ਸ਼ਹੀਦ ਭਾਈ ਦਲੀਪ ਸਿੰਘ ਸਾਹੋਵਾਲ (ਸਾਕਾ ਨਨਕਾਣਾ ਸਾਹਿਬ)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਗੁਰਦਵਾਰਾ ਸ੍ਰੀ ਨਨਕਾਣਾ ਸਾਹਿਬ ਜੀ ਨੂੰ ਮਹੰਤਾਂ ਕੋਲੋਂ ਆਜ਼ਾਦ ਕਰਵਾਉਣ ਵੇਲੇ 20 ਫ਼ਰਵਰੀ 1921 ਨੂੰ ਵਾਪਰੇ ਸਾਕੇ ਵਿਚ ਸ਼ਹੀਦ ਹੋਏ ਸਿਖਾਂ ਵਿਚ ਅਪਣੇ ਪ੍ਰਾਣਾਂ ਦੀ ...

Shaheed Bhai Dalip Singh Sahowal

ਗੁਰਦਵਾਰਾ ਸ੍ਰੀ ਨਨਕਾਣਾ ਸਾਹਿਬ ਜੀ ਨੂੰ ਮਹੰਤਾਂ ਕੋਲੋਂ ਆਜ਼ਾਦ ਕਰਵਾਉਣ ਵੇਲੇ 20 ਫ਼ਰਵਰੀ 1921 ਨੂੰ ਵਾਪਰੇ ਸਾਕੇ ਵਿਚ ਸ਼ਹੀਦ ਹੋਏ ਸਿਖਾਂ ਵਿਚ ਅਪਣੇ ਪ੍ਰਾਣਾਂ ਦੀ ਆਹੂਤੀ ਦੇਣ ਵਾਲੇ ਭਾਈ ਦਲੀਪ ਸਿੰਘ ਦਾ ਜਨਮ ਪਿਤਾ ਭਾਈ ਕਰਮ ਸਿੰਘ ਦੇ ਘਰ ਬੀਬੀ ਹਰ ਕੌਰ ਦੀ ਕੁੱਖੋਂ ਪਿੰਡ ਸਾਹੋਵਾਲ ਤਹਿਸੀਲ ਡਸਕਾ ਜ਼ਿਲ੍ਹਾ ਸਿਆਲਕੋਟ ਵਿਖੇ ਹੋਇਆ। ਉਨ੍ਹਾਂ ਦੇ ਦਾਦਾ ਅਜੀਤ ਸਿੰਘ ਵਿਚ ਸਿੱਖੀ ਸਿਦਕ ਕੁੱਟ ਕੁੱਟ ਕੇ ਭਰਿਆ ਹੋਇਆ ਸੀ।

ਉਨ੍ਹਾਂ ਨੇ ਮੁਢਲੀ ਪੜ੍ਹਾਈ ਡਸਕੇ ਦੇ ਅੰਗਰੇਜ਼ੀ ਮਿਡਲ ਸਕੂਲ ਅਤੇ ਬਾਕੀ ਦੀ ਪੜ੍ਹਾਈ ਖ਼ਾਲਸਾ ਹਾਈ ਸਕੂਲ ਗੁਜਰਾਂਵਾਲਾ ਵਿਚ ਕੀਤੀ। ਇਸੇ ਸਕੂਲ ਵਿਚ ਸਿੱਖੀ ਦੀ ਅਜਿਹੀ ਰੰਗਤ ਚੜ੍ਹੀ ਕਿ ਆਪ ਸਿੰਘ ਸੱਜ ਗਏ। ਆਪ ਜੀ ਦਾ ਵਿਆਹ ਬੀਬੀ ਰਛਪਾਲ ਕੌਰ ਪੁਤਰੀ ਭਾਈ ਗੰਡਾ ਸਿੰਘ ਚੱਕ ਜ਼ਿਲ੍ਹਾ ਸ਼ੇਖੂਪੁਰ ਵਿਚ ਹੋਈ। ਆਪ ਦਾ ਪੁੱਤਰ 18 ਸਾਲ ਦੀ ਉਮਰ ਵਿਚ ਸਵਰਗਵਾਸ ਹੋ ਗਿਆ, ਆਪ ਦੀ ਇਕਲੌਤੀ ਬੇਟੀ ਹੀ ਸ਼ਹੀਦ ਪ੍ਰਵਾਰ ਦੀ ਵਾਰਸ ਬਣੀ।

