ਕੋਰੋਨਾ ਮਹਾਂਮਾਰੀ ਸਮੇਂ ਕੌਣ ਦਾਨਵ ਤੇ ਕੌਣ ਦਾਨੀ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਇਸ ਵੇਲੇ ਸਾਰੇ ਸੰਸਾਰ ਵਿਚ ਕੋਰੋਨਾ ਵਾਇਰਸ ਫੈਲ ਗਈ ਹੈ।

File photo

ਇਸ ਵੇਲੇ ਸਾਰੇ ਸੰਸਾਰ ਵਿਚ ਕੋਰੋਨਾ ਵਾਇਰਸ ਫੈਲ ਗਈ ਹੈ। ਇਸ ਕਾਰਨ ਹੁਣ ਤਕ ਕੁਲ ਦੁਨੀਆਂ ਵਿਚ ਕਰੀਬ 20 ਲੱਖ ਵਿਅਕਤੀ ਬਿਮਾਰ ਹਨ ਤੇ ਇਕ ਲੱਖ ਤੋਂ ਵੱਧ ਮਰ ਚੁੱਕੇ ਹਨ। ਇਨ੍ਹਾਂ ਵਿਚੋਂ 6 ਲੱਖ ਵਿਅਕਤੀ ਠੀਕ ਵੀ ਹੋ ਗਏ ਹਨ। ਭਾਰਤ ਵਿਚ ਵੀ ਕਰੀਬ 10 ਹਜ਼ਾਰ ਵਿਅਕਤੀ ਪ੍ਰਭਾਵਤ ਹਨ ਤੇ 500 ਦੀ ਮੌਤ ਹੋ ਚੁੱਕੀ ਹੈ। ਭਾਰਤ ਤੇ ਖ਼ਾਸ ਤੌਰ ਉਤੇ ਪੰਜਾਬ ਵਿਚ ਸਰਕਾਰ ਤੋਂ ਜ਼ਿਆਦਾ ਸਮਾਜ ਸੇਵੀ ਸੰਸਥਾਵਾਂ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਹੋਈਆਂ ਵਿਖਾਈ ਦੇ ਰਹੀਆਂ ਹਨ। ਸਰਕਾਰ ਦੀ ਮਦਦ ਤਾਂ ਜਦੋਂ ਪਹੁੰਚਣੀ ਹੈ, ਉਦੋਂ ਪਹੁੰਚੇਗੀ ਪਰ ਸੰਸਥਾਵਾਂ ਕਈ ਦਿਨਾਂ ਤੋਂ ਲੰਗਰ ਤੇ ਸੁੱਕਾ ਰਾਸ਼ਨ ਗ਼ਰੀਬ ਲੋਕਾਂ ਦੇ ਘਰਾਂ ਤਕ ਲੈ ਕੇ ਜਾ ਰਹੀਆਂ ਹਨ।

ਇਸ ਮੌਕੇ ਕਈ ਘਟੀਆ ਲੋਕਾਂ ਦਾ ਰਾਖ਼ਸ਼ੀ ਚਿਹਰਾ ਵੀ ਦੁਨੀਆਂ ਸਾਹਮਣੇ ਆ ਰਿਹਾ ਹੈ। ਉਹ ਕੋਰੋਨਾ ਵਰਗੀ ਭਿਆਨਕ ਮਹਾਂਮਾਰੀ ਤੋਂ ਵੀ ਲਾਭ ਉਠਾਉਣ ਦੀ ਤਾਕ ਵਿਚ ਹਨ। ਲੱਖਾਂ ਪ੍ਰਵਾਸੀ ਮਜ਼ਦੂਰਾਂ ਦਾ ਰੁਜ਼ਗਾਰ ਫ਼ੈਕਟਰੀਆਂ ਬੰਦ ਹੋਣ ਕਾਰਨ ਖ਼ਤਮ ਹੋ ਗਿਆ ਹੈ।nਸਰਮਾਏਦਾਰ, ਜੋ ਇਨ੍ਹਾਂ ਮਜ਼ਦੂਰਾਂ ਦੇ ਸਿਰ ਉਤੇ ਅਰਬਾਂ-ਖ਼ਰਬਾਂ ਰੁਪਏ ਕਮਾ ਚੁੱਕੇ ਹਨ, ਨੇ ਅਪਣੀਆਂ ਫ਼ੈਕਟਰੀਆਂ ਦੇ ਦਰਵਾਜ਼ੇ ਬੰਦ ਕਰ ਕੇ ਇਨ੍ਹਾਂ ਨੂੰ ਭੁੱਖ ਨਾਲ ਮਰਨ ਲਈ ਬਾਹਰ ਧੱਕ ਦਿਤਾ ਹੈ। ਉਨ੍ਹਾਂ ਨੇ ਇਕ ਵਾਰ ਵੀ ਨਹੀਂ ਸੋਚਿਆ ਕਿ ਇਹ ਮਜ਼ਲੂਮ ਬੇਗਾਨੇ ਸੂਬੇ ਵਿਚ ਕਿੱਥੇ ਧੱਕੇ ਖਾਣਗੇ।

