Punjab News: ਸੱਪਾਂ ਦੇ ਮਸੀਹੇ ਵਜੋਂ ਜਾਣਿਆ ਜਾਂਦਾ ਹੈ ਹਜ਼ਾਰਾਂ ਸੱਪਾਂ ਦੀਆਂ ਜਾਨਾਂ ਬਚਾਉਣ ਵਾਲਾ ਜੋਗਾ ਸਿੰਘ ਕਾਹਲੋਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

Punjab News: ਪਿਛਲੇ 30 ਸਾਲਾਂ ਤੋਂ ਅਪਣੇ ਪ੍ਰਵਾਰ ਨਾਲ ਰਹਿ ਕੇ ਜਿੱਥੇ ਗੁਰੂ ਘਰ ਵਿਖੇ ਸੰਗਤਾਂ ਦੀ ਸੇਵਾ ਕਰ ਰਿਹਾ ਹੈ ਉੱਥੇ ਹੀ ਜੀਵ ਜੰਤੂਆਂ ਦੀ ਰਖਵਾਲੀ ਲਈ ਸੇਵਾ ਨਿਭਾ ਰਿਹਾ ਹੈ

Joga Singh Kahlon Snake News in punjabi

Joga Singh Kahlon Snake News in punjabi : ਅਸੀਂ ਜਦੋਂ ਵੀ ਕਿਸੇ ਸੱਪ ਨੂੰ ਵੇਖਦੇ ਹਾਂ ਤਾਂ ਉਸ ਨੂੰ ਮਾਰਨ ਵਾਸਤੇ ਤੁਰੰਤ ਕੋਈ ਸੋਟੀ ਜਾਂ ਇੱਟ-ਪੱਥਰ ਚੁੱਕ ਕੇ ਮਾਰਦੇ ਹਾਂ ਤੇ ਬਹੁਤੀ ਵਾਰ ਤਾਂ ਅਸੀ ਉਸ ਨੂੰ ਮਾਰ ਹੀ ਦਿੰਦੇ ਹਾਂ। ਸੱਪ ਸਾਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਰਿਹਾ ਹੁੰਦਾ ਸਗੋਂ ਸੱਪ ਸਾਨੂੰ ਵੇਖ ਕੇ ਡਰ ਦਾ ਮਾਰਿਆ ਜਾਨ ਬਚਾਉਣ ਵਾਸਤੇ ਭੱਜ ਰਿਹਾ ਹੁੰਦਾ ਹੈ ਪਰ ਅਸੀ ਫਿਰ ਵੀ ਉਸ ਨੂੰ ਮਾਰਨ ਲਈ ਕਾਹਲੇ ਹੁੰਦੇ ਹਾਂ। ਸਾਨੂੰ ਕੀ ਹੱਕ ਹੈ ਕਿ ਅਸੀ ਰੱਬ ਦੇ ਜੀਵ ਨੂੰ ਮਾਰ ਕੇ ਉਸ ਦਾ ਜਿਉਣ ਦਾ ਹੱਕ ਖੋਈਏ। ਇਨ੍ਹਾਂ ਗੱਲਾਂ ਨੂੰ ਵਿਚਾਰਨ ਦੀ ਲੋੜ ਹੈ।

