ਤਿਰੰਗੇ ਹੇਠ ਆਜ਼ਾਦੀ ਦਾ ਨਿੱਘ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

‘ਝੁੱਲ-ਝੁੱਲ  ਵੇ  ਤਿਰੰਗਿਆ, ਝੁੱਲ- ਝੁੱਲ ਵੇ ਤਿਰੰਗਿਆ, ਕਰ ਮਿਹਨਤਾਂ ਭਜਾਉਣਾ ਭੁੱਖ-ਨੰਗ ਨੂੰ, ਕਾਣੀ-ਵੰਡ ਤੋਂ ਬਗੈਰ ਮਿਲੇ ਰੋਟੀ ਸੱਭ ਨੂੰ, ਸ਼ਹੀਦਾਂ ਦਾ ਇਹੋ ਐ ਖਵਾਬ

Independence Day

ਹਰ ਆਜ਼ਾਦ ਮੁਲਕ/ ਦੇਸ਼ /ਰਾਸ਼ਟਰ ਦੀ ਪਹਿਚਾਣ ਉਸ ਦਾ ਕੌਮੀ ਝੰਡਾ ਹੁੰਦਾ  ਹੈ। ਤਿਰੰਗਾ ਵੀ ਦੁਨੀਆਂ ਭਰ ਵਿਚ ਭਾਰਤ ਦੀ ਆਜ਼ਾਦੀ ਦਾ ਮਾਣ ਤੇ ਸ਼ਾਨ ਤੇ ਇਕ ਵਖਰੀ ਪਹਿਚਾਣ ਬਣਿਆ ਹੋਇਆ ਹੈ ਜਿਸ ’ਤੇ ਹਰ ਭਾਰਤੀ ਨੂੰ ਫਖ਼ਰ ਹੈ। 14 ਅਗੱਸਤ ਦੇ ਖ਼ਾਤਮੇ ਤੋਂ ਬਾਅਦ ਯਾਨੀ ਕਿ 15 ਅਗੱਸਤ ਦੀ ਆਦਿ ਤੋਂ ਇਸ ਨੂੰ ਲਾਲ ਕਿਲ੍ਹੇ ਉਤੇ ਝੁੱਲਣ ਤੇ ‘ਕੌਮੀ ਝੰਡਾ’ ਹੋਣ ਦਾ ਮਾਣ ਪ੍ਰਾਪਤ ਹੋਇਆ।  ‘ਝੰਡੇ’ ਦਾ ਲਫ਼ਜ਼ੀ ਅਰਥ ‘ਜਿੱਤ/ਏਕਤਾ ਦਾ ਨਿਸ਼ਾਨ/ਨਿਸ਼ਾਨੀ’ ਹੁੰਦਾ ਹੈ। ਭਾਰਤ ਦੇ ਝੰਡੇ ਨੂੰ ਮੌਜੂਦਾ ਸ਼ਕਲ ਵਿਚ ਆਉਣ ਲਈ ਵੱਖ-ਵੱਖ ਪੜਾਵਾਂ ਵਿਚੋਂ ਦੀ ਗੁਜ਼ਰਨਾ ਪਿਆ।

 

 

 