ਪੈਦਲ ਹੀ ਯੂ.ਪੀ., ਬਿਹਾਰ ਵਲ ਜਾ ਰਹੇ ਇਕ ਮਜ਼ਦੂਰਾਂ ਦੇ ਟੋਲੇ ਨੇ ਪੱਤਰਕਾਰਾਂ ਨੂੰ ਦਸਿਆ ਕਿ ਲੁਧਿਆਣੇ ਦੇ ਇਕ ਮਕਾਨ ਮਾਲਕ ਨੇ ਸਿਰਫ਼ ਦਸ ਦਿਨ ਕਿਰਾਇਆ ਲੇਟ ਹੋ ਜਾਣ ਕਾਰਨ ਉਨ੍ਹਾਂ ਦਾ ਸਮਾਨ ਸੜਕ ਉਤੇ ਸੁੱਟ ਦਿਤਾ। ਇਸ ਤੋਂ ਘਿਨੌਣੀ ਹਰਕਤ ਹੋਰ ਕੀ ਹੋ ਸਕਦੀ ਹੈ ਕਿ ਉਸ ਨੇ ਦੋ ਸਾਲ ਤੋਂ ਕੁਆਟਰਾਂ ਵਿਚ ਰਹਿ ਰਹੇ ਮਜ਼ਦੂਰਾਂ ਦੀ ਮਦਦ ਤਾਂ ਕੀ ਕਰਨੀ ਸੀ, ਅਜਿਹੇ ਕਹਿਰ ਦੇ ਸਮੇਂ ਉਨ੍ਹਾਂ ਨੂੰ ਘਰੋਂ ਬੇ-ਘਰ ਕਰ ਦਿਤਾ। ਇਕ ਪਾਸੇ ਸਮਾਜ ਸੇਵਕ ਮੌਤ ਦੀ ਪ੍ਰਵਾਹ ਨਾ ਕਰਦੇ ਹੋਏ ਲੋਕਾਂ ਨੂੰ ਖਾਣਾ ਵੰਡ ਰਹੇ ਹਨ, ਉਥੇ ਦੂਜੇ ਪਾਸੇ ਕਈ ਮਨੁੱਖ ਰੂਪੀ ਗਿਰਝਾਂ ਕਾਲਾ ਬਜ਼ਾਰੀ ਕਰ ਕੇ ਰਾਸ਼ਨ ਬਲੈਕ ਵਿਚ ਵੇਚ ਰਹੀਆਂ ਹਨ। ਕਰਿਆਨੇ ਤੋਂ ਲੈ ਕੇ ਦਾਲ ਸਬਜ਼ੀਆਂ ਤਕ ਦੇ ਭਾਅ ਵਧਾ ਦਿਤੇ ਗਏ ਹਨ।

