S.joginder Singh: ਉੱਘੀਆਂ ਸ਼ਖ਼ਸੀਅਤਾਂ ਵਲੋਂ ‘ਰੋਜ਼ਾਨਾ ਸਪੋਕਸਮੈਨ’ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ 

ਸਪੋਕਸਮੈਨ Fact Check

ਵਿਚਾਰ, ਵਿਸ਼ੇਸ਼ ਲੇਖ

S.joginder Singh: ਉੱਘੀਆਂ ਸ਼ਖ਼ਸੀਅਤਾਂ ਵਲੋਂ ‘ਰੋਜ਼ਾਨਾ ਸਪੋਕਸਮੈਨ’ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ

S.joginder Singh

S.joginder Singh: ਤੁਰ ਗਿਆ ਕਲਮ ਦਾ ਧਨੀ 
ਅੱਜ ਦਾ ਸੂਰਜ ਬੇਹਦ ਦੁਖਦ ਭਰੀ ਖ਼ਬਰ ਲੈ ਕੇ ਆਇਆ ਹੈ। ਪ੍ਰੋਫ਼ੈਸਰ ਗੁਰਮੁਖ ਸਿੰਘ ਅਤੇ ਗਿਆਨੀ ਦਿਤ ਸਿੰਘ ਦੇ ਪੱਧਰ ਦਾ ਸੁਧਾਰਵਾਦੀ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਜੀ ਸਾਨੂੰ ਵਿਛੋੜਾ ਦੇ ਗਏ। ਉਹ ਪਾਰਸ ਦੀ ਨਿਆਈ ਸਨ। ਉਨ੍ਹਾਂ ਦੀ ਛੋਹ ਨਾਲ ਇਕ ਰਿਕਸ਼ਾ ਚਾਲਕ ਵੀ ਲੇਖਕ ਬਣ ਗਿਆ ਤੇ ਇਕ ਘੜੀ ਸਾਜ਼ ਪੱਤਰਕਾਰ ਬਣ ਗਿਆ। ਸ.ਜੋਗਿੰਦਰ ਸਿੰਘ ਦਾ ਜੀਵਨ ਜਦੋਜਹਿਦ ਭਰਿਆ ਸੀ।

ਸਪੋਕਸਮੈਨ ਮਾਸਿਕ ਪੱਤਰ ਤੋਂ ਲੈ ਕੇ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਤੇ ਫਿਰ ਸੀਮਤ ਵਸੀਲਿਆਂ ਨਾਲ ਉੱਚਾ ਦਰ ਬਾਬੇ ਨਾਨਕ ਦਾ ਸ਼ੁਰੂ ਕਰ ਕੇ ਪੰਥ ਦੀ ਝੋਲੀ ਪਾਉਣਾ ਸ. ਜੋਗਿੰਦਰ ਸਿੰਘ ਦੇ ਹਿੱਸੇ ਆਇਆ। ਮੇਰਾ ਸ. ਜੋਗਿੰਦਰ ਸਿੰਘ ਨਾਲ ਸਾਂਝ ਅਜਿਹਾ ਸੀ ਜੋ ਸ਼ਬਦਾਂ ਵਿਚ ਬਿਆਨ ਨਹੀਂ ਹੋ ਸਕਦਾ। ਉਹ ਪਿਤਾ ਵਾਂਗ ਘੂਰਦੇ, ਸਮਝਾਉਂਦੇ ਮਾਰਗ ਦਰਸ਼ਨ ਕਰਦੇ ਤੇ ਅਗਲੀ ਜੰਗ ਲਈ ਤਿਆਰ ਕਰਦੇ ਸਨ। ਕੱੁਝ ਸੱਜਣ ਦਸਦੇ ਕਿ ਰਾਤ ਜਦੋਂ ਅਖ਼ਬਾਰ ਦੀ ਤਿਆਰੀ ਕਰਦੇ ਤਾਂ ਪਹਿਲਾ ਸਵਾਲ ਹੁੰਦਾ ਅੰਮ੍ਰਿਤਸਰ ਤੋਂ ਕੀ ਆਇਆ? ਸ. ਜੋਗਿੰਦਰ ਸਿੰਘ ਮਰਦ ਏ ਮੁਜਹਿਦ ਸਨ। ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਉਨ੍ਹਾਂ ਵਿਰੁਧ ਹੁਕਮਨਾਮਾ ਜਾਰੀ ਕੀਤਾ ਤਾਂ ਪੁਜਾਰੀਆਂ ਅੱਗੇ ਝੁਕਣ ਦੀ ਬਜਾਏ ਸੀਨਾ ਤਾਨ ਕੇ ਖੜੇ ਹੋਏ। ਜਦ ਸ਼੍ਰੋਮਣੀ ਕਮੇਟੀ ਨੇ ਇਕ ਸੰਪਾਦਕੀ ਨੂੰ ਲੈ ਕੇ ਕੇਸ ਕੀਤਾ ਫਿਰ ਵੀ ਪੂਰੀ ਦਲੇਰੀ ਨਾਲ ਖੜੇ ਰਹੇ। ਮੈਂ ਚਸ਼ਮਦੀਦ ਗਵਾਹ ਹਾਂ ਜਦ ਉਹ ਅੰਮ੍ਰਿਤਸਰ ਵਿਚ ਤਫ਼ਤੀਸ਼ ’ਤੇ ਅਦਾਲਤ ਵਿਚ ਆਏ। ਹਰ ਵਾਰ ਉਹੀ ਸ਼ਾਂਤ ਚੇਹਰਾ, ਮੁਸਕਰਾਹਟ ਤੇ ਦਲੇਰੀ। ਕਦੀ ਡੋਲਦੇ ਨਹੀਂ ਦੇਖਿਆ। ਸ. ਜੋਗਿੰਦਰ ਸਿੰਘ ਦੇ ਅਕਾਲ ਚਲਾਣੇ ’ਤੇ ਇਹ ਹੀ ਕਿਹਾ ਜਾ ਸਕਦਾ ਹੈ:
ਮੇਰੀ ਮੌਤ ’ਤੇ ਨਾ ਰੋਇਉ ਮੇਰੀ ਸੋਚ ਨੂੰ ਬਚਾਇਉ

