ਮਹਾਰਾਜਾ ਰਣਜੀਤ ਸਿੰਘ ਬਨਾਮ ਸ੍ਰੀ ਨਰਿੰਦਰ ਮੋਦੀ (2)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਇਕ ਵਾਰ ਸਿੱਖਾਂ ਨੇ ਸ਼ਿਕਾਇਤ ਕੀਤੀ ਕਿ ਸਵੇਰੇ ਸਾਡਾ ਪਾਠ ਕਰਨ ਦਾ ਸਮਾਂ ਹੁੰਦਾ ਹੈ

Maharaja Ranjit Singh, Shri Narendra Modi

(ਕੱਲ ਤੋਂ ਅੱਗੇ)
ਇਕ ਵਾਰ ਸਿੱਖਾਂ ਨੇ ਸ਼ਿਕਾਇਤ ਕੀਤੀ ਕਿ ਸਵੇਰੇ ਸਾਡਾ ਪਾਠ ਕਰਨ ਦਾ ਸਮਾਂ ਹੁੰਦਾ ਹੈ ਤੇ ਮੁੱਲਾ ਮਸਜਿਦ ਵਿਚ ਬੋਲਦਾ ਹੈ ਜਿਸ ਕਾਰਨ ਸਾਡੇ ਪਾਠ ਵਿਚ ਵਿਘਨ ਪੈਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਮੁਲਾ ਨੂੰ ਸੱਦਿਆ ਅਤੇ ਉਸ ਤੋਂ ਪੁਛਿਆ ਕਿ ਤੂੰ ਸਵੇਰੇ ਉੱਚੀ ਕਿਉਂ ਬੋਲਦਾ ਹੈਂ? ਉਸ ਨੇ ਕਿਹਾ ਕਿ ਮੈਂ ਮੁਸਲਮਾਨਾਂ ਨੂੰ ਉਠਾਉਣ ਵਾਸਤੇ ਅਜਿਹਾ ਕਰਦਾ ਹਾਂ ਤਾਕਿ ਉਹ ਨਮਾਜ਼ ਪੜ੍ਹ ਲੈਣ। 

ਜੇਕਰ ਸਿੱਖਾਂ ਨੂੰ ਕੋਈ ਇਤਰਾਜ਼ ਹੈ ਤਾਂ ਉਹ ਸਾਨੂੰ ਘਰ-ਘਰ ਜਾ ਕੇ ਵੇਖਣ ਆਇਆ ਕਰਨ, ਅਸੀ ਹੋਕਾ ਨਹੀਂ ਦੇਵਾਂਗੇ। ਇਹੋ ਗੱਲ ਮਹਾਰਾਜਾ ਸਾਹਿਬ ਨੇ ਸਿੱਖਾਂ ਨੂੰ ਦੱਸੀ ਤਾਂ ਸਿੱਖਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿਤਾ ਤਾਂ ਮਹਾਰਾਜਾ ਸਾਹਿਬ ਨੇ ਕਿਹਾ ਕਿ ਫਿਰ ਤਾਂ ਇਹ ਹੋਕਾ ਦੇਣਗੇ। ਕੁੱਝ ਮਹੀਨੇ ਪਹਿਲਾਂ ਦਿੱਲੀ ਵਿਚ ਦੰਗੇ ਹੋ ਰਹੇ ਸਨ ਤਾਂ ਕਿਸੇ ਨੇ ਹਾਈ ਕੋਰਟ ਵਿਚ ਕੇਸ ਪਾ ਦਿਤਾ ਕਿ ਜਿਹੜੇ ਲੋਕ ਇਨ੍ਹਾਂ ਦੰਗੇ ਕਰਵਾਉਣ ਦੇ ਜ਼ਿੰਮੇਵਾਰ ਹਨ ਉਨ੍ਹਾਂ ਵਿਰੁਧ ਕੇਸ ਦਰਜ ਕੀਤਾ ਜਾਵੇ।

ਜਦੋਂ ਇਸ ਕੇਸ ਦੀ ਜੱਜ ਸਾਹਿਬ ਨੇ ਸੁਣਵਾਈ ਕੀਤੀ ਤਾਂ ਉਸ ਨੇ ਕਿਹਾ ਕਿ ਜਿਹੜੇ ਤਿੰਨ ਭਾਜਪਾ ਦੇ ਲੀਡਰ ਹਨ ਉਨ੍ਹਾਂ ਵਿਰੁਧ ਸਵੇਰੇ ਦਸੋ ਕੀ ਕਾਰਵਾਈ ਕੀਤੀ ਹੈ ਤਾਂ ਮੋਦੀ ਸਰਕਾਰ ਨੇ ਉਸ ਜੱਜ ਨੂੰ ਚੰਡੀਗੜ੍ਹ ਭੇਜ ਦਿਤਾ ਅਤੇ ਰਾਤ ਨੂੰ ਹੀ ਡਿਊਟੀ ਤੋਂ ਫ਼ਾਰਗ਼ ਵੀ ਕਰ ਦਿਤਾ ਅਤੇ ਸਵੇਰੇ ਕਿਸੇ ਹੋਰ ਜੱਜ ਕੋਲ ਕੇਸ ਲਗਵਾ ਦਿਤਾ।
ਮਹਾਰਾਜਾ ਸਾਹਿਬ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ।

ਇਕ ਵਾਰ ਇਥੇ ਮੁਸਲਮਾਨ ਕਾਤਿਬ ਕੁਰਾਨ ਸ਼ਰੀਫ਼ ਲੈ ਕੇ ਨਿਜ਼ਾਮ ਹੈਦਰਾਬਾਦ ਕੋਲ ਲੈ ਕੇ ਜਾ ਰਿਹਾ ਸੀ ਤਾਂ ਰਾਹ ਵਿਚ ਉਸ ਨੂੰ ਮਹਾਰਾਜਾ ਸਾਹਿਬ ਮਿਲ ਗਏ। ਮਹਾਰਾਜਾ ਸਾਹਿਬ ਨੇ ਉਸ ਨੂੰ ਪੁਛਿਆ ਕਿ ਇਹ ਕੀ ਹੈ? ਤਾਂ ਉਸ ਨੇ ਦਸਿਆ ਗਿਆ ਕਿ ਇਹ ਕੁਰਾਨ ਸ਼ਰੀਫ਼ ਜੋ ਮੈਂ ਆਪ ਲਿਖਿਆ ਹੈ। ਇਸ ਨੂੰ ਮੈਂ ਨਿਜ਼ਾਮ ਹੈਦਰਾਬਾਦ ਨੂੰ ਵੇਚਣ ਜਾ ਰਿਹਾ ਹਾਂ ਤਾਕਿ ਮੈਨੂੰ ਇਸ ਦੀ ਪੂਰੀ ਕੀਮਤ ਮਿਲ ਸਕੇ।