ਸੰਨ 1890 ਵਿਚ ਸਾਂਦਲ ਬਾਰ ਵਿਚ ਜ਼ਮੀਨਾਂ ਆਬਾਦ ਕਰਨ ਦਾ ਕੰਮ ਸ਼ੁਰੂ ਹੋਇਆ। ਭਾਈ ਕਰਮ ਸਿੰਘ ਨੇ ਢਾਈ ਮੁਰੱਬੇ ਜ਼ਮੀਨ ਚੱਕ ਰੱਖ ਬ੍ਰਾਂਚ ਵਿਚ ਲੈ ਲਈ। ਇਸ ਚੱਕ ਦਾ ਨਾਂ ਵੀ ਪਿਛਲੇ ਪਿੰਡ ਸਾਹੋਵਾਲ ਦੇ ਨਾਂ ਤੇ ਰਖਿਆ, ਇਹ ਚੱਕ ਸਾਂਗਲਾ ਹਿਲ ਤੋਂ ਦਸ ਕਿਲੋਮੀਟਰ ਪੱਛਮ ਵਲ ਜ਼ਿਲ੍ਹਾ ਫੈਸਲਾਬਾਦ (ਲਾਇਲਪੁਰ) ਵਿਚ ਹੈ। ਆਪ ਦਾ ਪ੍ਰਵਾਰ ਅਤੇ ਪਿੰਡ ਦੇ ਹੋਰ ਕਈ ਪ੍ਰਵਾਰ ਸਿਅਲਕੋਟ ਤੋਂ ਇਸ ਚੱਕ ਵਿਚ ਆਣ ਆਬਾਦ ਹੋਏ। ਇਸ ਦੌਰ ਵਿਚ ਬਹੁਤ ਸਾਰੇ ਗੁਰਦਵਾਰਿਆਂ ਉਤੇ ਮਹੰਤਾਂ ਦਾ ਕਬਜ਼ਾ ਸੀ।

ਮਹੰਤ ਸੇਵਾ ਸੰਭਾਲ ਦੀ ਥਾਂ ਗੁਰੂ ਘਰਾਂ ਵਿਚ ਸ਼ਰਾਬਾਂ ਪੀਂਦੇ, ਕੰਜਰੀਆਂ ਨਚਾਉਂਦੇ ਅਤੇ ਦਸ਼ਰਨ ਲਈ ਆਈਆਂ ਸੰਗਤਾਂ ਵਿਚ ਬੀਬੀਆਂ ਦੀ ਬੇਪਤੀ ਕਰਦੇ। ਗੁਰਦਵਾਰਾ ਸੁਧਾਰ ਲਹਿਰ ਦੇ ਕਾਰਜਾਂ ਦੀ ਪੂਰਤੀ ਲਈ ਇਕ ਸਾਂਝੀ ਪ੍ਰਤੀਨਿਧ ਕਮੇਟੀ ਕਾਇਮ ਕਰਨ ਲਈ 15 ਨਵੰਬਰ 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਰਬੱਤ ਖ਼ਾਲਸੇ ਦਾ ਬਹੁਤ ਭਾਰੀ ਇਕੱਠ ਹੋਇਆ ਜਿਸ ਵਿਚ 139 ਸਿੱਖ ਪ੍ਰਤੀਨਿਧ ਚੁਣੇ ਗਏ। ਇਨ੍ਹਾਂ ਵਿਚ ਭਾਈ ਦਲੀਪ ਸਿੰਘ ਦਾ ਨਾਂ ਵੀ ਸ਼ਾਮਲ ਸੀ।

ਸ੍ਰੀ ਨਨਕਾਣਾ ਸਾਹਿਬ ਨੂੰ ਮਹੰਤਾਂ ਕੋਲੋਂ ਆਜ਼ਾਦ ਕਰਵਾਉਣ ਲਈ ਸਾਰੇ ਪੰਥ ਵਲੋਂ 4, 5 ਅਤੇ 6 ਮਾਰਚ ਦੇ ਦਿਨ ਤੈਅ ਕੀਤੇ ਗਏ ਸਨ, ਪਰ ਭਾਈ ਲਛਮਣ ਸਿੰਘ ਧਾਰੋਵਾਲ ਅਤੇ ਭਾਈ ਕਰਤਾਰ ਸਿੰਘ ਝੱਬਰ ਦੇ ਜਥੇ 19 ਫ਼ਰਵਰੀ ਦੀ ਰਾਤ ਨੂੰ ਹੀ ਗੁਰਦਵਾਰਾ ਸਾਹਿਬ ਨੂੰ ਆਜ਼ਾਦ ਕਰਵਾਉਣ ਲਈ ਚਾਲੇ ਪਾ ਦਿਤੇ। ਮਹੰਤ ਨੇ ਸ੍ਰੀ ਨਨਕਾਣਾ ਸਾਹਿਬ ਵਿਚ ਬਹੁਤ ਸਾਰੇ ਗੁੰਡੇ ਬੁਲਾਏ ਹੋਏ ਸਨ ਅਤੇ ਅਸਲਾ ਵੀ ਜਮ੍ਹਾ ਕੀਤਾ ਹੋਇਆ ਸੀ। ਖ਼ੂਨ-ਖਰਾਬੇ ਦੇ ਖਦਸ਼ੇ ਨੂੰ ਵੇਖਦੇ ਹੋਏ ਸਮੂਹ ਪੰਥ ਵਲੋਂ ਜਥਿਆਂ ਨੂੰ ਰੋਕਣ ਲਈ ਪੰਜ ਸਿੰਘਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ, ਜਿਨ੍ਹਾਂ ਵਿਚ ਭਾਈ ਦਲੀਪ ਸਿੰਘ ਵੀ ਸ਼ਾਮਲ ਸਨ। 