ਸੰਨ 1904 ਵਿਚ ਦੋ ਰੰਗਾਂ (ਲਾਲ-ਪੀਲੇ) ਵਿਚ ਪਹਿਲਾ ਭਾਰਤੀ ਝੰਡਾ ਹੋਂਦ ਵਿਚ ਆਇਆ ਜਿਸ ਨੂੰ ਸਵਾਮੀ  ਵਿਵੇਕਾ ਨੰਦ ਦੀ ਆਈਰਿਸ਼ (ਆਇਰਲੈਂਡ) ਸ਼ਾਗਿਰਦ ਸਿਸਟਰ ਨਿਵੇਦਿਤਾ ਨੇ ਬਣਾਇਆ ਤੇ  ਇਸ ਉਪਰ ਬੰਗਾਲੀ ਵਿਚ ‘ਵੰਦੇ ਮਾਤਰਮ’ ਲਿਖਿਆ ਤੇ ‘ਵਜਰ’ (ਇੰਦਰ ਦੇਵਤੇ ਦਾ ਹਥਿਆਰ) ਵੀ ਚਿੰਨ੍ਹ ਵਜੋਂ ਅੰਕਿਤ ਕੀਤਾ ਗਿਆ। ਸੰਨ 1906 ਵਿਚ  ਹੀ ਇਸੇ ਸਿਸਟਰ ਨੇ ਇਕ ਹੋਰ  ਦੂਜਾ ਝੰਡਾ ਡਿਜ਼ਾਈਨ ਕੀਤਾ। ਨੀਲੇ, ਪੀਲੇ ਤੇ ਲਾਲ ਰੰਗ ਦੀਆਂ ਪੱਟੀਆਂ ਵਾਲੇ ਇਸ ਤਿਰੰਗੇ ਦੀ ਨੀਲੀ ਪੱਟੀ ’ਤੇ ਅੱਠ ਤਾਰੇ, ਪੀਲੀ ਪੱਟੀ ’ਤੇ ਦੇਵਨਗਰੀ ਵਿਚ ‘ਵੰਦੇ ਮਾਤਰਮ’ ਤੇ ਲਾਲ ਪੱਟੀ ਉਤੇ ਦੋ ਚਿੰਨ੍ਹ ਇਕ ਸੂਰਜ ਤੇ ਇਕ ਤਾਰਾ ਅੰਕਿਤ  ਕੀਤੇ ਗਏ। ਸੰਨ 1906 ਵਿਚ ਹੀ ਦੂਜਾ ਤਿਰੰਗਾ (ਸੰਗਤਰੀ, ਪੀਲਾ ਤੇ ਹਰਾ) ਹੋਂਦ ਵਿਚ ਆਇਆ ਜਿਸ ਬਾਰੇ ਇਹੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਨੂੰ ਸਚਿੰਦਰ ਪ੍ਰਸ਼ਾਦ ਬੋਸ ਤੇ ਸੁਕੁਮਾਰ ਮਿੱਤਰ ਨੇ ਡਿਜ਼ਾਈਨ ਕੀਤਾ ਤੇ ਇਸ ਉਪਰ ਅੱਠ ਅੱਧ ਖਿੜੇ ਕਮਲ ਦੇ ਫੁੱਲ ਅੰਕਿਤ ਕੀਤੇ। ਇਸ ਝੰਡੇ ਨੂੰ ‘ਕਲੱਕਤਾ ਫਲੈਗ’ ਜਾਂ ‘ਕਮਲ ਫਲੈਗ’ ਕਿਹਾ ਜਾਣ ਲੱਗ ਪਿਆ।

 

 

ਸੰਨ 1907 ਹਰੇ, ਪੀਲੇ ਤੇ ਲਾਲ ਰੰਗ ਵਿਚ ਮੈਡਮ ਭੀਕਾਜੀ ਰੁਸਤਮ ਕਾਮਾ ਨੇ ਵੀਰ ਸਾਵਰਕਰ ਤੇ ਸ਼ਿਆਮਾ ਕ੍ਰਿਸ਼ਨਾ ਵਰਮਾ ਨਾਲ ਮਿਲ ਕੇ ਡਿਜ਼ਾਈਨ ਕਰਦਿਆਂ ਇਸ ਉਤੇ ਵੱਡਾ ਸਾਰਾ ਕਮਲ ਦਾ ਫੁੱਲ ਉਕਰਿਆ। ਇਸ ਝੰਡੇ ਨੂੰ ਮੈਡਮ ਭੀਕਾਜੀ ਰੁਸਤਮ ਕਾਮਾ ਨੇ 22 ਅਗੱਸਤ 1907 ਨੂੰ ਵਿਦੇਸ਼ੀ ਧਰਤੀ ਯਾਨੀ ਜਰਮਨੀ ਵਿਚ ਪਹਿਲੇ ਭਾਰਤੀ ਝੰਡੇ ਵਜੋਂ ਲਹਿਰਾਇਆ। ਆਂਧਰਾ ਪ੍ਰਦੇਸ਼ ਦੇ ਲੇਖਕ ਤੇ ਭੂ-ਵਿਗਿਆਨੀ ਪਿੰਗਾਲੀ ਵਿਨਕਾਯਾ ਨੇ ਸਾਰੇ ਭਾਰਤੀ ਰਾਸ਼ਟਰ ਨੂੰ ਇਕਮੁੱਠ ਕਰਨ ਦੇ ਯਤਨ ਵਜੋਂ ਸੰਨ 1916 ਵਿਚ ਦੋ ਰੰਗਾਂ (ਲਾਲ ਤੇ ਹਰੇ ਰੰਗ ਦੇ) ਸੂਤੀ ਕਪੜੇੇ ਵਾਲੇ ਝੰਡੇ ਉਤੇ ਚਰਖੇ ਦਾ ਚਿੰਨ੍ਹ ਦੇ ਕੇ ਡਿਜ਼ਾਈਨ ਕੀਤਾ।