ਮਹਾਰਾਜਾ ਸਾਹਿਬ ਨੇ ਕਿਹਾ ਕਿ ਤੈਨੂੰ ਇਸ ਦੇ ਕਿੰਨੇ ਪੈਸੇ ਮਿਲ ਜਾਣਗੇ ਤਾਂ ਉਹ ਕਹਿਣ ਲੱਗਾ ਕਿ ਦਸ ਹਜ਼ਾਰ (10,000) ਰੁਪਏ। ਮਹਾਰਾਜਾ ਸਾਹਿਬ ਨੇ ਝੱਟ ਅਪਣੇ ਮੰਤਰੀ ਨੂੰ ਕਿਹਾ ਕਿ ਇਸ ਨੂੰ ਦਸ ਹਜ਼ਾਰ ਦੇ ਦਿਉ। ਇਸ ਤਰ੍ਹਾਂ ਮਹਾਰਾਜਾ ਸਾਹਿਬ ਨੇ ਕੁਰਾਨ ਸ਼ਰੀਫ਼ ਖ਼ਰੀਦ ਲਿਆ। ਮਹਾਰਾਜਾ ਸਾਹਿਬ ਦੇ ਮੰਤਰੀ ਮੰਡਲ ਵਿਚ ਵੱਖ ਵੱਖ ਧਰਮਾਂ ਦੇ ਲੋਕ ਸ਼ਾਮਲ ਸਨ। ਜਿਥੇ ਸਿੱਖਾਂ ਵਿਚੋਂ ਸਿਰਫ਼ ਸ. ਹਰੀ ਸਿੰਘ ਨਲੂਆ, ਦੇਸਾ ਸਿੰਘ ਮਜੀਠਿਆ, ਲਹਿਣਾ ਸਿੰਘ ਮਜੀਠੀਆ ਅਤੇ ਸਰਦਾਰ ਸ਼ਾਮ ਸਿੰਘ ਅਟਾਰੀ। ਉਥੇ ਹੀ ਮੁਸਲਮਾਨਾਂ ਵਿਚ ਫ਼ਕੀਰ ਅਜ਼ੀਜ਼ ਉਦਦੀਨ, ਫ਼ਕੀਰ ਨੂਰਉਦੀਨ, ਫ਼ਕੀਰ ਇਮਾਮਦੀਨ।

ਹਿੰਦੂਆਂ ਵਿਚੋਂ ਡਗੋਰੇ ਭਰਾ ਰਾਜ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ, ਦੀਵਾਨ ਮੋਹਕਮ ਚੰਦ, ਦੀਵਾਨ ਮੋਤੀ ਰਾਮ, ਦੀਵਾਨ ਸਾਵਨ ਮੱਲ, ਮਿਸਰ ਬੇਲੀ ਰਾਮ, ਖ਼ਜ਼ਾਨਾ ਮੰਤਰੀ ਸਨ ਅਤੇ ਕੋਹਿਨੂਰ ਹੀਰਾ ਵੀ ਉਨ੍ਹਾਂ ਦੀ ਦੇਖ ਰੇਖ ਹੇਠ ਰਖਿਆ ਗਿਆ ਸੀ। ਇਸ ਤੋਂ ਇਲਾਵਾ ਹੋਰ ਹਿੰਦੂ ਵਜ਼ੀਰ ਵੀ ਸਨ। ਦੀਵਾਨ ਸਾਵਣ ਮੱਲ, ਮੁਲਤਾਨ ਦਾ ਨਿਜ਼ਾਮ ਸੀ। ਇਸ ਤੋਂ ਇਲਾਵਾ ਫ਼ਰੰਗੀਆਂ ਵਿਚੋਂ ਜਨਰਲ ਵੈਨਤੂਰਾ, ਐਕਾਰਡ, ਕੋਰਟ ਅਤੇ ਅਬੂਤਾਲੇਕਾ, ਜਨਰਲ ਵੈਨਤੂਰਾ ਅਤੇ ਅਬੂਤਾ ਬੇਕਾ ਇਟਲੀ ਦੇ ਰਹਿਣ ਵਾਲੇ ਸਨ, ਉਥੇ ਜਨਰਲ ਕੋਰਟ ਅਤੇ ਔਕਾਰਡ ਫ਼ਰਾਂਸੀਸੀ ਜਨਰਲ ਸਨ।

