Special article : ਸਾਵਧਾਨੀ ਹੀ ਹੈ ਜਾਨਲੇਵਾ ਮਲੇਰੀਆ ਤੋਂ ਬਚਣ ਦਾ ਅਸਲ ਢੰਗ
Special article : ਸਾਵਧਾਨੀ ਹੀ ਹੈ ਜਾਨਲੇਵਾ ਮਲੇਰੀਆ ਤੋਂ ਬਚਣ ਦਾ ਅਸਲ ਢੰਗ
Special article : ਸਾਡਾ ਭਾਰਤੀਆਂ ਦਾ ਸੁਭਾਅ ਹੈ ਕਿ ਅਸੀਂ ਕੈਂਸਰ, ਦਿਲ ਦੀ ਬਿਮਾਰੀ, ਫ਼ੇਫੜਿਆਂ ਜਾਂ ਗੁਰਦਿਆਂ ਦੀ ਬਿਮਾਰੀ ਨੂੰ ਵੱਡੀ ਬਿਮਾਰੀ ਸਮਝਦੇ ਹਾਂ ਪਰ ਮਲੇਰੀਆ ਤੇ ਚਿਕਨਗੁਨੀਆ ਜਿਹੀਆਂ ਬਿਮਾਰੀਆਂ ਨੂੰ ਬਹੁਤ ਹੀ ਹਲਕੇ ’ਚ ਲੈਂਦੇ ਹਾਂ ਜਦਕਿ ਕੌੜਾ ਸੱਚ ਇਹ ਹੈ ਕਿ ਸੰਯੁਕਤ ਰਾਸ਼ਟਰ ਸੰਘ ਵਲੋਂ ਜਾਰੀ ਅੰਕੜਿਆਂ ਅਨੁਸਾਰ ਦੁਨੀਆਂ ਭਰ ਦੇ 106 ਮੁਲਕਾਂ ਵਿਚ 3.3 ਅਰਬ ਲੋਕ ਮਲੇਰੀਆ ਦੀ ਜਕੜ ਵਿਚ ਆਉਣ ਦੇ ਮੁਹਾਣੇ ’ਤੇ ਖੜੇ ਹਨ।
ਹੈਰਾਨੀਜਨਕ ਅੰਕੜੇ ਦਸਦੇ ਹਨ ਕਿ ਸਾਲ 2012 ’ਚ ਮਲੇਰੀਏ ਕਰ ਕੇ ਦੁਨੀਆਂ ਭਰ ਵਿਚ 6,27,000 ਮੌਤਾਂ ਹੋਈਆਂ ਸਨ ਜਿਨ੍ਹਾਂ ’ਚੋਂ ਜ਼ਿਆਦਾਤਰ ਅਫ਼ਰੀਕਾ, ਲਾਤੀਨੀ ਅਮਰੀਕਾ, ਮੱਧ ਪੂਰਬ ਦੇ ਦੇਸ਼ਾਂ ਅਤੇ ਯੂਰਪ ਦੇ ਕੁੱਝ ਹਿੱਸਿਆਂ ਵਿਚ ਹੋਈਆਂ ਸਨ ਜਦਕਿ ਸਾਲ 2015 ’ਚ ਵਧੀਆ ਸਿਹਤ ਸਹੂਲਤਾਂ ਹੋਣ ਦੇ ਬਾਵਜੂਦ ਮਲੇਰੀਆ ਕਾਰਨ ਹੋਈਆਂ ਮੌਤਾਂ ਦਾ ਅੰਕੜਾ 4,29,000 ਸੀ। ਵਿਸ਼ਵ ਸਿਹਤ ਸੰਗਠਨ ਦਾ ਮੰਨਣਾ ਹੈ ਕਿ ਵਿਸ਼ਵ ਪੱਧਰ ’ਤੇ ਇੰਨੇ ਯਤਨ ਕਰਨ ਤੇ ਜਾਗਰੂਕਤਾ ਲਹਿਰਾਂ ਚਲਾਉਣ ਦੇ ਬਾਵਜੂਦ ਸਾਲ 2017 ਵਿਚ ਮਲੇਰੀਆ ਕਾਰਨ 4 ਲੱਖ, 35 ਹਜ਼ਾਰ ਮੌਤਾਂ ਦੁਨੀਆਂ ਭਰ ’ਚ ਹੋ ਗਈਆਂ ਸਨ।
ਸਾਲ 2020 ’ਚ ਮਲੇਰੀਆ ਦੇ 24.10 ਕਰੋੜ ਮਾਮਲੇ ਸਾਹਮਣੇ ਆਏ ਸਨ ਤੇ ਤਕਰੀਬਨ 6 ਲੱਖ, 25 ਹਜ਼ਾਰ ਲੋਕਾਂ ਨੂੰ ਅਪਣੀਆਂ ਜਾਨਾਂ ਗੁਆਉਣੀਆਂ ਪਈਆਂ ਜਦਕਿ ਸੰਨ 2021 ਵਿਚ ਇਹ ਅੰਕੜਾ 6 ਲੱਖ, 19 ਹਜ਼ਾਰ ਦੇ ਕਰੀਬ ਪੁੱਜ ਗਿਆ ਸੀ ਜਿਸ ਤੋਂ ਸਿੱਧ ਹੁੰਦਾ ਹੈ ਕਿ ਮਲੇਰੀਆ ਖ਼ਿਲਾਫ਼ ਜੰਗ ਅਜੇ ਹੋਰ ਵੱਡੀ ਤਿਆਰੀ ਤੇ ਹੋਰ ਮਜ਼ਬੂਤ ਸੰਕਲਪ ਨਾਲ ਲੜਨੀ ਬਾਕੀ ਹੈ। ਸੰਨ 2023 ਦੀ ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਅਨੁਸਾਰ 2022 ਵਿਚ ਮਲੇਰੀਆ ਦੇ 24.90 ਕਰੋੜ ਕੇਸ ਆਏ ਸਨ ਜੋ ਕਿ ਕੋਰੋਨਾ ਕਾਲ ਵਿਚ ਆਏ ਮਾਮਲਿਆਂ ਦੀ ਕੁਲ ਗਿਣਤੀ ਨੂੰ ਵੀ ਟੱਪ ਗਏ ਸਨ। ਵਿਸ਼ਵ ਪ੍ਰਸਿੱਧ ਹਸਤੀ ਡਾ. ਤਾਕੇਸ਼ੀ ਕਾਸਾਈ ਦਾ ਕਹਿਣਾ ਹੈ ‘‘ਮਲੇਰੀਆ ਖ਼ਿਲਾਫ਼ ਫ਼ੈਸਲਾਕੁਨ ਕਾਰਵਾਈ ਦਾ ਵਕਤ ਆ ਗਿਆ ਹੈ। ਅਸੀਂ ਇਕੱਠੇ ਹੋ ਕੇ ਜੇ ਇਸ ਮਹਾਂਮਾਰੀ ਖ਼ਿਲਾਫ਼ ਲੜਾਂਗੇ ਤਾਂ ਹੀ ਇਸ ਵਿਸ਼ਵ ਨੂੰ ਮਲੇਰੀਆ ਮੁਕਤ ਕਰ ਪਾਵਾਂਗੇ।’’
ਭਾਰਤ ਵਿਚ ਮਲੇਰੀਆਂ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਘਟ ਰਹੀ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਭਾਰਤ ’ਚ ਹਰ ਸਾਲ ਮਲੇਰੀਏ ਦੇ 1.5 ਕਰੋੜ ਮਾਮਲੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਵਿਚ ਲਗਭਗ 20 ਹਜ਼ਾਰ ਮਰੀਜ਼ ਮੌਤ ਦੇ ਮੂੰਹ ’ਚ ਜਾ ਪੈਂਦੇ ਹਨ ਜਦਕਿ ਭਾਰਤ ਦੇ ‘ਕੌਮੀ ਮਲੇਰੀਆ ਖ਼ਾਤਮਾ ਪ੍ਰੋਗਰਾਮ’ ਦੀ ਰਿਪੋਰਟ ਅਨੁਸਾਰ ਭਾਰਤ ’ਚ ਮਲੇਰੀਆ ਨਾਲ ਸਬੰਧਤ ਹਰ ਸਾਲ 30 ਲੱਖ ਕੇਸ ਆਉਂਦੇ ਹਨ ਜਿਨ੍ਹਾਂ ਵਿਚ ਤਕਰੀਬਨ ਇਕ ਹਜ਼ਾਰ ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ। 2021 ’ਚ ਭਾਰਤ ਵਿਚ ਮਲੇਰੀਏ ਦੇ ਇਕ ਲੱਖ, 60 ਹਜ਼ਾਰ ਮਾਮਲੇ ਸਾਹਮਣੇ ਆਏ ਸਨ ਜਦਕਿ ਸੰਨ 2022 ’ਚ ਅਜਿਹੇ ਮਾਮਲਿਆਂ ਦੀ ਸੰਖਿਆ ਕੇਵਲ 45 ਹਜ਼ਾਰ ਸੀ। ਸਾਲ 2023 ਵਿਚ ਜਾਰੀ ਹੋਈ ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਮੁਤਾਬਕ 2022 ’ਚ ਦੱਖਣ-ਪਛਮੀ ਏਸ਼ੀਆ ਅੰਦਰ ਸਾਹਮਣੇ ਆਏ ਮਲੇਰੀਏ ਦੇ ਕੁਲ ਮਾਮਲਿਆਂ ’ਚੋਂ 66 ਫ਼ੀਸਦੀ ਮਾਮਲੇ ਭਾਰਤ ’ਚ ਪਾਏ ਗਏ ਸਨ। ਪੂਰੀ ਦੁਨੀਆਂ ’ਚੋਂ ਜੇ ਮਲੇਰੀਆ ਕਰ ਕੇ ਹੋਣ ਵਾਲੇ ਸੱਭ ਤੋਂ ਵੱਧ ਜਾਨੀ ਨੁਕਸਾਨ ਨਾਲ ਗ੍ਰਸਿਆ ਦੇਸ਼ ਜੇ ਕੋਈ ਹੈ ਤਾਂ ਉਹ ਹੈ, ਅਫ਼ਰੀਕਾ। 