ਆਉ ਰਲ ਕੇ ਨਰੋਆ ਸਮਾਜ ਸਿਰਜੀਏ-2

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪੰਗਤ ਵਿਚ ਬਿਠਾ ਕੇ ਲੰਗਰ ਛਕਾਉਣਾ ਬਹੁਤ ਹੀ ਕ੍ਰਾਂਤੀਕਾਰੀ ਕੰਮ ਸੀ ਤੇ ਉੱਚ ਜਾਤੀ ਦੇ ਲੋਕਾਂ ਲਈ ਇਕ ਵੰਗਾਰ ਸੀ।

file photo

(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਮੁਹਾਲੀ: ਇਨ੍ਹਾਂ ਪ੍ਰਚੱਲਤ ਬੁਰਾਈਆਂ ਦੌਰਾਨ ਹੀ ਹੋਰ ਵੀ ਬਹੁਤ ਸਾਰੀਆਂ ਬੁਰਾਈਆਂ ਹਨ ਜਿਨ੍ਹਾਂ ਨੇ ਸਾਡੇ ਵਸਦੇ ਰਸਦੇ ਪੰਜਾਬ ਨੂੰ ਅੰਦਰੋਂ ਖੋਖਲਾ ਕਰ ਕੇ ਰੱਖ ਦਿਤਾ ਹੈ। ਉਨ੍ਹਾਂ 'ਚੋਂ ਇਕ ਹੈ ਨਸ਼ਾ। ਨਸ਼ਾ ਸਿਰਫ਼ ਭੰਗ ਸ਼ਰਾਬ, ਅਫ਼ੀਮ, ਚਿੱਟੇ ਦਾ ਹੀ ਨਹੀਂ ਹੁੰਦਾ। ਕੁੱਝ ਹੋਰ ਨਸ਼ੇ ਵੀ ਹਨ ਜਿਵੇਂ ਜਾਤੀ ਦਾ ਨਸ਼ਾ, ਧਰਮ ਦਾ ਨਸ਼ਾ, ਰੁਤਬੇ ਦਾ ਨਸ਼ਾ, ਖ਼ਾਨਦਾਨ ਦਾ ਨਸ਼ਾ। ਭਾਵੇਂ ਗੁਰੂਆਂ ਨੇ ਸਾਨੂੰ ਇਨ੍ਹਾਂ ਨਸ਼ਿਆਂ ਤੋਂ ਵਰਜਿਆ ਹੈ ਪਰ ਅਸੀ ਇਨ੍ਹਾਂ ਤੋਂ ਬੱਚ ਨਹੀਂ ਸਕੇ। ਗੁਰੂਆਂ ਦੀ ਬਾਣੀ ਭਾਵੇਂ ਅਸੀ ਸਵੇਰੇ-ਸ਼ਾਮ ਪੜ੍ਹਦੇ ਹਾਂ ਪਰ ਅਮਲ ਨਹੀਂ ਕਰ ਰਹੇ।  ਆਮ ਨਸ਼ੇ ਤੋਂ ਦੂਰ ਰਹਿਣ ਸਬੰਧੀ ਬਾਬਾ ਨਾਨਕ ਜੀ ਨੇ ਜੋਗੀਆਂ ਨਾਲ ਵਾਰਤਾਲਾਪ ਕਰਦੇ ਹੋਏ ਫ਼ੁਰਮਾਇਆ ਸੀ ਕਿ ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ£ ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ£੧£ ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ£ ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ £੧£ ਇਸੇ ਤਰ੍ਹਾਂ ਬਾਬਾ ਜੀ ਨੇ ਬਾਕੀ ਸਮਾਜ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ।

