾ ਕਰਨ ਵਾਲਿਆਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਧਰਤੀ 'ਤੇ ਰਹਿ ਰਹੇ ਹਾਂ, ਜੇ ਉਹੀ ਬਰਬਾਦ ਹੋ ਗਈ ਤਾਂ ਰਹਿਣਾ ਅਪਣਾ ਵੀ ਕੁੱਝ ਨਹੀਂ। ਖਰਾ ਸੌਦਾ ਕਰਨ ਵਾਲੇ ਨੂੰ ਨਹੀਂ ਲੋੜ ਹੁੰਦੀ ਲਾਲਚ ਜਾਂ ਤੋਹਫ਼ੇ ਦੇਣ ਦੀ। ਜਿਸ ਵਿਚ ਖੋਟ ਹੈ ਉਹੀ ਇਸ ਤਰ੍ਹਾਂ ਦੀ ਸੌਦੇਬਾਜ਼ੀ ਕਰਦਾ ਹੈ। ਨਸ਼ੇ ਦੀ ਓਵਰਡੋਜ਼ ਨਾਲ ਹਰ ਰੋਜ਼ ਕੀਮਤੀ ਜਾਨਾਂ ਜਾ ਰਹੀਆਂ ਹਨ। ਘਰ ਉਜੜ ਰਹੇ ਹਨ। ਅੱਜ ਹਰ ਘਰ ਵਿਚ ਇਕ ਜਾਂ ਦੋ ਹੀ ਬੱਚੇ ਹਨ। ਉਨ੍ਹਾਂ ਮਾਪਿਆਂ ਦਾ ਦੁੱਖ ਬਿਆਨ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਦਾ ਇਕੱਲਾ ਪੁੱਤਰ, ਭਰ ਜਵਾਨੀ ਵਿਚ ਨਸ਼ੇ ਦੀ ਭੇਟ ਚੜ੍ਹ ਗਿਆ। ਜਿਸ ਦੀ ਜ਼ਿੰਦਗੀ ਦੀਆਂ ਸੁਖਣਾ ਸੁਖੀਆਂ ਜਾਂਦੀਆਂ ਹਨ,

ਸੁਨਹਿਰੀ ਭਵਿੱਖ ਲਈ ਤਰ੍ਹਾਂ-ਤਰ੍ਹਾਂ ਦੇ ਸੁਪਨੇ ਵੇਖੇ ਹੁੰਦੇ ਹਨ, ਜਿਸ ਦਾ ਮੂੰਹ ਵੇਖ ਕੇ ਮਾਪੇ ਜਿਉਂਦੇ ਹਨ, ਉਹ ਕਿਸੇ ਦਿਨ ਕਿਸੇ ਰੂੜੀ 'ਤੇ, ਝਾੜੀਆਂ ਜਾਂ ਸੜਕ ਉਤੇ ਬੇਜਾਨ ਪਿਆ ਹੁੰਦਾ ਹੈ। ਦੁਨੀਆਂ ਦੀ ਕਿਹੜੀ ਚੀਜ਼ ਹੈ ਜੋ ਉਨ੍ਹਾਂ ਮਾਪਿਆਂ ਦੇ ਇਸ ਘਾਟੇ ਨੂੰ ਪੂਰਾ ਕਰ ਸਕਦੀ ਹੈ? ਚੜ੍ਹਦੀ ਉਮਰੇ ਦੋਸਤ ਮਿੱਤਰ ਬਹੁਤ ਪਿਆਰੇ ਹੁੰਦੇ ਹਨ। ਬੱਚਾ ਸ਼ੌਕ-ਸ਼ੌਕ ਵਿਚ ਹੀ ਅਣਜਾਣੇ ਵਿਚ ਇਸ ਗ਼ਲਤ ਰਾਹੇ ਪੈ ਜਾਂਦਾ ਹੈ। ਨਸ਼ੇ ਦੇ ਸੌਦਾਗਰਾਂ ਦੇ ਵਿਛਾਏ ਜਾਲ ਤੋਂ ਉਹ ਬਚ ਕੇ ਭੱਜ ਨਹੀਂ ਸਕਦਾ। ਨਸ਼ੇ ਦੇ ਵਪਾਰੀ ਬੱਚਿਆਂ ਨੂੰ ਅਪਣੇ ਤਾਣੇ-ਬਾਣੇ ਵਿਚ ਇਸ ਕਦਰ ਫਸਾ ਲੈਂਦੇ ਹਨ ਕਿ ਉਹ ਇੰਨੇ ਲਾਚਾਰ ਹੋ ਜਾਂਦੇ ਹਨ ਕਿ ਉਨ੍ਹਾਂ ਦੇ ਅਪਣੇ ਵਸ ਫਿਰ ਕੁੱਝ ਨਹੀਂ ਹੁੰਦਾ