ਉੱਘੀਆਂ ਸ਼ਖ਼ਸੀਅਤਾਂ ਵਲੋਂ ‘ਰੋਜ਼ਾਨਾ ਸਪੋਕਸਮੈਨ’ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ 
ਸਰਦਾਰ ਜੋਗਿੰਦਰ ਸਿੰਘ ਦੀ ਕਲਮ ਦਾ ਉਸ ਸਮੇਂ ਤੋਂ ਭਗਤ ਹਾਂ ਜਦੋਂ ਉਨ੍ਹਾਂ ਨੇ ਹਫ਼ਤਾਵਾਰ ਰੋਜ਼ਾਨਾ ਸਪੋਕਸਮੈਨ ਮੈਗਜ਼ੀਨ ਸ਼ੁਰੂ ਕੀਤਾ ਸੀ, ਫਿਰ ਤਾਂ ਚੱਲ ਸੋ ਚੱਲ। ਇਹ ਇਨਸਾਨ ਉਨ੍ਹਾਂ ਮਹਾਂਪੁਰਸ਼ਾਂ ਵਿਚੋਂ ਸੀ ਜਿੰਨਾਂ ਨੂੰ ਪਰਮਾਤਮਾ ਕਿਸੇ ਖ਼ਾਸ ਮਕਸਦ ਲਈ ਇਸ ਧਰਤੀ ’ਤੇ ਭੇਜਦਾ ਹੈ। ‘ਰੋਜ਼ਾਨਾ ਸਪੋਕਸਮੈਨ’ ਅਖ਼ਬਾਰ ਸ਼ੁਰੂ ਕਰਨਾ, ਅਪਣੀਆਂ ਲਿਖਤਾਂ ਰਾਹੀਂ ਮਨੁੱਖਤਾ ਨੂੰ ਗੁਰਬਾਣੀ ਅਤੇ ਨਾਨਕ ਵਿਚਾਰਧਾਰਾ ਨਾਲ ਜੋੜਨਾ, ‘ਉੱਚਾ ਦਰ ਬਾਬੇ ਨਾਨਕ ਦਾ’ ਜਿਹਾ ਅਜੂਬਾ ਹਜ਼ਾਰਾਂ ਮੁਸ਼ਕਲਾਂ ਅਤੇ ਵਿਰੋਧੀਆਂ ਵਲੋਂ ਬੇਸ਼ੁਮਾਰ ਢਾਹਾਂ ਲਾਉਣ ਦੇ ਬਾਵਜੂਦ ਸਥਾਪਤ ਕਰਨਾ ਉਨਾ ਮਕਸਦਾਂ ਵਿਚੋਂ ਕੁਝ ਹਨ। ਜਦੋਂ ‘ਰੋਜ਼ਾਨਾ ਸਪੋਕਸਮੈਨ’ ਅਖ਼ਬਾਰ ਸ਼ੁਰੂ ਹੋਣੀ ਸੀ ਤਾਂ ਵਿਰੋਧੀਆਂ ਨੇ ਸਾਜ਼ਸ਼ ਰਚੀ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਲਹਿੰਦਿਆਂ ਸਾਰੇ ਬੰਡਲਾਂ ਨੂੰ ਅੱਗ ਲਗਾਈ ਜਾਵੇ ਪਰ ਅਸ਼ਕੇ ਉਸ ਦੀ ਪ੍ਰਤਿਭਾ ਦੇ, ਅਖ਼ਬਾਰ ਦੇ ਮੁੱਖ ਪੂਰੇ ਸਫ਼ੇ ਉੱਪਰ ਬਾਬੇ ਨਾਨਕ ਦੀ ਰੰਗੀਨ ਫੋਟੋ ਛਪਵਾਈ, ਜਾਹਰ ਹੈ ਝੱਲਿਆਂ ਦੇ ਮਨਸੂਬੇ ਉਨ੍ਹਾਂ ਲਈ ਸ਼ਰਮਸਾਰ ਸਾਬਤ ਹੋਏ। ਕੁਝ ਵਰੇ ਪਹਿਲਾਂ ਉਹ ਸਮੇਂ ਦੀਆਂ ਸਰਕਾਰਾਂ ਵਲੋਂ ਰੰਜਿਸ਼ ਕਾਰਨ ਇਕ ਕੇਸ ਸਬੰਧੀ ਅੰਮ੍ਰਿਤਸਰ ਕਚਹਿਰੀ ਆਏ ਤਾਂ ਉਨ੍ਹਾਂ ਦੇ ਵਕੀਲ ਮੇਰੇ ਦੋਸਤ ਦਾ ਫ਼ੋਨ ਆਇਆ ਕਿ ‘‘ਸਰਦਾਰ ਜੀ ਮੇਰੇ ਕੋਲ ਹਨ, ਲਉ ਗੱਲ ਕਰ ਲਉ।’’ ਮੇਰੀ ਹਮ ਉਮਰ ਦੇ ਹੋਣ ਕਰ ਕੇ ਮੈਂ ਕਿਹਾ, ‘‘ਸਰਦਾਰ ਜੀ ਸਾਨੂੰ ਬੜਾ ਫ਼ਿਕਰ ਸੀ ਕਿ ਤੁਹਾਡੇ ਬਾਅਦ ਅਖ਼ਬਾਰ ਅਤੇ ਰੋਜ਼ਾਨਾ ਸਪੋਕਸਮੈਨ ਪ੍ਰਵਾਰ ਦਾ ਕੀ ਬਣੇਗਾ ਪ੍ਰੰਤੂ ਬੇਟੀ ਨਿਮਰਤ ਕੌਰ ਦੇ ਕੰਮ ਕਾਰ ਅਤੇ ਲਿਖਤਾਂ ਦੇਖਦਿਆਂ ਹੌਸਲਾ ਹੋ ਗਿਆ ਹੈ।’’ 
ਹੱਸ ਕੇ ਕਹਿੰਦੇ, ‘‘ਬਾਬੇ ਨਾਨਕ ਨੇ ਜੋ ਕਰਨਾ ਕਰਵਾਉਣਾ ਹੈ ਹੁੰਦਾ ਰਹੇਗਾ, ਫਿਕਰ ਕਾਹਦਾ!’’ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਉਸ ਮਹਾਨ ਆਤਮਾ ਨੂੰ ਅਪਣੇ ਚਰਨੀਂ ਨਿਵਾਸ ਬਖ਼ਸ਼ੇ ਅਤੇ ਅਜਿਹੇ ਇਨਸਾਨ ਮਨੁੱਖਤਾ ਦੇ ਭਲੇ ਅਤੇ ਕਲਿਆਣ ਲਈ ਭੇਜਦਾ ਰਹੇ। 
- ਡਾ. ਭੋਲਾ ਸਿੰਘ ਸਿੱਧੂ, ਡਾਇਰੈਕਟਰ ਸਰਜਰੀ, 
ਪ੍ਰਾਵਤੀ ਦੇਵੀ ਹਸਪਤਾਲ, ਅੰਮ੍ਰਿਤਸਰ 

ਸ. ਜੋਗਿੰਦਰ ਸਿੰਘ ਜੀ ਦਾ ਵਿਛੋੜਾ ਬੜਾ ਦੁਖਦਾਈ ਹੇ ਜਿਸ ਬਗ਼ੀਚੀ ਨੂੰ ਉਨ੍ਹਾਂ ਨੇ ਤੰਗੀਆਂ ਤੁਰਸ਼ੀਆਂ ਦੇ ਚਲਦੇ ਖ਼ੂਨ ਪਸੀਨੇ ਨਾਲ ਸਿੰਜਿਆ ਉਸ ਦੇ ਰੰਗ ਬਿਰੰਗੇ ਫੁੱਲ ਫਲ ਵੇਖਣ ਦਾ ਸਮਾਂ ਹੁਣ ਆਇਆ ਸੀ ਪਰ ਅਕਾਲ ਪੁਰਖ ਦੇ ਸਦੜੇ ਅੱਗੇ ਕਿਸੇ ਦਾ ਜ਼ੋਰ ਨਹੀਂ ਪਰ ਏਨੀ ਤਸੱਲੀ ਹੈ ਕਿ ਜਿਸ ਅਜੂਬੇ ਨੂੰ ਉਹ ਅਪਣੀ ਜ਼ਿੰਦਗੀ ਵਿਚ ਚਾਲੂ ਹੋਇਆ ਵੇਖਣਾ ਚਾਹੁੰਦੇ ਸੀ ਉਸ ਪੱਖੋਂ ਉਹ ਸੁਰਖਰੂ ਹੋ ਕੇ ਗਏ ਹਨ, ਸਾਰਥਕ ਅਤੇ ਸਾਦਾ ਜੀਵਨ ਨਿਭਾ ਕੇ ਮਾਨਵਤਾ ਲਈ ਸਦੀਵੀ ਯਾਦਗਾਰ ਭੇਟ ਕਰ ਗਏ ਹਨ। 
-ਸ. ਕੰਵਲਜੀਤ ਸਿੰਘ ਖ਼ਾਲਸਾ