ਅੱਜ ਜਿੱਥੇ ਇਨਸਾਨ ਅਪਣੇ ਮਤਲਬ ਵਾਸਤੇ ਇਨਸਾਨ ਨੂੰ ਮਾਰਨ ਲੱਗਾ ਇਕ ਮਿੰਟ ਵੀ ਨਹੀਂ ਲਗਾਉਂਦਾ ਅਜਿਹੀ ਦੁਨੀਆ ਵਿਚ ਜੀਵ ਜੰਤੂਆਂ ਨੂੰ ਪਿਆਰ ਕਰਨ ਵਾਲਾ ਇਕ ਅਜਿਹਾ ਇਨਸਾਨ ਵੀ ਹੈ ਜਿਸ ਨੂੰ ਸੱਪਾਂ ਦਾ ਮਸੀਹਾ ਵੀ ਕਿਹਾ ਜਾਵੇ ਤਾਂ ਕੋਈ ਗ਼ਲਤ ਨਹੀਂ ਹੋਵੇਗਾ ਕਿਉਂਕਿ ਉਹ ਹੁਣ ਤਕ ਸੈਂਕੜੇ ਸੱਪਾਂ, ਅਜਗਰਾਂ ਅਤੇ ਹੋਰ ਕਈ ਜ਼ਹਿਰੀਲੇ ਜੀਵ ਜੰਤੂਆਂ ਦੀਆਂ ਜਾਨਾਂ ਬੇਕਦਰੇ ਮਨੁੱਖਾਂ ਤੋਂ ਬਚਾ ਚੁੱਕਾ ਹੈ, ਉਸ ਦਾ ਨਾਮ ਹੈ ਜੋਗਾ ਸਿੰਘ ਕਾਹਲੋਂ ਜੋ ਕਿ ਇਤਿਹਾਸਕ ਗੁਰਦੁਆਰਾ ‘ਗੁਰੂ ਕਾ ਤਾਲ’ ਆਗਰਾ ਵਿਖੇ ਪਿਛਲੇ 30 ਸਾਲਾਂ ਤੋਂ ਅਪਣੇ ਪ੍ਰਵਾਰ ਨਾਲ ਰਹਿ ਕੇ ਜਿੱਥੇ ਗੁਰੂ ਘਰ ਵਿਖੇ ਸੰਗਤਾਂ ਦੀ ਸੇਵਾ ਕਰ ਰਿਹਾ ਹੈ ਉੱਥੇ ਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਪਾਰ ਕਿ੍ਰਾਪਾ ਨਾਲ ਜੀਵ ਜੰਤੂਆਂ ਦੀ ਰਖਵਾਲੀ ਲਈ ਨਿਸਵਾਰਥ ਸੇਵਾ ਨਿਭਾ ਰਿਹਾ ਹੈ। ਇਸ ਕਾਰਜ ਵਾਸਤੇ ਉਸ ਨੂੰ ਹੁਣ ਤਕ ਸਰਕਾਰੀ, ਗ਼ੈਰ ਸਰਕਾਰੀ, ਸਮਾਜ ਸੇਵੀ ਜਥੇਬੰਦੀਆਂ ਵਲੋਂ ਕਈ ਵਾਰ ਸਨਮਾਨਤ ਵੀ ਕੀਤਾ ਜਾ ਚੁੱਕਾ ਹੈ। ਉਸ ਨਾਲ ਸੱਪਾਂ ਅਤੇ ਮਨੁੱਖਾਂ ਦੀ ਦੁਸ਼ਮਣੀ ਅਤੇ ਜ਼ਹਿਰੀਲੇ ਸੱਪਾਂ, ਅਜਗਰਾਂ ਨੂੰ ਫੜਨ ਵਰਗੇ ਖ਼ਤਰਨਾਕ ਕੰਮ ਕਰਨ ਬਾਰੇ ਕੀਤੀ ਗੱਲਬਾਤ ਦੇ ਅੰਸ਼ ਪਾਠਕਾਂ ਦੇ ਸਨਮੁੱਖ ਕਰ ਰਿਹਾ ਹਾਂ।

ਸਵਾਲ - ਕਾਹਲੋ ਸਾਹਬ ਤੁਸੀ ਇਹ ਕੰਮ ਕਰਨਾ ਕਿਸ ਤੋਂ ਸਿਖਿਆ?