ਭਾਰਤ ਵਿਚ ਇਹ ਕਦੇ ਨਹੀਂ ਹੋਇਆ ਕਿ ਕਿਸੇ ਦੁਕਾਨਦਾਰ ਨੇ ਜਨਤਾ ਦੀ ਭਲਾਈ ਖ਼ਾਤਰ ਅਜਿਹੀ ਆਫ਼ਤ ਸਮੇਂ ਜ਼ਰੂਰੀ ਵਸਤਾਂ ਦੇ ਰੇਟ ਘੱਟ ਕੀਤੇ ਹੋਣ। ਜੇਕਰ ਕਿਤੇ ਅਜਿਹੇ ਦੁਸ਼ਟਾਂ ਨੂੰ ਕੋਰੋਨਾ ਹੋ ਗਿਆ ਤਾਂ ਸਾਰੇ ਪੈਸੇ ਇਥੇ ਹੀ ਧਰੇ ਰਹਿ ਜਾਣਗੇ। ਫ਼ਿਰੋਜ਼ਪੁਰ ਵਿਚ ਕੁੱਝ ਲੋਕਾਂ ਨੇ ਅਜਿਹੀ ਨੀਚ ਹਰਕਤ ਕੀਤੀ ਕਿ ਸੁਣ ਕੇ ਹੀ ਘਿਣ ਆਉਦੀ ਹੈ। ਇਥੇ ਅਜਿਹੇ ਲੋਕ ਵੀ ਨੇ ਜੋ ਕੋਰੋਨਾ ਦੇ ਮਰੀਜ਼ਾਂ ਦੀਆਂ ਲਾਸ਼ਾਂ ਦਾ ਕਿਸੇ ਵੀ ਸ਼ਮਸ਼ਾਨ ਘਾਟ ਅੰਤਿਮ ਸਸਕਾਰ ਨਹੀਂ ਹੋਣ ਦੇ ਰਹੇ। ਇਹ ਲੋਕ ਤਾਂ ਦੂਰ ਦੀ ਗੱਲ ਇਨ੍ਹਾਂ ਮਰੀਜ਼ਾਂ ਦੇ ਅਪਣੇ ਘਰ ਵਾਲੇ ਲਾਸ਼ਾਂ ਨੂੰ ਲੈਣ ਤੋਂ ਇਨਕਾਰ ਕਰ ਰਹੇ ਹਨ। ਇਨ੍ਹਾਂ ਲਾਸ਼ਾਂ ਦਾ ਸਸਕਾਰ ਵੀ ਪ੍ਰਸ਼ਾਸਨ ਨੂੰ ਹੀ ਕਰਨਾ ਪੈ ਰਿਹਾ ਹੈ।

ਸਾਡੇ ਸਾਰੇ ਮੁਸ਼ਟੰਡੇ ਬਾਬੇ ਵੀ ਕੋਰੋਨਾ ਦੇ ਡਰੋਂ ਭੋਰਿਆਂ ਅੰਦਰ ਜਾ ਵੜ ਕੇ ਲੁੱਕ ਗਏ ਹਨ। ਕਿਸੇ ਬਾਬੇ ਨੇ ਨਾ ਤਾਂ ਲੋਕ ਭਲਾਈ ਲਈ ਦੁਆਨੀ ਦਿਤੀ ਹੈ ਤੇ ਨਾ ਹੀ ਬਾਬੇ ਢਡਰੀਆਂ ਵਾਲੇ ਵਾਂਗ ਡੇਰੇ ਅੰਦਰ ਕੋਰੋਨਾ ਦੇ ਮਰੀਜ਼ ਰੱਖਣ ਲਈ ਇਮਾਰਤਾਂ ਦੇਣ ਦੀ ਪੇਸ਼ਕਸ਼ ਕੀਤੀ ਹੈ। ਧਾਰਮਕ ਜਥੇਬੰਦੀਆਂ ਵਿਚੋਂ ਹੁਣ ਤਕ ਸਿਰਫ਼ ਦਿੱਲੀ ਗੁਰਦਵਾਰਾ ਕਮੇਟੀ ਨੇ ਹੀ ਅਪਣੀਆਂ ਸਰਾਵਾਂ ਇਸ ਕੰਮ ਲਈ ਪੇਸ਼ ਕੀਤੀਆਂ ਹਨ। ਬੀਮਾਰ ਦਿਮਾਗ਼ਾਂ ਦੇ ਸਿਰ ਉਤੇ ਅਰਬਾਂ-ਖ਼ਰਬਾਂ ਦਾ ਮਾਲ ਕਮਾਉਣ ਵਾਲੇ ਭਾਰਤ ਦੇ ਸਾਰੇ ਖ਼ੂਨ ਪੀਣੇ ਠੱਗ (ਜੋਤਸ਼ੀ, ਤਾਂਤਰਿਕ, ਪੁੱਛਾਂ ਦੇਣ ਵਾਲੇ, ਤ੍ਰਿਕਾਲਦਰਸ਼ੀ, ਬ੍ਰਹਮ ਗਿਆਨੀ, ਸਿੱਧ ਪੁਰਸ਼ ਤੇ ਕਾਲੇ ਇਲਮ ਵਾਲੇ) ਨਹੀਂ ਦੱਸ ਰਹੇ ਕਿ ਕੋਰੋਨਾ ਕਿਸ ਤਰੀਕ ਨੂੰ ਖ਼ਤਮ ਹੋਵੇਗਾ ਤੇ ਨਾ ਹੀ ਇਨ੍ਹਾਂ ਨੇ ਪਹਿਲਾਂ ਇਹ ਭਵਿੱਖਬਾਣੀ ਕੀਤੀ ਸੀ

ਕਿ ਅਜਿਹੀ ਕੋਈ ਆਫ਼ਤ ਪੈਣ ਵਾਲੀ ਹੈ। ਟੈਲੀਫ਼ੋਨ ਉਤੇ ਹੀ ਦੁਸ਼ਮਣਾਂ ਨੂੰ 24 ਘੰਟੇ ਵਿਚ ਖ਼ਤਮ ਕਰਨ ਦਾ ਦਾਅਵਾ ਕਰਨ ਵਾਲੇ ਲੁਧਿਆਣੇ ਦੇ ਧੂਰਤ ਤਾਂਤਰਿਕ ਕੋਈ ਮੰਤਰ ਨਹੀਂ ਮਾਰ ਰਹੇ, ਨਾ ਨਿਰਮਲ ਬਾਬਾ ਦੱਸ ਰਿਹਾ ਹੈ ਕਿ ਸਮੋਸੇ ਕਿਹੜੀ ਚਟਣੀ ਨਾਲ ਖਾਣ ਉਤੇ ਕ੍ਰਿਪਾ ਆਉਣੀ ਸ਼ੁਰੂ ਹੋਵੇਗੀ, ਨਾ ਕਰਾਮਾਤਾਂ ਕਰਨ ਤੇ ਮੀਂਹ ਪਾਉਣ ਦਾ ਦਾਅਵਾ ਕਰਨ ਵਾਲਾ ਮੈਂਟਲ ਬਾਬਾ ਕੋਈ ਕਰਾਮਾਤ ਵਿਖਾ ਰਿਹਾ ਹੈ ਤੇ ਨਾ ਹੀ ਲੋਕਾਂ ਨੂੰ ਗੋਹਾ ਤੇ ਮੂਤ ਪਿਆਉਣ ਵਾਲਾ ਤੇ ਸੰਜੀਵਨੀ ਬੂਟੀ ਲੱਭ ਲੈਣ ਵਾਲਾ ਦਾ ਦਾਅਵਾ ਕਰਨ ਵਾਲਾ ਬਾਬਾ ਰਾਮਦੇਵ ਕੋਈ ਇਲਾਜ ਦੱਸ ਰਿਹਾ ਹੈ।  ਜੇਲ ਵਿਚ ਬੰਦ ਇਕ ਬਦਚਲਣ ਬਾਬੇ ਦੇ ਚੇਲੇ ਇਹ ਪ੍ਰਚਾਰ ਕਰ ਰਹੇ ਹਨ ਕਿ ਕੋਰੋਨਾ ਬਾਬਾ ਜੀ ਦੀ ਕਰੋਪੀ ਕਾਰਨ ਆਇਆ ਹੈ।

ਜੇਕਰ ਬਾਬਾ ਜੀ ਨੂੰ ਨਾ ਛਡਿਆ ਗਿਆ ਤਾਂ ਹੋਰ ਵੀ ਕਰੋੜਾਂ ਲੋਕ ਮਰ ਸਕਦੇ ਹਨ।  ਪਛਮੀ ਦੇਸ਼ਾਂ ਦੇ ਅਮੀਰਾਂ ਨੇ ਇਸ ਮੌਕੇ ਅਪਣੇ ਖ਼ਜ਼ਾਨੇ ਆਮ ਜਨਤਾ ਦੀ ਭਲਾਈ ਤੇ ਕੋਰੋਨਾ ਦੇ ਦਵਾਈ ਦੀ ਖੋਜ ਲਈ ਖੋਲ੍ਹ ਦਿਤੇ ਹਨ। ਫ਼ੇਸਬੁਕ ਦੇ ਮਾਲਕ ਮਾਰਕ ਜ਼ੁਕਰਬਰਗ ਨੇ 8 ਅਰਬ ਰੁਪਏ, ਅਲੀਬਾਬਾ ਦੇ ਚੇਅਰਮੈਨ ਜੈਕ ਮਾਅ ਨੇ 2 ਅਰਬ ਅਤੇ ਗੂਗਲ ਦੇ ਚੇਅਰਮੈਨ ਬਿੱਲ ਗੇਟਸ 9.5 ਅਰਬ ਰੁਪਏ ਦਾਨ ਦਿਤੇ ਹਨ। 10 ਕਰੋੜ ਜਾਂ ਇਸ ਤੋਂ ਵੱਧ ਦੇਣ ਵਾਲਿਆਂ ਦਾ ਤਾਂ ਕੋਈ ਹਿਸਾਬ ਹੀ ਨਹੀਂ। ਪਰ ਭਾਰਤ ਦੇ ਸਰਮਾਏਦਾਰ, ਖ਼ਰਬਪਤੀ ਖਿਡਾਰੀ ਤੇ ਅਦਾਕਾਰ ਅਜੇ ਤਕ ਅਪਣੇ ਪੈਸੇ ਉਤੇ ਸੱਪ ਵਾਂਗ ਕੁੰਡਲੀ ਮਾਰ ਕੇ ਬੈਠੇ ਹਨ।