ਦੂਜੇ ਨਸ਼ਿਆਂ ਵਿਚ ਜੋ ਨਸ਼ਾ ਆਉਂਦਾ ਹੈ, ਪੈਸੇ ਦਾ ਨਸ਼ਾ ਜਿਸ ਤੋਂ ਛੁਟਕਾਰਾ ਸਿਰਫ਼ ਗੁਰੂ ਦੀ ਸਿਖਿਆ ਗ੍ਰਹਿਣ ਕਰ ਕੇ ਹੀ ਪਾਇਆ ਜਾ ਸਕਦਾ ਹੈ। ਇਸ ਨਸ਼ੇ ਨੂੰ ਪ੍ਰਾਪਤ ਕਰਨ ਲਈ ਬੰਦਾ ਹਰ ਸਮਾਜ ਵਿਰੋਧੀ ਕੰਮ ਕਰਨ ਲਈ ਤਿਆਰ ਹੋ ਜਾਂਦਾ ਹੈ। ਪੈਸੇ ਕਮਾਉਣਾ ਜਾਂ ਪੈਸਾ ਹੋਣਾ ਕੋਈ ਮਾੜੀ ਗੱਲ ਨਹੀਂ ਪਰ ਇਸ ਦਾ ਹੰਕਾਰ ਕਰਨਾ, ਕਈ ਵਾਰ ਪ੍ਰਵਾਰ ਤੇ ਸਮਾਜ ਲਈ ਘਾਤਕ ਹੋ ਜਾਂਦਾ ਹੈ। ਜੇਕਰ ਕਿਤੇ ਕਿਰਤ ਨਾਲ ਕਮਾਇਆ ਪੈਸਾ ਸਕੂਲ, ਕਾਲਜ ਜਾਂ ਲਾਇਬ੍ਰੇਰੀਆਂ ਵਿਚ ਦਾਨ ਦੇ ਰੂਪ ਵਿਚ ਲਗਾਇਆ ਜਾਵੇ ਤਾਂ ਕਿੰਨੇ ਹੀ ਵਿਦਵਾਨ ਤੇ ਸਮਾਜ ਸੇਵੀ ਪੈਦਾ ਹੋ ਜਾਣਗੇ। ਕੁੱਝ ਸਾਲਾਂ ਤੋਂ ਪੰਜਾਬ ਵਿਚ ਜਿਸ ਤਰ੍ਹਾਂ ਵਿਆਹਾਂ, ਭੋਗਾਂ ਤੇ ਪਾਣੀ ਦੀ ਤਰ੍ਹਾਂ ਫ਼ਜ਼ੂਲ ਪੈਸਾ ਵਹਾਇਆ ਜਾਂਦਾ ਰਿਹਾ ਹੈ, ਇਹ ਸਿਰਫ਼ ਵਿਖਾਵਾ ਮਾਤਰ ਹੀ ਹੈ। ਇਸ ਨਸ਼ੇ (ਪੈਸੇ) ਦੀ ਲੋਰ ਨੇ ਪੰਜਾਬ ਨੂੰ ਆਰਥਕ ਤੌਰ ਤੇ ਕਮਜ਼ੋਰ ਕਰ ਦਿਤਾ ਹੈ। ਇਸ ਨਸ਼ੇ ਤੋਂ ਬਚਣ ਲਈ ਕਈ ਪਿੰਡਾਂ ਨੇ ਸਮਾਜਕ ਸਮਾਗਮ ਸੀਮਤ ਕਰ ਦਿਤੇ ਹਨ। ਇਸ ਸਬੰਧੀ ਨਾਅਰਾ ਦਿਤਾ ਹੈ : ਸਾਦੇ ਵਿਆਹ, ਸਾਦੇ ਭੋਗ, ਨਾ ਕਰਜ਼ਾ, ਨਾ ਚਿੰਤਾ ਰੋਗ।

ਸੋ ਪੰਜਾਬੀ ਭਰਾਵੋ! ਇਸ ਨਸ਼ੇ ਤੋਂ ਅਪਣੇ ਆਪ ਨੂੰ ਬਚਾ ਲਈਏ ਨਹੀਂ ਤਾਂ ਕੁੱਝ ਸਾਲਾਂ ਤਕ ਸਰਮਾਏਦਾਰਾਂ ਨੂੰ ਠੇਕੇ ਤੇ ਦਿਤੀਆਂ ਜ਼ਮੀਨਾਂ ਤੇ ਹੀ ਨੌਕਰੀ ਕਰਨ ਲਈ ਮਜਬੂਰ ਹੋ ਜਾਵਾਂਗੇ। ਸੋ ਸਾਨੂੰ ਪੈਸਾ ਲੋੜ ਕਰ ਕੇ ਵਰਤਣਾ ਚਾਹੀਦਾ ਹੈ ਨਾ ਕਿ ਵਿਖਾਵੇ ਮਾਤਰ ਮਾਣ ਲਈ। ਭਗਤ ਕਬੀਰ ਜੀ ਇਸ ਸਬੰਧੀ ਬਹੁਤ ਵਧੀਆ ਉਪਦੇਸ਼ ਦਿੰਦੇ ਹਨ ਕਿ ਲਾਲਚ ਲਾਗੇ ਜਨਮ ਗਵਾਇਆ ਮਾਇਆ ਭਰਮ ਭੁਲਾਇਆ£ ਧਨ ਜੋਬਨ ਕਾ ਗਰਬੁ ਨਾ ਕੀਜੈ ਕਾਗਦ ਜਿਉ ਗਲਿ ਜਾਹਿਗਾ£
ਇਕ ਹੋਰ ਨਸ਼ਾ ਹੈ ਜਾਤੀ ਨਸ਼ਾ। ਸਦੀਆਂ ਪਹਿਲਾਂ ਕਿੱਤੇ ਦੇ ਆਧਾਰ ਤੇ ਸਮਾਜ ਦੀ ਵੰਡ ਕੀਤੀ ਗਈ ਸੀ। ਸਾਰਾ ਸਮਾਜ ਅਪਣੀਆਂ ਲੋੜਾਂ ਲਈ ਇਕ ਦੂਜੇ ਉਤੇ ਨਿਰਭਰ ਸੀ। ਆਪਸੀ ਭਾਈਚਾਰਾ ਬਣਿਆ ਹੋਇਆ ਸੀ। ਪਰ ਸਮੇਂ ਅਨੁਸਾਰ ਸ਼ਾਤਰ ਲੋਕਾਂ ਨੇ ਸਮਾਜ ਨੂੰ ਇਸ ਤਰ੍ਹਾਂ ਵੰਡ ਦਿਤਾ ਕਿ ਹੱਥੀਂ ਕੰਮ ਕਰਨ ਵਾਲਿਆਂ ਨੂੰ ਹੀ ਨੀਵਾਂ ਦਰਜਾ ਦੇ ਦਿਤਾ ਗਿਆ। ਸਮਾਜ ਦੀ ਅਜਿਹੇ ਵਰਣਾਂ ਵਿਚ ਵੰਡ ਕੀਤੀ ਗਈ ਕਿ ਚਾਰੇ ਵਰਣ ਇਕ ਦੂਜੇ ਨਾਲ ਨਫ਼ਰਤ ਕਰਨ ਲੱਗ ਪਏ। ਬ੍ਰਾਹਮਣ ਸੱਭ ਤੋਂ ਉਪਰ ਸਮਝਿਆ ਜਾਣ ਲੱਗਾ ਤੇ ਸ਼ੂਦਰ ਸੱਭ ਤੋਂ ਨੀਵਾਂ। ਇਸ ਭਰਮ ਨੂੰ ਦੂਰ ਕਰਨ ਲਈ ਗੁਰੂ ਅਮਰਦਾਸ ਜੀ ਨੇ ਸ਼ਬਦ ਉਚਾਰਿਆ : ਜਾਤਿ ਕਾ ਗਰਬ ਨ ਕਰੀਅਹੁ ਕੋਈ£ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ£

ਭਾਵ : ਕੋਈ ਵੀ ਧਿਰ (ਉੱਚੀ) ਜਾਤਿ ਦਾ ਮਾਣ ਨਾ ਕਰਿਉ। (ਜਾਤਿ ਦੇ ਆਸਰੇ ਬ੍ਰਾਹਮਣ ਨਹੀਂ ਬਣੀਦਾ) ਉਹ ਮਨੁੱਖ ਬ੍ਰਾਹਮਣ ਬਣ ਜਾਂਦਾ ਹੈ ਜਿਹੜਾ (ਪਰਮਾਤਮਾ) ਨਾਲ ਡੂੰਘੀ ਸਾਂਝ ਪਾ ਲੈਂਦਾ ਹੈ। ਪਰ ਸਦੀਆਂ ਬੀਤਣ ਬਾਅਦ ਵੀ ਇਹ ਜਾਤੀ ਕੰਮ ਜਿਉਂ ਦੀ ਤਿਉਂ ਬਰਕਰਾਰ ਹੈ। ਭਾਵੇਂ ਸੰਵਿਧਾਨ ਦੇ ਲਾਗੂ ਹੋਣ ਮਗਰੋਂ ਇਸ ਜਾਤ ਰੂਪੀ ਬੁਰਾਈ ਨੂੰ ਕਾਫ਼ੀ ਠੱਲ੍ਹ ਪਈ ਹੈ ਪਰ ਇਸ ਜਾਤੀ ਕੋਹੜ ਨੂੰ ਹਾਲੇ ਜੜ੍ਹੋਂ ਨਹੀਂ ਖ਼ਤਮ ਕੀਤਾ ਜਾ ਸਕਿਆ। ਇਹੀ ਕਾਰਨ ਸੀ ਕਿ ਬਾਬਾ ਨਾਨਕ ਜੀ ਨੇ 'ਸੰਗਤ ਤੇ ਪੰਗਤ' ਦੀ ਰੀਤ ਚਲਾ ਕੇ ਇਸ ਬੁਰਾਈ ਤੋਂ ਛੁਟਕਾਰਾ ਪਾਉਣਾ ਚਾਹਿਆ। ਸਾਰੇ ਧਰਮਾਂ ਤੇ ਜਾਤੀਆਂ ਦੇ ਲੋਕਾਂ ਨੂੰ ਉਸ ਸਮੇਂ ਇਕੱਠਾ ਇਕ ਪੰਗਤ ਵਿਚ ਬਿਠਾ ਕੇ ਲੰਗਰ ਛਕਾਉਣਾ ਬਹੁਤ ਹੀ ਕ੍ਰਾਂਤੀਕਾਰੀ ਕੰਮ ਸੀ ਤੇ ਉੱਚ ਜਾਤੀ ਦੇ ਲੋਕਾਂ ਲਈ ਇਕ ਵੰਗਾਰ ਸੀ।

ਇਸੇ ਫ਼ਲਸਫ਼ੇ ਅਧੀਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਸਾਜਣਾ ਸਮੇਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਆਪ ਉਨ੍ਹਾਂ ਤੋਂ ਅੰਮ੍ਰਿਤ ਛਕਿਆ ਤੇ ਸਦੀਆਂ ਤੋਂ ਜਾਤੀ ਆਧਾਰ ਤੇ ਲਿਤਾੜੇ ਹੋਏ ਨਾਈ, ਧੋਬੀ, ਛਿੰਬੇ, ਜੱਟ, ਖੱਤਰੀ, ਜੁਲਾਹਿਆਂ ਨੂੰ ਅਜਿਹੀ ਇਕ ਲੜੀ ਵਿਚ ਪਰੋ ਕੇ, ਅਜਿਹੀ ਫ਼ੌਜ ਤਿਆਰ ਕੀਤੀ ਕਿ ਏਸ਼ੀਆ ਦੀ ਸੱਭ ਤੋਂ ਤਾਕਤਵਰ ਮੁਗ਼ਲ ਫ਼ੌਜ ਨਾਲ ਟੱਕਰ ਲੈਣ ਦੇ ਸਮਰੱਥ ਹੋ ਗਈ। ਭਾਵੇਂ ਅਬਦਾਲੀ ਚੜ੍ਹ ਕੇ ਆਇਆ, ਜ਼ਕਰੀਆ ਖ਼ਾਂ ਆਇਆ ਤੇ ਭਾਵੇਂ ਮੀਰ ਮੰਨੂ। ਸਿੱਖਾਂ ਨੇ ਇਕੱਠੇ ਹੋ ਕੇ ਅਜਿਹੇ ਦੂਰਾਨੀ, ਇਰਾਨੀ ਝਟਕੇ ਕਿ ਮੁੜ ਕੇ ਪੰਜਾਬ ਵਲ ਉਨ੍ਹਾਂ ਦਾ ਮੂੰਹ ਕਰਨ ਦਾ ਹੀਆ ਨਾ ਪਿਆ। ਭਾਵੇਂ ਮਿਸਲਾਂ ਵੀ ਆਪਸ ਵਿਚ ਲੜਦੀਆਂ ਰਹਿੰਦੀਆਂ ਸਨ ਪਰ ਸਾਂਝੇ ਕਾਰਜ ਲਈ ਸਾਰੀਆਂ ਮਿਸਲਾਂ ਇਕੱਠੀਆਂ ਹੋ ਜਾਇਆ ਕਰਦੀਆਂ ਸਨ। ਇਸ ਦਾ ਨਤੀਜਾ ਇਹ ਨਿਕਲਿਆ ਕਿ ਕੁੱਝ ਸਮੇਂ ਬਾਅਦ ਵਿਸ਼ਾਲ ਖ਼ਾਲਸਾ ਰਾਜ ਸਥਾਪਤ ਹੋ ਗਿਆ ਜਿਥੇ ਚਾਲੀ ਸਾਲ ਲੋਕਾਂ ਨੇ ਸੁੱਖ ਸ਼ਾਂਤੀ ਨਾਲ ਬਤੀਤ ਕੀਤੇ।

ਸੋ ਇਤਿਹਾਸ ਤੋਂ ਸਮਝ ਲੈ ਕੇ ਜਾਤੀ ਭੇਦ-ਭਾਵ ਤੋਂ ਉਪਰ ਉਠ ਕੇ ਸਮਾਜ ਦੀ ਸੇਵਾ ਵਿਚ ਸਮਾਂ ਲਗਾ ਦੇਈਏ ਤੇ ਜਾਤ ਹੰਕਾਰੀ ਬੰਦਿਆਂ ਨੂੰ ਗੁਰੂਆਂ ਦੀਆਂ ਸਿਖਿਆਵਾਂ ਰਾਹੀਂ ਚੰਗੇ ਇਨਸਾਨ ਬਣਾ ਕੇ ਵਧੀਆ ਸਮਾਜ ਦੀ ਸਿਰਜਣਾ ਕਰੀਏ। ਗੁਰੂ ਅਮਰਦਾਸ ਜੀ 'ਜਾਤ ਹੰਕਾਰੀ' ਬੰਦੇ ਨੂੰ ਸਿਖਿਆ ਦਿੰਦੇ ਹੋਏ ਕਹਿੰਦੇ ਹਨ : ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ£ ਇਸ ਗਰਬ ਤੇ ਚਲਹਿ ਬਹੁਤੁ ਵਿਕਾਰਾ£
ਭਾਵ : ਹੇ ਮੂਰਖ! ਹੇ ਗੰਵਾਰ। ਉੱਚੀ ਜਾਤ ਦਾ ਮਾਣ ਨਾ ਕਰ। ਇਸ ਮਾਣ-ਅਹੰਕਾਰ ਤੋਂ ਕਈ ਵਿਗਾੜ ਚੱਲ ਪੈਂਦੇ ਹਨ।
ਰੁਤਬੇ ਦਾ ਨਸ਼ਾ ਵੀ ਸਿਰ ਚੜ੍ਹ ਬੋਲਦਾ ਹੈ। ਰੁਤਬੇ ਤੇ ਬੈਠਿਆਂ ਬੰਦਾ ਭੁੱਲ ਜਾਂਦਾ ਹੈ ਕਿ ਇਹ ਕੁਰਸੀ ਸਮਾਜ ਦੀ ਸੇਵਾ ਲਈ ਮਿਲੀ ਹੈ। ਇਹ ਸੇਵਾ ਭਾਵੇਂ ਪੰਜ ਸਾਲ ਦੀ ਹੋਵੇ ਜਾਂ 58-60 ਸਾਲ ਦੀ ਉਮਰ ਤਕ, ਆਖ਼ਰ ਕੁਰਸੀ ਛੱਡ ਕੇ ਸਮਾਜ ਵਿਚ ਹੀ ਆਉਣਾ ਪੈਣਾ ਹੈ। ਸਿਰਫ਼ ਕੁਰਸੀ ਨੂੰ ਸਲਾਮ ਕੁੱਝ ਸਮਾਂ ਹੀ ਹੁੰਦੀ ਹੈ ਪਰ ਜੇ ਉਸ ਸਮੇਂ ਆਚਰਨ ਵਧੀਆ ਬਣਾ ਕੇ ਰਖਿਆ ਜਾਵੇ ਤਾਂ ਸਦੀਵੀ ਸਤਿਕਾਰ ਬਣਿਆ ਰਹਿੰਦਾ ਹੈ।

ਪਰ ਕੁੱਝ  ਲੋਕ ਕੁਰਸੀ ਦੇ ਨਸ਼ੇ ਵਿਚ ਸਾਕ-ਸਬੰਧੀਆਂ ਅਤੇ ਸਮਾਜ ਤੋਂ ਦੂਰੀ ਬਣਾ ਲੈਂਦੇ ਹਨ। ਇਸੇ ਤਰ੍ਹਾਂ ਮੇਰਾ ਇਕ ਨਜ਼ਦੀਕੀ ਰਿਸ਼ਤੇਦਾਰ ਪੁਲਿਸ ਵਿਭਾਗ ਵਿਚੋਂ ਇੰਸਪੈਕਟਰ ਦੇ ਅਹੁਦੇ ਤੋਂ ਰੀਟਾਇਰ ਹੋਇਆ। ਨੌਕਰੀ ਦੌਰਾਨ ਉਸ ਨੇ  ਹਰ ਸਕੇ ਸਬੰਧੀ ਤੋਂ ਦੂਰੀ ਬਣਾਈ ਰੱਖੀ। ਹਾਲਾਂਕਿ ਜਦੋਂ ਡਿਊਟੀ ਤੋਂ ਘਰ ਆਉਂਦਾ ਸੀ ਤਾਂ ਘਰ ਵੀ ਹਵਾਲਾਤ ਹੀ ਬਣ ਜਾਂਦਾ ਸੀ। ਇਥੋਂ ਤਕ ਕਿ ਬੱਚੇ ਵੀ ਇਕ ਦੂਜੇ ਦੇ ਕੰਨ ਵਿਚ ਹੀ ਗੱਲ ਕਰਦੇ ਸਨ ਕਿ ਕਿਤੇ ਪਾਪਾ ਨੂੰ ਗੱਲ ਨਾ ਸੁਣ ਜਾਵੇ। ਪਰ ਜਦੋਂ ਰੀਟਾਇਰ ਹੋ ਗਿਆ, ਫਿਰ ਸਕੇ-ਸਬੰਧੀਆਂ, ਰਿਸ਼ਤੇਦਾਰਾਂ ਵਿਚ ਵਿਚਰਨਾ ਚਾਹੇ, ਪਰ ਹੁਣ ਰਿਸ਼ਤੇਦਾਰ ਉਸ ਤੋਂ ਦੂਰ ਰਹਿਣ ਲੱਗ ਪਏ। ਸੋ ਚੰਗਾ ਹੋਵੇ ਜੇਕਰ ਹਰ ਕੋਈ ਨੌਕਰੀ ਨੂੰ ਸੇਵਾ ਸਮਝ ਕੇ, ਸਾਦਗੀ ਧਾਰਨ ਕਰ ਕੇ ਹਰ ਰੁਤਬੇ ਤੇ ਰਹਿ ਕੇ ਇਸ ਨਸ਼ੇ ਤੋਂ ਮੁਕਤ ਹੋ ਕੇ ਕੁਰਸੀ ਦਾ ਸਤਿਕਾਰ ਬਹਾਲ ਰੱਖੇ।

ਸੋ ਵਡਿਆਈ ਅਪਣੇ ਕੀਤੇ ਕੰਮਾਂ ਨਾਲ ਹੀ ਪ੍ਰਾਪਤ ਹੁੰਦੀ ਹੈ। ਇਸੇ ਤਰ੍ਹਾਂ ਦੁਨੀਆਵੀ ਇੱਜ਼ਤ ਦਾ ਮਾਣ ਕਰਨ ਸਬੰਧੀ ਫ਼ਰੀਦ ਜੀ ਕਹਿੰਦੇ ਹਨ :
ਫ਼ਰੀਦਾ ਗਰਬੁ ਜਿਨਾ ਵਡਿਆਈਆ ਧਨਿ ਜੋਬਨਿ ਆਗਾਹ£ ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਮਾਹੁ£ ਭਾਵ : ਹੇ ਫ਼ਰੀਦ! ਜਿਨ੍ਹਾਂ ਲੋਕਾਂ ਨੂੰ ਦੁਨੀਆਵੀਂ ਇੱਜ਼ਤ ਦਾ ਅਹੰਕਾਰ, ਬੇਅੰਤ ਧਨ ਦੇ ਕਾਰਨ ਜਾ ਜਵਾਨੀ ਦੇ ਕਾਰਨ ਰਿਹਾ, ਉਹ ਜਗਤ ਵਿਚੋਂ ਮਾਲਕ ਦੀ ਮਿਹਰ ਤੋਂ ਸਖਣੇ ਹੀ ਚਲੇ ਗਏ ਜਿਵੇਂ ਟਿੱਬੇ ਮੀਂਹ ਦੇ ਵੱਸਣ ਪਿੰਡੋਂ ਸੁੱਕੇ ਰਹਿ ਜਾਂਦੇ ਹਨ। ਇਸ ਨਸ਼ੇ ਤੋਂ ਮੁਕਤ ਹੋਣ ਲਈ ਬਾਬਾ ਨਾਨਕ ਜੀ ਨਿਮਰਤਾ ਧਾਰਨ ਕਰਨ ਦੀ ਗੱਲ ਕਰਦੇ ਹਨ :
ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆ ਤਤੁ£
ਭਾਵ : ਹੇ ਨਾਨਕ! ਨੀਵੇਂ ਰਹਿਣ ਵਿਚ ਮਿਠਾਸ ਹੈ, ਨੀਵਾ ਰਹਿਣਾ ਸਾਰੇ ਗੁਣਾਂ ਦਾ ਸਾਰ ਹੈ, ਭਾਵ, ਸੱਭ ਤੋਂ ਚੰਗਾ ਗੁਣ ਹੈ।
ਕਈ ਵਾਰ ਬੰਦੇ ਨੂੰ ਪੜ੍ਹਾਈ-ਲਿਖਾਈ ਦਾ ਹੰਕਾਰ ਰੂਪ ਨਸ਼ਾ ਵੀ ਹੋ ਜਾਂਦਾ ਹੈ। ਚਾਹੀਦਾ ਤਾਂ ਇਹ ਹੈ ਕਿ ਅਸੀ ਪ੍ਰਾਪਤ ਕੀਤੀ ਵਿਦਿਆ ਰਾਹੀਂ ਸਮਾਜ ਦੀ ਸੇਵਾ ਕਰੀਏ। ਪਰ ਜੇ ਅਸੀ ਵਿਦਿਆ ਨੂੰ ਸਿਰਫ਼ ਹਉਮੈ ਤਕ ਹੀ ਸੀਮਤ ਕਰ ਲਈਏ ਤਾਂ ਸਮਾਜ ਨੂੰ ਇਸ ਦਾ ਕੋਈ ਫ਼ਾਇਦਾ ਨਹੀਂ। ਇਸ ਸਬੰਧੀ ਬਾਬਾ ਨਾਨਕ ਜੀ ਆਸਾ ਦੀ ਵਾਰ ਵਿਚ ਫ਼ੁਰਮਾਉਂਦੇ ਹਨ : ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ£ ਪੜਿ ਪੜਿ ਬੜੀ ਪਾਈਐ ਪੜਿ ਪੜਿ ਗਡੀਅਹਿ ਖਾਤ£ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ£  ਪੜੀਅਹਿ ਜੇਤੀ ਆਰਜਾ ਪੜੀਅਹਿ ਜੇਤੇ ਸਾਸ£ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ£
ਸੋ ਗਿਆਨ ਵੰਡਣ ਨਾਲ ਵਧਦਾ ਹੈ।

ਕਿਸੇ ਵਿਅਕਤੀ ਦੁਆਰਾ ਪ੍ਰਾਪਤ ਕੀਤਾ ਗਿਆਨ ਕਿਸੇ ਨੂੰ ਜੀਵਨ ਦੇ ਸਕਦਾ ਹੈ। ਦੋ ਕੁ ਸਾਲ ਪਹਿਲਾ ਮੇਰਾ ਇਕ ਜਾਣੂ ਡਾਕਟਰ ਜੋੜਾ ਅਮਰੀਕਾ ਜਾ ਰਿਹਾ ਸੀ। ਫ਼ਲਾਈਟ ਦੌਰਾਨ ਹੀ ਇਕ ਯਾਤਰੂ ਕਾਫ਼ੀ ਘਬਰਾਹਟ ਮਹਿਸੂਸ ਕਰਨ ਲੱਗਾ। ਜਦੋਂ ਉਸ ਦੀ ਹਾਲਤ ਕਾਫ਼ੀ ਵਿਗੜਨ ਲੱਗੀ ਤਾਂ ਜਹਾਜ਼ ਦੇ ਅਮਲੇ ਨੇ ਯਾਤਰੀਆਂ 'ਚੋਂ ਕਿਸੇ ਮੈਡੀਕਲ ਲਾਈਨ ਨਾਲ ਸਬੰਧਤ ਵਿਅਕਤੀ ਬਾਰੇ ਪੁਛਿਆ ਤਾਂ ਇਸ ਡਾਕਟਰ ਜੋੜੇ ਨੇ ਝੱਟ ਅਪਣੀਆਂ ਸੇਵਾਵਾਂ ਦੇ ਦਿਤੀਆਂ ਤੇ ਥੋੜੇ ਸਮੇਂ ਮਗਰੋਂ ਯਾਤਰੂ ਠੀਕ ਮਹਿਸੂਸ ਕਰਨ ਲੱਗਾ। ਬਦਲੇ ਵਿਚ ਇਸ ਡਾਕਟਰ ਜੋੜੇ ਨੂੰ ਸਪੈਸ਼ਲ ਟਰੀਟ ਕੀਤਾ ਗਿਆ। ਸੋ ਸਾਨੂੰ ਵਿਦਿਆ ਪ੍ਰਾਪਤੀ ਲਈ ਹਉਮੈ ਦੀ ਥਾਂ ਪਰਉਪਕਾਰੀ ਬਣਾਉਣਾ ਚਾਹੀਦਾ ਹੈ। ਬਾਬਾ ਨਾਨਕ ਜੀ ਵਿਦਿਆ ਦੀ ਵਡਿਆਈ ਕਰਦੇ ਹੋਏ ਕਹਿੰਦੇ ਹਨ, ਵਿਦਿਆ ਵਿਚਾਰੀ ਤਾਂ ਪਰਉਪਕਾਰੀ£
ਇਕ ਹੋਰ ਨਸ਼ਾ ਜਿਸ ਦਾ ਜ਼ਿਕਰ ਮੈਂ ਅੰਤ ਵਿਚ ਕਰਨ ਜਾ ਰਿਹਾ ਹਾਂ, ਉਹ ਹੈ ਧਰਮ ਦਾ ਨਸ਼ਾ। ਹਰ ਕੋਈ ਅਪਣੇ ਧਰਮ ਨੂੰ ਵਧੀਆ ਤੇ ਸੱਭ ਤੋਂ ਉਤਮ ਧਰਮ ਸਮਝਦਾ ਹੈ। ਪਰ ਧਰਮ ਦੀ ਜਾਣਕਾਰੀ ਦਿੰਦੇ ਹੋਏ ਗੁਰੂ ਅਰਜਨ ਦੇਵ ਜੀ ਇਸ ਤਰ੍ਹਾਂ ਫ਼ੁਰਮਾਉਂਦੇ ਹਨ : ਸਰਬ ਧਰਮ ਮਹਿ ਸ੍ਰੇਸਟ ਧਰਮ£ ਹਰਿ ਕੋ ਨਾਮੁ ਜਪਿ ਨਿਰਮਲ ਕਰਮ£ ਭਾਵ : ਇਹ ਧਰਮ ਸਾਰੇ ਧਰਮਾਂ ਨਾਲੋਂ ਉਤਮ ਧਰਮ ਹੈ ਕਿ ਪ੍ਰਭੂ ਦਾ ਨਾਮ ਜਪ ਤੇ ਪਵਿੱਤਰ ਆਚਰਨ ਬਣੇ।

ਅੱਜ ਅਸੀ ਵੇਖਦੇ ਹਾਂ ਕਿ ਧਰਮ ਦੇ ਨਾਂ ਤੇ ਸਮਾਜ ਵਿਚ ਵੰਡੀਆਂ ਪਈਆਂ ਹੋਈਆਂ ਹਨ। ਧਰਮ ਦੇ ਨਾਂ ਉਤੇ ਆਪਸ ਵਿਚ ਦੰਗੇ ਫਸਾਦ ਹੋ ਰਹੇ ਹਨ। ਦੇਸ਼ ਵੰਡ ਸਮੇਂ ਵੀ ਕੁੱਝ ਲੋਕਾਂ ਨੂੰ ਧਰਮ ਦਾ ਹੀ ਨਸ਼ਾ ਚੜ੍ਹਿਆ ਹੋਇਆ ਸੀ ਕਿ ਉਨ੍ਹਾਂ ਨੇ ਬੇਕਸੂਰ ਲੋਕਾਂ ਨੂੰ ਸ਼ਰੇਆਮ ਕਤਲ ਕੀਤਾ। ਧਰਮ ਦੇ ਆਧਾਰ ਤੇ ਧੀਆਂ, ਔਰਤਾਂ ਦੀ ਬੇਪਤੀ ਹੋਈ। ਸੋ ਦੇਸ਼ ਦਾ ਵੱਡਾ ਆਰਥਕ ਤੇ ਜਾਨੀ ਨੁਕਸਾਨ ਹੋਇਆ। ਸੋ ਸਾਨੂੰ ਧਰਮ ਦੇ ਅਸਲੀ ਅਰਥਾਂ ਨੂੰ ਸਮਝ ਦੇ ਧਰਮ ਤੇ ਚੱਲਣ ਦੀ ਅੱਜ ਬਹੁਤ ਲੋੜ ਹੈ। ਗੁਰੂ ਅਰਜਨ ਦੇਵ ਜੀ ਧਰਮ ਨਿਭਾਉਣ ਸਬੰਧੀ ਕਹਿੰਦੇ ਹਨ : ਜਪੁ ਤਪੁ ਸੰਜਮੁ ਧਰਮੁ ਨਾ ਕਮਾਇਆ£ ਸੇਵਾ ਸਾਧ ਨਾ ਜਾਨਿਆ ਹਰਿ ਰਾਇਆ£
ਭਾਵ : ਹੇ ਪ੍ਰਭੂ ਪਾਤਸ਼ਾਹ! ਮੈਂ ਕੋਈ ਜਪ ਨਹੀਂ ਕੀਤਾ, ਮੈਂ ਕੋਈ ਤਪ ਨਹੀਂ ਕੀਤਾ, ਮਨ ਨੂੰ ਵਿਕਾਰਾਂ ਵਲੋਂ ਰੋਕਣ ਦਾ ਮੈਂ ਯਤਨ ਨਹੀਂ ਕੀਤਾ, ਭਾਵ ਕੋਈ ਧਰਮੀ ਕੰਮ ਨਹੀਂ ਕੀਤਾ। ਹੇ ਪ੍ਰਭੂ ਪਾਤਸ਼ਾਹ ਮੈਂ ਤਾਂ ਸੰਤਜਨਾਂ ਦੀ ਸੇਵਾ ਕਰਨ ਦੀ ਜਾਚ ਵੀ ਨਹੀਂ ਸਿਖੀ। ਸੋ ਆਉ! ਹਰ ਤਰ੍ਹਾਂ ਦੇ ਨਸ਼ੇ ਤੋਂ ਮੁਕਤ ਹੋ ਕੇ ਸਮਾਜ ਨੂੰ ਚੰਗੀ ਸੇਧ ਦੇਈਏ ਤੇ ਸਮਾਜ ਵਿਚ ਪ੍ਰਚੱਲਤ ਬੁਰਾਈਆਂ ਨੂੰ ਜੜ੍ਹੋਂ ਉਖੇੜ ਕੇ ਚੰਗਾ ਸਮਾਜ ਸਿਰਜੀਏ।             
                                                                                                                      ਸਰਬਜੀਤ ਸਿੰਘ ਦੁੱਮਣਾ, ਸੰਪਰਕ : 94634-80917