ਸਿੱਖ ਦੀ ਪੱਗ(ਦਸਤਾਰ)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕੰਨਾਂ ਨੂੰ ਢੱਕਣ ਵਾਲੀ ਜਾਂ ਕੰਨਾਂ ਤੋਂ ਉਪਰ?

Turban

 ਮੁਹਾਲੀ: ਜਿਹੜੀ ਪੱਗ 90 ਫ਼ੀ ਸਦੀ ਸਿੱਖ ਅਜਕਲ ਬੰਨ੍ਹੀ ਫਿਰਦੇ ਹਨ, ਉਹ ਇਤਿਹਾਸ ਨਹੀਂ ਹੈ। 10 ਗੁਰੂ ਸਾਹਿਬਾਨ, ਪੁਰਾਤਨ ਭਗਤਾਂ, ਸਿੰਘਾਂ ਤੇ ਮਿਸਲਾਂ ਨਾਲ ਇਸ ਦਾ ਨੇੜੇ-ਤੇੜੇ ਦਾ ਸਬੰਧ ਨਹੀਂ ਹੈ। ਪੁਰਾਤਨ ਫ਼ਰੈਸਕੋ ਆਰਟ, ਕਾਂਗੜਾ ਆਰਟ ਜਾਂ ਕੰਧ ਚਿੱਤਰ ਵਾਚੋ ਤਾਂ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਜੀ ਹਮੇਸ਼ਾ ਕੰਨ ਦੀ ਮੋਰੀ ਖੁੱਲ੍ਹੀ ਨੰਗੀ ਛਡਦੇ ਰਹੇ ਹਨ ਕਿਉਂਕਿ ਕੁਦਰਤ ਨੇ ਕੰਨ ਦੂਜੇ ਦੀ ਗੱਲ ਸੁਣਨ, ਕੀਰਤਨ ਦਾ ਆਨੰਦ ਮਾਣਨ ਲਈ ਦਿਤੇ ਹਨ।

ਜੰਗਜੂ ਰਣਨੀਤੀ ਤਹਿਤ ਪੁਰਾਤਨ ਸਿੰਘ ਦੁਮਾਲੇ ਸਜਾ ਕੇ ਉਪਰ ਲੋਹੇ ਦੇ ਚੱਕਰ ਸਜਾਉਂਦੇ ਰਹੇ ਤਾਕਿ ਸਿਰ ਦੀ ਗੰਭੀਰ ਸੱਟ ਤੋਂ ਬਚਾਅ ਹੋ ਸਕੇ ਪਰ ਕੰਨ ਦੀ ਮੋਰੀ ਠੀਕ ਸੁਣਨ ਦੇ ਕਾਬਲ ਛਡਦੇ ਰਹੇ। ਪੰਜਵੇਂ ਪਾਤਸ਼ਾਹ ਤਕ ਤਾਂ ਦਸਤਾਰ ਛੋਟੀ ਤੇ ਸੰਖੇਪ ਰਹੀ ਜੋ ਅਜਤਕ ਨਾਮਧਾਰੀ ਸਿੱਖਾਂ ਵਿਚ ਥੋੜੀ ਨੂੰ ਮਿਲਦੀ ਹੈ। ਉਹ ਇਸ ਨੂੰ ਬੰਨ੍ਹ ਕੇ ਵਧੀਆ ਹਾਕੀ ਦੇ ਮੈਚ ਤਕ ਲਾਉਂਦੇ ਰਹੇ ਤੇ ਰੈਫ਼ਰੀ ਦੀ ਸੀਟੀ ਵਧੀਆ ਸੁਣਈ ਦੇਂਦੀ ਰਹੀ। ਮਝੈਲ ਭਾਊ ਪੁਰਾਣੇ ਅਗਲੇ-ਪਿਛਲੇ ਲੜ ਤੋਂ ਬਿਨਾਂ ਜਿਹੜੀ ਪੰਗ ਬੰਨ੍ਹਦੇ ਰਹੇ, ਉਹ ਵੀ ਕੰਨ ਦੀ ਮੋਰੀ ਤੋਂ ਥੋੜੀ ਉਪਰ ਹੀ ਸੀ, ਸੁਣਨ ਦੇ ਕਾਬਲ ਹੈ।