ਟਾਟਾ (1500 ਕਰੋੜ ਰੁਪਏ) ਤੇ ਅਕਸ਼ੈ ਕੁਮਾਰ (25 ਕਰੋੜ ਰੁਪਏ) ਤੋਂ ਇਲਾਵਾ ਹੋਰ ਕਿਸੇ ਨੇ ਵੀ ਹੁਣ ਤਕ ਕੋਈ ਖ਼ਾਸ ਵਰਨਣਯੋਗ ਰਕਮ ਦਾਨ ਨਹੀਂ ਕੀਤੀ ਤੇ ਨਾ ਹੀ ਗ਼ਰੀਬਾਂ ਦੀ ਕਿਸੇ ਕਿਸਮ ਦੀ ਕੋਈ ਸਿੱਧੀ ਮਦਦ ਹੀ ਕੀਤੀ ਹੈ। ਸੁਪਰ ਸਟਾਰ ਅਮਿਤਾਬ ਬੱਚਨ ਅਜੇ ਤਕ ਸਿਰਫ਼ ਤਾਲੀ ਤੇ ਥਾਲੀ ਖੜਕਾ ਕੇ ਅਤੇ ਦੀਵੇ ਜਗਾ ਕੇ ਫ਼ੋਟੋਆਂ ਖਿਚਵਾਉਣ ਤਕ ਹੀ ਸੀਮਤ ਹਨ। ਅੰਡਾਨੀ, ਅੰਬਾਨੀ, ਬਿਰਲਾ ਤੇ ਹੋਰ ਕਈ ਵਪਾਰਕ ਘਰਾਣੇ ਹਰ ਸਾਲ ਸਰਕਾਰ ਤੋਂ ਅਰਬਾਂ ਖ਼ਰਬਾਂ ਦੀਆਂ ਰਿਆਇਤਾਂ ਹਾਸਲ ਕਰਦੇ ਹਨ ਪਰ ਕਬੂਤਰ ਵਾਂਗ ਅੱਖਾਂ ਮੀਟੀ ਬੈਠੇ ਹਨ।

