ਧੂਮ ਧੜੱਕੇ ਵਾਲੇ ਵਿਆਹ ਦੇ ਲਾਲਚ ਨੇ ਰੋਲੇ ਲਾੜੀ ਦੇ ਸੁਪਨੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕੋਰੋਨਾ ਦਾ ਕਹਿਰ ਜਾਣ ਦਾ ਨਾਂ ਹੀ ਨਹੀਂ ਲੈ ਰਿਹਾ। ਹਨੇਰੀ ਆਉਂਦੀ ਹੈ ਸਮਾਂ ਪਾ ਕੇ ਰੁਕ ਜਾਂਦੀ ਹੈ।

File photo

ਕੋਰੋਨਾ ਦਾ ਕਹਿਰ ਜਾਣ ਦਾ ਨਾਂ ਹੀ ਨਹੀਂ ਲੈ ਰਿਹਾ। ਹਨੇਰੀ ਆਉਂਦੀ ਹੈ ਸਮਾਂ ਪਾ ਕੇ ਰੁਕ ਜਾਂਦੀ ਹੈ। ਬੱਦਲ ਆਉਂਦੇ ਨੇ ਮੀਂਹ ਵਰਸਾ ਕੇ ਚਲੇ ਜਾਂਦੇ ਹਨ। ਇਸ ਧਰਤੀ ਉਤੇ ਪਹਿਲਾਂ ਵੀ ਬਹੁਤ ਆਫ਼ਤਾਂ ਆਈਆਂ ਤੇ ਅਪਣਾ ਕਹਿਰ ਵਰਤਾ ਕੇ ਚਲਦੀਆਂ ਬਣੀਆਂ। ਪਰ ਇਹ ਆਫ਼ਤ ਤਾਂ ਇਕੋ ਸਮੇਂ ਸਾਰੀ ਦੁਨੀਆਂ ਤੇ ਬਿਜਲੀ ਵਾਂਗ ਡਿੱਗ ਪਈ ਹੈ। ਕਿਵੇਂ ਇਹ ਦੁਨੀਆਂ ਇਸ ਆਫ਼ਤ ਤੋਂ ਬਾਹਰ ਨਿਕਲੇਗੀ? ਇਹ ਤਾਂ ਹੁਣ ਉਹ ਸੱਚਾ ਪਾਤਸ਼ਾਹ ਹੀ ਜਾਣਦਾ ਹੈ। ਹੁਣ ਤਾਂ ਹਰ ਗੁਰਦਵਾਰੇ ਵਿਚ ਸਵੇਰੇ-ਸ਼ਾਮੀ ਪਾਠੀ ਸਿੰਘ ਵੀ ਇਹੀ ਅਰਦਾਸ ਕਰਦੇ ਸੁਣੀਂਦੇ ਹਨ ਕਿ 'ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ'
''ਸਾਡਾ ਗ਼ਰੀਬਾਂ ਦਾ ਕੀ ਕਸੂਰ ਹੈ ਜਿਹੜਾ ਸਾਡੇ ਉਤੇ ਏਨਾ ਪ੍ਰਕੋਪ ਆ ਗਿਐ?'' ਇਹ ਗੱਲ ਛਿੰਦੇ ਨੇ ਮੈਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਿਆਂ ਹੀ ਇਕਸਾਰ ਬਿਨਾਂ ਰੁਕਿਆ ਬੋਲ ਦਿਤੀ।

ਮੈਨੂੰ ਵਿਚੋਂ ਅਸਲੀ ਗੱਲ ਦਾ ਤਾਂ ਪਤਾ ਨਹੀਂ ਸੀ ਕਿ ਇਹ ਏਨਾ ਕਿਉਂ ਦੁਖੀ ਹੋਇਆ ਬੋਲ ਰਿਹੈ। ਮੈਂ ਫਿਰ ਹਸਦੇ-ਹਸਦੇ ਨੇ ਉਸ ਨੂੰ ਮਜ਼ਾਕ ਨਾਲ ਆਖ ਦਿਤਾ ਕਿ ''ਫਿਰ ਕੀ ਹੋਇਆ ਅਪਣੇ ਪੰਜਾਬ ਉੱਤੇ ਕੋਈ ਪਹਿਲੀ ਵਾਰ ਥੋੜੀ ਅਜਹੀ ਮੁਸੀਬਤ ਆਈ ਹੈ। ਪਹਿਲਾਂ ਵੀ ਕਈ ਵਾਰੀ ਇਥੇ ਬਹੁਤ ਕੁੱਝ ਵਾਪਰਿਆ ਹੈ। ਸਾਡੀ ਤਾਂ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ, ਇਹ ਕੋਰੋਨਾ ਸਾਡਾ ਕੁੱਝ ਨਹੀਂ ਵਿਗਾੜ ਸਕਦਾ। ਇਥੋਂ ਦੇ ਲੋਕ ਬੜੇ ਦਇਆਵਾਨ ਤੇ ਸੇਵਾਦਾਰ ਹਨ, ਕਿਸੇ ਨੂੰ ਭੁੱਖਾ ਨਹੀਂ ਰਹਿਣ ਦੇਣਗੇ।

ਘਰ-ਘਰ ਰਾਸ਼ਨ ਤੇ ਲੰਗਰ ਪਹੁੰਚਾ ਕੇ ਪ੍ਰਮਾਤਮਾ ਦੀ ਖ਼ੁਸ਼ੀ ਪ੍ਰਾਪਤ ਕਰਦੇ ਨੇ। ਛਿੰਦਿਆ, ਤੂੰ ਕਿਉਂ ਘਬਰਾ ਰਿਹੈਂ? ਜੇ ਆਖੇਂ ਤਾਂ ਤੇਰੇ ਘਰ ਵੀ ਰਾਸ਼ਨ ਪਹੁੰਚਾ ਦੇਈਏ।'' ਛਿੰਦਾ ਭਾਵੁਕ ਹੁੰਦਿਆਂ ਆਖਣ ਲੱਗਾ, ''ਵਾਹ ਚਾਚਾ ਵਾਹ! ਕਿਹੜੀ ਗੱਲ ਆਖੀ ਆ। ਅਸੀ ਤਾਂ ਭੁੱਖੇ ਢਿੱਡ ਵੀ ਸੌਂ ਜਾਵਾਂਗੇ, ਕੋਈ ਪ੍ਰਵਾਹ ਨਹੀਂ। ਪਰ ਜਿਹੜੇ ਰੱਜੇ ਹੋਏ ਨੇ ਉਨ੍ਹਾਂ ਨੂੰ ਕਿਥੋਂ ਹੋਰ ਰਜਾਵਾਂਗੇ? ਮੈਂ ਤਾਂ ਇਹੀ ਸੋਚ-ਸੋਚ ਕੇ ਥੱਕ ਗਿਆ ਹਾਂ।

ਤੈਨੂੰ ਸ਼ਾਇਦ ਇਸ ਗੱਲ ਦਾ ਪਤਾ ਨਹੀਂ ਕਿ ਕੋਰੋਨਾ ਵਾਇਰਸ ਦੇ ਕਹਿਰ ਤੋਂ ਪਹਿਲਾਂ ਮੇਰੀ ਭੈਣ ਜੀਤੀ ਦਾ ਵਿਆਹ ਰਖਿਆ ਹੋਇਆ ਸੀ। ਅਸੀ ਵਿਆਹ ਦੀ ਅਪਣੇ ਹਿਸਾਬ ਨਾਲ ਪੂਰੀ ਤਿਆਰੀ ਕੀਤੀ ਹੋਈ ਸੀ। ਸਰਕਾਰ ਨੇ ਉਪਰੋਂ ਕਰਫ਼ਿਊ ਲਗਾ ਦਿਤਾ ਤੇ ਮੈਂ ਸੋਚਿਆ ਕਿ ਲੜਕੇ ਵਾਲਿਆਂ ਨੂੰ ਵੀ ਹਾਲਾਤ ਦਾ ਪਤਾ ਹੀ ਹੋਣੈ। ਇਹ ਗੱਲ ਉਹ ਵੀ ਜਾਣਦੇ ਹੋਣਗੇ। ਪਰ ਕਿਥੇ ਪਰਸੋਂ ਬਰਾਤ ਆਉਣੀ ਸੀ ਤੇ ਰਾਤੀ ਉਨ੍ਹਾਂ ਦਾ ਫ਼ੋਨ ਆ ਗਿਆ ਹੈ ਕਿ ਅਸੀ ਵਿਆਹ ਹੁਣ ਨਹੀਂ ਬਾਅਦ ਵਿਚ ਕਰਨ ਦੀ ਸਲਾਹ ਕੀਤੀ ਹੈ।