ਜਵਾਬ-ਬਚਪਨ ਵਿਚ ਮੈਂ ਵੀ ਸੱਪਾਂ ਆਦਿ ਜ਼ਹਿਰੀਲੇ ਜੀਵਾਂ ਤੋਂ ਬਹੁਤ ਡਰਦਾ ਸੀ। ਜਦੋਂ ਵੀ ਕਿਸੇ ਅਜਿਹੇ ਜੀਵ ਨੂੰ ਵੇਖਣਾ ਤਾਂ ਰੌਲਾ ਪਾ ਦੇਣਾ ਤੇ ਘਰਦਿਆਂ ਨੇ ਤੁਰੰਤ ਉਸ ਨੂੰ ਮਾਰ ਦੇਣਾ। ਇਕ ਵਾਰ ਉਸ ਨੇ ਕਿਸੇ ਨੂੰ ਹੱਥਾਂ ਨਾਲ ਹੀ ਸੱਪ ਨੂੰ ਫੜਦੇ ਹੋਏ ਵੇਖਿਆ ਤਾਂ ਉਸ ਦਾ ਡਰ ਵੀ ਦੂਰ ਹੋ ਗਿਆ। ਜਦੋਂ ਉਸ ਨੌਜਵਾਨ ਨੇ ਦਸਿਆ ਕਿ ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ ਤੇ ਇਨ੍ਹਾਂ ਨੂੰ ਮਾਰਨਾ ਪਾਪ ਹੈ। ਇਸ ਗੱਲ ਨੇ ਮੈਨੂੰ ਵੀ ਪ੍ਰੇਰਨਾ ਦਿਤੀ ਤੇ ਮੈਂ ਮਨ ਵਿਚ ਧਾਰ ਲਿਆ ਕਿ ਅੱਜ ਤੋਂ ਬਾਅਦ ਕਦੇ ਵੀ ਇਨ੍ਹਾਂ ਜੀਵਾਂ ਨੂੰ ਨਹੀ ਮਾਰਾਂਗਾ ਬਲਕਿ ਇਨ੍ਹਾਂ ਨੂੰ ਬਚਾਉਣ ਵਾਸਤੇ ਕੰਮ ਕਰਾਂਗਾ।

ਸਵਾਲ - ਜੋਗਾ ਸਿੰਘ ਜੀ, ਕੀ ਸਾਰੇ ਹੀ ਸੱਪ ਜ਼ਹਿਰੀਲੇ ਹੁੰਦੇ ਹਨ?
ਉੱਤਰ - ਨਹੀਂ ਜੀ, ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ। ਭਾਰਤ ਵਿਚ ਸੱਪਾਂ ਦੀਆਂ ਗਿਣਤੀ ਦੀਆਂ ਕਿਸਮਾਂ ਹੀ ਹੁੰਦੀਆਂ ਹਨ ਜੋ ਜ਼ਹਿਰੀਲੀਆਂ ਹਨ। ਦੁਨੀਆਂ ਵਿਚ ਸੱਪਾਂ ਦੀਆਂ ਕਰੀਬ 3000 ਜਾਤੀਆਂ ਪਾਈਆਂ ਜਾਂਦੀਆਂ ਹਨ ਜਿੰਨ੍ਹਾਂ ਵਿਚੋਂ ਸਿਰਫ਼ 15 ਕਿਸਮ ਦੀਆਂ ਜਾਤੀਆਂ ਦੇ ਸੱਪ ਹੀ ਜ਼ਹਿਰੀਲੇ ਹੁੰਦੇ ਹਨ। ਭਾਰਤ ਵਿਚ 270 ਦੇ ਕਰੀਬ ਕਿਸਮਾਂ ਦੇ ਸੱਪ ਹਨ। ਬਹੁਤੇ ਸੱਪ ਤਾਂ ਸਾਡੇ ਲਈ ਮਦਦਗਾਰ ਵੀ ਬਣਦੇ ਹਨ ਕਿਉਂਕਿ ਉਹ ਚੂਹੇ ਆਦਿ ਮਾਰ ਕੇ ਖਾਂਦੇ ਹਨ ਜੋ ਸਾਡੀਆਂ ਫ਼ਸਲਾਂ / ਘਰਾਂ/ ਦੁਕਾਨਾਂ ਦਾ ਨੁਕਸਾਨ ਕਰਦੇ ਹਨ।

ਸਵਾਲ - ਜੇ ਸਾਰੇ ਸੱਪ ਜ਼ਹਿਰੀਲੇ ਨਹੀਂ ਫਿਰ ਮਨੁੱਖ ਸੱਪਾਂ ਦੇ ਦੁਸ਼ਮਣ ਕਿਉਂ ਬਣੇ?
