Babri Masjid ਦੀ ਬਰਸੀ ’ਤੇ ਹਮਲਾ ਕਰਨਾ ਚਾਹੁੰਦੇ ਸੀ ਅੱਤਵਾਦੀ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਦੇਸ਼ ਨੂੰ ਦਹਿਲਾਉਣ ਲਈ ਕੀਤਾ ਸੀ 32 ਕਾਰਾਂ ਦਾ ਇੰਤਜ਼ਾਮ!

Did terrorists want to attack on the anniversary of Babri Masjid?

ਨਵੀਂ ਦਿੱਲੀ (ਸ਼ਾਹ) : ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਨੂੰ ਲੈ ਕੇ ਪੂਰੇ ਦੇਸ਼ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਏ ਕਿਉਂਕਿ ਇਸ ਧਮਾਕੇ ਨੂੰ ਲੈ ਕੇ ਇਕ ਤੋਂ ਬਾਅਦ ਇਕ ਵੱਡੇ ਖ਼ੁਲਾਸੇ ਹੋ ਰਹੇ ਨੇ। ਪੁਲਿਸ ਸੂਤਰਾਂ ਮੁਤਾਬਕ ਇਹ ਅੱਤਵਾਦੀ 6 ਦਸੰਬਰ...ਯਾਨੀ ਬਾਬਰੀ ਮਸਜਿਦ ਢਾਹੇ ਜਾਣ ਦੀ ਬਰਸੀ ਦੇ ਦਿਨ ਦਿੱਲੀ ਸਮੇਤ ਕਈ ਥਾਵਾਂ ’ਤੇ ਧਮਾਕੇ ਕਰਨਾ ਚਾਹੁੰਦੇ ਸੀ... ਜਿਸ ਦੇ ਲਈ ਅੱਤਵਾਦੀਆਂ ਨੇ ਬ੍ਰੇਜਾ, ਸਵਿਫ਼ਟ ਡਿਜ਼ਾਇਰ, ਈਕੋਸਪੋਰਟ ਅਤੇ ਆਈ20 ਵਰਗੀਆਂ 32 ਕਾਰਾਂ ਦਾ ਇੰਤਜ਼ਾਮ ਕੀਤਾ ਹੋਇਆ ਸੀ,, ਜਿਨ੍ਹਾਂ ਵਿਚ ਬੰਬ ਅਤੇ ਵਿਸਫ਼ੋਟਕ ਸਮੱਗਰੀ ਭਰ ਕੇ ਧਮਾਕੇ ਕੀਤੇ ਜਾਣੇ ਸੀ। ਜਾਂਚ ਏਜੰਸੀਆਂ ਨੂੰ ਹੁਣ ਤੱਕ ਚਾਰ ਕਾਰਾਂ ਬਰਾਮਦ ਹੋ ਚੁੱਕੀਆਂ ਨੇ। 

10 ਨਵੰਬਰ ਨੂੰ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਵਿਚ ਹੁਣ ਤੱਕ ਇਸ ਧਮਾਕੇ ਵਿਚ 13 ਲੋਕਾਂ ਦੀ ਮੌਤ ਹੋ ਚੁੱਕੀ ਐ, ਜਦਕਿ 20 