ਜਿਹੜੀ ਪੱਗ ਅਸੀ 1947 ਤੋਂ ਬਾਅਦ ਪਟਿਆਲਾ ਸ਼ਾਹੀ ਨਾਂ ਰੱਖ ਕੇ ਅੱਖਾਂ ਦੇ ਭਰਵੱਟਿਆਂ ਤਕ ਰੱਖ ਲਈ ਹੈ, ਉਸ ਹੇਠ ਕੰਨ ਬੰਦ ਹਨ, ਸੱਜੇ-ਖੱਬੇ ਵੇਖਣ 'ਚ ਤਕਲੀਫ਼ ਹੁੰਦੀ ਹੈ। ਮਜਬੂਰੀ ਵਸ ਮੈਂ ਵੀ ਕੰਨਾਂ ਦੇ ਉਪਰੋਂ ਢੱਕਣ ਵਾਲੀ ਪੱਗ ਹੀ ਬੰਨ੍ਹਦਾ ਹਾਂ ਤੇ ਕਈ ਸਾਲਾਂ ਤੋਂ ਦੋਸ਼ ਭਾਵਨਾ ਵੀ ਰਖਦਾ ਹਾਂ। ਕੇਰਲਾ ਵਿਚ ਮੈਨੂੰ ਮਿਲੀਆਂ ਵਿਦੇਸ਼ੀ ਮਾਵਾਂ-ਧੀਆਂ ਪੁਛਦੀਆਂ ਸਨ, ''ਕੀ ਤੁਸੀ ਸਹੀ ਸੁਣ ਸਕਦੇ ਹੋ?'' ਕਿਉਂਕਿ ਉਹ ਇਕ ਸਰਦਾਰ ਜੀ ਨੂੰ ਚਿੜੀਆ ਘਰ ਵਿਚ ਮਿਲੀਆਂ ਤੇ ਉਹ ਜੋ ਵੀ ਗੱਲ ਕਹਿਣ ਸਰਦਾਰ ਜੀ, ''ਕੀ ਕਿਹਾ-ਕੀ ਕਿਹਾ'' ਕਰੀ ਜਾਣ। ਉਨ੍ਹਾਂ ਦਾ ਭਾਵ ਸੀ ਕਿ ਸਰਦਾਰ ਸਹੀ ਨਹੀਂ ਸੁਣ ਸਕਦੇ (ਸੁਣਦੇ ਤਾਂ ਸਿੱਖ ਅਪਣੀ ਵੀ ਨਹੀਂ)। ਮਾਵਾਂ ਧੀਆਂ ਕਹਿੰਦੀਆਂ ਕਿ ਜਿਸ ਕੰਨ ਨਾਲ ਸੁਣਨਾ ਹੈ, ਉਹ ਤਾਂ ਕਪੜੇ ਥੱਲੇ ਦਬਿਆ ਪਿਆ ਹੈ, ਜੋ ਸਾਈਟਿਫ਼ਿਕ ਤਰੀਕੇ ਨਾਲ, ਮੈਡੀਕਲ ਤਰੀਕੇ ਨਾਲ ਦਰੁਸਤ ਨਹੀਂ ਹੈ।

ਬਾਕੀ ਪਾਸਪੋਰਟ ਜਾਂ ਹੋਰ ਆਈ.ਡੀ. ਤੇ ਲੱਗਣ ਵਾਲੀ ਫ਼ੋਟੋ ਦੀ ਗੱਲ ਅਜਕਲ ਵਿਕਸਤ ਦੇਸ਼ਾਂ ਵਿਚ ਨੰਗੇ ਕੰਨ ਦੀ ਬਣਤਰ, ਅੱਖ ਤੇ ਕੰਨ ਵਿਚਲਾ ਫ਼ਾਸਲਾ ਨਾਪ ਕੇ ਕੰਪਿਊਟਰ ਬੜੀ ਬਰੀਕੀ ਨਾਲ ਬੰਦੇ ਦੀ ਪਛਾਣ ਦਰਜ ਕਰਦਾ ਹੈ। ਇਹ ਤਕਨੀਕ ਸਾਰੇ ਸਿਟੀਜ਼ਨਾਂ ਤੇ ਸੁਰੱਖਿਆ ਤਹਿਤ ਲਾਗੂ ਹੁੰਦੀ ਹੈ। ਇਹ ਕਿਸੇ ਨੂੰ ਦਿਤੀ ਜਾਣ ਵਾਲੀ ਜਿੱਦੀ ਸਜ਼ਾ ਨਹੀਂ ਹੁੰਦੀ। ਸਿੱਖ ਕੌਮ ਅਜੇ ਤਕ ਇਹ ਫ਼ੈਸਲਾ ਨਹੀਂ ਕਰ ਸਕੀ ਕਿ ਕਿਹੜੀ ਪੱਗ, ਕਿਹੜੀ ਦਸਤਾਰ, ਸਿਰ, ਅੱਖ, ਕੰਨ ਉਪਰ ਢੁਕਵੀਂ ਹੈ। ਰਾਜਸਥਾਨੀਆਂ ਦੀ ਤੇ ਪਠਾਣਾਂ ਦੀ ਇਕੋ ਪੱਗ ਹੈ। ਕੰਨ ਵੀ ਸੁਣਦੇ ਹਨ ਤਾਂ ਹੀ ਉਨ੍ਹਾਂ ਦਾ ਫ਼ਿਲਮਾਂ ਵਾਲਿਆਂ ਨੇ ਕਦੇ ਪੱਗ ਸਮੇਤ ਮਜ਼ਾਕ ਨਹੀਂ ਉਡਾਇਆ।