2022 ’ਚ ਦੁਨੀਆਂ ਭਰ ’ਚ ਸਾਹਮਣੇ ਆਏ ਮਲੇਰੀਏ ਦੇ ਕੁਲ ਮਾਮਲਿਆਂ ’ਚੋਂ 94 ਫ਼ੀ ਸਦੀ ਮਾਮਲੇ ਅਤੇ ਦੁਨੀਆਂ ਚ ਮਲੇਰੀਏ ਕਰਕੇ ਹੋਈਆਂ ਕੁਲ ਮੌਤਾਂ ’ਚੋਂ 95 ਫ਼ੀ ਸਦੀ ਮੌਤਾਂ ਅਫ਼ਰੀਕਾ ਵਿਚ ਹੀ ਹੋਈਆਂ ਸਨ।
ਮਾਹਰ ਡਾਕਟਰਾਂ ਅਨੁਸਾਰ ਮਲੇਰੀਆ, ਮਾਦਾ ਮੱਛਰ ‘ਐਨੋਫ਼ਲੀਜ਼’ ਦੁਆਰਾ ਕੱਟੇ ਜਾਣ ਕਰ ਕੇ ਹੁੰਦਾ ਹੈ ਜੋ ਕਿ ਜ਼ਿਆਦਾਤਰ ਪ੍ਰਭਾਤ ਤੇ ਸ਼ਾਮ ਵੇਲੇ ਕਟਦਾ ਹੈ। ਇਹ ਰੋਗ ਪਲਾਜ਼ਮੋਡੀਅਮ ਨਾਮਕ ਪਰਜੀਵੀ ਰਾਹੀਂ ਫ਼ੈਲਦਾ ਹੈ ਜਿਸ ਦਾ ਵਾਹਕ ਐਨੋਫ਼ਲੀਜ਼ ਮੱਛਰ ਹੁੰਦਾ ਹੈ। ਮਲੇਰੀਆ ਹੋ ਜਾਣ ਦੇ ਮੁੱਖ ਲੱਛਣਾਂ ’ਚ ‘ਕੰਬਣੀ ਸਹਿਤ ਤੇਜ਼ ਬੁਖ਼ਾਰ, ਭਾਰੀ ਸਿਰ ਦਰਦ, ਮਾਸ ਪੇਸ਼ੀਆਂ ਦਾ ਦਰਦ, ਥਕਾਨ ਤੇ ਕਮਜ਼ੋਰੀ, ਖਾਂਸੀ, ਉਲਟੀਆਂ, ਪੇਟ ਦਰਦ ਜਾਂ ਦਸਤ’ ਪ੍ਰਮੁੱਖ ਹਨ। ਮਾਹਰਾਂ ਦਾ ਕਹਿਣਾ ਹੈ ਕਿ ਮਲੇਰੀਆ ਤੋਂ ਬਚਣ ਲਈ ਬਹੁਤ ਹੀ ਸਾਧਾਰਣ ਸਾਵਧਾਨੀਆਂ ਵਰਤੇ ਜਾਣ ਦੀ ਜ਼ਰੂਰਤ ਹੈ ਜਿਸ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਅਪਣੇ ਘਰ ਅੰਦਰ, ਬਾਹਰ ਜਾਂ ਅਪਣੇ ਕੰਮ ਵਾਲੀਆਂ ਥਾਵਾਂ ਨੇੜੇ ਪਾਣੀ ਖੜਾ ਨਹੀਂ ਰਹਿਣ ਦੇਣਾ ਚਾਹੀਦਾ ਹੈ। ਕੂਲਰ ਤੇ ਗਮਲਿਆਂ ਦਾ ਪਾਣੀ ਸਮੇਂ-ਸਮੇਂ ਸਿਰ ਬਦਲਦੇ ਰਹਿਣਾ ਚਾਹੀਦਾ ਹੈ। ਮੱਛਰ ਤੋਂ ਬਚਾਅ ਹਿਤ ਮੱਛਰਦਾਨੀ, ਮੱਛਰਮਾਰ ਦਵਾਈ, ਲੋਸ਼ਨ ਜਾਂ ਕ੍ਰੀਮ ਦੀ ਵਰਤੋਂ ਕਰਨ ਦੇ ਨਾਲ-ਨਾਲ ਪੂਰਾ ਤਨ ਢੱਕਣ ਵਾਲੇ ਕਪੜੇ ਪਹਿਨਣੇ ਚਾਹੀਦੇ ਹਨ।
- ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ
ਮੋਬਾ: 97816-46008
(For more news Apart from Caution is only real way to avoid deadly malaria News in punjabi , stay tuned to Rozana Spokesman )