ਤੇ ਉਹ ਉਵੇਂ ਜਿਵੇਂ ਹੀ ਨਚਦੇ ਹਨ ਜਿਵੇਂ ਇਸ ਕਾਰੋਬਾਰ ਦੇ ਮਹਾਰਥੀ ਉਨ੍ਹਾਂ ਨੂੰ ਨਚਾਉਂਦੇ ਹਨ। ਅੱਜ ਹਾਲ ਇਹ ਹੈ ਕਿ ਨਸ਼ੇ ਲਈ ਪੈਸਾ ਨਾ ਮਿਲਣ 'ਤੇ ਪੁੱਤਰ ਮਾਪਿਆਂ ਦੀ ਕੁੱਟਮਾਰ ਕਰਦਾ ਹੈ, ਜਾਨੋ ਮਾਰ ਦਿੰਦਾ ਹੈ, ਚੋਰੀਆਂ ਕਰ ਰਿਹਾ ਹੈ, ਘਰ ਦਾ ਸਮਾਨ ਵੇਚ ਰਿਹਾ ਹੈ, ਘਰ ਵਿਚ ਭੰਨ-ਤੋੜ ਕਰ ਰਿਹਾ ਹੈ। ਘਰ ਵਿਚ ਘਰ ਵਾਲੇ ਸੁਖੀ ਨਹੀਂ। ਨਸ਼ਈ  ਦੀ ਘਰਵਾਲੀ ਜਾਂ ਤਾਂ ਤਲਾਕ ਲੈ ਲੈਂਦੀ ਹੈ ਜਾਂ ਮਜ਼ਦੂਰੀ ਕਰਨ ਲਈ ਮਜਬੂਰ ਹੈ। ਬੱਚਿਆਂ ਨੂੰ ਖਾਣਾ ਨਹੀਂ ਮਿਲਦਾ ਤੇ ਹਸਦਾ-ਵਸਦਾ ਘਰ ਨਰਕ ਬਣ ਜਾਂਦਾ ਹੈ। ਇੰਨਾ ਹੀ ਨਹੀਂ, ਇਕ ਨੌਜਵਾਨ ਨੇ ਨਸ਼ੇ ਲਈ ਪੈਸਾ ਨਾ ਮਿਲਣ 'ਤੇ ਰੇਲ ਗੱਡੀ ਅੱਗੇ ਛਾਲ ਮਾਰ ਦਿਤੀ।

ਜਾਨ ਤਾਂ ਬਚ ਗਈ ਪਰ ਦੋਵੇਂ ਪੈਰ ਵੱਢੇ ਗਏ। ਇਕ ਹੋਰ ਨੇ ਅਪਣੀ ਬਾਂਹ ਵੱਢ ਲਈ। ਇਸ ਤਰ੍ਹਾਂ ਦੇ ਨੌਜਵਾਨਾਂ ਨੇ ਮਾ-ਬਾਪ ਦਾ ਸਹਾਰਾ ਤਾਂ ਕੀ ਬਣਨਾ ਸੀ, ਉਲਟਾ ਬੋਝ ਬਣ ਗਏ।  ਜੱਗ ਜਾਹਿਰ ਹੈ ਕਿ ਨਸ਼ੇ ਦੇ ਇਨ੍ਹਾਂ ਵਪਾਰੀਆਂ ਨੂੰ ਸਰਕਾਰੀ ਸ਼ਹਿ ਪ੍ਰਾਪਤ ਹੈ। ਕਿੰਨੀ ਸ਼ਰਮ ਦੀ ਗੱਲ ਹੈ ਕਿ ਸਰਕਾਰੀ ਸਕੂਲ ਦਾ ਭਾਵੇਂ ਪੱਖਾ ਨਾ ਚੱਲੇ ਪਰ ਸ਼ਰਾਬ ਦੇ ਠੇਕਿਆਂ 'ਤੇ ਇਕ ਨਹੀਂ ਸਗੋਂ ਕਈ ਏ.ਸੀ. ਚਲਦੇ ਹਨ। ਹਰ ਇਕ ਨੂੰ ਸਿਖਿਅਤ ਕਰਨ ਦਾ ਟੀਚਾ ਅਜੇ ਸ਼ਾਇਦ ਮਿਥਿਆ ਹੀ ਨਹੀਂ ਗਿਆ ਪਰ ਮਜਾਲ ਹੈ ਜੇ ਕੋਈ ਘਰ ਬਚਿਆ ਹੋਵੇ ਨਸ਼ੇ ਤੋਂ। ਦਾਰੂ ਦੀ ਬੋਤਲ ਤਾਂ ਹਰ ਘਰ ਵਿਚ ਮਿਲ ਹੀ ਜਾਂਦੀ ਹੈ ਪਰ ਕਿਤਾਬ ਹਰ ਘਰ ਵਿਚ ਨਹੀਂ ਮਿਲੇਗੀ।

ਬਾਪ 31 ਮਾਰਚ ਨੂੰ ਕੋਈ ਨਾ ਕੋਈ ਜੁਗਾੜ ਕਰ ਕੇ ਦਾਰੂ ਦੀ ਬੋਤਲ ਤਾਂ ਲੈ ਆਉਂਦਾ ਹੈ ਪਰ ਬੱਚੇ ਲਈ ਇਕ ਕਿਤਾਬ ਲਿਆਉਣ ਲਈ ਪੈਸੇ ਨਹੀਂ ਹੁੰਦੇ। ਬਦਲਾਅ ਉਦੋਂ ਹੀ ਸੰਭਵ ਹੁੰਦਾ ਹੈ ਜੇਕਰ ਧੁਰ ਅੰਦਰ ਬਦਲਾਅ ਦੀ ਚਾਹ ਹੋਵੇ। ਜਿਸ ਦਿਨ ਸ਼ਰਾਬ ਦੀ ਬੋਤਲ ਲੈ ਕੇ ਅਪਣਾ ਵੋਟ ਵੇਚਿਆ ਸੀ, ਉਸ ਦਿਨ ਹੀ ਵੋਟ ਗ਼ਲਤ ਨਹੀਂ ਪਾਈ ਸੀ, ਆਪ ਅਪਣੇ ਹੱਥੀਂ ਅਪਣੇ ਪੁੱਤਰ, ਇਨ੍ਹਾਂ ਨਸ਼ੇ ਦੇ ਸੌਦਾਗਾਰਾਂ ਨੂੰ ਸੌਂਪ ਦਿਤੇ ਸੀ। ਅੱਜ ਕਿਥੇ ਹਨ, ਬਹੁਮਤ ਨਾਲ ਚੁਣੇ ਹੋਏ ਨੁਮਾਇੰਦੇ? ਹਰ ਥਾਂ ਲੋਕ ਪ੍ਰਸ਼ਾਸਨ ਅੱਗੇ, ਵੱਡੇ ਅਫ਼ਸਰਾਂ ਅੱਗੇ ਮਿੰਨਤਾਂ ਤਰਲੇ ਕਰ ਰਹੇ ਹਨ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਕਿਧਰੇ ਵੀ ਕੋਈ ਸੁਧਾਰ ਨਹੀਂ ਹੋਇਆ।

ਜੇਕਰ ਨੀਅਤ ਚੰਗੀ ਹੋਵੇ ਤਾਂ ਕੁਦਰਤ ਵੀ ਸਾਥ ਦਿੰਦੀ ਹੈ। ਜੇਕਰ ਨੀਅਤ ਵਿਚ ਹੀ ਖੋਟ ਹੋਵੇ ਤਾਂ ਕੁੱਝ ਨਹੀਂ ਹੋ ਸਕਦਾ। ਜੇਕਰ ਕਰਨਾ ਹੁੰਦਾ ਤਾਂ ਸਰਕਾਰ ਬਣਨ ਤੋਂ ਬਾਅਦ ਪਹਿਲਾ ਕੰਮ ਇਹੀ ਹੋਣਾ ਸੀ। ਉਚੇ ਅਹੁਦਿਆਂ 'ਤੇ ਬੈਠਿਆਂ ਹੱਥ ਸੱਭ ਕੁੱਝ ਹੈ, ਜੇ ਉਹ ਕਰਨਾ ਚਾਹੁਣ। ਸਿਆਸੀ ਪਾਰਟੀਆਂ ਕੇਵਲ ਸਰਕਾਰਾਂ ਬਣਾਉਣ ਲਈ ਹੀ ਜੁਮਲੇ ਛਡਦੀਆਂ ਹਨ। ਸਿਆਸੀ ਪਾਰਟੀਆਂ ਦੇ ਵੱਡੇ ਆਗੂਆਂ ਨੂੰ ਸੱਭ ਪਤਾ ਹੁੰਦਾ ਹੈ ਕਿ ਕਿਸ ਪਾਰਟੀ ਦਾ ਕਿਹੜਾ ਆਗੂ ਨਸ਼ਾ ਤਸਕਰਾਂ ਦਾ ਸਰਪ੍ਰਸਤ ਹੈ ਤੇ ਕਿਹੜੇ ਆਗੂ ਦੀ ਸਿੱਧੇ ਤੌਰ 'ਤੇ ਸ਼ਮੂਲੀਅਤ ਹੈ ਪਰ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਆਗੂਆਂ ਨੂੰ ਕੋਈ ਹੱਥ ਨਹੀਂ ਪਾਉਂਦਾ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ

ਕਿ ਜਦੋਂ ਅਸੀਂ ਸੱਤਾ ਤੋਂ ਬਾਹਰ ਹੋਵਾਂਗੇ ਤਾਂ ਇਹ ਸੱਤਾ ਵਿਚ ਆਉਣਗੇ ਤੇ ਫਿਰ ਇਹ ਵੀ ਸਾਡੇ ਨਾਲ ਉਹੀ ਕਰਨਗੇ। ਸਿੱਧੀ ਜਿਹੀ ਗੱਲ ਇਹ ਹੈ ਕਿ ਕੋਈ ਵੀ ਪਾਰਟੀ ਦੁੱਧ ਧੋਤੀ ਨਹੀਂ ਹੈ। ਕੋਈ ਨਾ ਕੋਈ ਤਾਂ ਆਗੂ ਅਜਿਹਾ ਹੁੰਦਾ ਹੀ ਹੈ ਜਿਸ ਦੀ ਸਿੱਧੇ ਜਾਂ ਅਸਿੱਧੇ ਢੰਗ ਨਾਲ ਇਸ ਕਾਰੋਬਾਰ 'ਚ ਸ਼ਮੂਲੀਅਤ ਹੁੰਦੀ ਹੈ। ਇਹ ਵੀ ਸੱਭ ਨੂੰ ਪਤਾ ਹੀ ਹੈ ਕਿ ਪੰਜਾਬ 'ਚ ਚੋਣਾਂ ਨਸ਼ਿਆਂ ਤੋਂ ਬਿਨਾਂ ਜਿੱਤੀਆਂ ਹੀ ਨਹੀਂ ਜਾ ਸਕਦੀਆਂ ਤਾਂ ਫਿਰ ਕਿਵੇਂ ਆਸ ਕੀਤੀ ਜਾ ਸਕਦੀ ਹੈ ਕਿ ਜਿੱਤ ਕੇ ਆਏ ਬੜੇ ਪਾਕਿ-ਸਾਫ਼ ਹੋਣਗੇ।  ਇਤਿਹਾਸ ਗਵਾਹ ਹੈ ਕਿ ਜਦੋਂ ਵੀ ਪਾਪ ਦੀ ਅੱਤ ਹੋਈ ਹੈ, ਲੋਕਾਂ ਦੇ ਸਬਰ ਦਾ ਬੰਨ੍ਹ ਟੁਟਿਆ ਤੇ ਉਨ੍ਹਾਂ ਦਾ ਗੁੱਸਾ ਕ੍ਰਾਂਤੀ ਦੇ ਰੂਪ ਵਿਚ ਬਾਹਰ ਆਇਆ।