ਜੇਕਰ ਅਸੀ ਮੋਦੀ ਸਰਕਾਰ ਦੀ ਗੱਲ ਕਰੀਏ ਤਾਂ ਇਨ੍ਹਾਂ ਦੇ ਮੰਤਰੀ ਮੰਡਲ ਵਿਚ ਦੋ ਸਿੱਖ ਮੰਤਰੀ ਹਨ ਅਤੇ ਇਕ ਮੁਸਲਮਾਨ ਮੰਤਰੀ ਹੈ। ਭਾਜਪਾ ਦੇ 303 ਐਮ.ਪੀ. ਹਨ। ਉਨ੍ਹਾਂ ਵਿਚੋਂ ਇਕ ਵੀ ਮੁਸਲਮਾਨ ਮੈਂਬਰ ਨਹੀਂ ਹੈ ਅਤੇ ਪੰਜਾਬ ਤੋਂ ਬਾਹਰ ਸਿਰਫ਼ ਇਕ ਸਿੱਖ ਐਮ.ਪੀ.। ਪਿਛਲੇ ਛੇ ਸਾਲਾਂ ਵਿਚ ਇਕ ਵੀ ਸਿੱਖ ਗਵਰਨਰ ਨਹੀਂ ਬਣਾਇਆ।  ਦੋ ਸਿੱਖ ਮੰਤਰੀ ਵੀ ਇਸੇ ਕਰ ਕੇ ਬਣਾਏ ਗਏ ਕਿਉਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਇਕ ਵਾਰ ਜਦੋਂ ਭਾਰਤ ਆਏ ਸਨ ਤਾਂ ਉਨ੍ਹਾਂ ਕਿਹਾ ਸੀ ਕਿ ਮੋਦੀ ਸਰਕਾਰ ਨਾਲੋਂ ਮੇਰੀ ਸਰਕਾਰ ਵਿਚ ਵੱਧ ਸਿੱਖ ਮੰਤਰੀ ਹਨ।

ਮਹਾਰਾਜਾ ਸਾਹਿਬ ਸਾਦਾ ਲਿਬਾਸ ਪਹਿਨਦੇ ਸਨ। ਉਹ ਨਾ ਹੀ ਤਖ਼ਤ 'ਤੇ ਬੈਠੇ ਤੇ ਨਾ ਹੀ ਉਨ੍ਹਾਂ ਨੇ ਕਦੇ ਸਿਰ 'ਤੇ ਤਾਜ ਪਾਇਆ। ਨਿਮਰਤਾ ਇੰਨੀ ਕੀ ਇਕ ਵਾਰ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗੰ੍ਰਥੀ ਅਤੇ ਪੁਜਾਰੀ ਉਨ੍ਹਾਂ ਨੂੰ ਲਾਹੌਰ ਮਿਲਣ ਆਏ ਤਾਂ ਉਨ੍ਹਾਂ ਨੇ ਅਪਣੇ ਦਾੜ੍ਹੇ ਨਾਲ ਚਰਨ ਛੂਹ ਕੇ ਇਨ੍ਹਾਂ ਨੂੰ ਬਿਠਾਇਆ। ਪਰ ਸਾਡੇ ਮੋਦੀ ਜੀ ਇਕ ਦਿਨ ਵਿਚ ਕਈ ਵਾਰ ਕਪੜੇ ਬਦਲਦੇ ਹਨ। ਜਦੋਂ ਅਮਰੀਕਾ ਦਾ ਰਾਸ਼ਟਰਪਤੀ ਆਇਆ ਤਾਂ ਉਨ੍ਹਾਂ 10 ਲੱਖ ਦਾ ਸੂਟ ਪਾਇਆ।