ਜਵਾਬ-ਮਨੁੱਖ ਦੀ ਸੱਪਾਂ ਨਾਲ ਦੁਸ਼ਮਣੀ ਕੋਈ ਨਵੀਂ ਨਹੀਂ ਹੈ, ਇਹ ਤਾਂ ਆਦਿ ਕਾਲ ਤੋਂ ਹੀ ਚਲੀ ਆ ਰਹੀ ਹੈ। ਇਸ ਦਾ ਕਾਰਨ ਹੈ ਸੱਪ ਦੇ ਕੱਟਣ ਨਾਲ ਮਨੁੱਖਾਂ ਦੀ ਮੌਤ। ਬਹੁਤੇ ਮਨੁੱਖਾਂ ਦੀ ਮੌਤ ਸੱਪ ਦੇ ਜ਼ਹਿਰ ਨਾਲ ਨਹੀਂ ਹੁੰਦੀ। ਜਦੋਂ ਕੋਈ ਸੱਪ ਕਟਦਾ ਹੈ ਤਾਂ ਅਸੀ ਘਬਰਾ ਜਾਂਦੇ ਹਾਂ ਜਿਸ ਨਾਲ ਇਨਸਾਨ ਨੂੰ ਹਾਰਟ ਅਟੈਕ ਹੋ ਜਾਂਦਾ ਹੈ ਤੇ ਆਦਮੀ ਦੀ ਮੌਤ ਹੋ ਜਾਂਦੀ ਹੈ ਜਦਕਿ ਚਾਹੀਦਾ ਇਹ ਹੈ ਕਿ ਸੱਪ ਦੇ ਕੱਟਣ ਦੇ ਤੁਰੰਤ ਬਾਅਦ ਉਸ ਥਾਂ ਨੂੰ ਦਿਲ ਵਾਲੇ ਪਾਸੇ ਤੋਂ ਕਿਸੇ ਰੱਸੀ ਜਾਂ ਕਪੜੇ ਨਾਲ ਘੁੱਟ ਕੇ ਬੰਨ੍ਹ ਦਿਤਾ ਜਾਵੇ ਅਤੇ ਸੱਪ ਦੇ ਕੱਟਣ ਵਾਲੀ ਥਾਂ ਦੇ ਨੇੜੇ ਦਿਲ ਵਲ ਨੂੰ ਕੋਈ ਕੱਟ ਆਦਿ ਲਗਾ ਕੇ ਖ਼ੂਨ ਨਿਕਲਦਾ ਕੀਤਾ ਜਾਵੇ ਤਾਂ ਜੋ ਉਸ ਦੀ ਜ਼ਹਿਰ ਪੂਰੇ ਸਰੀਰ ਵਿਚ ਨਾ ਫੈਲੇ। ਇਸ ਤੋਂ ਇਲਾਵਾ ਮਰੀਜ਼ ਨੂੰ ਤੁਰਨ ਜਾਂ ਭੱਜਣ ਤੋਂ ਰੋਕਿਆ ਜਾਵੇ ਅਤੇ ਉਸ ਨੂੰ ਇਲਾਜ ਵਾਸਤੇ ਨੇੜਲੇ ਹਸਪਤਾਲ ਭਰਤੀ ਕੀਤਾ ਜਾਵੇ। ਪਰ ਜਦੋਂ ਕਿਤੇ ਇਨਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਸਾਡੇ ਦਿਲ ਵਿਚ ਸੱਪਾਂ ਪ੍ਰਤੀ ਨਫ਼ਰਤ ਦਾ ਪੈਦਾ ਹੋਣਾ ਸੁਭਾਵਕ ਹੀ ਹੈ। ਬਾਕੀ ਸਾਨੂੰ ਇਹ ਵੀ ਪਹਿਚਾਣ ਨਹੀਂ ਹੁੰਦੀ ਕਿ ਕਿਹੜਾ ਸੱਪ ਜ਼ਹਿਰੀਲਾ ਹੈ ਅਤੇ ਕਿਹੜਾ ਨਹੀਂ, ਇਸ ਵਾਸਤੇ ਅਸੀ ਸੱਪ ਨੂੰ ਦੇਖਦੇ ਹੀ ਉਸ ਨੂੰ ਮਾਰਨ ਵਾਸਤੇ ਭੱਜਦੇ ਹਾਂ।


ਸਵਾਲ - ਸੱਪ ਦੀ ਮਨੀ ਜਾਂ ਇੱਛਾਧਾਰੀ ਨਾਗਿਨ ਬਾਰੇ ਤੁਹਾਡਾ ਕੀ ਖ਼ਿਆਲ ਹੈ?