 

 

 

ਸੰਨ 1917 ਵਿਚ ਬਾਲ ਗੰਗਾਧਾਰ ਤਿਲਕ ਨੇ ਝੰਡੇ  ਉਪਰ ਯੂਨੀਅਨ ਜੈਕ ਤੇ ਬਾਕੀ ਬਚੇ ਹਿੱਸੇ ਉਤੇ ਪੰਜ ਲਾਲ ਤੇ ਚਾਰ ਨੀਲੀਆਂ ਪੱਟੀਆਂ ਬਣਾਈਆਂ ਤੇ ਇਸ ਉਤੇ ਸਪਤਰਿਸ਼ੀ ਦੇ ਰੂਪ ’ਚ ਸੱਤ ਤਾਰੇ ਵੀ ਬਣਾਏ। ਸੰਨ1921 ਨੂੰ ਮਹਾਤਮਾ ਗਾਂਧੀ ਦੀ ਇੱਛਾ ਅਨੁਸਾਰ ਉਪਰ ਚਿੱਟਾ, ਵਿਚਕਾਰ ਹਰਾ ਤੇ ਹੇਠ ਲਾਲ ਪੱਟੀਆਂ ਵਾਲਾ ਝੰਡਾ ਤਿਆਰ ਕਰ ਕੇ ਇਸ ਉਪਰ ਚਰਖੇ ਨੂੰ ਵਿਖਾਇਆ ਗਿਆ। ਇਹ ਝੰਡਾ ਆਇਰਲੈਂਡ ਤੇ ਹੋਰ  ਰਾਸ਼ਟਰ ਜਿਨ੍ਹਾਂ ਨੇ ਬਰਤਾਨਵੀ ਹਕੂਮਤ ਤੋਂ ਆਜ਼ਾਦੀ ਲਈ ਸੰਘਰਸ਼ ਵਿਢਿਆ ਹੋਇਆ ਸੀ, ਦੇ ਝੰਡੇ ਦੇ ਪੈਟਰਨ ਉਤੇ ਅਧਾਰਤ ਸੀ। ਭਾਵੇਂ ਇਸ ਝੰਡੇ  ਨੂੰ ਕਾਂਗਰਸ ਕਮੇਟੀ ਨੇ ਅਪਣਾ ਦਫ਼ਤਰੀ  ਝੰਡਾ ਨਹੀਂ ਕਬੂਲਿਆ ਸੀ ਪਰ ਫਿਰ ਵੀ ਇਹ ਭਾਰਤੀ ਆਜ਼ਾਦੀ ਘੋਲ ਦਾ ਸੂਚਕ ਸੀ। ਸੰਨ 1931 ਵਿਚ ਫਿਰ ਪਿੰਗਾਲੀ ਵਿਨਕਾਯ ਨੂੰ ਝੰਡਾ ਡਿਜ਼ਾਈਨ ਕਰਨ ਦਾ ਦੂਜਾ ਮੌਕਾ ਮਿਲਿਆ। ਹੁਣ ਇਸ ਨੇ ਉਪਰ ਕੇਸਰੀ, ਵਿਚਕਾਰ ਚਿੱਟਾ ਤੇ ਹੇਠ ਹਰਾ ਤੇ ਚਿੱਟੀ ਪੱਟੀ ਉਤੇ ਚਰਖਾ ਬਣਾ ਦਿਤਾ। ਇਸ ਝੰਡੇ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਕਮੇਟੀ ਨੇ ਅਪਣੇ ਦਫ਼ਤਰੀ ਝੰਡੇ ਵਜੋਂ ਅਪਣਾ ਲਿਆ।

 

 

