ਤੀਰਥ ਇਸ਼ਨਾਨ ਦਾ ਗੁਰਮਤਿ ਸੰਦਰਭ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮੱਧਕਾਲੀ ਸਮਾਜ ਕਰਮ ਕਾਂਡਾਂ ਦੀ ਪਕੜ ਵਿਚ ਸੀ।

ganga

ਮੁਹਾਲੀ: ਹਰ ਧਰਮ ਤੇ ਸਮਾਜ ਵਿਚ ਤੀਰਥ ਗਵਨ, ਤੀਰਥ ਇਸ਼ਨਾਨ ਅਤੇ ਪੁਰਬਾਂ ਦਾ ਇਕ ਖ਼ਾਸ ਮਹਾਤਮ ਪ੍ਰਵਾਨਿਆ ਗਿਆ ਹੈ। ਹਿੰਦੂ ਧਰਮ ਵਿਚ ਅਠਾਹਠ ਤੀਰਥਾਂ ਨੂੰ ਵਿਸ਼ੇਸ਼ ਪ੍ਰਵਾਨਗੀ ਹਾਸਲ ਹੈ। ਅਪਣੇ ਜੀਵਨ ਕਾਲ ਦੌਰਾਨ ਇਨ੍ਹਾਂ ਪਾਵਨ ਤੀਰਥਾਂ ਉਤੇ ਸ਼ਰਧਾ ਸਹਿਤ ਜ਼ਿਆਰਤ ਕਰਨੀ, ਦਾਨ ਪੁੰਨ ਕਰਨੇ ਤੇ ਮਨੋ ਮਨੀ ਅਪਣੇ ਮਨ ਬਾਂਛਤ ਮਨਸੂਬਿਆਂ ਦੀ ਤ੍ਰਿਪਤੀ ਲੋਚਣੀ ਲਗਭਗ ਹਰ ਹਿੰਦਵਾਸੀ ਦੀ ਚਿਰਕਾਲੀਨ ਅਕਾਂਖਿਆ ਹੈ। ਮੁਸਲਿਮ ਭਾਈਚਾਰੇ ਵਿਚ ਹੱਜ ਦਾ ਵਿਧਾਨ, ਮੱਕਾ ਸ਼ਰੀਫ਼ ਦੀ ਯਾਤਰਾ, ਅਜਮੇਰ ਸ਼ਰੀਫ਼ ਦੇ ਦਰਸ਼ਨ ਪਰਸ਼ਨ ਤੇ ਨਿਜ਼ਾਮੋਦੀਨ ਔਲੀਆ ਦੀ ਦਰਗਾਹ ਦੇ ਦੀਦਾਰੇ ਹਰ ਮੋਮਨ ਮੁਸਲਮਾਨ ਦਾ ਈਮਾਨ ਮੰਨਿਆ ਜਾਂਦਾ ਹੈ। ਹਰ ਵਰ੍ਹੇ ਦਿੱਲੀ ਤੋਂ ਹੱਜ-ਯਾਤਰੀਆਂ ਲਈ (ਮੱਕੇ ਮਦੀਨੇ ਲਈ) ਵਿਸ਼ੇਸ਼ ਜਹਾਜ਼ ਚਲਦੇ ਹਨ-ਵਖਰੇ ਹਵਾਈ ਟਰਮੀਨਲ ਬਣਾਏ ਜਾਂਦੇ ਹਨ। ਗੁਰੂ ਨਾਨਕ ਨਾਮ ਲੇਵਾ ਵੀ ਕਿਸੇ ਗੱਲੋਂ ਪਿੱਛੇ ਨਹੀਂ। ਬਾਬਾ ਨਾਨਕ ਪਾਤਿਸ਼ਾਹ ਦੇ ਮੁਬਾਰਕ ਪ੍ਰਕਾਸ਼ ਦਿਹਾੜੇ ਉਤੇ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਨੂੰ ਚੁੰਮਣਾ, ਗੁਰੂ ਅਰਜਨ ਦੇਵ ਦੀ ਸ਼ਹਾਦਤ ਮੌਕੇ ਲਾਹੌਰ ਦੀ ਫੇਰੀ, ਕਦੇ ਪੰਜਾ ਸਾਹਿਬ (ਹਸਨ ਅਬਦਾਲ) ਦੀ ਜ਼ਿਆਰਤ, ਕਦੇ ਹੇਮਕੁੰਟ ਧਾਮ ਵੰਨੀਂ ਮੁਹਾਰਾਂ, ਕਦੇ ਪੰਜਾਂ ਤਖ਼ਤਾਂ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ।