ਜੇਕਰ ਮਹਾਰਾਜਾ ਦੀ ਵਿਦੇਸ਼ ਕੂਟਨੀਤੀ ਵੇਖੀ ਤਾਂ ਉਹ ਇੰਨੀ ਜ਼ਬਰਦਸਤ ਸੀ ਕਿ ਜਦੋਂ ਉਨ੍ਹਾਂ ਦੇਖਿਆ ਕਿ ਸਤਲੁਜ ਤੋਂ ਪਾਰ ਦੇ ਸਿੱਖ ਰਾਜੇ ਉਸ ਵਿਰੁਧ ਹਨ ਅਤੇ ਉਨ੍ਹਾਂ ਲੇ ਅੰਗਰੇਜ਼ ਦੀ ਗੁਲਾਮੀ ਮੰਨ ਲਈ ਹੈ। ਅੰਗਰੇਜ਼ ਮਹਾਰਾਜੇ ਨਾਲ ਪਹਿਲਾਂ ਹੀ ਸੰਧੀ ਕਰਨੀ ਚਾਹੁੰਦੇ ਸਨ ਜਿਸ ਨੂੰ ਧਿਆਨ ਵਿਚ ਰੱਖ ਕੇ ਉਨ੍ਹਾਂ ਨੇ ਲਾਰਡ ਵਿਲੀਅਮ ਬੈਂਟਿਕ ਨਾਲ ਪਹਿਲੀ ਨਵੰਬਰ 1831 ਨੂੰ ਸਤਲੁਜ ਦਰਿਆ ਦੇ ਕੰਢੇ ਰੋਪੜ ਵਿਖੇ ਕੀਤੀ ਜਿਸ ਨੂੰ ਬੈਂਟਿਕ ਸੰਧੀ ਕਿਹਾ ਜਾਂਦਾ ਹੈ।

ਜਿਸ ਤੋਂ ਸਿੱਧ ਇਹ ਹੋਇਆ ਕਿ ਉਨ੍ਹਾਂ ਨੂੰ ਸਤਲੁਜ ਵਾਲੇ ਪਾਸੇ ਤੋਂ ਕੋਈ ਖ਼ਤਰਾ ਨਾ ਰਿਹਾ ਅਤੇ ਉਨ੍ਹਾਂ ਨੇ ਅਪਣਾ ਸਾਰਾ ਧਿਆਨ ਅਫ਼ਗ਼ਾਨਿਸਤਾਨ ਵਲ ਲਗਾ ਲਿਆ ਕਿਉਂਕਿ ਉਨ੍ਹਾਂ ਦਾ ਰੂਸ ਵਲ ਤਾਂ ਕੋਈ ਰਾਹ ਰੋਕਣ ਵਾਲਾ ਨਹੀਂ ਸੀ ਪਰ ਜੇਕਰ ਅਸੀ ਮੋਦੀ ਸਾਹਿਬ ਦੀ ਵਿਦੇਸ਼ ਨੀਤੀ ਵਲ ਧਿਆਨ ਮਾਰੀਏ ਤਾ ਪਾਕਿਸਤਾਨ ਅਤੇ ਚੀਨ ਤਾਂ ਪਹਿਲਾਂ ਹੀ ਸਾਡੇ ਦੇਸ਼ ਦੇ ਦੁਸ਼ਮਣ ਹਨ ਪਰ ਹੁਣ ਅਸੀ ਨੇਪਾਲ ਨੂੰ ਵੀ ਅਪਣੇ ਦੁਸ਼ਮਣਾਂ ਦੀ ਕਤਾਰ ਵਿਚ ਖੜਾ ਕਰ ਲਿਆ ਹੈ।

ਰੂਸ ਭਾਰਤ ਦਾ ਪਹਿਲਾਂ ਹੀ ਮਿੱਤਰ ਰਿਹਾ ਹੈ ਪਰ ਹੁਣ ਅਸੀ ਅਮਰੀਕਾ ਨੂੰ ਨਵਾਂ ਦੋਸਤ ਬਣਾ ਲਿਆ ਹੈ, ਜਿਹੜਾ ਸਮੇਂ-ਸਮੇਂ 'ਤੇ ਅਪਣੇ ਬਿਆਨ ਬਦਲਦਾ ਰਹਿੰਦਾ ਹੈ, ਜਿਸ ਕਾਰਨ ਸਾਡੀ ਵਿਦੇਸ਼ੀ ਨੀਤੀ ਭੰਬਲਭੂਸੇ ਵਿਚ ਪਈ ਹੋਈ ਹੈ, ਕਿਉਂਕਿ ਰੂਸ ਅਤੇ ਅਮਰੀਕਾ ਦੇ ਕਦੇ ਵੀ ਚੰਗੇ ਸਬੰਧ ਨਹੀਂ ਰਹੇ। ਜੇਕਰ ਸਿੱਖ ਰਾਜੇ ਮਹਾਰਾਜੇ ਦਾ ਵਿਰੋਧ ਨਾ ਕਰਦੇ ਤਾਂ ਮਹਾਰਾਜਾ ਦਿੱਲੀ ਦਾ ਰਾਜਾ ਹੁੰਦਾ। ਇਸ ਬਾਰੇ ਜੀ.ਟੀ. ਵਿਗਨੋ ਲਿਖਦਾ ਹੈ, ''ਜੇ ਈਸਟ ਇੰਡੀਆ ਕੰਪਨੀ ਨੇ ਪੂਰਬ ਵਲ ਉਸ ਨੂੰ (ਅੰਮ੍ਰਿਤਸਰ ਦੀ ਸੰਧੀ 25 ਅਪ੍ਰੈਲ 1809) ਦੁਆਰਾ ਨਾ ਪਾਈ ਹੁੰਦੀ ਤਾਂ ਉਹ ਦਿੱਲੀ ਦੇ ਤਖ਼ਤ ਬਿਰਾਜਮਾਨ ਹੋ ਗਿਆ ਹੁੰਦਾ।''

ਗੱਲ ਕਾਹਦੀ ਕਿ ਮਹਾਰਾਜਾ ਸਾਹਿਬ ਇਕ ਬਹੁਤ ਹੀ ਸਿਆਣਾ, ਦਿਆਲੂ ਅਤੇ ਧਰਮ ਨਿਰਲੇਪ ਰਾਜਾ ਸਿੱਧ ਹੋਏ। ਮੋਦੀ ਸਾਹਿਬ ਅੱਜ ਕਹਿੰਦੇ ਹਨ ਕਿ ਸੱਭ ਦਾ ਸਾਥ, ਸੱਭ ਦਾ ਵਿਕਾਸ ਅਤੇ ਸੱਭ ਦਾ ਵਿਸ਼ਵਾਸ ਜਿੱਤਣਾ ਹੈ ਪਰ ਮਹਾਰਾਜਾ ਰਣਜੀਤ ਸਿੰਘ ਅਪਣੇ 40 ਸਾਲ ਦੇ ਰਾਜ ਵਿਚ ਸਾਰੇ ਸਿੱਖਾਂ, ਮੁਸਲਮਾਨਾਂ ਅਤੇ ਹਿੰਦੂਆਂ ਨੂੰ ਨਾਲ ਲੈ ਕੇ ਸੱਭ ਦਾ ਵਿਕਾਸ ਕੀਤਾ ਅਤੇ ਸੱਭ ਦਾ ਵਿਸ਼ਵਾਸ ਵੀ ਜਿੱਤਿਆ ਜਿਸ ਕਾਰਨ ਸਾਰੇ ਧਰਮਾਂ ਦੇ ਲੋਕ ਉਨ੍ਹਾਂ ਨੂੰ ਪਿਆਰ ਕਰਦੇ ਹਨ ਅਤੇ ਹਰ ਕੋਈ ਉਨ੍ਹਾਂ ਨੂੰ ਅਪਣਾ ਰਾਜਾ ਸਮਝਦੇ ਸਨ।

