ਛੋਟੇ ਸਾਹਿਬਜ਼ਾਦੇ ਬਾਬਾ ਫ਼ਤਿਹ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼
ਬਾਬਾ ਫ਼ਤਿਹ ਸਿੰਘ ਦੇ ਵਾਰਸੋ ਕੁਝ ਸੋਚੋ
Birth anniversary of the Sahibzade Baba Fateh Singh Ji: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਸੱਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫ਼ਤਿਹ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਸਾਡੇ ਬਿਲਕੁਲ ਹੀ ਨੇੜਲੇ ਗੁਰੂ ਘਰ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਵਿਖੇ ਤਾਂ ਬਾਬਾ ਫ਼ਤਿਹ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਹੀ ਧੂਮ-ਧਾਮ ਨਾਲ ਤੇ ਕਾਫ਼ੀ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ। ਗੁਰਦੁਆਰੇ ਨੂੰ ਬੜੇ ਵੱਡੇ ਪੱਧਰ ’ਤੇ ਫੁੱਲਾਂ ਨਾਲ, ਲੜੀਆਂ ਨਾਲ, ਟਿਮ ਟਿਮ ਕਰਦੀਆਂ ਲਾਈਟਾਂ ਨਾਲ ਰੁਸ਼ਨਾਇਆ ਜਾਂਦਾ ਹੈ। ਹੁਣ ਤਾਂ ਟੈਂਟ ਲਗਾਉਣ ਵਾਲੇ ਭਾਈ ਵੀ ਕੋਈ ਕਸਰ ਨਹੀਂ ਛੱਡਦੇ। ਉਹ ਵੀ ਅਪਣੀ ਕਲਾਕਾਰੀ ਦਾ ਬੜੇ ਵੱਡੇ ਪੱਧਰ ’ਤੇ ਪ੍ਰਦਰਸ਼ਨ ਕਰਦੇ ਹਨ। ਫੁੱਲ ਲਗਾਉਣ ਵਾਲੇ ਵੀ ਬੜੇ ਹੀ ਵਧੀਆ ਤਰੀਕੇ ਨਾਲ ਫੁੱਲ ਲਗਾ ਕੇ ਗੁਰੂ ਘਰ ਨੂੰ ਨਵੀਂ ਨਵੇਲੀ ਵੋਹਟੀ ਵਾਂਗ ਸਜਾ ਦਿੰਦੇ ਹਨ। ਗੱਲ ਕੀ ਸਾਰੇ ਹੀ ਸੇਵਾਦਾਰ, ਪ੍ਰਬੰਧਕ ਬੜੇ ਹੀ ਸੁਚੱਜੇ ਤਰੀਕੇ ਨਾਲ ਪ੍ਰਬੰਧ ਕਰਦੇ ਹਨ। ਤਿੰਨ ਦਿਨ ਪਹਿਲਾਂ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਜਾਂਦੇ ਹਨ ਤੇ ਤੀਜੇ ਦਿਨ ਭੋਗ ਪਾ ਕੇ ਗੁਰੂ ਕਾ ਲੰਗਰ ਅਤੁਟ ਵਰਤਾਇਆ ਜਾਂਦਾ ਹੈ। ਸ਼ਾਮ ਨੂੰ ਰੈਣ ਸਬਾਈ ਕੀਰਤਨ ਹੁੰਦਾ ਹੈ।