ਵਿਦੇਸ਼ੀ ਧਰਤੀਆਂ ਤੋਂ ਹਰ ਧਰਮ, ਹਰ ਵਿਸ਼ਵਾਸ ਤੇ ਹਰ ਕੌਮੀਅਤ ਦੇ ਸੈਲਾਨੀਆਂ ਦੀਆਂ ਨਿਰੰਤਰ ਦੇਸ਼-ਫੇਰੀਆਂ ਜਿਥੇ ਉਨ੍ਹਾਂ ਨੂੰ ਮਾਂ-ਮਿੱਟੀ ਦੀ ਰਸਭਿੰਨੜੀ ਮਹਿਕ ਨਾਲ ਸਰਾਬੋਰ ਕਰਦੀਆਂ ਹਨ, ਉੱਥੇ ਇਨ੍ਹਾਂ ਤੀਰਥ ਸਥਾਨਾਂ ਦੇ ਦਰਸ਼ਨਾਂ ਦੀ ਸਿੱਕ ਵੀ ਉਨ੍ਹਾਂ ਨੂੰ ਬਹਿਬਲ ਕਰੀ ਰਖਦੀ ਹੈ। ਸਿਹਤ ਦੇ ਨਾਸਾਜ਼ ਹੁੰਦਿਆਂ ਵੀ ਤੇ ਮਾਇਕ ਚੰਗੀ-ਤਰਸ਼ੀ ਦੇ ਬਾਵਜੂਦ ਵੀ ਤੀਰਥ ਯਾਤਰਾ ਸਾਡੇ ਸਭਿਆਚਾਰ ਦਾ ਇਕ ਅਨਿੱਖੜ ਅੰਗ ਬਣ ਚੁੱਕੀ ਹੈ। ਅਮਰਨਾਥ ਯਾਤਰਾ ਜਾਂ ਵੈਸ਼ਨੋ ਦੇਵੀ ਯਾਤਰਾ ਸਮੇਂ ਵਰ੍ਹਦੀਆਂ ਗੋਲੀਆਂ, ਫਟਦੇ ਬੰਬਾਂ, ਅਤਿਵਾਦੀ ਜਾਂ ਫ਼ਿਦਾਈਨੀ ਹਮਲਿਆਂ ਜਾਂ ਫਿਰ ਹੇਮਕੁੰਟ ਤੇ ਹਜ਼ੂਰ ਸਾਹਿਬ ਦੀ ਜ਼ਿਆਰਤ ਸਮੇਂ ਹੁੰਦੀਆਂ ਫ਼ਿਰਕੂ ਕਾਰਵਾਈਆਂ ਕਦੇ ਵੀ ਸ਼ਰਧਾਲੂਆਂ ਦੇ ਹੌਸਲੇ ਪਸਤ ਨਹੀਂ ਕਰ ਸਕਦੀਆਂ। ਸਾਡੇ ਜ਼ਹਿਨਾਂ ਵਿਚ ਇਹ ਇਸ ਕਦਰ ਥਾਂ ਬਣਾ ਚੁੱਕੀ ਹੈ ਕਿ ਉਮਰ, ਲਿੰਗ, ਵਰਗ, ਵਰਣ, ਦੇਸ਼, ਕਾਲ, ਭੇਦ ਜਾਂ ਕੋਈ ਵੀ ਹੋਰ ਅੜਿਚਣ ਇਸ ਨੂੰ ਠੱਲ੍ਹ ਨਹੀਂ ਪਾ ਸਕਦੀ। ਸਤਿਗੁਰੂ ਜੀ ਇਸ ਪ੍ਰਥਾਇ ਕਿੰਨਾ ਸੁੰਦਰ ਦ੍ਰਿਸ਼ਟਾਂਤ ਦੇਂਦੇ ਹਨ :-                 ਨਾਵਣ ਚਲੇ ਤੀਰਥੀ ਮਨਿ ਖੋਟੇ ਤਨਿ ਚੋਰ£ ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ£ ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ£ ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ£ (ਗੁਰੂ ਗ੍ਰੰਥ, ਪੰਨਾ 789)