ਜਵਾਬ - ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ। ਇਹ ਗੱਲਾਂ ਸਿਰਫ਼ ਮਨੋਰੰਜਨ ਵਾਸਤੇ ਫ਼ਿਲਮਾਂ ਵਿਚ ਹੀ ਹੁੰਦੀਆਂ ਹਨ ਜੋ ਸਿਰਫ਼ ਕਾਲਪਨਿਕ ਦੰਦ ਕਥਾਵਾਂ ਹਨ। ਇਨ੍ਹਾਂ ਵਿਚ ਜ਼ਰਾ ਜਿੰਨੀ ਵੀ ਸੱਚਾਈ ਨਹੀਂ ਹੈ। ਦੁਨੀਆਂ ਵਿਚ ਅੱਜ ਤਕ ਕੋਈ ਅਜਿਹਾ ਜੀਵ ਨਹੀਂ ਹੈ ਜੋ ਅਪਣਾ ਰੂਪ ਬਦਲ ਕੇ ਕਿਸੇ ਦੂਸਰੇ ਜੀਵ ਜੰਤੂ ਜਾਂ ਇਨਸਾਨ ਵਿਚ ਤਬਦੀਲ ਹੋ ਸਕੇ। ਅੱਜ ਦੇ ਸਾਇੰਸ ਦੀ ਤਰੱਕੀ ਦੇ ਸਮੇਂ ਵਿਚ ਅਜਿਹੀਆਂ ਗੱਲਾਂ ਸਿਰਫ਼ ਹਾਸੋ-ਹੀਣੀਆਂ ਹੀ ਹੋ ਸਕਦੀਆਂ ਹਨ। ਸੱਪ ਵੀ ਹੋਰ ਜੀਵਾਂ ਵਾਂਗ ਜੀਵ ਹੀ ਹੈ। ਇਸ ਦੇ ਸਿਰ ਵਿਚ ਮਨੀ ਦਾ ਹੋਣਾ ਕਾਲਪਨਿਕ ਹੀ ਹੈ। ਮਣੀ ਨਾਂ ਦੀ ਕੋਈ ਵੀ ਚੀਜ਼ ਦੁਨੀਆਂ ਵਿਚ ਕਿਸੇ ਦੇ ਸਾਹਮਣੇ ਨਹੀਂ ਆਈ।

ਸਵਾਲ-ਇਕ ਦੰਦ ਕਥਾ ਅਨੁਸਾਰ ਜੇਕਰ ਸੱਪ ਮਾਰਦੇ ਹਾਂ ਤਾਂ ਉੱਥੇ ਬਦਲਾ ਲੈਣ ਵਾਸਤੇ ਉਸ ਦਾ ਸਾਥੀ ਜ਼ਰੂਰ ਆਉਂਦਾ ਹੈ?