ਪਰ ਉਪਰ ਵਰਨਣ ਕੀਤੇ ਝੰਡਿਆਂ ਵਿਚੋਂ ਕੋਈ ਵੀ ਝੰਡਾ, ਕੌਮੀ ਝੰਡੇ ਵਜੋਂ ਮਾਨਤਾ ਹਾਸਲ ਨਾ ਕਰ ਸਕਿਆ ਜਿਸ ਕਰ ਕੇ 23 ਜੂਨ 1947 ਨੂੰ ਡਾ. ਰਜਿੰਦਰ ਪ੍ਰਸ਼ਾਦ ਦੀ ਅਗਵਾਈ ਵਿਚ ਅਬੁਲ ਕਲਾਮ ਆਜ਼ਾਦ, ਸਰੋਜਨੀ ਨਾਇਡੂ, ਸੀ. ਰਾਜਗੋਪਾਲਚਾਰੀ, ਕੇ. ਐਮ. ਮੁਨਸ਼ੀ ਤੇ ਬੀ . ਆਰ. ਅੰਬੇਡਕਰ ਮੈਂਬਰ ਲੈ ਕੇ ਐਡਹਾਕ ਕਮੇਟੀ ਬਣਾਈ ਗਈ ਜਿਸ ਨੇ ਵੱਖ- ਵੱਖ ਪਹਿਲੂਆਂ ’ਤੇ ਘੋਖ ਵਿਚਾਰ ਕਰ ਕੇ ਤਿੰਨ ਹਫ਼ਤਿਆਂ ਪਿਛੋਂ ਯਾਨੀ 14 ਜੁਲਾਈ  ਨੂੰ ਇਹ ਫ਼ੈਸਲਾ ਲਿਆ ਕਿ ਇੰਡੀਅਨ ਨੈਸ਼ਨਲ  ਕਾਂਗਰਸ ਕਮੇਟੀ  ਵਾਲੇ  ਝੰਡੇ ਵਿਚ ਸੋਧ ਕਰਦਿਆਂ ਇਸ ਉਪਰਲੇ ਚਰਖੇ ਨੂੰ ਹਟਾ ਕੇ ਅਸ਼ੋਕ ਧਰਮ ਚੱਕਰ ਦਾ ਚਿੰਨ੍ਹ ਅੰਕਿਤ ਕਰ ਦਿਤਾ ਜਾਣਾ ਚਾਹੀਦਾ ਹੈ।

 

ਸੋ ਫਿਰ ਪਿੰਗਾਲੀ ਵਿਨਕਾਯ ਨੂੰ ਹੀ ਝੰਡਾ ਡਿਜ਼ਾਈਨ ਕਰਨ ਦਾ ਤੀਜਾ ਮੌਕਾ ਮਿਲਿਆ ਤੇ ਇਸ ਤਿਰੰਗੇ  ਨੂੰ 22 ਜੁਲਾਈ ਯਾਨੀ ਆਜ਼ਾਦੀ ਤੋਂ 24 ਦਿਨ ਪਹਿਲਾਂ ਕੌਮੀ ਝੰਡੇ ਵਜੋਂ  ਅਪਣਾ ਲਿਆ ਗਿਆ ਤੇ ਆਜ਼ਾਦੀ ਮਿਲਣ ਉਤੇ 15 ਅਗੱਸਤ 1947 ਨੂੰ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਲਾਲ ਕਿਲ੍ਹੇ ਦੀ ਫ਼ਸੀਲ ’ਤੇ ਇਸ  ਝੰਡੇ ਨੂੰ ਝੁਲਾ  ਕੇ  ਭਾਰਤ ਦਾ ਗੋਰਵਮਈ ਰਾਸ਼ਟਰੀ ਚਿੰਨ੍ਹ ਬਣਾ ਦਿਤਾ।  ਇਸ ਤਿਰੰਗੇ ਦੀ ਵਿਲੱਖਣਤਾ ਹੈ ਕਿ ਇਸ  ਦੀਆਂ ਤਿੰਨ ਰੰਗੀਆਂ ਪੱਟੀਆਂ ਦੇ ਭਾਵ-ਪੂਰਤ ਅਰਥ ਹਨ। ਸੱਭ ਤੋਂ ਉਪਰਲੀ ਕੇਸਰੀ ਰੰਗ  ਦੀ ਪੱਟੀ ਤਿਆਗ, ਕੁਰਬਾਨੀ, ਬਹਾਦਰੀ  ਤੇ ਦੇਸ਼ ਭਗਤੀ ਦੀ ਭਾਵਨਾ, ਵਿਚਕਾਰਲੀ ਚਿੱਟੀ ਪੱਟੀ ਨਿਮਰਤਾ, ਸਚਾਈ, ਅਮਨ/ਸ਼ਾਤੀ ਤੇ ਪਵਿੱਤਰਤਾ, ਇਮਾਨਦਾਰੀ ਤੇ ਹੇਠਲੀ  ਹਰੀ ਪੱਟੀ ਹਰ ਖੇਤਰ ਵਿਚੋਂ ਗ਼ਰੀਬੀ, ਅਗਿਆਨਤਾ ਤੇ ਸ਼ੋਸ਼ਣ ਖ਼ਤਮ ਕਰ ਕੇ ਮਿਹਨਤਾਂ ਨਾਲ  ਖ਼ੁਸ਼ਹਾਲੀ ਲਿਆਉਣ ਦੀ ਪ੍ਰਤੀਕ ਹੈ।

 

ਚਿੱਟੀ ਪੱਟੀ  ਦੇ ਐਨ ਵਿਚਕਾਰ  24 ਅਰਾਂ ਵਾਲਾ ਗੂੜ੍ਹੇ ਨੀਲੇ ਰੰਗ ਦਾ ਅਸ਼ੋਕ ਦਾ ਧਰਮ ਚੱਕਰ (ਪਹੀਆ) ਉਨਤੀ/ਤਰੱਕੀ ਲਈ ਸਾਰਥਕ ਕਦਮਾਂ  ਨਾਲ ਨਿਰੰਤਰ ਚਲਦੇ ਰਹਿਣ ਦੀ ਜਗਿਆਸਾ ਪੈਦਾ ਕਰਦਾ ਹੈ।  ਭਾਰਤੀ ਤਿਰੰਗੇ ਦੀ ਪਹਿਲੀ ਡਾਕ ਟਿਕਟ 21 ਨਵੰਬਰ 1947 ਨੂੰ ਸਾਢੇ ਤਿੰਨ ਆਨਿਆਂ ਦੀ ਜਾਰੀ ਹੋਈ ਸੀ। ਇਸ ਤਿਰੰਗੇ ਨੂੰ 29 ਮਈ 1953 ਨੂੰ ਮਾਊਂਟ ਐਵਰੈਸਟ ਚੋਟੀ ਉਤੇ, 1984 ਵਿਚ ਸਪੇਸ ਵਿਚ ਵਿੰਗ ਕਮਾਂਡਰ ਰਾਕੇਸ਼ ਸ਼ਰਮਾ ਨਾਲ ਉਡਾਰੀ ਭਰਨ ਅਤੇ ਚੰਦਰਯਾਨ ਰਾਹੀਂ 4 ਨਵੰਬਰ 2008 ਵਿਚ ਚੰਨ ਉਤੇ ਲਹਿਰਾਉਣ ਦਾ  ਮਾਣ ਪ੍ਰਾਪਤ ਹੋ ਚੁੱਕਾ ਹੈ।

 

ਭਾਰਤੀ ਤਿਰੰਗੇ ਦੇ ਆਇਤਕਾਰ ਖਾਦੀ (ਸੂਤੀ) ਪੱਟੀ  ਦੀ ਚੌੜਾਈ ਤੇ ਲੰਬਾਈ ਵਿਚਲਾ ਅਨੁਪਾਤ ਦੋ-ਤਿੰਨ ਦਾ ਹੁੰਦਾ ਹੈ। ਇਸ ਦੀ ਵਧੀਆ ਕੁਆਲਿਟੀ ਵਿਚ ਬਣਵਾਈ ਲਈ ‘ਬਿਉਰੋ ਆਫ਼  ਇੰਡੀਆ ਸਟੈਂਡਰਡਜ਼’ (ਭੀਸ਼) ਨਾਂ ਦੀ ਕੰਪਨੀ ਬੜੇ ਇਤਿਅਤ ਨਾਲ  ਵਿਸ਼ੇਸ਼  ਕਪੜੇ, ਰੰੰਗਾਈ  ਤੇ ਛਪਾਈ ਦਾ ਪੂਰਾ ਪ੍ਰਬੰਧ ਕਰਦੀ ਹੈ। ਇਸ ਝੁਲਦੇ ਤਿਰੰਗੇ ਨੂੰ ਜਦ ਰੀਝ ਨਾਲ ਮਨ ਲਗਾ ਕੇ ਤਕਿਆ ਜਾਵੇ ਤਾਂ ਆਜ਼ਾਦੀ ਨਾਲ ਜੁੜੀਆਂ ਹੋਈਆਂ ਅਨੇਕਾਂ ਕੁਰਬਾਨੀਆਂ ਦਾ ਝਲਕਾਰਾ ਅੱਖਾਂ ਵਿਚ ਘੁੰਮ ਕੇ ਇਸ ਗੱਲ ਦਾ ਅਹਿਸਾਸ ਕਰਵਾ ਦਿੰਦਾ ਹੈ ਕਿ ‘ਐ ਮੇਰੇ ਵਤਨ ਕੇ ਲੋਗੋ ਜ਼ਰਾ ਆਂਖ ਮੇ ਭਰ ਲੋ ਪਾਨੀ, ਜੋ ਸ਼ਹੀਦ ਹੂਏ ਹੈਂ ਉਨਕੀ ਜ਼ਰਾ ਯਾਦ ਕਰੋ ਕੁਰਬਾਨੀ।’

 

ਆਮ ਕਰ ਕੇ ਰਾਸ਼ਟਰੀ ਇਮਾਰਤਾਂ (ਜਿਵੇਂ ਪਾਰਲੀਮੈਂਟ ਹਾਊਸ, ਰਾਸ਼ਟਰਪਤੀ ਭਵਨ, ਵਿਧਾਨ ਸਭਾਵਾਂ, ਹਾਈ ਕੋਰਟ, ਸੁਪਰੀਮ ਕੋਰਟ, ਸੈਕਟਰੀਏਟ ਤੇ ਰਿਜ਼ਰਵ ਬੈਂਕ ਆਦਿ) ਉਪਰ ਝੁਲਦੇ  ਤਿਰੰਗੇ ਦੇ ਸਰੂਪ ਅਪਣੇ ਮਾਣ-ਮੱਤੇ ਇਤਿਹਾਸ ਦਾ ਅਲੌਕਿਕ ਦ੍ਰਿਸ਼ ਉਜਾਗਰ ਕਰ ਕੇ ਸਾਡੇ ਆਦਰਸ਼ਾਂ/ਫ਼ਰਜ਼ਾਂ ਦਾ ਅਹਿਸਾਸ ਕਰਵਾਉਂਦੇ ਹਨ। ਦੇਸ਼ ਦੀਆਂ ਮਾਣਯੋਗ ਕੌਮੀ ਹਸਤੀਆਂ ਦੀ ਮੌਤ ’ਤੇ ਮਾਤਮ ਵਜੋਂ ਇਹ ਸੱਭ ਸਰੂਪ ਅੱਧੇ ਝੁਕਾ/ਨੀਵੇਂ ਕਰ ਦਿਤੇ ਜਾਂਦੇ ਹਨ। ਇਨ੍ਹਾਂ ਤੇ  ਦੇਸ਼-ਕੌਮ ਦੀ ਆਨ-ਸ਼ਾਨ ਬਰਕਰਾਰ ਰੱਖਣ ਖ਼ਾਤਰ ਮਰ-ਮਿਟਣ ਵਾਲੇ ਮਰਜੀਵੜਿਆਂ ਜਾਂ ਫਿਰ ਦੇਸ਼/ਕੌਮ ਲਈ  ਕੋਈ  ‘ਫਖ਼ਰ-ਏ- ਕੌਮ’ ਕਾਰਨਾਮਾ  ਕਰਨ  ਵਾਲਿਆਂ ਦੇ ਮ੍ਰਿਤਕ ਸ੍ਰੀਰਾਂ ਨੂੰ ਤਿਰੰਗੇ ਨਾਲ ਢੱਕ ਕੇ ਦੇਸ਼-ਕੌਮ ਵਲੋਂ ਸ਼ਰਧਾਂਜਲੀ ਦਿਤੇ ਜਾਣ ਦੀ ਪ੍ਰੰਪਰਾ ਵੀ ਚਾਲੂ ਹੈ।

 

ਸੂਰਜ ਦੇ ਛਿਪਣ ਤੋਂ ਪਹਿਲਾਂ-ਪਹਿਲਾਂ ਝੁਲਦੇ ਤਿਰੰਗੇ ਨੂੰ ਮਾਣ-ਸਤਿਕਾਰ ਨਾਲ ਉਤਾਰ ਕੇ ਸੰਭਾਲਿਆ ਜਾਂਦਾ ਹੈ। ਇਸ ਕਾਰਵਾਈ ਨੂੰ ‘ਰੀਟਰੀਟ’ ਵੀ ਕਿਹਾ ਜਾਂਦਾ ਹੈ।  ਅੰਤਰਰਾਸ਼ਟਰੀ ਸਰਹੱਦ ਖ਼ਾਸ ਕਰ ਕੇ ਵਾਹਗਾ ਬਾਰਡਰ ਉਤੇ ਹੁੰਦੀ ਰੀ- ਟਰੀਟ (ਸ਼ਾਮਾਂ ਨੂੰ ਭਾਰਤ-ਪਾਕਿ ਝੰਡਿਆਂ ਦੀ ਉਤਰਾਈ) ਸਮੇਂ ਦੋਹਾਂ ਦੇਸ਼ਾਂ ਦੇ ਜਵਾਨਾਂ ਵਲੋਂ ਅਪਣੇ-ਅਪਣੇ ਕੌਮੀ ਝੰਡਿਆਂ ਦੇ ਮਾਣ-ਸਨਮਾਨ ਵਿਚ ਕੀਤੀ ਜਾਂਦੀ ਪਰੇਡ ਵੇਖਣਯੋਗ ਹੁੰਦੀ ਹੈ। ਤਿਰੰਗਾ ਝੰਡਾ ਕੌਮੀ  ਤਿਉਹਾਰਾਂ (15 ਅਗੱਸਤ ਤੇ 26 ਜਨਵਰੀ) ’ਤੇ ਜਨਤਕ ਤੌਰ ’ਤੇ ਦੇਸ਼ ਦੇ ਵੱਖ-ਵੱਖ ਥਾਵਾਂ ’ਤੇ ਰਾਸ਼ਟਰੀ ਗੀਤ ਦੀਆਂ ਧੁਨਾਂ ਵਿਚ ਲਹਿਰਾ ਕੇ ਭਾਵ ਪੂਰਤ ਸਲਾਮੀ ਉਪਰੰਤ ਸ਼ਹੀਦਾਂ ਦੇ ਬਲੀਦਾਨ ਨੂੰ ਯਾਦ ਕਰਦਿਆਂ ਖ਼ੂਬ ਜਸ਼ਨ  ਮਨਾਏ ਜਾਂਦੇ ਹਨ ਪਰ ਅਜਿਹੇ ਤਿਉਹਰਾਂ ’ਤੇ  ਹਰ ਸਾਲ ਝੁਲਾਇਆ ਜਾਂਦਾ ਤਿਰੰਗਾ ਸਾਨੂੰ ਵੱਡੇ ਸਵਾਲ ਜ਼ਰੂਰ ਕਰ ਜਾਂਦਾ ਹੈ ਕਿ ‘ਕੀ ਆਜ਼ਾਦੀ ਘੁਲਾਟੀਆਂ ਦੇ ਆਜ਼ਾਦੀ ਪ੍ਰਤੀ ਸਿਰਜੇ ਸੁਪਨੇ ਪੂਰੇ ਹੋ ਰਹੇ ਹਨ?

 