ਦਰਅਸਲ ਗੁਰੂ ਸਾਹਿਬਾਨ ਦੀ ਬਾਣੀ ਇਕ ਸੁਚੱਜੀ ਜੀਵਨ ਜਾਚ ਦ੍ਰਿੜ ਕਰਵਾਉਂਦੀ ਹੈ। ਜਦੋਂ ਤਕ ਅਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਰਜਣਹਾਰਿਆਂ ਦੇ ਅਸਲ ਮਨੋਰਥ ਨੂੰ ਅਪਣੇ ਅੰਦਰ ਨਹੀਂ ਵਸਾ ਲੈਂਦੇ, ਉਦੋਂ ਤਕ ਸਾਨੂੰ ਅਪਣੇ ਸਭਿਆਚਾਰ ਦਾ ਅਟੁੱਟ ਹਿੱਸਾ ਬਣ ਗਏ ਇਨ੍ਹਾਂ ਅਨੇਕ ਰਸਮੋ ਰਿਵਾਜਾਂ ਦਾ ਰਹੱਸ ਸਮਝ ਨਹੀਂ ਆ ਸਕਦਾ। ਜਦੋਂ ਲੋਕ ਸਥੱਲ ਨਾਲ ਸਬੰਧਿਤ ਘਟਨਾ ਨੂੰ ਭੁੱਲ ਕੇ ਮਹਾਂਪੁਰਖ ਵਿਸ਼ੇਸ਼ ਦੇ ਉਪਦੇਸ਼ਾਂ ਦੀ ਉਲੰਘਣਾ ਕਰਨ ਲੱਗ ਪੈਂਦੇ ਹਨ ਅਰਥਾਤ ਸਬੰਧਤ ਆਤਮਾ ਦੀ ਬਜਾਏ ਤੀਰਥ ਦੇ ਜਲ ਵਿਚ ਮਜਨ-ਇਸ਼ਨਾਨ ਨੂੰ ਅਧਿਕ ਮਹੱਤਤਾ ਦਿੰਦੇ ਹਨ ਤਾਂ ਤੀਰਥ ਸਥਾਨ ਚਾਹੇ ਉਹ ਕਿਸੇ ਵੀ ਪੰਥ ਦਾ ਹੋਵੇ, ਪਾਖੰਡ ਮਾਤਰ ਬਣ ਕੇ ਰਹਿ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਤੋਂ ਸੁਚੇਤ ਕਰਦਿਆਂ ਫ਼ਰਮਾਉਂਦੀ ਹੈ : ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ। (ਗੁਰੂ ਗ੍ਰੰਥ, ਪੰਨਾ 61)

ਮੱਧਕਾਲ ਤਕ ਹਿੰਦੁਸਤਾਨੀ ਸਭਿਆਚਾਰ ਦਾ ਅੰਗ ਬਣ ਚੁੱਕੇ ਅਠਾਹਠ ਤੀਰਥਾਂ ਦਾ ਜ਼ਿਕਰ ਗੁਰਬਾਣੀ ਵਿਚ ਪ੍ਰਸੰਗ ਮਾਤਰ ਬਹੁਤ ਵਾਰ ਦ੍ਰਿਸ਼ਟੀਗੋਚਰ ਹੁੰਦੈ, ਹਾਲਾਂਕਿ ਗੁਰਮਤਿ ਵਿਚ ਮਨ ਦੇ ਮਜਨ (ਆਂਤਰਿਕ ਇਸ਼ਨਾਨ) ਦਾ ਮਹਾਤਮ ਹੀ ਪ੍ਰਵਾਨ ਕੀਤਾ ਗਿਆ ਹੈ। ਬਾਬਾ ਨਾਨਕ ਜੀ ਤੇ ਭਗਤ ਬੇਣੀ ਜੀ ਦੇ ਬਾਣੀ-ਹਵਾਲੇ ਇਸ ਪੱਖੋਂ ਕਿੰਨੇ ਸਪੱਸ਼ਟ ਹਨ : ਗੰਗਾ ਜਮੁਨਾ ਕੇਲ ਕੇਦਾਰਾ£ ਕਾਸੀ ਕਾਂਤੀ ਪੁਰੀ ਦੁਆਰਾ£ ਗੰਗਾ ਸਾਗਰੁ ਬੇਣੀ ਸੰਗਮੁ ਅਠਸਠਿ ਅੰਕਿ ਸਮਾਈ ਹੈ£