ਜਵਾਬ - ਇਸ ਗੱਲ ਵਿਚ ਵੀ ਕੋਈ ਸੱਚਾਈ ਨਹੀਂ। ਇਹ ਗੱਲਾਂ ਵੀ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਂ ਅੱਗੇ ਤੁਰੀਆਂ ਆ ਰਹੀਆਂ ਹਨ ਪਰ ਇਸ ਪਿੱਛੇ ਇਕ ਤਰਕ ਜ਼ਰੂਰ ਹੈ। ਜਦੋਂ ਕਿਤੇ ਸਾਡੇ ਘਰਾਂ ਵਿਚ ਸੱਪ ਆਦਿ ਕੋਈ ਜੀਵ ਜੰਤੂ ਆ ਜਾਂਦਾ ਹੈ ਤਾਂ ਅਸੀ ਉਸ ਨੂੰ ਮਾਰ ਦਿੰਦੇ ਹਾਂ। ਉਸ ਸਮੇਂ ਉਸ ਦਾ ਮਲ ਮੂਤਰ ਨਿਕਲਦਾ ਹੈ ਜੋ ਕਿ ਮਿੱਟੀ ਆਦਿ ਵਿਚ ਰਲ ਜਾਂਦਾ ਹੈ। ਉਸ ਦਾ ਅਸਰ ਕਈ ਸਾਲਾਂ ਤਕ ਮਿੱਟੀ ਵਿਚ ਰਹਿੰਦਾ ਹੈ ਜਦੋਂ ਕਿਤੇ ਉਸ ਜਗ੍ਹਾ ਦੇ ਨੇੜੇ ਤੇੜੇ ਕੋਈ ਹੋਰ ਸੱਪ ਗੁਜ਼ਰਦਾ ਹੈ ਤਾਂ ਉਸ ਨੂੰ ਉਸ ਦੀ ਸੁਗੰਧ ਮਿਲਦੀ ਹੈ ਤਾਂ ਉਹ ਅਕਰਸ਼ਤ ਹੋ ਕੇ ਉਸ ਥਾਂ ਤੇ ਪਹੁੰਚ ਜਾਂਦਾ ਹੈ। ਸਾਨੂੰ ਲਗਦਾ ਹੈ ਕਿ ਇਹ ਉਸ ਦਾ ਸਾਥੀ ਹੈ।

ਸਵਾਲ - ਹੁਣ ਤਕ ਕਿੰਨੇ ਕੁ ਸੱਪਾਂ ਜਾਂ ਜਾਨਵਰਾਂ ਨੂੰ ਬਚਾ ਚੁੱਕੇ ਹੋ?
ਜਵਾਬ - ਗਿਣਤੀ ਤਾਂ ਕੋਈ ਨਹੀਂ ਪਰ ਪਿਛਲੇ 10-12 ਸਾਲਾਂ ਦੌਰਾਨ ਹਜ਼ਾਰਾਂ ਸੱਪ, ਗੋਹ, ਚੰਨਣਘੀਰੀ, ਬਿੱਛੂ, ਅਜਗਰ, ਕੋਬਰਾ, ਵਾਈਪਰ, ਇੰਡੀਅਨ ਪਾਈਥਨ ਆਦਿ ਜੀਵਾਂ ਨੂੰ ਪਕੜ ਕੇ ਮਨੁੱਖੀ ਬਸਤੀ ਤੋਂ ਜੰਗਲ ਆਦਿ ਵਿਚ ਛਡਿਆ ਜ਼ਰੂਰ ਹੈ।
ਸਵਾਲ - ਜੋਗਾ ਸਿੰਘ ਜੀ ਆਗਰਾ ਵਿਚ ਸੱਪ ਕਿਉਂ ਜ਼ਿਆਦਾ ਹਨ?
ਜਵਾਬ - ਆਗਰਾ ਸ਼ਹਿਰ ਦੇ ਆਲੇ ਦੁਆਲੇ ਕਾਫ਼ੀ ਜੰਗਲੀ ਅਤੇ ਬੇਆਬਾਦ ਇਲਾਕਾ ਪਿਆ ਹੈ। ਇਸ ਤੋਂ ਇਲਾਵਾ ਇਸ ਦੇ ਕੋਲ ਦੀ ਜਮਨਾ ਨਦੀ ਵੀ ਲੰਘਦੀ ਹੈ ਜਿਸ ਕਾਰਨ ਇਸ ਇਲਾਕੇ ਵਿਚ ਸੱਪ ਅਤੇ ਜ਼ਹਿਰੀਲੇ ਜੀਵ ਕਾਫ਼ੀ ਮਾਤਰਾ ਵਿਚ ਪਾਏ ਜਾਂਦੇ ਹਨ। ਕਈ ਵਾਰ ਇਹ ਜੀਵ ਭਟਕ ਕੇ ਮਨੁੱਖੀ ਬਸਤੀ ਵਿਚ ਆ ਜਾਂਦੇ ਹਨ ਅਤੇ ਮਨੁੱਖਾਂ ਤੋਂ ਡਰ ਕੇ ਅਪਣੀ ਜਾਨ ਬਚਾਉਣ ਵਾਸਤੇ ਇੱਧਰ ਉੱਧਰ ਭੱਜਦੇ ਹਨ। ਭੱਜਦੇ ਸਮੇਂ ਉਨਾਂ ਨੂੰ ਅਪਣੀ ਜਾਨ ਦਾ ਖ਼ਤਰਾ ਮਹਿਸੂਸ ਹੁੰਦਾ ਹੈ ਅਤੇ ਉਹ ਸਾਹਮਣੇ ਆਏ ਇਨਸਾਨ ਨੂੰ ਕੱਟ ਵੀ ਲੈਂਦੇ ਹਨ।

ਸਵਾਲ - ਇਸ ਖ਼ਤਰਨਾਕ ਕੰਮ ਵਾਸਤੇ ਕੀ ਕੋਈ ਫ਼ੀਸ ਵੀ ਲੈਂਦੇ ਹੋ? ਕੀ ਕੋਈ ਮਾਣ-ਸਨਮਾਨ ਵੀ ਮਿਲਿਆ ਹੈ?