ਰੋਜਾਨਾ ਸਪੋਕਸਮੈਨ ਦੇ ਸੰਪਾਦਕ ਦੇ ਤੁਰ ਜਾਣ ਨੂੰ ਸੱਚੀ ਸੁੱਚੀ, ਨਿਰਧੜਕ, ਸਿਰੜੀ ਅਤੇ ਬੇਬਾਕ ਪੱਤਰਕਾਰੀ ਦੇ ਯੁੱਗ ਦਾ ਅੰਤ ਕਹਿ ਲਿਆ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ। ਗਿਆਨੀ ਦਿੱਤ ਸਿੰਘ ਅਤੇ ਪ੍ਰੋ. ਗੁਰਮੁੱਖ ਸਿੰਘ ਵਰਗੀ ਕਲਮ ਅਤੇ ਦਿ੍ਰੜ੍ਹਤਾ ਨੂੰ ਪ੍ਰਣਾਈ ਸ਼ਖ਼ਸੀਅਤ ਦਾ ਨਾਮ ਸਰਦਾਰ ਜੋਗਿੰਦਰ ਸਿੰਘ ਸਪੋਕਸਮੈਨ ਸੀ। ਉਹ ਅਤੇ ਅਦਾਰਾ ਸਪੋਕਸਮੈਨ ਇਕ ਦੂੱਜੇ ਦੇ ਪੂਰਕ ਸਨ। ਸਿਆਸਤਦਾਨਾਂ ਤੇ ਪੁਜਾਰੀਆਂ ਦੀ ਵਿਰੋਧਤਾ ਦੇ ਬਾਵਜੂਦ ਸਪੋਕਸਮੈਨ ਅਖ਼ਬਾਰ ਨੂੰ ਬੁਲੰਦੀਆਂ ਤੇ ਪਹੁੰਚਾਇਆ ਇਹ ਅਪਣੇ ਆਪ ਵਿਚ ਵਿਲੱਖਣ ਕਾਰਜ ਹੈ। ‘ਉੱਚਾ ਦਰ ਬਾਬੇ ਨਾਨਕ ਦਾ’ ਵਰਗਾ ਅਜੂਬਾ ਉਸਾਰਨਾ ਉਨ੍ਹਾਂ ਦੀ ਬਾਬੇ ਨਾਨਕ ਪ੍ਰਤੀ ਉਚੇਰੀ ਆਸਥਾ ਦੀ ਲਖਾਇਕ ਹੈ। ਸਿਰੜ ਦਾ ਦੂਸਰਾ ਨਾਮ ਹੀ ਸੀ ਸਰਦਾਰ ਜੋਗਿੰਦਰ ਸਿੰਘ।

ਬਾਬੇ ਨਾਨਕ ਦੇ ਸੱਚੇ ਸੇਵਕ ਨੇ ਜੋਂ ਕਿਹਾ ਉਹ ਕਰ ਵਿਖਾਇਆ। ਸੱਚ ਦਾ ਪਾਂਧੀ ਉਨ੍ਹਾਂ ਰਾਹਾਂ ਤੇ ਤੁਰ ਚਲਿਆ ਜਿਥੋਂ ਕਦੇ ਕੋਈ ਵਾਪਸ ਨਹੀਂ ਮੁੜਿਆ। ਸਿੱਖ ਪੰਥ ਅਤੇ ਸਿੱਖ ਸਿਆਸਤ ਦੇ ਰਾਹ ਦਸੇਰੇ ਤੋਂ ਪੰਥ ਵਾਂਝਾ ਹੋ ਗਿਆ। ਇਸ ਨਿੱਡਰ ਅਤੇ ਬੇਬਾਕ ਖ਼ਾਮੋਸ਼ ਹੋਈ ਕਲਮ ਦੀ ਥਾਂ ਭਹਨ ਲਈ ਕਿੰਨਾ ਸਮਾਂ ਉਡੀਕ ਕਰਨੀ ਪਵੇ ਇਸ ਦਾ ਅੰਦਾਜਾ ਲਾਉਣਾ ਬਹੁਤ ਮੁਸ਼ਕਲ ਹੈ। ਲੱਖਾਂ ਔਕੜਾਂ ਅਤੇ ਮੁਸ਼ਕਲਾਂ ਦੇ ਬਾਵਜੂਦ ਇਹ ਮਹਾਨ ਸੰਘਰਸ਼ੀ ਯੋਧੇ ਨੂੰ ਕੋਈ ਧਨਵਾਨ ਜਰਵਾਣਾ ਝੁੱਕਾ ਨਹੀਂ ਸਕਿਆ। ਅਖ਼ੀਰ ਮੌਤ ਕੋਲੋਂ ਜ਼ਰੂਰ ਹਾਰ ਗਿਆ ਇਹ ਕਰਮਯੋਗੀ ਪਰ ਇਹ ਦੁਨੀਆਂ ਦੀ ਅਟੱਲ ਸੱਚਾਈ ਹੈ। ਸੀਮਤ ਸਾਧਨਾਂ ਦੇ ਬਾਵਜੂਦ ਵੀ ਅਪਣੇ ਪ੍ਰਵਾਰ ਅਤੇ ਸਹਿਯੋਗੀਆਂ ਦੀ ਅਗਵਾਈ ਕਰ ਕੇ ਕੌਮ ਦੀ ਝੌਲੀ, ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਰੂਪ ਵਿਚ ਇਕ ਮਹਾਨ ਅਜਾਇਬ ਘਰ ਪਾ ਗਿਆ ਜਿਸ ਨੂੰ ਸਦੀਆਂ ਤਕ ਸਿਜਦਾ ਕੀਤਾ ਜਾਵੇਗਾ। ਅਖ਼ੀਰ ਪੁਜਾਰੀਆਂ ਅਤੇ ਰਸੂਖ਼ਵਾਨਾਂ ਦੀ ਅੱਖ ’ਚ ਰੜਕਦਾ ਇਹ ਮਤਵਾਲਾ ਮਰਜੀਵੜਾ ਸਦਾ ਲਈ ਸਾਰੇ ਚਾਹੁੰਣ ਵਾਲਿਆਂ ਨੂੰ ਚਾਰ ਜੁਲਾਈ ਦਿਨ ਐਤਵਾਰ ਆਖ਼ਰੀ ਫਤਿਹ ਬੁੱਲਾ ਗਿਆ। ਉਹਦੇ ਸਿਰੜ, ਸੱਚ ਦੀ ਪਾਂਧੀ ਕਲਮ, ਸੰਘਰਸ਼ ਅਤੇ ਸਿਰੜ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਆਮੀਨ!
-ਬਲਰਾਜ ਸਿੰਘ ਬਰਾੜ (ਦਿਉਣ ਖੇੜਾ)    

‘‘ਪੰਜਾਬੀਉ, ਪੰਜਾਬੀ ਪੱਤਰਕਾਰੀ ਦਾ ਖਰਾ ਮੁੱਲ ਪਾਉਣ ਅਤੇ ਪਵਾਉਣ ਵਾਲਾ ਸਿਰ-ਧੜ ਦੀ ਬਾਜ਼ੀ ਲਗਾਉਣ ਵਾਲਾ ਸ. ਜੋਗਿੰਦਰ ਸਿੰਘ ਨਹੀਂ ਰਿਹਾ। ਮੈਂ ਪੱਤਰਕਾਰੀ ’ਚ ਐਨਾ ਦਲੇਰ ਨਹੀਂ ਵੇਖਿਆ ਜਿੰਨਾ ਸ. ਜੋਗਿੰਦਰ ਸਿੰਘ ਸੀ।’’    
-ਸਰਦੂਲ ਅਬਰਾਵਾਂ

ਲੋਹ-ਪੁਰਸ਼ ਸ. ਜੋਗਿੰਦਰ ਸਿੰਘ ਜੀ ਦੀ ਸੋਚ ਸਦਾ ਸਿੱਖ ਕੌਮ ਦੇ ਦਿਲ ’ਚ ਸਮਾਈ ਰਹੇਗੀ: ਜਗਜੀਤ ਸਿੰਘ ਕੂੰਨਰ ਜਰਮਨੀ
ਮੋਹਾਲੀ, 13 ਅਗੱਸਤ (ਪੱਤਰ ਪ੍ਰੇਰਕ): ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਸਰਪ੍ਰਸਤ ਮੈਂਬਰ ਸ. ਜਗਜੀਤ ਸਿੰਘ ਕੂੰਨਰ, ਜਰਮਨੀ ਅੱਜ ਖ਼ਾਸ ਤੌਰ ’ਤੇ ‘ਰੋਜ਼ਾਨਾ ਸਪੋਕਸਮੈਨ’ ਦੇ ਦਫ਼ਤਰ ਪੁੱਜੇ ਅਤੇ ਅਖ਼ਬਾਰ ਦੇ ਬਾਨੀ ਸ. ਜੋਗਿੰਦਰ ਸਿੰਘ ਜੀ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਮੈਨੇਜਿੰਗ ਡਾਇਰੈਕਟਰ ਸਰਦਾਰਨੀ ਜਗਜੀਤ ਕੌਰ ਨਾਲ ਗੱਲਬਾਤ ਦੌਰਾਨ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਸ.ਜੋਗਿੰਦਰ ਸਿੰਘ ਜੀ ਦੇ ਜਾਣ ਦਾ ਸਾਨੂੰ ਹੀ ਨਹੀਂ, ਸਮੁੱਚੀ ਸਿੱਖ ਕੌਮ ਨੂੰ ਬਹੁਤ ਦੁੱਖ ਹੋਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅਕਾਲ ਚਲਾਣਾ ਕੌਮ ਲਈ ਇਕ ਕਦੇ ਵੀ ਪੂਰਿਆ ਨਾ ਜਾ ਸਕਣ ਵਾਲਾ ਘਾਟਾ ਹੈ।

ਉਨ੍ਹਾਂ ਦੀ ਪ੍ਰੇਰਣਾ ਸਦਕਾ ਦੇਸ਼ਾਂ-ਵਿਦੇਸ਼ਾਂ ’ਚ ਬਹੁਤ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ’ਤੇ ਚਲਣ ਲੱਗੇ। ਉਨ੍ਹਾਂ ਨੇ ਪਖੰਡਵਾਦ ਨੂੰ ਬਹੁਤ ਵੱਡੀ ਢਾਹ ਲਾਈ। ਉਨ੍ਹਾਂ ਦੀ ਸੋਚ ਹਮੇਸ਼ਾ ਚੜ੍ਹਦੀ ਕਲਾ ਵਾਲੇ ਸਿੱਖਾਂ ਦੇ ਦਿਲਾਂ ’ਚ ਸਦਾ ਸਮਾਈ ਰਹੇਗੀ। ਉਨ੍ਹਾਂ ਨੇ ‘ਉੱਚਾ ਦਰ ਬਾਬੇ ਨਾਨਕ ਦਾ’ ਨੂੰ ਸਥਾਪਤ ਕਰਨ ਲਈ ਅਪਣੀ ਜ਼ਿੰਦਗੀ ਦਾ ਜੋ ਨਿਸ਼ਾਨਾ ਮਿਥਿਆ ਸੀ, ਗੁਰੂ ਮਹਾਰਾਜ ਨੇ ਉਨ੍ਹਾਂ ’ਤੇ ਮਿਹਰ ਕੀਤੀ ਅਤੇ ਉਹ ਉਸ ਦਾ ਉਦਘਾਟਨ ਕਰ ਕੇ ਹੀ ਇਸ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋਏ ਹਨ। ਉਨ੍ਹਾਂ ਨੇ ਅਪਣੀ ਸੋਚ ਉਤੇ ਅਪਣੀ ਧੀ ਬੀਬਾ ਨਿਮਰਤ ਕੌਰ ਨੂੰ ਸਿੱਖੀ ਦੀ ਅਜਿਹੀ ਗੁੜ੍ਹਤੀ ਦਿਤੀ ਕਿ ਉਹ ਹੁਣ ਉਨ੍ਹਾਂ ਦੇ ਅਦਾਰੇ ਅਤੇ ਸੋਚ ਨੂੰ ਹਮੇਸ਼ਾ ਪ੍ਰਫ਼ੁੱਲਤ ਰੱਖਣ ਦੇ ਦ੍ਰਿੜ੍ਹ ਇਰਾਦੇ ਨਾਲ ਅੱਗੇ ਵਧ ਰਹੇ ਹਨ।

ਸ. ਜਗਜੀਤ ਸਿੰਘ ਕੂੰਨਰ ਨੇ ਅੱਗੇ ਕਿਹਾ ਕਿ ‘ਉਚਾ ਦਰ ਬਾਬੇ ਨਾਨਕ ਦਾ’ ਸ. ਜੋਗਿੰਦਰ ਸਿੰਘ ਜੀ ਦੇ ਸਿਧਾਂਤਾਂ, ਉਨ੍ਹਾਂ ਦੀ ਪ੍ਰੇਰਣਾ ਨੂੰ ਰਹਿੰਦੀ ਦੁਨੀਆਂ ਤਕ ਬਿਖੇਰਦਾ ਰਹੇਗਾ। ਅਸੀਂ ਵੀ ਉਨ੍ਹਾਂ ਦੇ ਦਸੇ ਹੋਏ ਰਾਹਾਂ ’ਤੇ ਚਲ ਕੇ ਉਨ੍ਹਾਂ ਦੇ ਦਰਸਾਏ ਸਿਧਾਂਤ ਦੀ ਤਨੋਂ-ਮਨੋਂ ਪਾਲਣਾ ਕਰਦੇ ਰਹਾਂਗੇ। ਲੋਹ-ਪੁਰਸ਼ ਇਨਸਾਨ ਸ. ਜੋਗਿੰਦਰ ਸਿੰਘ ਦੀ ਆਤਮਾ ਨੂੰ ਅਕਾਲ ਪੁਰਖ ਸ਼ਾਂਤੀ ਬਖ਼ਸ਼ੇ ਅਤੇ ਅਪਣੇ ਚਰਨਾਂ ’ਚ ਸਦੀਵੀ ਨਿਵਾਸ ਬਖ਼ਸ਼ੇ।’

ਸ. ਜੋਗਿੰਦਰ ਸਿੰਘ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕੀਤਾ
ਸੁਖਦੇਵ ਸਿੰਘ ਪੱਡਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਨਾਲ ਮਨ ਨੂੰ ਬਹੁਤ ਗਹਿਰਾ ਸਦਮਾ ਪਹੁੰਚਿਆ ਹੈ। ਉਨ੍ਹਾਂ ਨੂੰ ਰੋਜ਼ਾਨਾ ਅਖ਼ਬਾਰ ਸ਼ੁਰੂ ਕਰਨ ਤੋਂ ਲੈ ਕੇ ‘ਉੱਚਾ ਦਰ ਬਾਬੇ ਨਾਨਕ ਦਾ’ ਤਕ ਦਾ ਸਫ਼ਰ ਤੈਅ ਕਰਦਿਆਂ ਅਨੇਕਾਂ ਦੁਸ਼ਵਾਰੀਆਂ ਅਤੇ ਵੱਡੇ ਸੰਘਰਸ਼ ਵਿਚੋਂ ਲੰਘਣਾ ਪਿਆ। ਸਾਡੀ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਉਨ੍ਹਾਂ ਦੀ ਪਵਿੱਤਰ ਆਤਮਾ ਨੂੰ ਅਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ।