ਅਸਲ ਵਿਚ ਦੁਨੀਆਂ ਨੂੰ ਗੱਲਾਂ ਨਾਲ ਨਹੀਂ ਜਿਤਿਆ ਜਾ ਸਕਦਾ। ਉਨ੍ਹਾਂ ਨੂੰ ਕੁੱਝ ਕਰ ਕੇ ਵਿਖਾਉਣਾ ਪੈਂਦਾ ਹੈ ਜੋ ਮਹਾਰਾਜਾ ਸਾਹਿਬ ਨੇ ਕੀਤਾ ਜਿਸ ਕਾਰਨ ਅੱਜ ਉਨ੍ਹਾਂ ਨੂੰ ਦੁਨੀਆਂ ਦਾ ਮਹਾਨ ਰਾਜਾ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਦੁਨੀਆਂ ਇਹ ਨਹੀਂ ਵੇਖਦੀ ਕਿ ਕੋਈ ਕਿੰਨਾ ਚਿਰ ਕੁਰਸੀ 'ਤੇ ਬੈਠਾ ਹੈ। ਦੁਨੀਆਂ ਇਹ ਦੇਖਦੀ ਹੈ ਕਿ ਕੁਰਸੀ 'ਤੇ ਬੈਠਣ ਵਾਲੇ ਨੇ ਕੀਤਾ ਕੀ ਹੈ।

ਮਹਾਰਾਜਾ ਰਣਜੀਤ ਸਿੰਘ ਜਿਥੇ ਜਾਨਵਰ ਰੂਪੀ ਸ਼ੇਰ ਦਾ ਸ਼ਿਕਾਰ ਕੀਤਾ ਉਥੇ ਉਨ੍ਹਾਂ ਨੇ ਉਨ੍ਹਾਂ ਨਕਲੀ ਸ਼ੇਰਾਂ ਨੂੰ ਮਾਰਿਆ ਜਿਹੜੇ ਮਨੁੱਖਤਾ ਦਾ ਲਹੂ ਪੀ ਰਹੇ ਹਨ ਅਤੇ ਲੋਕਾਂ ਦੀ ਜਾਇਦਾਦ ਅਤੇ ਬਹੂ ਬੇਟੀਆਂ ਦੀਆਂ ਇੱਜ਼ਤਾਂ ਵੀ ਲੁੱਟ ਰਹੇ ਸਨ, ਉਦੋਂ ਉਨ੍ਹਾਂ ਨੂੰ ਲੋਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਹਿੰਦੇ। ਇਹੋ ਕਾਰਨ ਹੈ ਕਿ ਜਦੋਂ ਮਹਾਰਾਜਾ ਸਾਹਿਬ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਤਾਂ ਸਿੱਖ ਰਾਜ ਦੇ ਬਾਨੀ ਦੀ ਯਾਦ ਵਿਚ ਹਰ ਇਕ ਦੀਆਂ ਅੱਖਾਂ ਵਿਚ ਅੱਥਰੂ ਸਨ। ਉਨ੍ਹਾਂ ਦੀ ਮੌਤ 'ਤੇ ਇਕ ਮੁਸਲਮਾਨ ਸ਼ਾਇਰ ਸ਼ਾਹ ਮੁਹੰਮਦ ਨੇ ਲਿਖਿਆ ਸੀ:

ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਮ ਜ਼ੋਰ ਦੇ ਮੁਲਕ ਹਿਲਾਇ ਗਿਆ।
ਮੁਲਤਾਨ ਕਸ਼ਮੀਰ ਪਿਜੌਰ ਚੰਬਾ,
ਜੰਮੂ ਕਾਂਗੜਾ ਕੋਟ ਨਿਵਾਇ ਗਿਆ।

ਤਿੱਬਤ ਦੇਸ਼ ਲੱਦਾਖ਼ ਤੇ ਚੀਨ ਤੋੜੀ,
ਸਿੱਕਾ ਅਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦਾ ਜਾਨ ਪਚਾਨ ਵਰਨਾ,
ਅੱਛਾ ਰੱਜ ਕੇ ਰਾਜ ਕਮਾਇ ਗਿਆ।
ਮੋਬਾਈਲ : 94646-96083