ਤ੍ਰਿਵੇਣੀ ਸੰਗਮ (ਜਿੱਥੇ ਗੰਗਾ, ਜਮਨਾ ਤੇ ਸਰਸਵਤੀ ਦਾ ਮਿਲਾਪ ਹੁੰਦੈ) 'ਤੇ ਇਸ਼ਨਾਨ ਤੇ ਦਾਨ ਪੁੰਨ ਕਰਨਾ ਕੁਲੀਨ ਵਰਗਾਂ ਵਲੋਂ ਬਹੁਤ ਸ੍ਰੇਸ਼ਟ ਕਰਮ ਮੰਨਿਆ ਜਾਂਦਾ ਸੀ। ਅੱਜ ਵੀ ਲੱਖਾਂ ਲੋਕ ਕੁੰਭ-ਮੇਲਿਆਂ ਵਿਚ ਧੱਕੇ ਖਾ ਕੇ ਇਹੋ ਜਹੀਆਂ ਥਾਵਾਂ 'ਤੇ ਪੁਜਦੇ ਹਨ ਪਰ ਬਾਣੀਕਾਰਾਂ ਨੇ ਤਾਂ ਬਾਹਰਮੁਖੀ ਤਿੰਨਾਂ ਨਦੀਆਂ ਨੂੰ ਮਨੁੱਖਾ ਸ੍ਰੀਰ ਵਿਚ ਮੌਜੂਦ ਇੜਾ, ਪਿੰਗਲਾ ਤੇ ਸੁਖਮਨਾ ਨਾੜੀਆਂ ਦਾ ਪ੍ਰਤਿਰੂਪ ਸਮਝ ਕੇ ਅਧਿਆਤਮਿਕ ਸਫ਼ਰ ਮੁਕੰਮਲ ਕਰਨ ਤੇ ਮਾਨਸਕ ਇਸ਼ਨਾਨ ਕਰਨ ਉਤੇ ਬੱਲ ਦਿਤਾ ਹੈ ਜਿਸ ਦਾ ਫੱਲ ਤ੍ਰਿਵੇਣੀ ਸੰਗਮ ਅਤੇ ਪ੍ਰਯਾਗ ਵਾਲਾ ਹੀ ਮਿਲ ਸਕਦਾ ਹੈ : ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕੁ ਠਾਈ£ ਬੇਣੀ ਸੰਗਮੁ ਤਹ ਪਿਰਾਗੁ ਮਨ ਮਜਨੁ ਕਰੇ ਤਿਥਾਈ£ (ਗੁਰੂ ਗ੍ਰੰਥ, ਪੰਨਾ 874)

ਮੱਧਕਾਲੀ ਸਮਾਜ ਕਰਮ ਕਾਂਡਾਂ ਦੀ ਪਕੜ ਵਿਚ ਸੀ। ਮਨੁੱਖਾ ਜੀਵਨ ਦੇ ਅਸਲ ਮੰਤਵ ਤੋਂ ਅਗਿਆਤ ਜੀਵ ਅੱਕੀਂ ਪਲਾਹੀਂ ਹੱਥ ਮਾਰ ਰਿਹਾ ਸੀ। ਇਸ ਅਮੋਲਕ ਜੀਵਨ ਦੀ ਸੱਚੀ ਸੋਝੀ ਤੋਂ ਅਣਜਾਣ ਉਹ ਹਰ ਉਸ ਕਰਮ, ਕੁਕਰਮ, ਅਧਰਮ ਤੇ ਮਨਮਤਿ ਵਿਚ ਗ਼ਲਤਾਨ ਸੀ, ਜਿਹੜੀ ਸਮਕਾਲੀ ਧਾਰਾ ਵਿਚ ਅਪਣਾ ਸਥਾਨ ਬਣਾਈ ਬੈਠੀ ਸੀ। ਮੱਧਕਾਲ ਕੀ ਅਜੋਕੇ ਸਮੇਂ ਵਿਚ ਵੀ ਅਸੀ ਅਪਣੇ ਆਪ ਨੂੰ ਨਹੀਂ ਬਦਲਿਆ ਕਿਉਂਕਿ ਮੂਲਭੂਤ ਪੰਜ ਵਿਕਾਰ ਅੱਜ ਵੀ ਸਾਡੇ ਉਤੇ ਜ਼ਿਆਦਾ ਹਾਵੀ ਹਨ :- ਜੇ ਓਹੁ ਅਠਸਠਿ ਤੀਰਥਿ ਨਾਵੈ£ ਜੇ ਓਹੁ ਦੁਆਦਸ ਸਿਲਾ ਪੂਜਾਵੈ£ ਜੇ ਉਹ ਕੂਪ ਤਟਾ ਦੇਵਾਵੇ£ ਕਰੈ ਨਿੰਦ ਸਭੁ ਬਿਰਥਾ ਜਾਵੈ। (ਗੁਰੂ ਗ੍ਰੰਥ, ਪੰਨਾ 875)