ਜਥੇਦਾਰ ਕਰਤਾਰ ਸਿੰਘ ਝੱਬਰ ਦੇ ਜਥੇ ਨੂੰ ਪੰਥ ਦਾ ਹੁਕਮ ਸੁਣਾ ਕੇ ਰਾਹ ਵਿਚ ਹੀ ਰੋਕ ਲਿਆ ਗਿਆ ਪਰ ਰਾਤ ਹੋਣ ਕਾਰਨ ਭਾਈ ਲਛਮਣ ਦੇ ਜਥੇ ਨਾਲ ਮੇਲ ਨਾ ਹੋਇਆ। 20 ਫ਼ਰਵਰੀ ਨੂੰ ਤੜਕਸਾਰ ਇਹ ਜਥਾ ਸ਼ਬਦ ਕੀਰਤਨ ਪੜ੍ਹਦਾ ਗੁਰੂ ਘਰ ਵਿਚ ਦਾਖ਼ਲ ਹੋਇਆ। ਮਹੰਤ ਦੇ ਗੁੰਡਿਆਂ ਨੇ ਬਾਣੀ ਦਾ ਸਿਮਰਨ ਕਰ ਰਹੇ ਨਿਹੱਥੇ ਸਿੰਘਾਂ ਉਤੇ ਅੰਨ੍ਹੇਵਾਹ ਗੋਲੀ ਚਲਾਈ ਅਤੇ ਸਿੱਖਾਂ ਨੂੰ ਜਿਊਂਦਿਆਂ ਤੇਲ ਪਾ ਕੇ ਸਾੜ ਦਿਤਾ। ਜਦੋਂ ਭਾਈ ਦਲੀਪ ਸਿੰਘ ਇਸ ਕਾਰੇ ਦੀ ਖ਼ਬਰ ਸੁਣ ਕੇ ਗੁਰਦਵਾਰਾ ਸਾਹਿਬ ਅੰਦਰ ਦਾਖ਼ਲ ਹੋਏ ਤਾਂ ਉਨ੍ਹਾਂ ਨੇ ਇਸ ਕਾਰੇ ਤੇ ਮਹੰਤ ਨੂੰ ਲਲਕਾਰਿਆ।

ਮਹੰਤ ਨੇ ਗੋਲੀ ਮਾਰ ਕੇ ਉਨ੍ਹਾਂ ਨੂੰ ਜਿਊਂਦਿਆਂ ਹੀ ਲੰਗਰ ਪਕਾਉਣ ਵਾਲੀ ਬਲਦੀ ਆਵੀ ਵਿਚ ਸੁੱਟ ਕੇ ਸ਼ਹੀਦ ਕਰ ਦਿਤਾ।ਭਾਈ ਸਾਹਿਬ ਦੇ ਪਿੰਡ ਸਾਹੋਵਾਲ ਨੂੰ ਅੱਜ ਵੀ ਸ਼ਹੀਦ ਦੇ ਪਿੰਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਵੰਡ ਤੋਂ ਪਹਿਲਾਂ ਇਸ ਪਿੰਡ ਵਿਚ ਭਾਈ ਸਾਹਿਬ ਦੇ ਨਾਂ ਤੇ ਇਕ ਗੁਰਦਵਾਰਾ ਸਾਹਿਬ ਉਸਾਰਿਆ ਗਿਆ, ਜਿਸ ਥਾਂ ਤੇ ਅੱਜ ਇਕ ਮਸਜਿਦ ਬਣਾ ਦਿਤੀ ਗਈ ਹੈ। ਗੁਰਦਵਾਰਾ ਸਾਹਿਬ ਵਿਚ ਪ੍ਰਕਾਸ਼ ਅਸਥਾਨ ਅਤੇ ਲੰਗਰ ਹਾਲ ਅਜੇ ਵੀ ਮੌਜੂਦ ਹਨ। ਵੰਡ ਤੋਂ ਬਾਅਦ ਭਾਈ ਦਲੀਪ ਸਿੰਘ ਦਾ ਪ੍ਰਵਾਰ ਪਿੰਡ ਜੰਡ ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਵਿਚ ਆਣ ਵਸਿਆ। ਇਲਾਕੇ ਦੇ ਲੋਕ ਹਰ ਸਾਲ 21 ਫ਼ਰਵਰੀ ਸ਼ਹੀਦਾਂ ਦੀ ਬਰਸੀ ਮਨਾਉਂਦੇ ਹਨ।

ਸੰਪਰਕ : 98140-44425