ਅਸੀ ਕਾਫ਼ੀ ਲੰਮੇ ਸਮੇਂ ਤੋਂ ਇਹੀ ਕੁੱਝ ਦੇਖਦੇ ਆ ਰਹੇ ਹਾਂ। ਮੈਂ ਤਾਂ ਅਪਣੇ ਹੁਣ ਤਕ ਦੇ ਜੀਵਨ ਵਿਚ ਗੁਰੂ ਘਰਾਂ ਵਿਚ ਇਸੇ ਤਰ੍ਹਾਂ ਦੇ ਗੁਰਪੁਰਬ ਮਨਾਏ ਜਾਂਦੇ ਵੇਖੇ ਹਨ। ਇਹ ਕੋਈ ਇਕੱਲੇ ਫ਼ਤਿਹਗੜ੍ਹ ਸਾਹਿਬ ਦੀ ਗੱਲ ਨਹੀਂ ਹੈ, ਸਾਡੇ ਸਾਰੇ ਹੀ ਗੁਰੂ ਘਰਾਂ ਵਿਚ ਇਸੇ ਤਰੀਕੇ ਨਾਲ ਗੁਰਪੁਰਬ ਮਨਾਏ ਜਾਂਦੇ ਹਨ। ਸਾਡੇ ਦਿਮਾਗ਼ ਵਿਚ ਇਹ ਫਿੱਟ ਕਰ ਦਿਤਾ ਗਿਆ ਹੈ ਕਿ ਗੁਰਪੁਰਬ ਜਾਂ ਸ਼ਹੀਦੀ ਪੁਰਬ ਮਨਾਉਣ ਦਾ ਇਹੀ ਤਰੀਕਾ ਹੈ ਕਿ ਨਾ ਸੁਣਿਆ ਜਾਣ ਵਾਲਾ ਅਖੰਡ ਪਾਠ ਰੱਖ ਦਿਤਾ ਜਾਵੇ, ਉਪਰੰਤ ਲੰਗਰ ਲਗਾਵੋ ਤੇ ਰੈਣ ਸਬਾਈ ਕੀਰਤਨ ਕਰਵਾ ਕੇ ਸਮਾਪਤੀ ਕਰ ਦੇਵੋ। ਕਿਸੇ ਨੂੰ ਕੋਈ ਮਤਲਬ ਹੀ ਨਹੀਂ ਕਿ ਉਹ ਇਹ ਬੈਠ ਕੇ ਸੋਚੇ ਕਿ ਇਹ ਤਰੀਕਾ ਠੀਕ ਵੀ ਹੈ ਜਾਂ ਸਾਨੂੰ ਕੇਵਲ ਭਰਮਾਇਆ ਹੀ ਜਾ ਰਿਹਾ ਹੈ। ਇਸ ਪਦਾਰਥਵਾਦੀ ਯੁਗ ਵਿਚ ਸਾਡੀ ਸੋਚ ਨੇ ਇਸ ਬਾਰੇ ਤਾਂ ਸੋਚਣਾ ਹੀ ਬੰਦ ਕਰ ਦਿਤਾ ਹੈ। ਕੀ ਅਸੀ ਸਹੀ ਰਾਹ ਜਾ ਰਹੇ ਹਾਂ ਜਾਂ ਗ਼ਲਤ ਰਾਹ ਪਏ ਹੋਏ ਹਾਂ।
ਬਾਬਾ ਫ਼ਤਿਹ ਸਿੰਘ ਜੀ ਦਾ ਜਨਮ 1699 ਨੂੰ ਮਾਤਾ ਜੀਤੋ ਜੀ ਦੀ ਕੁੱਖ ਤੋਂ ਅਨੰਦਪੁਰ ਸਾਹਿਬ ਵਿਖੇ ਹੋਇਆ। ਸਾਹਿਬਜ਼ਾਦਿਆਂ ਦੀ ਜਨਮ ਤਰੀਕ ਬਾਰੇ ਵੱਖ ਵੱਖ ਇਤਿਹਾਸਕਾਰਾਂ ਨੇ ਵੱਖ-ਵੱਖ ਤਰੀਕਾਂ ਦੱਸੀਆਂ ਹਨ। ਬਾਬਾ ਫ਼ਤਿਹ ਸਿੰਘ ਜੀ ਦਾ ਪਾਲਣ ਪੋਸ਼ਣ ਹੀ ਅਜਿਹੇ ਮਾਹੌਲ ਵਿਚ ਹੋਇਆ ਸੀ ਕਿ ਉਨ੍ਹਾਂ ਨੂੰ ਛੋਟੀ ਉਮਰ ਵਿਚ ਹੀ ਚੰਗੇ ਮਾੜੇ ਦੀ ਸਮਝ ਸੀ। ਉਨ੍ਹਾਂ ਵਿਚ ਸਿਆਣਪ ਤੇ ਸੂਝ-ਬੂਝ ਦੀ ਕੋਈ ਕਮੀ ਨਹੀਂ ਸੀ। ਉਹ ਮਨੁੱਖੀ ਹੱਕਾਂ ਦੇ ਰਾਖੇ ਗੁਰੂ ਤੇਗ਼ ਬਹਾਦਰ ਜੀ ਦੇ ਪੋਤੇ ਤੇ ਗੁਰੂ ਹਰਿਗੋਬਿੰਦ ਪਾਤਸ਼ਾਹ ਜੀ ਦੇ ਪੜਪੋਤੇ ਸਨ। ਬਾਬਾ ਫ਼ਤਿਹ ਸਿੰਘ ਚੰਗੀ ਤਰ੍ਹਾਂ ਜਾਣਦੇ ਸਨ ਕਿ ਸਮੇਂ ਦੇ ਰਾਜਸੀ ਤੇ ਧਾਰਮਕ ਆਗੂ ਆਪਸ ਵਿਚ ਰਲ ਕੇ ਕਿਵੇਂ ਲੋਕਾਈ ਨੂੰ ਅਪਣੇ ਪੈਰ ਹੇਠਾਂ ਮਿਧਦੇ ਹਨ। ਧਰਮ ਦੀ ਆੜ ਲੈ ਕੇ ਆਮ ਲੋਕਾਂ ਨੂੰ ਧਰਮੀ ਮਨੁੱਖ ਕੀੜੇ ਮਕੌੜੇ ਸਮਝਦੇ ਸਨ ਤੇ ਅੱਜ ਵੀ ਇੰਝ ਹੀ ਹੋ ਰਿਹਾ ਹੈ। ਅਸਲ ਵਿਚ ਬਾਬਾ ਫ਼ਤਹਿ ਸਿੰਘ ਜੀ ਦੇ ਜਨਮ ਦਿਹਾੜੇ ’ਤੇ ਮਾਂ ਬਾਪ ਨੂੰ ਚਾਹੀਦਾ ਹੈ ਕਿ ਉਹ ਅਪਣੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਜਾਣੂ ਕਰਵਾਉਣ। ਸਾਡੇ ਕੋਲ ਅਪਣੇ ਸੂਰਬੀਰ ਯੋਧਿਆਂ ਦਾ ਕੋਈ ਭਰੋਸੇਯੋਗ ਤੇ ਨਿੱਗਰ ਇਤਿਹਾਸ ਨਹੀਂ ਹੈ। ਜੋ ਸਹੀ ਹੈ, ਉਹ ਇਤਿਹਾਸ ਸਾਡੇ ਤਕ ਪਹੁੰਚਣ ਹੀ ਨਹੀਂ ਦਿਤਾ ਗਿਆ।
ਮੈਂ ਬਾਬਾ ਫ਼ਤਿਹ ਸਿੰਘ ਜੀ ਦੇ ਪ੍ਰਕਾਸ਼ ਪੁਰਬ ’ਤੇ ਆਪ ਨਾਲ ਇਤਿਹਾਸ ਬਾਰੇ ਅਤੇ ਇਸ ਦੇ ਲਿਖੇ ਜਾਣ ਬਾਰੇ ਦੋ ਗੱਲਾਂ ਕਰ ਲੈਂਦਾ ਹਾਂ। ਮੈਂ ਅਪਣੇ ਇਤਿਹਾਸ ਦੀ ਸਾਂਭ ਸੰਭਾਲ ਨਹੀਂ ਕੀਤੀ, ਲਿਖੇ ਹੋਏ ਇਤਿਹਾਸ ਉੱਤੇ ਕੋਈ ਖੋਜ ਨਹੀਂ ਕੀਤੀ। ਮੈਂ ਸੱਚ ਲਿਖਣ ਦੀ ਹਿੰਮਤ ਵੀ ਨਾ ਕੀਤੀ। ਮੈਂ ਪੜਿ੍ਹਆ, ਲਿਖਿਆ, ਕੰਮ ਧੰਦਾ ਕੀਤਾ, ਵਿਆਹ ਕਰਵਾਇਆ, ਬੱਚੇ ਪੈਦਾ ਕੀਤੇ, ਬੁੱਢਾ ਹੋਇਆ ਤੇ ਦੁਨੀਆਂ ਤੋਂ ਚਲਦਾ ਬਣਿਆ। ਬਸ, ਇਹ ਸੀ ਮੇਰਾ ਜੀਵਨ ਤੇ ਵਿਰੋਧੀ ਧਿਰ ਵੀ ਇਹੋ ਕੁੱਝ ਚਾਹੁੰਦੀ ਸੀ ਕਿ ਸਿੱਖਾਂ ਨਾਲ ਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਨਸਲਾਂ ਨਾਲ ਇੰਝ ਹੀ ਹੋਵੇ। ਸਿੱਖ ਅਪਣਾ ਫ਼ਖ਼ਰ ਕਰਨ ਵਾਲਾ ਇਤਿਹਾਸ ਭੁੱਲ ਜਾਣ ਤੇ ਹੋ ਵੀ ਇਸੇ ਤਰ੍ਹਾਂ ਰਿਹਾ ਹੈ।
ਇਤਿਹਾਸ ਹਮੇਸ਼ਾ ਹੀ ਮਨੁੱਖ ਦੀ ਅਗਵਾਈ ਕਰਦਾ ਆਇਆ ਹੈ। ਇਤਿਹਾਸ ’ਚ ਉਨ੍ਹਾਂ ਘਟਨਾਵਾਂ ਦਾ ਵਰਣਨ ਹੁੰਦਾ ਹੈ ਜੋ ਮਨੁਖੀ ਜਾਤੀ ਵਿਚ ਵਾਪਰੀਆਂ, ਜਿਸ ’ਚ ਦੁਨੀਆਂ ਦੇ ਵਾਧੇ ਅਤੇ ਪਤਨ ਦਾ ਵੇਰਵਾ ਹੁੰਦਾ ਹੈ ਤੇ ਨਾਲ ਹੀ ਵੱਡੀਆਂ ਤਬਦੀਲੀਆਂ ਦਾ ਜ਼ਿਕਰ ਵੀ ਹੁੰਦਾ ਹੈ। ਇਤਿਹਾਸ ਬਾਰੇ ਕੁਲਬੀਰ ਸਿੰਘ ਕੌੜਾ ਨੇ ਅਪਣੀ ਪੁਸਤਕ ’ਤੇ ਸਿੱਖ ਵੀ ਨਿਗਲਿਆ ਗਿਆ’ ’ਚ ਅੱੱਠ ਪੰਨਿਆਂ ਦਾ ਇਕ ਲੇਖ ਲਿਖਿਆ ਹੈ ਜੋ ਸਾਰਿਆਂ ਦੇ ਹੀ ਪੜ੍ਹਨ ਯੋਗ ਹੈ। ਹਾਰੇ ਹੋਇਆਂ ਦੇ ਇਤਿਹਾਸ ਹਮੇਸ਼ਾ ਜਿੱਤੇ ਹੋਏ ਹੀ ਲਿਖਵਾਇਆ ਕਰਦੇ ਹਨ। ਜਿੱਤੇ ਹੋਏ ਇਤਿਹਾਸ ਲਿਖਵਾਉਂਦੇ ਹਨ ਤੇ ਹਾਰਿਆ ਹੋਇਆਂ ਦੇ ਲਿਖੇ ਜਾਂਦੇ ਹਨ। ਜੇ ਹਿਟਲਰ ਜਿੱਤ ਜਾਂਦਾ ਤਾਂ ਚਰਚਿਲ, ਸਟਾਲਿਨ ਵਗੈਰਾ ਦਾ ਇਤਿਹਾਸ ਹੋਰ ਹੁੰਦਾ। ਇਸੇ ਹੀ ਤਰ੍ਹਾਂ ਸਿੱਖ ਖਾੜਕੂ ਸੰਘਰਸ਼ ਹਾਰ ਗਏ ਤੇ ਹੁਣ ਅਤਿਵਾਦੀ ਲੁਟੇਰੇ ਅਤੇ ਦਰਿੰਦੇ ਅਖਵਾਉਣ ਲੱਗੇ। ਇਤਿਹਾਸ ਦੀਆਂ ਗੱਲਾਂ ਸਿੱਖ ਵੀ ਬਹੁਤ ਕਰਦੇ ਹਨ। ਸਿੱਖ ਇਤਿਹਾਸ ਹਿੰਦੂਆਂ, ਮੁਸਲਮਾਨਾਂ ਜਾਂ ਅੰਗਰੇਜ਼ਾਂ ਨੇ ਲਿਖਿਆ ਹੈ। ਉਨ੍ਹਾਂ ਨੇ ਮੁਸਲਮਾਨਾਂ ਦਾ ਉਹ ਪੱਖ ਉਜਾਗਰ ਹੀ ਨਹੀਂ ਕੀਤਾ ਜਿਸ ਵਿਚ ਮੁਸਲਮਾਨਾਂ ਨੇ ਅਪਣੀ ਜਾਨ ’ਤੇ ਖੇਡ ਕੇ ਗੁਰੂ ਸਾਹਿਬਾਨ ਦੀ ਮਦਦ ਕੀਤੀ। ਹਜ਼ਰਤ ਮੀਆਂ ਮੀਰ, ਪੀਰ ਬੁਧੂ ਸ਼ਾਹ, ਨਵਾਬ ਮਲੇਰਕੋਟਲਾ, ਨਵਾਬ ਰਾਇ ਕੋਟ, ਨਬੀ ਖ਼ਾਂ, ਗਨੀ ਖ਼ਾਂ ਤੇ ਪੀਰ ਲੱਕੜਸ਼ਾਹ ਨੂੰ ਉਹ ਸਤਿਕਾਰ ਨਹੀਂ ਮਿਲਿਆ ਜੋ ਉਨ੍ਹਾਂ ਦਾ ਹੱਕ ਬਣਦਾ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀਆਂ ਚੌਦਾਂ ਜੰਗਾਂ ’ਚੋਂ ਸਿਰਫ਼ ਅਖ਼ੀਰਲੀ ਲੜਾਈ ਮੁਸਲਮਾਨਾਂ ਨਾਲ ਸੀ ਬਾਕੀ ਤੇਰਾਂ ਜੰਗਾਂ ਪਹਾੜੀ ਰਾਜਿਆਂ ਨਾਲ ਸਨ। ਕਹਿਣ ਤੋਂ ਭਾਵ ਇਤਿਹਾਸ ਅਪਣੀ ਬੁਕਲ ਅੰਦਰ ਬਹੁਤ ਕੁੱਝ ਅਜਿਹਾ ਲੁਕੋਈ ਬੈਠਾ ਹੈ ਜਿਸ ਦਾ ਸਾਨੂੰ ਵੀ ਪਤਾ ਨਹੀਂ ਹੈ ਤੇ ਨਾ ਹੀ ਅਸੀ ਖੋਜ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਪੁਸਤਕ ਵਿਚ ਅੱਗੇ ਚੱਲ ਕੇ ਕੌੜਾ ਜੀ ਲਿਖਦੇ ਹਨ ਕਿ ਡਾ. ਗੰਡਾ ਸਿੰਘ ਜੋ ਸਿੱਖ ਇਤਿਹਾਸ ਦੇ ਬੜੇ ਖੋਜੀ ਵਿਦਵਾਨ ਸਨ ਨੇ ਕਿਹਾ ਕਿ ਅਨਪੜ੍ਹਤਾ ਵੱਸ ਸਿੱਖ ਕੌਮ ਨੇ ਅਪਣੇ ਇਤਿਹਾਸਕ ਦਸਤਾਵੇਜ਼ ਭੰਗ ਦੇ ਭਾਣੇ ਬਰਬਾਦ ਕੀਤੇ ਹਨ। ਇਹ ਦੱਸਣ ਦਾ ਕਾਰਨ ਸੀ ਕਿ ਉਹ ਇਕ ਪਿੰਡ ਵਿਚ ਗਏ ਤੇ ਇਕ ਬੱਚੇ ਦੇ ਹੱਥ ਵਿਚ ਮੈਲਾ ਜਿਹਾ ਕਾਗ਼ਜ਼ ਵੇਖ ਕੇ ਦੰਗ ਰਹਿ ਗਏ। ਖੋਜੀ ਸੁਭਾਅ ਹੋਣ ਕਾਰਨ ਜਦੋਂ ਡਾ. ਗੰਡਾ ਸਿੰਘ ਨੇ ਉਹ ਕਾਗ਼ਜ਼ ਵੇਖਿਆ ਤਾਂ ਹੈਰਾਨ ਰਹਿ ਗਏ ਕਿਉਂਕਿ ਉਹ ਦਸਤਾਵੇਜ਼ ਅੰਗਰੇਜ਼ਾਂ ’ਤੇ ਚੜ੍ਹਾਈ ਕਰਨ ਸਮੇਂ ਸਿੱਖ ਸਰਦਾਰਾਂ ਵਲੋਂ ਲਿਆ ਗਿਆ ਪ੍ਰਣ ਪੱਤਰ ਸੀ, ਜਿਸ ’ਤੇ ਉਸ ਸਮੇਂ ਦੇ ਸਿੱਖ ਸਰਦਾਰਾਂ ਦੇ ਦਸਤਖ਼ਤ ਹੋਏ ਸਨ ਤੇ ਆਖ਼ਰੀ ਦਮ ਤਕ ਲੜਨ ਦਾ ਪ੍ਰਣ ਕੀਤਾ ਹੋਇਆ ਸੀ। ਜਦੋਂ ਡਾ. ਗੰਡਾ ਸਿੰਘ ਨੇ ਉਸ ਬੱਚੇ ਨੂੰ ਪੁਛਿਆ ਕਿ ਇਹ ਤੈਨੂੰ ਕਿਥੋਂ ਮਿਲਿਆ ਹੈ ਤਾਂ ਬੱਚੇ ਨੇ ਕਿਹਾ ਜੀ ‘‘ਏਸ ਤਰ੍ਹਾਂ ਦੇ ਹੋਰ ਕਾਗ਼ਜ਼ ਤੇ ਗੱਤਿਆਂ ਦੀਆਂ ਪੰਡਾਂ ਤਾਂ ਸਾਡੇ ਤੂੜੀ ਵਾਲੇ ਕੋਠੇ ’ਚ ਰੁਲਦੀਆਂ ਪਈਆਂ ਹਨ।’’
ਹੁਣ ਸੋਚੋ ਮੇਰੇ ਵੀਰੋ, ਕੀ ਕਦੇ ਕਿਸੇ ਹੋਰ ਕੌਮ ਨੇ ਵੀ ਇੰਝ ਕੀਤਾ ਹੈ? ਜਿਥੇ ਅਸੀ ਅਪਣਾ ਪਿਛਲਾ ਇਤਿਹਾਸ ਆਪ ਹੀ ਬਰਬਾਦ ਕਰ ਲਿਆ, ਉਥੇ ਅੱਜ ਦੇ ਇਤਿਹਾਸ ਨੂੰ ਵੀ ਸਾਂਭਣ ਦਾ ਯਤਨ ਨਹੀਂ ਕਰ ਰਹੇ। ਸਾਡਾ ਇਤਿਹਾਸ ਸੰਗਮਰਮਰ ਦੇ ਪੱਥਰਾਂ ਹੇਠ ਦੱਬ ਦਿਤਾ ਗਿਆ ਤੇ ਇਹ ਸੱਭ ਸੋਚੀ ਸਮਝੀ ਸਾਜ਼ਸ਼ ਦੇ ਅਧੀਨ ਕੀਤਾ ਗਿਆ।
ਲਿਖਾਰੀਆਂ ਬਾਰੇ ਇਸੇ ਕਿਤਾਬ ਦੇ ਪੰਨਾ ਨੰ: 229 ’ਤੇ ਕੌੜਾ ਜੀ ਲਿਖਦੇ ਹਨ ਕਿ ਜੇ ਕੋਈ ਬੰਦਾ ਅਪਣੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਵੇਖੇ ਵੀ, ਸਮਝ ਵੀ ਜਾਵੇ ਪਰ ਲਿਖੇ ਕੁੱਝ ਨਾ ਤੇ ਅਪਣੇ ਆਪ ਨੂੰ ਇਤਿਹਾਸਕਾਰ ਅਖਵਾਵੇ, ਇਸ ਦਾ ਮਤਲਬ ਕਿ ਉਹ ਲਿਖਾਰੀ ਅਖਵਾਉਣ ਦਾ ਹੱਕਦਾਰ ਨਹੀਂ ਹੈ। ਜੇ ਅੱਜ ਦੇ ਸਾਹਿਤਕਾਰ ਅੱਜ ਬਾਰੇ ਕੁੱਝ ਨਹੀਂ ਲਿਖਦੇ ਤੇ ਅੱਖਾਂ ਮੀਚ ਛੱਡਦੇ ਹਨ ਤਾਂ ਲੋਕ ਅਦਾਲਤ ਵਿਚ ਉਹ ਬੜੇ ਸ਼ਰਮਸਾਰ ਹੋਣਗੇ। ਉਨ੍ਹਾਂ ਦੀ ਵਿਦਵਤਾ ਕਿਸੇ ਕੰਮ ਦੀ ਨਹੀਂ ਹੈ। ਸਾਡੇ ਕੋਲ ਜਿੰਨਾ ਸ਼ਾਨਾਂਮੱਤੀ ਇਤਿਹਾਸ ਸੀ ਅਸੀ ਉਸ ਦਾ ਕੇਵਲ ਪੰਜ ਫ਼ੀ ਸਦੀ ਹੀ ਜਾਣਦੇ ਹਾਂ ਤੇ ਲਿਖ ਸਕੇ ਹਾਂ।