ਪੰਜਾਬ ਵਿਚ ਅਜਿਹੇ ਕਈ ਖ਼ਰਬਪਤੀ ਹਨ ਜਿਨ੍ਹਾਂ ਦੇ ਕਾਰਖ਼ਾਨੇ ਬਣਾਉਣ ਲਈ ਸਰਕਾਰ ਨੇ ਗ਼ਰੀਬ ਕਿਸਾਨਾਂ ਦੀ ਸੈਂਕੜੇ ਏਕੜ ਜ਼ਮੀਨ ਕੌਡੀਆਂ ਦੇ ਭਾਅ ਧੱਕੇ ਨਾਲ ਖੋਹ ਕੇ ਦਿਤੀ ਸੀ ਪਰ ਉਹ ਵੀ ਇੱਛਾਧਾਰੀ ਨਾਗ ਵਾਂਗ ਮਾਇਆ ਨੂੰ ਚੰਬੜੇ ਪਏ ਹਨ। ਅਟਲ ਸੱਚਾਈ ਇਹ ਹੈ ਕਿ ਗ਼ਰੀਬ ਬੰਦਾ ਅਮੀਰਾਂ ਨਾਲੋਂ ਕਿਤੇ ਵੱਧ ਦਰਿਆ ਦਿਲ ਹੁੰਦਾ ਹੈ। ਯੂ.ਪੀ. ਬਿਹਾਰ ਨੂੰ ਜਾ ਰਹੇ ਸਾਰੇ ਹੀ ਮਜ਼ਦੂਰ ਅਰਬਪਤੀਆਂ ਦੀਆਂ ਫ਼ੈਕਟਰੀਆਂ ਦੇ ਮੁਲਾਜ਼ਮ ਹਨ। ਪਰ ਇਕ ਵੀ ਅਜਿਹਾ ਮਾਮਲਾ ਸਾਹਮਣੇ ਨਹੀਂ ਆਇਆ ਕਿ ਕਿਸੇ ਪ੍ਰਵਾਸੀ ਮਜ਼ਦੂਰ ਨੂੰ ਕਿਸੇ ਕਿਸਾਨ ਨੇ ਕੰਮ ਤੋਂ ਹਟਾਇਆ ਹੋਵੇ। ਪੇਂਡੂ ਲੋਕ ਗ਼ਰੀਬਾਂ ਨੂੰ ਖੁਲ੍ਹ ਕੇ ਰੋਟੀ ਪਾਣੀ ਮੁਹਈਆ ਕਰਵਾ ਰਹੇ ਹਨ।

ਇਕਾ ਦੁੱਕਾ ਲੀਡਰ ਨੂੰ ਛੱਡ ਕੇ ਸਾਡੇ ਅਰਬਪਤੀ ਲੀਡਰ ਵੀ ਇਸ ਵਕਤ ਨਿਜੀ ਤੌਰ ਉਤੇ ਗ਼ਰੀਬਾਂ ਦੀ ਭਲਾਈ ਲਈ ਕੁੱਝ ਨਹੀਂ ਕਰ ਰਹੇ। ਵੋਟ ਰਾਜਨੀਤੀ ਹੋਣ ਕਾਰਨ ਲੀਡਰਾਂ ਨੂੰ ਅਪਣੇ ਇਲਾਕੇ ਦੇ ਹਰ ਵੋਟਰ ਦਾ ਹਿਸਾਬ ਰਖਣਾ ਪੈਂਦਾ ਹੈ। ਇਨ੍ਹਾਂ ਨੂੰ ਹਰ ਲੋੜਵੰਦ ਦਾ ਘਰ ਜ਼ੁਬਾਨੀ ਯਾਦ ਹੁੰਦਾ ਹੈ ਜਿਥੇ ਇਲੈਕਸ਼ਨ ਵੇਲੇ ਜਾਇਜ਼ ਨਾਜਾਇਜ਼ ਮਾਲ ਪਹੁੰਚਾਇਆ ਜਾਂਦਾ ਹੈ। ਜੇਕਰ ਇਹ ਦਿਲੋਂ ਚਾਹੁਣ ਤਾਂ ਹੁਣ ਵੀ ਭੁੱਖ ਨਾਲ ਮਰ ਰਹੇ ਲੋਕਾਂ ਨੂੰ ਇਲੈੱਕਸ਼ਨ ਵਾਂਗ ਘਰੋਂ ਘਰੀ ਰਾਸ਼ਨ ਪਹੁੰਚਾ ਸਕਦੇ ਹਨ। ਕਈ ਨੇਤਾ ਸਰਕਾਰੀ ਮੀਟਿੰਗਾਂ ਦੀਆਂ ਫੋਟੋਆਂ ਪ੍ਰੈਸ ਨੂੰ ਭੇਜਦੇ ਹਨ ਕਿ ਕੋਰੋਨਾ ਕਾਰਨ ਅਹਤਿਆਤ ਰੱਖਣ ਲਈ ਮੀਟਿੰਗ ਵਿਚ ਲੀਡਰ ਤਿੰਨ-ਤਿੰਨ ਮੀਟਰ ਦੀ ਦੂਰੀ ਉਤੇ ਬੈਠੇ ਹੋਏ ਹਨ ਪਰ ਇਨ੍ਹਾਂ ਦੀਆਂ ਗਾਰਦਾਂ ਤੇ ਗੰਨਮੈਨਾਂ ਦੀ ਹਾਲਤ ਬਹੁਤ ਤਰਸਯੋਗ ਹੁੰਦੀ ਹੈ।