ਸਾਡਾ ਇਕੋ ਇਕ ਮੁੰਡਾ ਹੈ ਅਸੀ ਤਾਂ ਵਿਆਹ ਦੇ ਸ਼ੌਕ ਪੂਰੇ ਕਰਨੇ ਨੇ। ਇਸ ਕਰ ਕੇ ਵਿਆਹ ਦੀ ਮੁੜ ਦੁਬਾਰਾ ਤਰੀਕ ਪੱਕੀ ਕਰਾਂਗੇ। ਚਾਚਾ, ਸਾਡਾ ਤਾਂ ਸਾਰਾ ਸਾਮਾਨ ਵੀ ਘਰ ਲੈ ਕੇ ਰਖਿਆ ਹੋਇਆ ਹੈ, ਸੱਭ ਕੁੱਝ ਬਣਿਆ ਹੋਇਆ ਹੈ। ਹੁਣ ਦਸੋ ਮੇਰੀ ਭੈਣ ਦਾ ਕੀ ਕਸੂਰ ਇਸ ਵਿਚ? ਜਿਹੜੀ ਅਪਣੇ ਚਾਅ ਬੜੇ ਚਿਰਾਂ ਤੋਂ ਅਪਣੇ ਮਨ ਵਿਚ ਦੱਬੀ ਬੈਠੀ ਸੀ।

ਤੁਸੀਂ ਕਹਿੰਦੇ ਹੋ ਕਿ ਇਥੇ ਸੱਭ ਕੁੱਝ ਠੀਕ ਹੈ। ਮੈਨੂੰ ਤਾਂ ਕੁੱਝ ਵੀ ਠੀਕ ਨਹੀਂ ਲਗਦਾ। ਪਹਿਲਾਂ ਮੇਰਾ ਪਿਉ ਸਾਨੂੰ ਵਿਲਕਦਿਆਂ ਨੂੰ ਛੱਡ ਕੇ ਤੁਰ ਪਿਆ। ਮਾਂ ਨੇ ਬੜੀ ਮੁਸ਼ਕਲ ਨਾਲ ਸਾਨੂੰ ਸਾਂਭਿਆ। ਜਦ ਭਾਰ ਲਾਹੁਣ ਦੀ ਵਾਰੀ ਆਈ ਤਾਂ ਆਹ ਆਫ਼ਤ ਨੇ ਘੇਰ ਲਿਆ। ਅਗੋਂ ਮੁੰਡੇ ਵਾਲੇ ਨਖ਼ਰੇ ਕਰਨੋ ਬਾਜ਼ ਨਹੀਂ ਆ ਰਹੇ।'' ਹੁਣ ਮੇਰੇ ਕੋਲ ਉਸ ਦੀ ਕਿਸੇ ਇਕ ਗੱਲ ਦਾ ਜਵਾਬ ਨਹੀਂ ਸੀ। ਸਚਮੁੱਚ ਹੀ ਵਿਆਹ ਰੱਦ ਹੋ ਗਿਆ। ਉਹ ਕੁੜੀ ਫਿਰ ਅਪਣੇ ਭਰਾ ਨਾਲ ਪੱਠੇ ਵਢਾਉਣ ਲਈ ਖੇਤ ਵਿਚ ਜਾਣ ਲੱਗ ਪਈ ਹੈ। ਪਤਾ ਨਹੀਂ ਹੁਣ ਉਹ ਸਮਾਂ ਕਦੋਂ ਆਵੇਗਾ, ਜਦੋਂ ਜੀਤੀ ਫਿਰ ਕਲੀਰੇ ਅਪਣੇ ਗੁੱਟਾਂ ਉਤੇ ਬੰਨ੍ਹੇਗੀ।
ਸੰਪਰਕ 75891-55501