ਕੀ  ਉਨ੍ਹਾਂ ਦਾ ਆਜ਼ਾਦੀ ਪ੍ਰਤੀ  ਸੁਪਨਾ ਸਿਰਫ਼ ਤੇ ਸਿਰਫ਼ ਰਾਜਨੀਤਕ ਪਲਟਾ ਹੀ ਸੀ?’ ਫਿਰ ਝੁਲਦਾ ਹੋਇਆ ਤਿਰੰਗਾ ਸ਼ਾਇਦ ਇਹੀ ਜਵਾਬ ਦਿੰਦਾ ਪ੍ਰਤੀਤ ਹੁੰਦਾ ਹੈ ਕਿ ਆਜ਼ਾਦੀ ਪ੍ਰਵਾਨਿਆਂ ਦਾ ਸੁਨਿਹਰੀ ਸੁਪਨਾ ਤਾਂ ਇਹ ਸੀ ਕਿ ‘‘ਜਦੋਂ ਭਾਰਤ ਦੇ ਕੋਨੇ-ਕੋਨੇ ਵਿਚ ‘ਇਨਕਲਾਬ ਜ਼ਿੰਦਾਬਾਦ’ ਗੂੰਜ ਉਠੇਗਾ ਤੇ ਦੇਸ਼ ਵਾਸੀ (ਕਿਰਤੀ ਸਭਿਆਚਾਰ) ਰਾਜਨੀਤਕ ਲੁੱਟ-ਖਸੁੱਟ, ਬੇਇਨਸਾਫ਼ੀ, ਭ੍ਰਿਸ਼ਟਾਚਾਰੀ, ਫ਼ਿਰਕੂ ਰੰਗ, ਜਾਤ-ਪਾਤ, ਨਾ-ਬਰਾਬਰੀ, ਕਾਣੀ ਵੰਡ, ਸਿਆਸੀ ਲੂੰਬੜਚਾਲਾਂ, ਅੰਧ ਵਿਸ਼ਵਾਸ, ਵਹਿਮ-ਭਰਮ, ਨਸ਼ਾਖੋਰੀ  ਤੇ ਹੋਰ ਸਮਾਜਕ  ਬੁਰਾਈਆਂ  ਤੋਂ ਮੁਕਤ ਹੋ ਕੇ ਸਹੀ ਮਾਹਨਿਆਂ ਵਿਚ ‘ਅਸਲ ਆਜ਼ਾਦੀ’  ਦਾ ਨਿੱਘ ਮਾਣਨ ਲੱਗ ਪੈਣਗੇ ਤਾਂ ਅਸੀ ਸਮਝਾਂਗੇ ਕਿ ਸਾਡੀ ਛੋਟੀ  ਜਹੀ ਜ਼ਿੰਦਗੀ ਦਾ ਮੁੱਲ ਪੈ ਗਿਆ ਹੈ ਤੇ ਸਾਡੇ ਸੁਪਨੇ ਸਾਕਾਰ ਹੋ ਗਏ।’’ ਪਰ ਵਾਪਰ ਰਿਹੈ ‘ਅਸਲ ਆਜ਼ਾਦੀ’ ਦੇ ਐਨ ਉਲਟ। ਦੇਸ਼ ਭਰ ਦੀ ਪੂੰਜੀ ਉਤੇ ਲੋਟੂ ਕਾਰਪੋਰੇਟ ਘਰਾਣਿਆਂ ਦੇ ਵਧਦੇ ਗ਼ਲਬੇ ਕਾਰਨ ਸਮਾਜ ਦੇ ਹਰ ਖੇਤਰ ਵਿਚ ਹਾਹਾਕਾਰ ਮਚੀ ਹੋਈ ਹੈ। ਆਮ ਲੋਕ  ਰੋਟੀ ਤੋਂ ਵੀ ਵਾਂਝੇ ਹੋ  ਰਹੇ ਹਨ। ਆਖ਼ਰ ਵਿਚ ਆਜ਼ਾਦੀ ਦੇ ਮਾਣਮੱਤੇ ਪ੍ਰਤੀਕ ਇਸ ਤਿਰੰਗੇ ਨੂੰ ਸਾਡਾ ਅਮਲੀ ਸਲਾਮ ਇਹ ਵੀ ਹੋਣੈ  ਚਾਹੀਦੈ,
‘ਝੁੱਲ-ਝੁੱਲ  ਵੇ  ਤਿਰੰਗਿਆ, ਝੁੱਲ- ਝੁੱਲ ਵੇ ਤਿਰੰਗਿਆ,
ਕਰ ਮਿਹਨਤਾਂ ਭਜਾਉਣਾ ਭੁੱਖ-ਨੰਗ ਨੂੰ, ਕਾਣੀ-ਵੰਡ ਤੋਂ ਬਗੈਰ ਮਿਲੇ ਰੋਟੀ ਸੱਭ ਨੂੰ, 
ਸ਼ਹੀਦਾਂ ਦਾ ਇਹੋ  ਐ ਖਵਾਬ, ਲੋਟੂ   ਟੋਲੇ ਤੋਂ ਰਹਿਣਾ  ਆਜ਼ਾਦ।’
                                                                                    ਲਖਵਿੰਦਰ ਸਿੰਘ ਰਈਆ, ਸੰਪਰਕ : 98764-74858