ਜ਼ਖ਼ਮੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹੈ। ਇਸ ਮਾਮਲੇ ਦੀ ਜਾਂਚ ਐਨਆਈਏ ਵੱਲੋਂ ਕੀਤੀ ਜਾ ਰਹੀ ਐ, ਜਿਸ ਦੌਰਾਨ ਕਈ ਵੱਡੇ ਤੇ ਹੈਰਾਨੀਜਨਕ ਖ਼ੁਲਾਸੇ ਸਾਹਮਣੇ ਆ ਰਹੇ ਨੇ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਐ ਕਿ ਇਨ੍ਹਾਂ ਅੱਤਵਾਦੀਆਂ ਵੱਲੋਂ ਦਿੱਲੀ ਵਾਂਗ ਹੀ ਭਾਰਤ ਦੇ ਕਈ ਹੋਰ ਸ਼ਹਿਰਾਂ ਵਿਚ ਵੀ ਧਮਾਕੇ ਕੀਤੇ ਜਾਣੇ ਸੀ, ਜਿਨ੍ਹਾਂ ਵਿਚ ਆਯੁੱਧਿਆ, ਪ੍ਰਯਾਗਰਾਜ ਸਮੇਤ ਕਈ ਸ਼ਹਿਰ ਉਨ੍ਹਾਂ ਦੇ ਨਿਸ਼ਾਨੇ ’ਤੇ ਸੀ। ਇਹ ਹਮਲੇ ਦਿੱਲੀ ਵਾਲੇ ਹਮਲੇ ਦੀ ਤਰਜ਼ ’ਤੇ ਹੀ ਕੀਤੇ ਜਾਣੇ ਸੀ,, ਹਾਲਾਂਕਿ ਇਹ ਹਮਲੇ ਕਿਸ ਦਿਨ ਕੀਤੇ ਜਾਣੇ ਸੀ, ਇਸ ਦਾ ਕੋਈ ਦਿਨ ਤੈਅ ਨਹੀਂ ਸੀ ਹੋ ਸਕਿਆ ਪਰ ਸੂਤਰਾਂ ਅਨੁਸਾਰ ਇਹ ਕਿਹਾ ਜਾ ਰਿਹੈ ਕਿ ਬਾਬਰੀ ਮਸਜਿਦ ਦੀ ਬਰਸੀ ਵਾਲੇ ਦਿਨ 6 ਦਸੰਬਰ ਨੂੰ ਇਹ ਧਮਾਕੇ ਕੀਤੇ ਜਾਣੇ ਸੀ। 

ਸੂਤਰਾਂ ਮੁਤਾਬਕ ਸ਼ਹਿਰਾਂ ਵਿਚ ਹਮਲਾ ਕਰਨ ਦੇ ਲਈ ਦੋ-ਦੋ ਜਣਿਆਂ ਦੇ ਗਰੁੱਪ ਵਿਚ 8 ਅੱਤਵਾਦੀ ਤਿਆਰ ਕੀਤੇ ਜਾਣੇ ਸੀ। ਹਰ ਥਾਂ ’ਤੇ ਧਮਾਕਾ ਕਰਨ ਦੇ ਲਈ ਪੁਰਾਣੀ ਸੈਕੰਡ ਹੈਂਡ ਕਾਰ ਦਾ ਪ੍ਰਬੰਧ ਕੀਤਾ ਗਿਆ ਸੀ। ਉਮਰ ਦੇ ਕੋਲ ਆਈ20 ਕਾਰ ਸੀ, ਇਸ ਤੋਂ ਇਲਾਵਾ ਲਾਲ ਰੰਗ ਦੀ ਈਕੋ-ਸਪੋਰਟ ਅਤੇ ਦੋ ਹੋਰ ਕਾਰਾਂ ਵਿਸਫ਼ੋਟਕਾਂ ਨਾਲ ਤਿਆਰ ਕੀਤੀਆਂ ਜਾਣੀਆਂ ਸੀ ਪਰ ਧਮਾਕਿਆਂ ਦੀ ਤਾਰੀਕ ਤੈਅ ਹੋਣ ਤੋਂ ਪਹਿਲਾਂ ਹੀ ਮੁਜੱਮਿਲ ਸਮੇਤ ਅੱਤਵਾਦੀ ਡਾਕਟਰਾਂ ਦੀ ਗ੍ਰਿਫ਼ਤਾਰੀ ਹੋ ਗਈ। ਜੇਕਰ ਜੰਮੂ-ਕਸ਼ਮੀਰ ਪੁਲਿਸ ਜ਼ਰੀਏ ਇਸ ਯੂਨੀਵਰਸਿਟੀ ਅਤੇ ਡਾਕਟਰਾਂ ਦੀ ਸਾਜਿਸ਼ ਦਾ ਖ਼ੁਲਾਸਾ ਨਾ ਹੁੰਦਾ ਤਾਂ ਦੇਸ਼ ਵਿਚ ਇਕੱਠਿਆਂ ਹੀ 4 ਤੋਂ 5 ਧਮਾਕੇ ਹੋ ਸਕਦੇ ਸੀ। ਇਸ ਮਾਮਲੇ ਵਿਚ ਜਾਂਚ ਏਜੰਸੀਆਂ ਵੱਲੋਂ ਹੁਣ ਤੱਕ ਕਈ ਗ੍ਰਿਫ਼ਤਾਰੀਆਂ ਕੀਤੀਆਂ ਜਾ ਚੁੱਕੀਆਂ ਨੇ ਅਤੇ ਹੁਣ ਉਤਰ ਪ੍ਰਦੇਸ਼ ਏਟੀਐਸ ਵੱਲੋਂ ਕਾਨਪੁਰ ਤੋਂ ਇਕ ਹੋਰ ਡਾਕਟਰ ਆਰਿਫ਼ ਨੂੰ ਹਿਰਾਸਤ ਵਿਚ ਲਿਆ ਗਿਆ ਏ। ਇਹ ਗ੍ਰਿਫ਼ਤਾਰੀ ਡਾ. ਪ੍ਰਵੇਜ਼ ਅੰਸਾਰੀ ਦੀ ਨਿਸ਼ਾਨਦੇਹੀ ’ਤੇ ਕੀਤੀ ਗਈ ਐ, ਜਿਸ ਨੂੰ ਪਹਿਲਾਂ ਹੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।

ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਐ ਕਿ ਇਸ ਪੂਰੇ ਅੱਤਵਾਦੀ ਹਮਲੇ ਦੀ ਸਾਜਿਸ਼ ਫਰੀਦਾਬਾਦ ਦੀ ਅਲ-ਫਲਾਹ ਯੂਨੀਵਰਸਿਟੀ ਵਿਚ ਰਚੀ ਗਈ ਸੀ,, ਜਿੱਥੋਂ ਦੀ 17 ਨੰਬਰ ਬਿਲਡਿੰਗ ਵਿਚ ਇਨ੍ਹਾਂ ਅੱਤਵਾਦੀਆਂ ਵੱਲੋਂ ਮੀਟਿੰਗਾਂ ਕੀਤੀਆਂ ਜਾਂਦੀਆਂ ਸੀ। ਪੁਲਿਸ ਨੂੰ ਡਾਕਟਰ ਮੁਜੱਮਿਲ ਦੇ ਕਮਰੇ ਵਿਚੋਂ ਡਾਇਰੀ ਅਤੇ ਪੈਨ ਡਰਾਈਵ ਬਰਾਮਦ ਹੋਈ ਐ। ਇਹ ਵੀ ਜਾਣਕਾਰੀ ਮਿਲੀ ਐ ਕਿ ਡਾ. ਮੁਜੱਮਿਲ, ਡਾ. ਅਦੀਲ, ਡਾ. ਉਮਰ ਅਤੇ ਡਾ. ਸ਼ਾਹੀਨ ਸਾਰਿਆਂ ਨੇ ਮਿਲ ਕੇ ਕਰੀਬ 20 ਲੱਖ ਰੁਪਏ ਦਾ ਇੰਤਜ਼ਾਮ ਕੀਤਾ ਸੀ ਅਤੇ ਇਹ ਰਕਮ ਉਮਰ ਨੂੰ ਦਿੱਤੀ ਗਈ ਸੀ, ਜਿਸ ਨੇ ਇਨ੍ਹਾਂ ਪੈਸਿਆਂ ਨਾਲ ਗੁਰੂਗ੍ਰਾਮ, ਨੂਹ ਅਤੇ ਆਸਪਾਸ ਦੇ ਇਲਾਕਿਆਂ ਤੋਂ ਤਿੰਨ ਲੱਖ ਰੁਪਏ ਵਿਚ 20 ਕੁਇੰਟਲ ਐਨਪੀਕੇ ਫਰਟੀਲਾਈਜ਼ਰ ਖ਼ਰੀਦਿਆ, ਜਿਸ ਦੀ ਵਰਤੋਂ ਆਈਈਡੀ ਬਣਾਉਣ ਲਈ ਕੀਤੀ ਜਾਣੀ ਸੀ। ਹੁਣ ਇਸ ਮਾਮਲੇ ਵਿਚ ਜਿਹੜੀ ਬ੍ਰੇਜਾ ਗੱਡੀ ਅਲ ਫਲਾਹ ਯੂਨੀਵਰਸਿਟੀ ਤੋਂ ਬਰਾਮਦ ਕੀਤੀ ਗਈ ਐ, ਜਿਸ ਦੀ ਜਾਂਚ ਕੀਤੀ ਜਾ ਰਹੀ ਐ। ਕਿਹਾ ਜਾ ਰਿਹਾ ਏ ਕਿ ਡਾ. ਸ਼ਾਹੀਨ ਖ਼ੁਦ ਇਸ ਗੱਡੀ ਨੂੰ ਚਲਾਉਂਦੀ ਸੀ, ਜਦਕਿ ਈਕੋ ਸਪੋਰਟ ਗੱਡੀ ਹਰਿਆਣਾ ਦੇ ਪਿੰਡ ਖੰਦਾਵਲੀ ਤੋਂ ਬਰਾਮਦ ਕੀਤੀ ਗਈ ਜੋ ਉਮਰ ਦੇ ਇਕ ਜਾਣਕਾਰ ਦੇ ਘਰ ਕੋਲ ਖੜ੍ਹੀ ਹੋਈ ਮਿਲੀ।

ਇਸ ਮਾਮਲੇ ਵਿਚ ਪਹਿਲਾਂ ਹੁਣ ਤੱਕ ਕਈ ਡਾਕਟਰਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਐ, ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਡਾਕਟਰਾਂ ਵਿਚ ਡਾਕਟਰ ਮੁਜੱਮਿਲ, ਡਾਕਟਰ ਸ਼ਾਹੀਨ, ਡਾਕਟਰ ਆਦਿਲ, ਡਾਕਟਰ ਸੱਜਾਦ ਅਹਿਮਦ, ਡਾਕਟਰ ਪ੍ਰਵੇਜ਼ ਅੰਸਾਰੀ ਅਤੇ ਡਾਕਟਰ ਤਜਾਮੁਲ ਅਹਿਮਦ ਮਲਿਕ ਦੇ ਨਾਂਅ ਸ਼ਾਮਲ ਸਨ,,, ਪਰ ਹੁਣ ਇਸ ਮਾਮਲੇ ਵਿਚ ਅਲ-ਫਲਾਹ ਯੂਨੀਵਰਸਿਟੀ ਵਿਚ ਸੀਨੀਅਰ ਰੈਜੀਡੈਂਟ ਰਹਿ ਚੁੱਕੇ ਡਾ. ਫਾਰੂਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਏ, ਜਦਕਿ ਡਾ. ਪ੍ਰਵੇਜ਼ ਦੀ ਨਿਸ਼ਾਨਦੇਹੀ ’ਤੇ ਉੱਤਰ ਪ੍ਰਦੇਸ਼ ਏਟੀਐਸ ਵੱਲੋਂ ਕਾਨਪੁਰ ਤੋਂ ਡਾਕਟਰ ਆਰਿਫ਼ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਏ। ਇਸ ਤੋਂ ਇਲਾਵਾ ਡਾਕਟਰ ਨਿਸਾਰ ਫ਼ਰਾਰ ਹੋ ਗਿਆ ਏ, ਜੋ ਡਾਕਟਰ ਐਸੋਸੀਏਸ਼ਨ ਆਫ਼ ਕਸ਼ਮੀਰ ਦਾ ਪ੍ਰਧਾਨ ਵੀ ਐ ਅਤੇ ਅਲ-ਫਲਾਹ ਯੂਨੀਵਰਸਿਟੀ ਵਿਚ ਪੜ੍ਹਾਉਂਦਾ ਸੀ। ਜੰਮੂ-ਕਸ਼ਮੀਰ ਸਰਕਾਰ ਨੇ ਉਸ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਏ। ਲਾਲ ਕਿਲ੍ਹੇ ’ਤੇ ਧਮਾਕੇ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲਾ ਵੀ ਉਮਰ ਵੀ ਡਾਕਟਰ ਸੀ ਜੋ ਇਸ ਧਮਾਕੇ ਵਿਚ ਮਾਰਿਆ ਗਿਆ।

ਇਹ ਜਾਣਕਾਰੀ ਮਿਲ ਰਹੀ ਐ ਕਿ ਜਨਵਰੀ ਮਹੀਨੇ ਤੋਂ ਹੀ ਅੱਤਵਾਦੀ ਹਮਲੇ ਨੂੰ ਅੰਜ਼ਾਮ ਦੇਣ ਲਈ ਅੱਤਵਾਦੀਆਂ ਵੱਲੋਂ ਰੇਕੀ ਕੀਤੀ ਜਾ ਰਹੀ ਸੀ। ਜਾਣਕਾਰੀ ਅਨੁਸਾਰ ਅੱਤਵਾਦੀਆਂ ਵੱਲੋਂ ਸ਼ਹਿਰ ਦੇ ਭੀੜ ਭੜੱਕੇ ਵਾਲੀਆਂ ਥਾਵਾਂ ਦੇ ਨਾਲ-ਨਾਲ ਸੁਰੱਖਿਆ ਪ੍ਰਬੰਧਾਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਸੀ।   ਪੁਲਿਸ ਵੱਲੋਂ ਇਹ ਵੀ ਸ਼ੱਕ ਜਤਾਇਆ ਜਾ ਰਿਹਾ ਏ ਕਿ ਅੱਤਵਾਦੀਆਂ ਵੱਲੋਂ 26 ਜਨਵਰੀ ਮੌਕੇ ਲਾਲ ਕਿਲ੍ਹੇ ’ਤੇ ਹਮਲੇ ਦੀ ਯੋਜਨਾ ਕੀਤੀ ਜਾ ਰਹੀ ਸੀ, ਜੋ ਨਾਕਾਮ ਹੋ ਗਈ।
ਦੱਸ ਦਈਏ ਕਿ ਜਾਂਚ ਏਜੰਸੀਆਂ ਵੱਲੋਂ ਮਾਮਲੇ ਦੀ ਤੇਜ਼ੀ ਨਾਲ ਜਾਂਚ ਕੀਤੀ ਜਾ ਰਹੀ ਐ ਪਰ ਉਦੋਂ ਤੱਕ ਏਜੰਸੀਆਂ ਦੇ ਹੱਥ ਪੈਰ ਫੁੱਲੇ ਹੋਏ ਨੇ, ਜਦੋਂ ਤੱਕ ਉਹ ਸਾਰੀਆਂ ਕਾਰਾਂ ਬਰਾਮਦ ਨਹੀਂ ਹੋ ਜਾਂਦੀਆਂ ਜੋ ਅੱਤਵਾਦੀਆਂ ਵੱਲੋਂ ਧਮਾਕਿਆਂ ਲਈ ਵਰਤੀਆਂ ਜਾਣੀਆਂ ਸੀ।