ਨਿੰਦਾ ਵਿਚੋਂ ਅਸੀ ਸਾਰੇ ਰਸ ਲੈਂਦੇ ਹਾਂ। ਦੂਜੇ ਨੂੰ ਛੋਟਾ ਕਹਿ ਕੇ ਸਾਡੀਆਂ ਵਾਛਾਂ ਖਿਲ ਜਾਂਦੀਆਂ ਹਨ। ਅਸੀ ਕਦੇ ਵੀ ਮੌਕਾ ਨਹੀਂ ਖੁੰਝਾਉਂਦੇ ਜਦੋਂ ਅਸੀ ਕਿਸੇ ਤੀਜੇ ਬੰਦੇ ਦੀ ਚੁਗਲੀ ਕਰ ਕੇ ਖ਼ੁਸ਼ੀ ਦੇ ਆਲਮ ਵਿਚ ਨਹੀਂ ਜਾਂਦੇ। ਇੰਜ, ਤੀਰਥ-ਨਾਵਨ ਕਿਵੇਂ ਸਾਨੂੰ ਲਾਭ ਪਹੁੰਚਾ ਸਕੇਗਾ, ਜਦੋਂ ਅਸੀ ਪਰਾਈ ਨਿੰਦਾ ਨੂੰ ਹੀ ਗਲੇ ਲਗਾਈ ਫਿਰਦੇ ਰਹਾਂਗੇ? ਅਠਾਹਠ ਤੀਰਥਾਂ ਦਾ ਜ਼ਿਕਰ ਲਗਭਗ ਸਾਰੇ ਹੀ ਗੁਰੂ ਸਾਹਿਬਾਨ ਨੇ ਪ੍ਰਤੀਕ ਰੂਪ ਵਿਚ ਕੀਤਾ ਹੈ ਜਿਵੇਂ :- ਅਠਸਠਿ ਤੀਰਥ ਗੁਰਸਬਦਿ ਦਿਖਾਏ                 ਤਿਤੁ ਨਾਤੈ ਮਲੁ ਜਾਏ£ (ਗੁਰੂ ਗ੍ਰੰਥ, ਪੰਨਾ 753)
ਇਹੁ ਮਨੁ ਕਾਸੀ ਸਭਿ ਤੀਰਥ ਸਿਮ੍ਰਿਤ ਸਤਿਗੁਰ ਦੀਆ ਬੁਝਾਇ£ (ਗੁਰੂ ਗ੍ਰੰਥ, ਪੰਨਾ 139)
ਅਠਸਠਿ ਤੀਰਥ ਤਿਸੁ ਸੰਗਿ ਮਹਿ ਜਿਨ ਹਰਿ ਹਿਰਦੈ ਰਹਿਆ ਸਮਾਇ£ (ਗੁਰੂ ਗ੍ਰੰਥ, ਪੰਨਾ 491)
ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ£ (ਗੁਰੂ ਗ੍ਰੰਥ, ਪੰਨਾ 136)

ਚੌਹਾਂ ਖਾਣੀਆਂ (ਤਮਾਮ ਦੁਨੀਆਵੀ) ਦੇ ਜੀਵ-ਜੰਤੂ ਭੰਬਲਭੂਸਿਆਂ ਵਿਚ ਫਸੇ ਹੋਏ ਜੀਵਨ ਬਸਰ ਕਰ ਰਹੇ ਹਨ। ਅਠਾਹਠ ਤੀਰਥਾਂ ਦੀ ਕਾਮਨਾ ਨੇ ਉਨ੍ਹਾਂ ਤੋਂ ਅਨੇਕ ਚਾਹੇ ਤੇ ਅਣਚਾਹੇ ਕੰਮ ਕਰਵਾਏ ਹਨ। ਬਾਬਾ ਨਾਨਕ ਪਾਤਿਸ਼ਾਹ ਦਾ ਇਸ ਬਾਰੇ ਕਿੰਨਾ ਸੁੰਦਰ ਫ਼ੁਰਮਾਨ ਹੈ :- ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ£ ਗੁਰ ਬਿਨੁ ਕਿਨਿ ਸਮਝਾਈਐ ਮਨ ਰਾਜਾ ਸੁਲਤਾਨ£ ਤਨ ਦੀ ਮੈਲ ਤਾਂ ਬਾਹਰੀ ਪਾਣੀ ਨਾਲ ਧੁਪ ਸਕਦੀ ਹੈ। ਪਰੰਤੂ ਵਿਸ਼ਿਅਕ ਮੈਲ ਨਾਲ ਲਬਰੇਜ਼ ਮਨ ਕਿਸੇ ਵੀ ਤੀਰਥ ਸਥੱਲ ਦਾ ਜਲ ਨਹੀਂ ਧੋ ਸਕਦਾ। ਆਵਾਗਗਣ ਦੀ ਨਵਿਰਤੀ ਲਈ ਤਾਂ ਇਹ ਮਜਨ-ਇਸ਼ਨਾਨ ਹਰਗਿਜ਼ ਵੀ ਕਾਰਗਰ ਸਿੱਧ ਨਹੀਂ ਹੋ ਸਕਦੇ। ਅੰਦਰੋਂ ਬਾਹਰੋਂ ਅੰਨ੍ਹਾ ਇਹ ਜਿਉੜਾ ਹਉਮੈ ਦੀ ਗ੍ਰਿਫ਼ਤ ਤੋਂ ਹੀ ਛੁਟਕਾਰਾ ਨਹੀਂ ਹਾਸਲ ਕਰ ਸਕਦਾ, ਭਾਵੇਂ ਕਿੰਨੇ ਵੀ ਭਰਮ-ਪਾਖੰਡ ਕਰ ਕੇ ਇਹ ਸ੍ਰੀਰਕ ਸ਼ੁੱਧੀ ਦੇ ਯਤਨ ਕਰਦਾ ਫਿਰੇ :- ਅੰਦਰਹੁ ਅੰਨਾ ਬਾਹਰਹੁ ਅੰਨਾ ਕੂੜੀ ਕੂੜੀ ਗਾਵੈ£ ਦੇਹੀ ਧੋਵੈ ਚਕ੍ਰ ਬਣਾਏ ਮਾਇਆ ਨੋ ਬਹੁ ਧਾਵੈ£ ਅੰਦਰਿ ਮੈਲੁ ਨ ਉਤਰੈ ਹਊਮੈ ਫਿਰਿ ਫਿਰਿ ਆਵੈ ਜਾਵੈ। (ਗੁਰੂ ਗ੍ਰੰਥ, ਪੰਨਾ 61)

ਇਹ ਗੱਲ ਬਿਲਕੁਲ ਹੀ ਸਪੱਸ਼ਟ ਹੈ ਕਿ ਮੈਲੇ ਮਨ ਨਾਲ ਅਸੀ ਕਦੇ ਵੀ ਕੋਈ ਪ੍ਰਾਪਤੀ ਨਹੀਂ ਕਰ ਸਕਦੇ। ਪ੍ਰਭੂ ਅੰਤਰਯਾਮੀ ਹੈ-ਸਭਨਾਂ ਦੇ ਅੰਦਰ ਦੀ ਜਾਣਨ ਵਾਲਾ। ਮਨੁੱਖ ਭਰਮਾਂ ਵਿਚ ਹੀ ਗ਼ਰਕਦਾ ਚਲਾ ਜਾਂਦੈ ਜਦੋਂ ਕਿ ਵਿਰਲੇ ਜੀਵ ਹੈਨ ਜਿਹੜੇ ਮਾਨਸਿਕ-ਤੀਰਥ ਦੇ ਰਹੱਸ ਦੀ ਸੋਝੀ ਰਖਦੇ ਹਨ। ਬਹੁਤਿਆਂ ਨੂੰ ਤੀਰਥਾਂ ਦੇ ਨਹਾਉਣ ਨਾਲ ਹੰਕਾਰ ਰੂਪੀ ਮੈਲ ਸਗੋਂ ਹੋਰ ਸ਼ਿੱਦਤ ਨਾਲ ਚਿੰਬੜ ਜਾਂਦੀ ਹੈ। ਸ੍ਰੀ ਗੁਰੂ ਅਮਰ ਦਾਸ ਸਮਝਾਉਂਦੇ ਹਨ ਕਿ :- ਸਤਿਗੁਰੁ ਪੁਰਖ ਨ ਮੰਨਿਓ ਸਬਦਿ ਨ ਲਗੋ ਪਿਆਰੁ£ ਇਸਨਾਨੁ ਦਾਨੁ ਜੇਤਾ ਕਰਹਿ ਦੂਜੈ ਭਾਇ ਖੁਆਰੁ। (ਗੁਰੂ ਗ੍ਰੰਥ, ਪੰਨਾ 34) ਗੁਰਮਤਿ ਤਨ ਤੇ ਮਨ ਦੇ ਅਨਿੱਖੜ ਸਬੰਧਾਂ ਦੀ ਬੋਧਕ ਹੈ। ਸਹਿਜਤਾ, ਠਰ੍ਹੰਮੇ, ਧੀਰਜ ਤੇ ਨਿਮਰਤਾ ਤੋਂ ਹੀਣੇ ਅਨੇਕ ਤੀਰਥਕ ਨਿਰੰਤਰ ਕੇਵਲ ਬਾਹਰਲੀ ਸੁੱਚਮ ਨੂੰ ਹੀ ਸੱਭ ਕੁੱਝ ਸਮਝੀ ਬੈਠਦੇ ਹਨ। ਇਹ ਬੰਦੇ ਦੀ ਅਗਿਆਨਤਾ ਹੈ। ਉਸ ਦੀ ਮੂਰਖਤਾ ਕਿ ਪੈਸੇ, ਸਮਾਂ, ਸ਼ਕਤੀ ਤੇ ਹੋਰ ਕਈ ਕੁੱਝ ਦਾ ਨੁਕਸਾਨ ਕਰ ਕੇ ਵੀ ਉਸ ਨੂੰ ਹਾਸਲ ਕੁੱਝ ਨਹੀਂ ਹੁੰਦਾ। ਭਗਤ ਤ੍ਰਿਲੋਚਨ ਨੇ ਗੁਰੂ ਸਾਹਿਬਾਨ ਤੋਂ ਵੀ ਸਦੀਆਂ ਪੂਰਵ ਇਸ ਸੱਚ ਨੂੰ ਜੱਗ-ਜ਼ਾਹਰ ਕਰਨ ਦਾ ਬੀੜਾ ਉਠਾਇਆ ਸੀ :- ਅਨਿਕ ਪਾਤਿਕ ਹਰਤਾ ਤ੍ਰਿਭਵਣ ਨਾਥੁ ਰੀ ਤੀਰਥਿ ਤੀਰਥਿ ਭ੍ਰਮਤਾ ਲਹੈ ਨ ਪਾਰੁ ਰੀ£ ਕਰਮ ਕਰਿ ਕਪਾਲੁ ਮਫੀਟਸਿ ਰੀ। (ਗੁਰੂ ਗ੍ਰੰਥ, ਪੰਨਾ 695)

ਇੰਜ, ਸਦੀਆਂ ਤਕ ਸਾਡੇ ਤੱਤਵੇਤੇ ਮਹਾਂਪੁਰਖ ਮਨ ਨੂੰ ਸੋਧਣ ਲਈ ਪ੍ਰੇਰਤ ਕਰਦੇ ਰਹੇ ਹਨ। ਤਨ ਦੀ ਸੁੱਚਤਾ ਦੀ ਨਿਰਾਰਥਕਤਾ ਵੀ ਉਨ੍ਹਾਂ ਨੇ ਰੱਜ-ਰੱਜ ਕੇ ਦਰਸਾਈ ਤੇ ਸਮਝਾਈ ਹੈ ਪਰ ਅਸੀ ਉਦੋਂ ਵੀ ਤੇ ਅੱਜ ਵੀ ਅਪਣੇ ਮਹਾਂਪੁਰਖਾਂ ਦੀ ਸਿਖਿਆ ਤੋਂ ਕੁੱਝ ਨਹੀਂ ਸਿਖਿਆ। ਬੁੱਲ੍ਹੇ ਸ਼ਾਹ ਨੇ ਵੀ ਪੂਰੀ ਬੇਬਾਕੀ ਨਾਲ ਸਾਨੂੰ ਸਮਝਾਉਣ ਦਾ ਯਤਨ ਕੀਤਾ ਕਿ ਜੇਕਰ ਨਹਾਉਣ ਨਾਲ ਸਾਡੀ ਖ਼ਲਾਸੀ ਸੰਭਵ ਹੁੰਦੀ ਤਾਂ ਡੱਡੂ, ਮੱਛੀਆਂ ਤੇ ਹੋਰ ਜਲਧਾਰੀ ਜੀਵ ਸੱਭ ਤੋਂ ਪਹਿਲਾਂ ਨਿਜਾਤ ਹਾਸਲ ਕਰ ਸਕਦੇ ਸਨ। ਬਾਬਾ ਨਾਨਕ ਜੀ 'ਜਪੁ ਜੀ' ਵਿਚ ਕਿੰਨਾ ਸੁੰਦਰ ਵਿਚਾਰ ਦੇ ਰਹੇ ਹਨ ਕਿ ਦਾਤਾਰ ਦੀ ਅਸਲੀਅਤ ਸੁਣ, ਮੰਨ ਅਤੇ ਧਾਰਨ ਉਪਰੰਤ ਹੀ ਆਂਤਰਿਕ ਤੀਰਥ ਦੇ ਇਸ਼ਨਾਨ ਸੰਭਵ ਹਨ : ਸੁਣਿਆ ਮੰਨਿਆ ਮਨਿ ਕੀਤਾ ਭਾਉ£ ਅੰਤਰ ਗਤਿ ਤੀਰਥਿ ਮਲਿ ਨਾਉ£ (ਗੁਰੂ ਗ੍ਰੰਥ, ਪੰਨਾ 04)        
ਉਨ੍ਹਾਂ ਅਨੁਸਾਰ ਅਸਲ ਤੀਰਥ ਸਤਿਗੁਰ ਹੀ ਹੈ ਪਰ ਇਸ ਦੀ ਸਮਝ ਹਾਰੀ ਸਾਰੀ ਨੂੰ ਨਹੀਂ ਆ ਸਕਦੀ। ਜਿਹੜਾ ਉਸ ਦੀ ਰਹਿਮਤ ਦਾ ਪਾਤਰ ਬਣਦਾ ਹੈ, ਉਹੀ ਉਸ ਅਗੰਮੀ ਖੇਡ ਦਾ ਭੇਦ ਜਾਣ ਸਕਦੈ :- ਸਤਿਗੁਰੁ ਮਨ ਕਾਮਨਾ ਤੀਰਥੁ ਹੈ ਜਿਸ ਨੋ ਦੇਇ ਬੁਝਾਇ£ ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੁ ਪਾਇ£ (ਗੁਰੂ ਗ੍ਰੰਥ, ਪੰਨਾ 26)