ਜਦੋਂ ਜਥੇਦਾਰ ਵੇਦਾਂਤੀ ਨੇ ਸ.ਜੋਗਿੰਦਰ ਸਿੰਘ ਦਾ ਧਨਵਾਦ ਕੀਤਾ
ਇਹ ਗੱਲ ਸਾਲ 2010 ਦੇ ਨਵੰਬਰ ਮਹੀਨੇ ਦੀ ਹੈ। ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਸ੍ਰੀ ਦਰਬਾਰ ਸਾਹਿਬ ਪ੍ਰਕਰਮਾ ਦੇ ਉਪਰ ਬਣੇ ਕੁਆਟਰ ਵਿਚ ਰਹਿੰਦੇ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਜਥੇਦਾਰ ਮੂਲ ਨਾਨਕਸ਼ਾਹੀ ਕੈਲੰਡਰ ਵਿਚ ਸੋਧ ਕਰਨ ਦੇ ਨਾਮ ਤੇ ਉਸ ਕੈਲੰਡਰ ਦਾ ਕਤਲ ਕਰਨ ਵਿਚ ਰੁਝੇ ਹੋਏ ਸਨ। ਸ. ਜੋਗਿੰਦਰ ਸਿੰਘ ਜੀ ਨੇ ਮੇਰੀ ਡਿਊਟੀ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਲਗਾਈ ਹੋਈ ਸੀ। ਮੈਨੂੰ ਹਦਾਇਤ ਕੀਤੀ ਸੀ ਕਿ ਪਲ-ਪਲ ਦੀ ਜਾਣਕਾਰੀ ਮੇਰੇ ਨਾਲ ਸਾਂਝੀ ਕਰਦੇ ਰਹਿਣਾ। ਮੈਂ ਸਰਦਾਰ ਸਾਹਿਬ ਦੇ ਹੁਕਮ ਮੁਤਾਬਕ ਡਿਊਟੀ ’ਤੇ ਮੌਜੂਦ ਸੀ। ਮੂਲ ਨਾਨਕਸ਼ਾਹੀ ਕੈਲੰਡਰ ਵਿਚ ਕੀਤੀਆਂ ਜਾ ਰਹੀਆਂ ਸੋਧਾਂ ਦਾ ਸੱਭ ਤੋਂ ਵੱਧ ਵਿਰੋਧ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਕਰ ਰਹੇ ਸਨ। ਬੇਸ਼ਕ ਉਹ ਜਥੇਦਾਰਾਂ ਦੀ ਮੀਟਿੰਗ ਵਿਚ ਬੈਠਦੇ ਪਰ ਅਪਣਾ ਵਿਰੋਧ ਦਰਜ ਕਰਵਾ ਕੇ ਬਾਹਰ ਆਉਂਦੇ।

ਸਰਦਾਰ ਸਾਹਿਬ ਅਪਣੀਆਂ ਸੰਪਾਦਕੀਆਂ ਰਾਹੀਂ ਮੂਲ ਕੈਲੰਡਰ ਦੇ ਕਤਲ ਕਰਨ ਦੀਆਂ ਕੋਸ਼ਿਸ਼ਾਂ ਵਿਰੁਧ ਸਿੱਖ ਸੰਗਤਾਂ ਨੂੰ ਜਾਗਰੂਕ ਕਰ ਰਹੇ ਸਨ। ਮੇਰੀਆਂ ਭੇਜੀਆਂ ਖ਼ਬਰਾਂ ਨੂੰ ਪ੍ਰਮੱੁਖਤਾ ਨਾਲ ਪ੍ਰਕਾਸ਼ਤ ਵੀ ਕੀਤਾ ਜਾ ਰਿਹਾ ਸੀ। ਹਰ ਰੋਜ਼ ਸਵੇਰੇ ਮੇਰੇ ਕੋਲੋਂ ਹਾਲਾਤ ਬਾਰੇ ਜਾਣਕਾਰੀ ਵੀ ਲੈ ਰਹੇ ਸਨ। ਇਕ ਦਿਨ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਬਾਹਰ ਖੜਾ ਸੀ ਕਿ ਫ਼ੋਨ ਦੀ ਘੰਟੀ ਵੱਜੀ। ਦੇਖਿਆ ਤਾਂ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦਾ ਫ਼ੋਨ ਸੀ। ਕਹਿਣ ਲੱਗੇ ਘਰ ਹੋ ਕੇ ਜਾਣਾ। ਮੈਂ ਕੱੁਝ ਸਮੇਂ ਬਾਅਦ ਜਥੇਦਾਰ ਵੇਦਾਂਤੀ ਦੇ ਘਰ ਜਾ ਪੁੱਜਾ। ਰਸਮੀ ਗੱਲਬਾਤ ਹੋਈ। ਕਹਿਣ ਲੱਗੇ ਨਾਨਕਸ਼ਾਹੀ ਕੈਲੰਡਰ ਮਾਮਲੇ ’ਤੇ ਸ. ਜੋਗਿੰਦਰ ਸਿੰਘ ਬਹੁਤ ਵਧੀਆ ਰੋਲ ਅਦਾ ਕਰ ਰਹੇ ਹਨ, ਮੇਰਾ ਮਨ ਕਰਦਾ ਹੈ ਉਨ੍ਹਾਂ ਨੂੰ ਵਧਾਈ ਦੇਵਾਂ। ਮੈਂ ਕਿਹਾ ਕਿ ਜੇ ਹੁਕਮ ਕਰੋ ਤਾਂ ਮੈਂ ਗੱਲ ਕਰਵਾ ਦੇਵਾਂ। ਜਥੇਦਾਰ ਵੇਦਾਂਤੀ ਨੇ ਇਕ ਪਲ ਸੋਚਿਆ ’ਤੇ ਕਹਿਣ ਲੱਗੇ ਹਾਂ ਕਰਵਾ ਦਿਉ।

ਮੈਂ ਕਮਰੇ ਵਿਚੋਂ ਬਾਹਰ ਆਇਆ ਤੇ ਸ. ਜੋਗਿੰਦਰ ਸਿੰਘ ਜੀ ਨੂੰ ਫ਼ੋਨ ਲੱਗਾ ਦਿਤਾ। ਉਨ੍ਹਾਂ ਨੂੰ ਦਸਿਆ ਕਿ ਵੇਦਾਂਤੀ ਜੀ ਗੱਲ ਕਰਨਾ ਚਾਹੁੰਦੇ ਹਨ। ਸਰਦਾਰ ਸਾਹਿਬ ਕਹਿਣ ਲੱਗੇ ਗੱਲ ਕਰਵਾ ਦਿਉ ਕੋਈ ਹਰਜ ਨਹੀਂ। ਮੈਂ ਫ਼ੋਨ ਗਿਆਨੀ ਵੇਦਾਂਤੀ ਨੂੰ ਦਿਤਾ। ਉਨ੍ਹਾਂ ਫ਼ਤਿਹ ਸਾਂਝੀ ਕਰਨ ਤੋਂ ਬਾਅਦ ਕਿਹਾ ਜੋ ਮੈਂ ਕੋਲ ਖੜਾ ਸੁਣ ਰਿਹਾ ਸੀ ਕਿ ਜੋਗਿੰਦਰ ਸਿੰਘ ਜੀ ਤੁਸੀਂ ਮੂਲ ਕੈਲੰਡਰ ਦੇ ਹੱਕ ਵਿਚ ਬਹੁਤ ਹੀ ਮੁਸਤੈਦੀ ਨਾਲ ਪਹਿਰਾ ਦੇ ਰਹੇ ਹੋ। ਮੈਂ ਹਰ ਰੋਜ਼ ਸਪੋਕਸਮੈਨ ਦੀ ਸੰਪਾਦਕੀ ਤੇ ਖ਼ਬਰਾਂ ਜ਼ਰੂਰ ਪੜ੍ਹਦਾ ਹਾਂ। ਤੁਸੀਂ ਜਿਸ ਇਮਾਨਦਾਰੀ ਨਾਲ ਪੰਥ ਨੂੰ ਜਗਾ ਰਹੇ ਹੋ ਉਹ ਸ਼ਲਾਘਾ ਵਾਲਾ ਕਾਰਜ ਹੈ। ਅਕਾਲ ਪੁਰਖ ਤੁਹਾਨੂੰ ਹੋਰ ਸਮਰਥਾ ਦੇਵੇ। ਇਹ ਕਹਿ ਕੇ ਜਥੇਦਾਰ ਵੇਦਾਂਤੀ ਜੀ ਨੇ ਫ਼ੋਨ ਬੰਦ ਕਰ ਦਿਤਾ। ਫਿਰ ਮੇਰੇ ਨਾਲ ਗੱਲ ਕਰਦਿਆਂ ਕਿਹਾ ਕਿ ਪੰਥ ਦੇ ਹੱਕ ਵਿਚ ਜੋ ਕੋਈ ਵੀ ਆਵਾਜ਼ ਬੁਲੰਦ ਕਰੇ ਉਸ ਦੀ ਸ਼ਲਾਘਾ ਕਰਨੀ ਬਣਦੀ ਹੈ । ਮੈਂ ਜੋਗਿੰਦਰ ਸਿੰਘ ਦੇ ਕੀਤੇ ਪੰਥਕ ਕਾਰਜ ਦੀ ਸ਼ਲਾਘਾ ਕਰ ਕੇ ਅਪਣੀ ਜ਼ਿੰਮੇਵਾਰੀ ਪੂਰੀ ਕੀਤੀ ਹੈ।
-ਪੱਤਰਕਾਰ ਚਰਨਜੀਤ ਸਿੰਘ