ਪੰਜਾਬ ਵਿਚ ਵੀ ਨਸ਼ਿਆਂ ਦੀਆਂ ਡੂੰਘੀਆਂ ਜੜ੍ਹਾਂ ਪੁੱਟਣ ਲਈ ਕ੍ਰਾਂਤੀ ਦੀ ਲੋੜ ਹੈ। ਪੰਜਾਬ ਦੀ ਜਵਾਨੀ ਜਿਸ ਦੀ ਸਾਰੀ ਦੁਨੀਆਂ ਵਿਚ ਟੌਹਰ ਸੀ, ਗ਼ਲਤ ਤੇ ਬਰਬਾਦੀ ਵਾਲੇ ਰਾਹ ਤੁਰੀ ਜਾ ਰਹੀ ਹੈ, ਇਸ ਨੂੰ ਬਚਾਉਣਾ ਹੈ। ਅੱਜ ਸਮੇਂ ਦੀ ਮੰਗ ਹੈ ਕਿ ਸਰਕਾਰਾਂ ਨੇ ਕੁੱਝ ਨਹੀਂ ਕਰਨਾ ਸਗੋਂ ਸਾਨੂੰ ਇਸ ਘਟੀਆ ਸਾਜ਼ਿਸ਼ ਵਿਰੁਧ ਉਠਣਾ ਪਵੇਗਾ ਤੇ ਤਸਕਰਾਂ ਤੇ ਇਨ੍ਹਾਂ ਨੂੰ ਸ਼ਹਿ ਦੇਣ ਵਾਲੇ ਆਗੂਆਂ ਤੇ ਭ੍ਰਿਸ਼ਟ ਅਫ਼ਸਰਾਂ ਨੂੰ ਰੰਗੇ ਹੱਥੀਂ ਫੜਨਾ ਪਵੇਗਾ। ਨਸ਼ੇ ਦੀ ਦਲਦਲ ਵਿਚ ਫਸੇ ਤੇ ਫਸ ਰਹੇ ਨੌਜਵਾਨਾਂ ਨੂੰ ਬਚਾਉਣਾ ਸਾਡਾ ਸੱਭ ਤੋਂ ਵੱਡਾ ਨੈਤਿਕ ਫ਼ਰਜ਼ ਹੈ, ਇਹੀ ਸਾਡੇ ਅਸਲੀ ਕੋਹਿਨੂਰ ਹਨ।

ਇੰਗਲੈਂਡ ਤੋਂ ਕੋਹਿਨੂਰ ਵਾਪਸ ਮੰਗਣ ਵਾਲਿਉ, ਜ਼ਰਾ ਇਨ੍ਹਾਂ ਕੋਹਿਨੂਰਾਂ ਨੂੰ ਹੀ ਬਚਾ ਲਵੋ। ਜੇ ਇਹ ਕੋਹਿਨੂਰ ਸਹੀ ਸਲਾਮਤ ਰਹਿ ਗਏ ਤਾਂ ਇਹ ਮੱਲਾਂ ਮਾਰ ਕੇ ਹੋਰ ਕਈ ਕੋਹਿਨੂਰ ਪੰਜਾਬ ਦੀ ਧਰਤੀ 'ਤੇ ਲੈ ਆਉਣਗੇ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਨੂੰ ਲੋਕ ਨਸ਼ਿਆਂ ਦਾ ਰੇਗਿਸਤਾਨ ਕਹਿਣ ਲੱਗ ਪੈਣਗੇ।  ਪ੍ਰਮਾਤਮਾ ਗੁਰੂਆਂ ਦੀ ਇਸ ਧਰਤੀ ਨੂੰ ਸਦਾ ਚੜ੍ਹਦੀ ਕਲਾ ਬਖ਼ਸ਼ੇ। ਇਥੋਂ ਦੇ ਵਾਸੀ ਖ਼ੁਦ ਬੇਸਹਾਰਾ ਹੋਣ ਲਈ ਨਹੀਂ ਸਗੋਂ ਦੂਜਿਆਂ ਦਾ ਸਹਾਰਾ ਬਣਨ ਲਈ ਜਨਮੇ ਹਨ। ਆਉ, ਇਕ ਦੂਜੇ ਦਾ ਸਹਾਰਾ ਬਣੀਏ ਤੇ ਹਮਦਰਦੀ ਤੇ ਪਿਆਰ ਨਾਲ ਭੁੱਲੇ-ਭਟਕੇ ਨੌਜਵਾਨਾਂ ਨੂੰ ਅਣਖ ਵਾਲੀ ਜ਼ਿੰਦਗੀ ਬਖ਼ਸ਼ੀਏ।           ਸੰਪਰਕ : 94172-31175