ਛੋਟੀ ਜਹੀ ਐਸਕਾਰਟ ਜਿਪਸੀ ਤੇ ਟੈਂਟ ਵਿਚ 8-10 ਬੰਦੇ ਜਾਨਵਰਾਂ ਵਾਂਗ ਤੁੰਨੇ ਹੁੰਦੇ ਹਨ। ਲੀਡਰਾਂ ਨੂੰ ਸ਼ਾਇਦ ਏਨਾ ਗਿਆਨ ਹੀ ਨਹੀਂ ਕਿ ਅਜਿਹੀ ਪ੍ਰਦੂਸ਼ਿਤ ਜਗ੍ਹਾ ਵਿਚ ਰਹਿਣ ਕਾਰਨ ਗੰਨਮੈਨਾਂ ਨੂੰ ਵੀ ਕੋਰੋਨਾ ਹੋ ਸਕਦਾ ਹੈ।   ਇਸ ਵੇਲੇ ਜਦੋਂ ਕਰਫ਼ਿਊ ਕਾਰਨ ਸਾਰੇ ਮਹਿਕਮੇ ਘਰ ਬੈਠੇ ਛੁੱਟੀ ਮਨਾ ਰਹੇ ਹਨ, ਸਿਰਫ਼ ਪੁਲਿਸ, ਸਰਕਾਰੀ ਡਾਕਟਰ ਤੇ ਕੁੱਝ ਹੋਰ ਮਹਿਕਮੇ ਹੀ ਅਪਣੀ ਜਾਨ ਉਤੇ ਖੇਡ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ। ਪਰ ਸਾਡੇ ਮੂਰਖ ਅੰਧ ਭਗਤਾਂ ਨੇ ਕੋਰੋਨਾ ਤੋਂ ਠੀਕ ਹੋ ਕੇ ਡਾਕਟਰਾਂ ਦਾ ਧਨਵਾਦ ਕਰਨ ਦੀ ਬਜਾਏ ਫਿਰ ਕਿਸੇ ਬਾਬੇ ਦੇ ਹੀ ਪੈਰ ਚੱਟਣੇ ਹਨ ਕਿ ਸਾਡੀ ਜਾਨ ਤਾਂ ਤੁਹਾਡੀ ਕ੍ਰਿਪਾ ਨਾਲ ਬਚੀ ਹੈ।

ਸਿਰ ਪੀੜ ਵਾਲੇ ਮਰੀਜ਼ ਦਾ ਵੀ 5 ਲੱਖ ਬਿੱਲ ਬਣਾ ਦੇਣ ਵਾਲੇ ਨਿਜੀ ਹਸਪਤਾਲਾਂ ਵਾਲੇ ਜਿੰਦਰੇ ਮਾਰ ਕੇ ਭੱਜ ਗਏ ਹਨ। ਕਈਆਂ ਨੇ ਗੇਟਾਂ ਉਤੇ ਬੇਸ਼ਰਮੀ ਭਰੇ ਬੋਰਡ ਲਗਾ ਦਿਤੇ ਹਨ ਕਿ ਕੋਰੋਨਾ ਦੇ ਮਰੀਜ਼ ਸਰਕਾਰੀ ਹਸਪਤਾਲ ਵਿਚ ਜਾਣ। ਇਹ ਸਾਰੇ ਹਸਪਤਾਲ ਸਰਕਾਰ ਨੂੰ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਵਾਸਤੇ ਜ਼ਬਤ ਕਰ ਲੈਣੇ ਚਾਹੀਦੇ ਹਨ ਕਿਉਂਕਿ ਉਥੇ ਸਰਕਾਰੀ ਹਸਪਤਾਲਾਂ ਨਾਲੋਂ ਕਿਤੇ ਵੱਧ ਸਹੂਲਤਾਂ ਮੌਜੂਦ ਹਨ। ਅਜਿਹੇ ਮੌਕੇ ਸਾਨੂੰ ਸੱਭ ਨੂੰ ਅਪਣੇ ਸਵਾਰਥ ਛੱਡ ਕੇ ਦੁਖਿਆਰਿਆਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਸਰਕਾਰ ਇਕੱਲੀ ਕੁੱਝ ਨਹੀਂ ਕਰ ਸਕਦੀ।
ਸੰਪਰਕ : 95011-00062