ਹੁਣ ਆਉਂਦੇ ਹਾਂ ਸਭ ਤੋਂ ਅਹਿਮ ਮੁਦੇ ’ਤੇ ਕਿ ਗੁਰੂ ਸਾਹਿਬ ਜੀ ਤੇ ਗੁਰੂ ਜੀ ਦੀ ਬਾਣੀ ਲਿਖਾਰੀਆਂ ਤੇ ਉਨ੍ਹਾਂ ਦੀ ਕਲਮ ਬਾਰੇ ਕੀ ਦਸਦੀ ਹੈ। ਗੁਰੂ ਨਾਨਕ ਜੀ ਨੇ ਤਾਂ ਲਿਖਾਰੀ ਸਾਹਿਤਕਾਰਾਂ ਨੂੰ ਪੂਰਾ ਮਾਣ ਸਨਮਾਨ ਦਿੰਦੇ ਹੋਏ ਉਨ੍ਹਾਂ ਨੂੰ ਧਨੁ ਆਖਿਆ ਹੈ ਗੁਰੂ ਜੀ ਪੰਨਾ ਨੰ 636 ’ਤੇ ਫ਼ੁਰਮਾਉਂਦੇ ਹਨ, “ਧਨੁ ਲੇਖਾਰੀ ਨਾਨਕਾ ਪਿਆਰੇ ਸਾਚੁ ਲਿਖੇ ਉਰਿ ਧਾਰਿ॥’’ ਇਸ ਸ਼ਬਦ ਦੇ ਵਿਸਥਾਰ ਪੂਰਵਕ ਅਰਥ ਮੈਂ ਇਸ ਲੇਖ ’ਚ ਨਹੀਂ ਕਰ ਸਕਦਾ ਕਿਉਂਕਿ ਮੇਰਾ ਲੇਖ ਵੱਡਾ ਹੋ ਜਾਵੇਗਾ। ਆਪ ਜੀ ਨੂੰ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ 636 ਅੰਗ ਤੋਂ ਤੁਸੀ ਇਹ ਸ਼ਬਦ ਜ਼ਰੂਰ ਪੜ੍ਹ ਲੈਣਾ ਜੀ। ਉਹ ਲਿਖਾਰੀ ਧੰਨ ਹਨ ਜੋ ਸੱਚ ਲਿਖਦੇ ਹਨ ਜੋ ਮਾੜੇ ਨੂੰ ਮਾੜਾ ਕਹਿਣ ਦੀ ਹਿੰਮਤ ਰਖਦੇ ਹਨ। ਲੇਖਕ ਵਿਚ ਯੋਗਤਾ, ਸੂਝ-ਬੂਝ, ਅਪਣੇ ਵਿਸ਼ੇ ’ਤੇ ਪੂਰੀ ਪਕੜ ਹੋਣੀ ਚਾਹੀਦੀ ਹੈ। ਗੁਰਬਾਣੀ ਦਾ ਫ਼ੁਰਮਾਨ “ਖੋਜੀ ਉਪਜੈ ਬਾਦੀ ਬਿਨਸੈ” ਨੂੰ ਸਾਹਮਣੇ ਰੱਖ ਕੇ ਸਿੱਖ ਇਤਿਹਾਸ, ਗੁਰੂ ਇਤਿਹਾਸ ਦੀ ਖੋਜ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ। ਗੁਰੂ ਸਾਹਿਬ ਦਾ ਸੱਚਾ ਸੁਨੇਹਾ ਕੁਲ ਲੋਕਾਈ ਤਕ ਲੈ ਕੇ ਜਾਣਾ ਹਰ ਲੇਖਕ ਦਾ ਫ਼ਰਜ਼ ਬਣਦਾ ਹੈ। ਹਰ ਲੇਖਕ ਨੂੰ ਇਹ ਜ਼ਿੰਮੇਵਾਰੀ ਅਪਣੇ ਮੋਢਿਆਂ ’ਤੇ ਚੁਕਣੀ ਚਾਹੀਦੀ ਹੈ ਕਿ ਉਹ ਸੱਚ ਨੂੰ ਪ੍ਰਗਟ ਕਰੇ। ਮਨੁੱਖੀ ਸੁਭਾਅ ਹੈ ਕਿ ਉਹ ਸਭ ਕੁੱਝ ਯਾਦ ਨਹੀਂ ਰੱਖ ਸਕਦਾ, ਬੀਤ ਰਹੇ ਸਮੇਂ ਦੀਆਂ ਘਟਨਾਵਾਂ ਨੂੰ ਉਹ ਕਲਮਬੰਦ ਕਰ ਕੇ ਅਪਣੇ ਕੋਲ ਰੱਖ ਲੈਂਦਾ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਉਸ ਦੇ ਲਿਖੇ ਹੋਏ ਇਤਿਹਾਸ ਤੋਂ ਸੇਧ ਲੈਂਦੀਆਂ ਹਨ। ਕਈ ਲਿਖਾਰੀਆਂ ਨੇ ਲੱਚਰ ਗੀਤ ਲਿਖੇ, ਕਈਆਂ ਨੇ ਹਥਿਆਰਾਂ ਨੂੰ ਪ੍ਰਮੋਟ ਕੀਤਾ, ਅਜੋਕੇ ਗੀਤਕਾਰਾਂ ਤੇ ਲਿਖਾਰੀਆਂ ਨੇ ਜੱਟਵਾਦ ਤੇ ਸ਼ਰਾਬ ਪੀਣ ਨੂੰ ਰੱਜ ਕੇ ਪ੍ਰਚਾਰਿਆ ਜਿਸ ਨਾਲ ਅਨੇਕਾਂ ਹੀ ਘਰ ਤਬਾਹ ਹੋ ਗਏ। ਅਜਿਹੇ ਗੀਤਾਂ ਸਦਕਾ ਹੀ ਪੰਜਾਬ ’ਚ ਗੈਂਗਸਟਰ ਪੈਦਾ ਹੋਏ। ਅਜਿਹੇ ਲੇਖਕਾਂ ਨੇ ਕਲਮ ਦਾ ਦੁਰਉਪਯੋਗ ਕੀਤਾ ਤੇ ਸਮਾਜ ਨੂੰ ਵੀ ਗੰਦਲਾ ਕੀਤਾ। ਦੂਜੇ ਪਾਸੇ ਜਦੋਂ ਸ. ਜੋਗਿੰਦਰ ਸਿੰਘ ਜੀ ਦੀ ਕਲਮ ਚੱਲੀ ਤਾਂ ਮੇਰੇ ਕੋਲੋਂ ਵੀ ਰਿਹਾ ਨਾ ਗਿਆ, ਮਂੈ ਅਪਣਾ ਲੈਪਟੋਪ (ਕਲਮ) ਚੁਕਿਆ ’ਤੇ ਲਿਖਣ ਬੈਠ ਗਿਆ।
ਇਤਿਹਾਸ, ਲਿਖਾਰੀ, ਕਲਮ ਤੇ ਅਖ਼ਬਾਰ ਦਾ ਆਪਸ ’ਚ ਗੂੜ੍ਹਾ ਸਬੰਧ ਹੈ। ਜਿਹੜਾ ਇਤਿਹਾਸ ਲਿਖਾਰੀ ਅਪਣੀ ਕਲਮ ਨਾਲ ਲਿਖਦੈ, ਉਸ ਦੀ ਆਖ਼ਰੀ ਮੰਜ਼ਿਲ ਅਖ਼ਬਾਰ ਹੁੰਦੀ ਹੈ ਕਿਉਂਕਿ ਇਤਿਹਾਸਕਾਰ ਦੀ ਲਿਖਤ ਨੇ ਅਖ਼ਬਾਰ ਵਿਚ ਛਪ ਕੇ ਹੀ ਲੋਕਾਈ ਤਕ ਪਹੁੰਚਣਾ ਹੁੰਦਾ ਹੈ ਤੇ ਲੋਕਾਈ ਨੂੰ ਸੇਧ ਦੇਣੀ ਹੁੰਦੀ ਹੈ। ਜਿਸ ਤਰ੍ਹਾਂ ਅਸੀ ਰੋਜ਼ਾਨਾ ਸਪੋਕਸਮੈਨ ’ਚ ਸੰਪਾਦਕ ਜੀ ਦੀ ਨਿਜੀ ਡਾਇਰੀ ਤੋਂ ਸੇਧ ਲੈਂਦੇ ਰਹਿੰਦੇ ਹਾਂ। ਅਖ਼ੀਰ ਵਿਚ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਗੁਰਪੁਰਬ ਮਨਾਇਆ, ਉਦੋਂ ਹੀ ਸਫ਼ਲ ਹੈ ਜਦੋਂ ਉਸ ਤੋਂ ਅਸੀ ਕੁੱਝ ਸੇਧ ਲੈ ਸਕੀਏ।