ਜਵਾਬ - ਮੈਂ ਇਹ ਕੰਮ ਕੋਈ ਰੁਪਏ ਕਮਾਉਣ ਵਾਸਤੇ ਨਹੀਂ ਕਰਦਾ। ਸ਼੍ਰੀ ਗੁਰੁੂ ਤੇਗ ਬਹਾਦਰ ਸਾਹਿਬ ਦੀ ਪੂਰੀ ਕਿ੍ਰਪਾ ਹੈ। ਰੋਟੀ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਹੈ। ਮੇਰਾ ਤਾਂ ਕੁਦਰਤੀ ਪ੍ਰਕਿ੍ਰਤੀ ਅਤੇ ਜੀਵ ਜੰਤੂਆਂ ਨਾਲ ਬਹੁਤ ਲਗਾਉ ਹੈ। ਮੈਂ ਤਾਂ ਉਨ੍ਹਾਂ ਦੀ ਜਾਨ ਬਚਾਉਣ ਅਤੇ ਇਨਸਾਨਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ ਇਸ ਲਈ ਨਿਸਵਾਰਥ ਸੇਵਾ ਕਰ ਰਿਹਾ ਹਾਂ। ਰਹੀ ਗੱਲ ਮਾਨ ਸਨਮਾਨ ਦੀ ਤਾਂ ਉਹ ਗੁਰੂ ਸਾਹਿਬ ਨੇ ਬਹੁਤ ਦਿਤਾ ਹੈ। ਇਸ ਤੋਂ ਇਲਾਵਾ ਡੀ.ਸੀ. ਸਾਹਬ ਆਗਰਾ ਨੇ ਯੂ.ਪੀ. ਸਰਕਾਰ ਵਲੋਂ ਅਤੇ ਇਲਾਕੇ ਦੀਆਂ ਸਮਾਜ ਸੇਵੀ ਕਲੱਬਾਂ, ਦੋਸਤਾਂ ਮਿੱਤਰਾਂ ਤੇ ਪੰਚਾਇਤਾਂ ਵਲੋਂ ਬਹੁਤ ਮਾਣ ਸਨਮਾਨ ਮਿਲਿਆ ਹੈ ਅਤੇ ਮਿਲ ਵੀ ਰਿਹਾ ਹੈ ਜਿਨ੍ਹਾਂ ਨੂੰ ਸ਼ਬਦਾ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ।

ਸਵਾਲ - ਕਾਹਲੋਂ ਸਾਹਿਬ ਜੀ ਸੰਗਤਾਂ ਵਾਸਤੇ ਕੋਈ ਸ਼ੰਦੇਸ਼?