ਅੰਮ੍ਰਿਤਸਰ (ਰਾਮਦਾਸਪੁਰ) ਤੇ ਸਰੋਵਰ ਦੇ ਦਰਸ਼ਨ-ਇਸ਼ਨਾਨ ਦਾ ਮਹਾਤਮ ਸੰਸਾਰ ਭਰ ਵਿਚ ਵਸਦਾ ਹਰ ਗੁਰੂ ਨਾਨਕ ਲੇਵਾ ਸਵੀਕਾਰਦੈ ਪਰ ਬਾਣੀ-ਦਾਤਾਰਾਂ ਨੇ ਜਿਸ ਅੰਮ੍ਰਿਤਸਰ ਦਾ ਜ਼ਿਕਰ ਕੀਤਾ ਹੈ ਉਸ ਦੀ ਅਸਲੀਅਤ ਦਾ ਗਿਆਨ ਵਿਰਲਿਆਂ ਨੂੰ ਹੀ ਹੈ। ਰਾਮਦਾਸ ਸਰੋਵਰਿ ਨਾਤੇ£ ਸਭਿ ਉਤਰੇ ਪਾਪ ਕਮਾਤੇ£ ਦੀ ਤੁਕ ਨੂੰ ਖੰਡਿਤ ਕਰ ਕੇ ਨਹੀਂ ਵਿਚਾਰਿਆ ਜਾ ਸਕਦਾ। ਚਿੱਕੜ ਭਰੇ ਪਾਪੀ ਮਨ ਨਾਲ ਭਾਵੇਂ ਕਰੋੜਾਂ ਵਾਰੀ ਇਸ ਪਵਿੱਤਰ ਸਰੋਵਰ ਵਿਚ ਟੁੱਭੀ ਮਾਰ ਲਈ ਜਾਵੇ, ਕੁੱਝ ਵੀ ਹਾਸਲ ਨਹੀਂ ਹੋ ਸਕਦਾ। ਪੰਚਮ ਪਿਤਾ ਸਮਝਾਉਂਦੇ ਹਨ :-ਕਰਿ ਸੰਗਤਿ ਤੂ ਸਾਧ ਕੀ ਅਠਸਠਿ ਤੀਰਥ ਨਾਉ£ ਜੀਉ ਪ੍ਰਾਣ ਮਨੁ ਤਨੁ ਹਰੇ ਸਾਚਾ ਏਹੁ ਸੁਰਮਾਉ। (ਗੁਰੂ ਗ੍ਰੰਥ, ਪੰਨਾ 48) ਇਸ ਪ੍ਰਕਾਰ ਅਸ਼ਟਮੀ, ਚੌਦਸ, ਮੱਸਿਆ, ਪੂਰਨਮਾਸ਼ੀ, ਸੰਕਰਾਤੀ, ਉਤਰਾਇਣ, ਦੱਖਣਾਇਣ, ਵਅੱਤਪਾਤ, ਚੰਦ੍ਰ ਗ੍ਰਹਿਣ ਤੇ ਸੂਰਜ ਗ੍ਰਹਿਣ ਜਹੇ ਪੁਰਬਾਂ ਤੇ ਤੀਰਥਾਂ ਤੇ ਹੁੰਦੇ ਇਕੱਠ, ਇਸ਼ਨਾਨ ਤੇ ਦਾਨਪੁੰਨ ਆਦਿ ਸੱਭ ਉਦੋਂ ਤਕ ਫ਼ਜ਼ੂਲ ਹਨ, ਜਦੋਂ ਤਕ ਮਨ ਸਾਧਿਆ ਨਹੀਂ ਜਾਂਦਾ। ਕਬੀਰ ਸਾਹਬ ਕਿੰਨਾ ਸੁੰਦਰ ਪ੍ਰਮਾਣ ਦਿੰਦੇ ਹਨ :-
ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ£ ਕਹੁ ਕਬੀਰ ਛੂਟਨ ਨਹੀ ਮਨ ਬਉਰਾ ਰੇ ਛੂਟਨੁ ਹਰਿ ਕੀ ਸੇਵ£ (ਗੁਰੂ ਗ੍ਰੰਥ, ਪੰਨਾ 336)

                                                                                                                      ਡਾ. ਕੁਲਵੰਤ ਕੌਰ,ਸੰਪਰਕ : 98156-20515