ਮੇਰੇ ਅਪਣੇ ਸਮੇਤ ਸਿੱਖ ਪੱਗ ਦੇ ਮਾਮਲੇ ਵਿਚ ਬੁਰੀ ਤਰ੍ਹਾਂ ਬੱਝੇ ਹੋਏ ਹਨ, ਹੋਰ ਮਸਲਿਆਂ ਵਾਂਗ ਇਹ ਵੀ ਬੌਂਦਲਾਅ ਵਾਲੀ ਸਥਿਤੀ ਹੈ। ਅੰਗਰੇਜ਼ ਫਿਰ ਬੀਬੇ ਹਨ ਸਾਡੀ ਜਾਇਜ਼, ਨਾਜਾਇਜ਼ ਮੰਗ ਮੰਨ ਲੈਂਦੇ ਹਨ। ਨਵੀਂ ਪੀੜ੍ਹੀ ਦੇ ਜਾਗਰੂਕ ਹੋ ਰਹੇ ਵੈਸਟਰਨ ਮੁਲਕਾਂ ਦੇ ਸਿੱਖ ਬੱਚੇ ਕੰਨ ਬੰਦ ਕਰਨ ਵਾਲੀ ਪੱਗ ਤੋਂ ਛੁਟਕਾਰਾ ਪਾ ਰਹੇ ਹਨ। ਕੰਨਾਂ ਤੋਂ ਉਪਰ ਕੇਸਕੀ ਬੰਨ੍ਹਦੇ ਹਨ ਤਾਕਿ ਪ੍ਰੋਫ਼ੈਸਰ ਦੀ ਕਹੀ ਗੱਲ ਠੀਕ-ਠੀਕ ਕੰਨੀਂ ਪੈ ਜਾਵੇ।

ਜ਼ਰੂਰੀ ਫ਼ੋਨ ਸੁਣਨ ਲਈ ਅਸੀ ਵੀ ਫ਼ਟਾਫ਼ਟ ਪੱਗ ਦਾ ਲੜ ਉਪਰ ਚੁੱਕ ਕੇ ਸੁਣਦੇ ਹਾਂ। ਅਕਸਰ ਝਿੜਕ ਕੇ ਦੂਜੇ ਨੂੰ ਕਿਹਾ ਜਾਂਦਾ ਹੈ, ਮੇਰੀ ਗੱਲ ਕੰਨ ਖੋਲ੍ਹ ਕੇ ਸੁਣ...। ਬਹਿਸਣ ਦੀ ਲੋੜ ਨਹੀਂ ਕੌਮੀ ਮਸਲਾ ਹੈ। ਪੱਗ ਬੋਝ ਨਾ ਬਣੇ, ਦਸਤਾਰ ਸ਼ਾਨ ਬਣੇ। ਰਲ ਮਿਲ ਕੇ ਬੁਧੀਜੀਵੀ ਹੱਲ ਕੱਢਣ। ਅਸਲੀ ਸੱਚੀ ਗੱਲ ਸਿਰ ਅਤੇ ਕੰਨ 'ਚ ਵੜੇ। ਗੱਲਾਂ ਕਰਨੀਆਂ ਲਿਖਣੀਆਂ ਬਹੁਤ ਸੌਖੀਆਂ ਹਨ। ਮੇਰੀ ਮੋਟੀ ਸੋਚ ਨੂੰ ਮਾਫ਼ ਕਰਨਾ ਜੀ। ਸਿਰ ਸਲਾਮਤ ਪਗੜੀ ਹਜ਼ਾਰ।
                                                                                                                ਸੁੱਖਪ੍ਰੀਤ ਸਿੰਘ ਆਰਟਿਸਟ, ਸੰਪਰਕ : 0161-2774789