ਜਵਾਬ - ਮੇਰਾ ਇਕੋ ਸ਼ੰਦੇਸ਼ ਹੈ ਸਮੂਹ ਸੰਗਤਾਂ ਨੂੰ ‘‘ਜਿਨ ਪ੍ਰੇਮ ਕੀਓੁ ਤਿੰਨ ਹੀ ਪ੍ਰਭੁ ਪਾਇਓੁ’’ ਦੇ ਗੁਰੂ ਦੇ ਸਿਧਾਂਤ ’ਤੇ ਚਲਦੇ ਹੋਏ ਕਿਸੇ ਵੀ ਜੀਵ ਜੰਤੂ ਤੋਂ ਉਸ ਦਾ ਜਿਉਣ ਦਾ ਹੱਕ ਨਾ ਖੋਹਵੋ। ਇਸ ਧਰਤੀ ’ਤੇ ਜੋ ਵੀ ਇਨਸਾਨ ਜਾਂ ਜੀਵ ਜੰਤੂ ਆਇਆ ਹੈ ਉਸ ਨੂੰ ਵੀ ਸਾਡੇ ਵਾਂਗ ਜਿਉਂਦੇ ਰਹਿਣ ਦਾ ਪੂਰਾ ਹੱਕ ਹੈ। ਸਾਨੂੰ ਕੋਈ ਅਧਿਕਾਰ ਨਹੀਂ ਕਿ ਅਸੀ ਰੱਬ ਦੇ ਭੇਜੇ ਕਿਸੇ ਜੀਵ ਤੋਂ ਉਸ ਦੇ ਜਿਉਂਦੇ ਰਹਿਣ ਦਾ ਹੱਕ ਖੋਹ ਸਕੀਏ। ਇਕ ਗੱਲ ਹੋਰ ਕਿ ਸਾਨੂੰ ਸਾਰਿਆਂ ਨੂੰ ਸੱਪਾਂ ਅਤੇ ਜ਼ਹਿਰੀਲੇ ਜੀਵਾਂ ਬਾਰੇ ਪੂਰੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ। ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਹੜਾ ਜੀਵ ਜ਼ਹਿਰੀਲਾ ਹੈ ਅਤੇ ਕਿਹੜਾ ਨਹੀਂ। ਕਿਹੜਾ ਜੀਵ ਸਾਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਕਿਹੜਾ ਨਹੀਂ।

ਸ਼੍ਰੀਮਤੀ ਮੇਨਕਾ ਗਾਂਧੀ ਜੋ ਕਿ ਪਸ਼ੂ ਪ੍ਰੇਮੀ ਇਕ ਐਨ.ਜੀ ਓ. ਵੀ ਚਲਾ ਰਹੇ ਹਨ। ਉਨ੍ਹਾਂ ਦਾ ਵੀ ਕਹਿਣਾ ਹੈ ਕਿ ਜਿਵੇਂ ਭਗਵਾਨ ਨੇ ਇਨਸਾਨ ਨੂੰ ਜੀਵਨ ਦੇ ਕੇ ਸੰਸਾਰ ’ਤੇ ਭੇਜਿਆ ਹੈ, ਇਸੇ ਤਰ੍ਹਾਂ ਹੀ ਜਾਨਵਰਾਂ ਆਦਿ ਨੂੰ ਵੀ ਜੀਵਨ ਬਖ਼ਸ਼ਿਆ ਹੈ ਤੇ  ਸਾਨੂੰ ਕੋਈ ਹੱਕ ਨਹੀਂ ਕਿ ਅਸੀ ਬਿਨਾਂ ਕਾਰਨ ਕਿਸੇ ਜੀਵ ਨੂੰ ਮਾਰੀਏ। ਉਨ੍ਹਾਂ ਦਾ ਕਹਿਣਾ ਹੈ ਕਿ ਜੀਵ ਹੱਤਿਆ ਵੀ ਕਾਨੂੰਨਨ ਅਪਰਾਧ ਹੈ। ਜੀਵ-ਜੰਤੂਆਂ ਦੀ ਰਖਿਆ ਵਾਸਤੇ ਵੱਖ ਵੱਖ ਤਰ੍ਹਾਂ ਦੇ ਕਾਨੂੰਨ ਬਣੇ ਹੋਏ ਹਨ। ਸਾਨੂੰ ਉਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਜੀਵ ਜੰਤੂਆਂ ਨੂੰ ਵੀ ਅਪਣੇ ਬੱਚਿਆਂ ਦੀ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ।