''ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ 'ਚੋਂ ਨਾ ਭੁਲਾ ਜਾਣਾ''

ਏਜੰਸੀ

ਵਿਚਾਰ, ਵਿਸ਼ੇਸ਼ ਲੇਖ

ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।

Kartar Singh Sarabha, Baba gurdit singh sarhali

ਦੇਸ਼ ਦੇ ਆਜ਼ਾਦੀ ਦਿਹਾੜੇ ਦੀਆਂ ਬਰੂਹਾਂ ’ਤੇ ਖੜੀ ਅੱਜ ਚਿਤਵ ਰਹੀ ਹਾਂ ਉਨ੍ਹਾਂ ਜਾਂਬਾਜ਼ਾਂ, ਮਰਜੀਵੜਿਆਂ, ਯੋਧਿਆਂ, ਸੂਰਮਿਆਂ ਅਤੇ ਸਾਹਸੀਆਂ ਨੂੰ ਜਿਨ੍ਹਾਂ ਨੇ ਇਸ ਦੇਸ਼ ਦੀ ਆਜ਼ਾਦੀ ਦੀ ਪ੍ਰਾਪਤੀ ਖ਼ਾਤਰ ਅਪਣੀ ਅਤੇ ਵਿਦੇਸ਼ੀ ਧਰਤੀਆਂ ’ਤੇ ਜਾਨਾਂ ਹੂਲੀਆਂ, ਹੱਸ-ਹੱਸ ਕੇ ਜੂਝੇ, ਅਣਕਿਆਸੀਆਂ ਮੁਸੀਬਤਾਂ ਝੱਲੀਆਂ, ਆਪਾਂ ਨਿਛਾਵਰ ਕੀਤਾ

ਪਰ ਅੱਜ ਉਹੀ ਦੇਸ਼ ਉਨ੍ਹਾਂ ਵਲੋਂ ਅੱਖਾਂ ਫੇਰ ਕੇ, ਉਨ੍ਹਾਂ ਦੀਆਂ ਲਾਮਿਸਾਲ ਕੁਰਬਾਨੀਆਂ, ਸ਼ਹਾਦਤਾਂ ਅਤੇ ਯੋਗਦਾਨ ਤੋਂ ਮੁਨਕਰ ਦਿਸ ਰਿਹਾ ਹੈ। ਮੇਰੇ ਕੰਨਾਂ ਵਿਚ ਗੂੰਜ ਰਹੇ ਹਨ ਕਾਲੇ ਪਾਣੀ ਦੀ ਸੈਲੂਲਰ ਜੇਲ੍ਹ ਦੀਆਂ ਹਨੇਰੀਆਂ ਕਾਲ-ਕੋਠੜੀਆਂ ਵਿਚ ਅਕਹਿ ਤੇ ਅਸਹਿ ਕਸ਼ਟ ਸਹਾਰ ਕੇ ਵੀ ਸਤਿਗੁਰਾਂ ਦੀ ਬਾਣੀ ਪੜ੍ਹਦੇ ਉਨ੍ਹਾਂ ਪੰਜਾਬੀਆਂ (ਸਿੱਖਾਂ) ਦੇ ਅਨਾਦੀ ਬੋਲ ਜਿਨ੍ਹਾਂ ਦੀ ਲਾਮਿਸਾਲ, ਅਲੌਕਿਕ ਅਤੇ ਵਿਲੱਖਣ ਕੁਰਬਾਨੀ ਨੂੰ ਸਾਡੇ ਇਹ ਨਾਸ਼ੁਕਰੇ ਨੇਤਾ ਕਦੋਂ ਦੇ ਭੁਲਾ ਚੁੱਕੇ ਹਨ।

ਚੇਤਿਆਂ ਵਿਚ ਦਸਤਕ ਦੇ ਰਹੇ ਹਨ ਉਨ੍ਹਾਂ ਸੂਰਬੀਰਾਂ ਦੇ ਅਣਗਿਣਤ ਨਾਂ ਜਿਹੜੇ ਅਣਮਨੁੱਖੀ ਤਸ਼ੱਦਦ ਸਹਿੰਦੇ, ਮੌਤ ਵਰਗੀਆਂ ਪਰਿਸਥਿਤੀਆਂ ਨਾਲ ਜੂਝਦੇ ਵੀ ਵਤਨਪ੍ਰਸਤੀ ਦੇ ਜਜ਼ਬੇ ਨਾਲ ਆਖ਼ਰੀ ਸਾਹਾਂ ਤਕ ਲਬਾਲਬ ਭਰਪੂਰ ਰਹੇ। ਭਾਵੇਂ ਇਤਿਹਾਸ ਵਿਚੋਂ ਦਫ਼ਨਾ ਦਿਤਾ ਗਿਆ ਹੈ ਕਿ ਮੁੱਖ ਧਰਤੀ (ਭਾਰਤ) ਤੋਂ ਹਜ਼ਾਰਾਂ ਮੀਲ ਦੂਰ ਕਾਲੇ ਪਾਣੀ (ਅੰਡੇਮਾਨ ਨਿੱਕੋਬਾਰ ਦੀਪ ਸਮੂਹ) ਵਿਚ ਸਭ ਤੋਂ ਵੱਧ ਸਜ਼ਾ ਯਾਫ਼ਤਾ ਰਹੇ ਪੰਜਾਬੀ (ਸਿੱਖਾਂ), ਜਿਨ੍ਹਾਂ ਦੀ ਗਿਣਤੀ ਸੈਂਕੜਿਆਂ ਤਕ ਸੀ ਜਦੋਂ ਕਿ ਬੰਗਾਲੀਆਂ, ਬਿਹਾਰੀਆਂ, ਅਸਾਮੀਆਂ ਤੇ ਮਹਾਂਰਾਸ਼ਟਰੀਅਨਾਂ ਦੀ ਗਿਣਤੀ ਇਸ ਦੇ ਮੁਕਾਬਲਤਨ ਬਹੁਤ ਘੱਟ ਸੀ।

ਸਿਤਮਜ਼ਰੀਫੀ ਇਹ ਕਿ ਪਿਛਲੇ ਦਿਨੀ ਪੋਰਟ ਬਲੇਅਰ ਦੇ ਕੌਮਾਂਤਰੀ ਏਅਰਪੋਰਟ ਦਾ ਨਾਂ ‘ਵੀਰ ਸਾਵਰਕਰ ਇੰਟਰਨੈਸ਼ਨਲ ਏਅਰਪੋਰਟ’ ਰਖਿਆ ਗਿਆ ਹੈ ਜਦੋਂ ਕਿ ਡਾ. ਦੀਵਾਨ ਸਿੰਘ ਕਾਲੇਪਾਣੀ (ਸੁਪ੍ਰਸਿੱਧ ਪੰਜਾਬੀ ਕਵੀ) ਦੀ ਕੁਰਬਾਨੀ ਕਿਤੇ ਵੱਡੀ ਹੈ। ਉਨ੍ਹਾਂ ਵਰਗੇ ਮਿਲਟਰੀ ਦੇ ਡਾਕਟਰ (ਜੋ ਭਾਵੇਂ ਸਰਕਾਰੀ ਸੇਵਾ ਕਾਰਨ ਉੱਥੇ ਭੇਜੇ ਗਏ ਸਨ) ਨੂੰ 1944 ਵਿਚ ਜਾਪਾਨ ਦੇ ਹਮਲੇ ਸਮੇਂ ਲਗਾਤਾਰ 85 ਦਿਨ ਤਕਲੀਫ਼ਾਂ ਦੇ ਕੇ ਸ਼ਹੀਦ ਕਰ ਦਿਤਾ ਗਿਆ ਸੀ ਕਿਉਂਕਿ ਜਿਸ ਗੁਰਦਵਾਰੇ ਵਿਚ ਜਾਪਾਨੀ ਵੇਸਵਾਵਾਂ ਲਿਆ ਕੇ ਬੇਅਦਬੀ ਕਰ ਰਹੇ ਸਨ ਉਸ ਨੂੰ ਡਾਕਟਰ ਸਾਹਿਬ ਨੇ ਬਣਵਾਇਆ ਸੀ।

ਇਸ ਤੋਂ ਇਲਾਵਾ, ਮਹਾਤਮਾ ਗਾਂਧੀ ਦੇ ਖ਼ਿਲਾਫ਼ ਨਾ ਭੁਗਤਣ ਕਾਰਨ ਵੀ ਉਨ੍ਹਾਂ ਨੂੰ ਸੈਲੂਲਰ ਜੇਲ੍ਹ ਬੰਦ ਕਰ ਕੇ ਤਸੀਹੇ ਦਿਤੇ ਗਏ। ਹੁਣ ਤਕ ਕਾਲੇ ਪਾਣੀਆਂ ਦੇ ਸਜ਼ਾ ਯਾਫ਼ਤਾ ਕੈਦੀਆਂ ’ਚੋਂ ਮੁਆਫ਼ੀ ਕੇਵਲ ਸਾਵਰਕਰ ਨੇ ਹੀ ਮੰਗੀ ਸੀ। ਅਜੋਕੀ ਪੀੜ੍ਹੀ ਹੀ ਨਹੀਂ, ਸਮੁੱਚੇ ਦੇਸ਼ ਵਾਸੀ ਹੀ ਭੁੱਲ ਚੁੱਕੇ ਹਨ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਕਿਸ ਜਾਂਬਾਜ਼ ਸੂਰਮੇ ਦਾ ਨਾਂ ਸੀ। ਮਹਿਜ਼ 15 ਸਾਲ ਦੀ ਅਲੂਈਂ ਉਮਰੇ ਗ਼ਦਰ ਪਾਰਟੀ ਦਾ ਮੈਂਬਰ ਬਣਨ ਵਾਲਾ ਉਹ ਪਹਿਲਾ ਸਿੱਖ ਨੌਜਵਾਨ ਸੀ ਜਿਹੜਾ ਅਪਣੀ ਕਾਬਲੀਅਤ, ਅਕਲਮੰਦੀ ਅਤੇ ਸੂਝਬੂਝ ਕਾਰਨ ਦੇਸ਼ ਦੇ ਆਜ਼ਾਦੀ ਸੰਗਰਾਮ ਦਾ ਇਕ ਚਾਨਣ ਮੁਨਾਰਾ ਬਣਿਆ।

 24 ਮਈ 1896 ਨੂੰ ਜਨਮੇ ਕਰਤਾਰ ਸਿੰਘ ਨੇ ਕੇਵਲ ਉੱਨੀ ਸਾਲਾਂ ਦੀ ਉਮਰ ਵਿਚ ਹੀ ਐਨੀ ਪ੍ਰਸਿੱਧੀ, ਲੋਕਪ੍ਰਿਯਤਾ ਅਤੇ ਨਾਂ ਕਮਾ ਲਿਆ ਸੀ ਕਿ ਭਗਤ ਸਿੰਘ ਉਸ ਨੂੰ ਅਪਣਾ ਰੋਲ ਮਾਡਲ ਮੰਨਦਿਆਂ, ਉਸ ਦੀ ਫ਼ੋਟੋ ਹਮੇਸ਼ਾ ਅਪਣੀ ਜੇਬ੍ਹ ਵਿਚ ਰਖਦੇ ਸਨ। ਦੂਜੇ ਸ਼ਬਦਾਂ ਵਿਚ ਭਗਤ ਸਿੰਘ ਦੇ ਰਾਜਸੀ ਪ੍ਰੇਰਣਾ ਸ੍ਰੋਤ, ਰਾਹ-ਦਸੇਰੇ ਤੇ ਮਾਰਗ ਦਰਸ਼ਕ ਸਨ ਕਰਤਾਰ ਸਿੰਘ ਸਰਾਭਾ ਜਿਨ੍ਹਾਂ ਨੇ ਗ਼ਦਰ ਪਾਰਟੀ ਦੇ ਪਰਚੇ ‘ਗ਼ਦਰ’ ਦੀ ਕੈਲੇਫੋਰਨੀਆ ਵਿਚ ਪਹਿਲੀ ਨਵੰਬਰ 1913 ਵਿਚ ਪੰਜਾਬੀ, ਹਿੰਦੀ, ਉਰਦੂ, ਬੰਗਾਲੀ, ਗੁਜਰਾਤੀ ਤੇ ਪਸ਼ਤੋ ਵਿਚ ਪ੍ਰਕਾਸ਼ਨਾ ਆਰੰਭੀ।

ਕਿੰਨੀ ਵਿਲੱਖਣ ਤੇ ਅਚੰਭੇ ਵਾਲੀ ਗੱਲ ਹੈ ਕਿ ਛਪਾਈ ਦਾ ਸਾਰਾ ਪ੍ਰਬੰਧ ਸਰਾਭੇ ਦੇ ਜ਼ਿੰਮੇ ਸੀ ਪਰੰਤੂ ਲਾਹੌਰ ਸਾਜ਼ਿਸ਼ ਕੇਸ ਵਿਚ ਉਸ ਨੂੰ ਭਰ ਜਵਾਨੀ ਵਿਚ 16 ਨਵੰਬਰ 1915 ਨੂੰ ਫਾਂਸੀ ਦੇ ਫੰਦੇ ’ਤੇ ਲਟਕਾ ਦਿਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸੁਭਾਸ਼ ਚੰਦਰ ਬੋਸ ਤੇ ਕਰਤਾਰ ਸਿੰਘ ਸਰਾਭਾ ਕੱਟਕ (ਉੜੀਸਾ) ਵਿਚ ਜਮਾਤੀ ਰਹੇ ਅਤੇ ਦੋਵੇਂ ਅਪਣੇ ਹੈਡਮਾਸਟਰ ਨੂੰ ਅਪਣਾ ਜੀਵਨ ਆਦਰਸ਼ ਮੰਨਦੇ ਸਨ।

ਹੁਣ ਆਵਾਂ ਮੋਹਨ ਦਾਸ ਕਰਮ ਚੰਦ ਗਾਂਧੀ ਵਲ ਜਿਸ ਦੀ ਵਿਚਾਰਧਾਰਾ ਨਾਲ ਨਾ ਸਹਿਮਤ ਹੋਣ ਵਾਲਿਆਂ ਨੇ ਹੀ ਇਸ ‘ਮਹਾਤਮਾ’ ਦੀ ਗੋਲੀ ਮਾਰ ਕੇ ਜਾਨ ਵੀ ਲੈ ਲਈ। ਕਿਸੇ ਗੁਜਰਾਤੀ ਵਪਾਰੀ ਦਾਦਾ ਅਬਦੁੱਲਾ ਦੇ ਕੇਸ ਦੀ ਪੈਰਵੀ ਕਰਨ ਲਈ ਉਹ ਅਪ੍ਰੈਲ 1893 ਵਿਚ, 23 ਸਾਲ ਦੀ ਉਮਰੇ ਡਰਬਨ (ਦੱਖਣੀ ਅਫ਼ਰੀਕਾ) ਗਿਆ ਸੀ। ਭਾਵੇਂ ਉਸ ਦੀ ਠਹਿਰ ਇਕ ਸਾਲ ਲਈ ਨਿਯਮਤ ਸੀ ਪਰ ਉਹ 9 ਜਨਵਰੀ 1915 ਨੂੰ 22 ਸਾਲਾਂ ਬਾਅਦ ਵਾਪਸ ਭਾਰਤ ਮੁੜਿਆ ਅਤੇ ਮੁੜਿਆ ਵੀ ਗੋਪਾਲ ਕ੍ਰਿਸ਼ਨ ਗੋਖਲੇ ਦੇ ਖ਼ਾਸ ਸੁਨੇਹੇ ਤੇ ਸੱਦੇ ’ਤੇ ਜੋ ਮੁਹੰਮਦ ਅਲੀ ਜਿਨਾਹ ਤੇ ਕਰਮ ਚੰਦ ਦਾ ਸਾਂਝਾ ਮਾਰਗ ਦਰਸ਼ਕ ਸੀ।

ਪਾਠਕੋ! ਸੋਚੋ ਤੇ ਵਿਚਾਰੋ ਜ਼ਰਾ ਕਿ ਇਕ ਪਾਸੇ ਤਾਂ ਸਾਡਾ ਨੌਜਵਾਨ ਕਰਤਾਰ ਸਿੰਘ ਸਰਾਭਾ ਅੰਗਰੇਜ਼ਾਂ ਖ਼ਿਲਾਫ਼ ਗ਼ਦਰ (ਸਾਜ਼ਿਸ਼) ਦੇ ਕੇਸ ਵਿਚ ਨਵੰਬਰ 1915 ਵਿਚ ਫਾਂਸੀ ਤੇ ਝੂਲ ਰਿਹਾ ਹੈ ਤੇ ਦੂਜੇ ਪਾਸੇ ਸਾਡੇ ’ਤੇ ਥੋਪਿਆ ‘ਮਹਾਤਮਾ’ (ਰਾਸ਼ਟਰ ਦਾ ਪਿਤਾ) 1915 ਵਿਚ ਭਾਰਤ ਦੀ ਧਰਤੀ ’ਤੇ ਪੈਰ ਰੱਖ ਰਿਹਾ ਹੈ। ਇਸ ਤੋਂ ਦਹਾਕੇ ਪਹਿਲਾਂ, ਸਾਡੇ ਮਹਾਨ ਗ਼ਦਰੀ ਬਾਬੇ, ਭਾਰਤ ਦੀ ਆਜ਼ਾਦੀ ਖ਼ਾਤਰ ਵਿਦੇਸ਼ੀ ਮੁਲਕਾਂ ਵਿਚ ਅੰਗਰੇਜ਼ਾਂ ਖ਼ਿਲਾਫ਼ ਅੰਦੋਲਨ ਸ਼ੁਰੂ ਕਰ ਚੁੱਕੇ ਸਨ।

ਗੁਰੂ ਪਾਤਿਸ਼ਾਹੀਆਂ ਦੀ ਦੈਵੀ ਪ੍ਰੇਰਨਾ ਨਾਲ ਓਤ-ਪੋਤ, ਸਿੱਖੀ ਦੀ ਸਰਬ ਸਾਂਝੀਵਾਲਤਾ ਦੀ ਸਿਖਿਆ ਨਾਲ ਸਰਸ਼ਾਰੇ ਅਤੇ ਭਰੇ ਪੂਰੇ, ‘ਬਾਰਿ ਪਰਾਏ ਬੈਸਣਾ ਸਾਈ ਮੁਝੇ ਨਾ ਦੇਹ’ ਦੀ ਅਜ਼ੀਮ ਵਿਰਾਸਤ ਨਾਲ ਵਰੋਸਾਏ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬ੍ਰਹਿੰਮਡੀ ਸੁਨੇਹੇ ਨਾਲ ਲਬਾਲਬ ਭਰਪੂਰ ਅਤੇ ਤੇਰ ਮੇਰ ਦੀ ਬਦਬੂਦਾਰ ਸਿਆਸਤ ਤੋਂ ਨਿਰਲੇਪ ਸਾਡੇ ਇਹ ਗ਼ਦਰੀ ਬਾਬੇ ਪੰਜਾਬ ਦੀ ਸਰਜ਼ਮੀਂ ਨੂੰ ਨਤਮਸਤਕ ਹੋ ਕੇ ਸਿੰਗਾਪੁਰ, ਹਾਂਗਕਾਂਗ, ਜਾਪਾਨ, ਅਮਰੀਕਾ ਤੇ ਕੈਨੇਡਾ ਜਹੇ ਮੁਲਕਾਂ ਵਿਚ ਫੈਲਦੇ ਹੋਏ, ਇਕ ਇਕ ਡਾਲਰ ਤਨਖ਼ਾਹ ’ਤੇ ਕੰਮ ਕਰਦਿਆਂ ਵੀ ਅਪਣਾ ਦਸਵੰਧ ਕੱਢ ਕੇ, ਭਾਰਤ ਦੀ ਆਜ਼ਾਦੀ ਲਈ ਦਿਨ ਰਾਤ ਇਕ ਕਰਦੇ ਰਹੇ ਹਨ।

ਫਰੇਜ਼ਰ ਦਰਿਆ (ਕੈਨੇਡਾ) ਦੇ ਕੰਢੇ ’ਤੇ ਅੱਜ ਤਕ ਕਾਇਮ ਆਰੇ ਸਾਡੇ ਅਮਰ ਬਾਬਿਆਂ ਦਾ ਇਤਿਹਾਸ ਸਾਂਭੀ ਬੈਠੇ ਹਨ ਜਿੱਥੇ ਹੱਥੀਂ ਕਿਰਤ ਕਰਦਿਆਂ, ਉਨ੍ਹਾਂ ਦੇ ਹੱਥ ਛਾਲੋ ਛਾਲੀ ਹੋ ਜਾਂਦੇ ਸਨ ਤੇ ਜਿੱਥੇ ਬੇਹੱਦ ਸਖ਼ਤ ਮਜ਼ਦੂਰੀ ਕਰਦਿਆਂ ਜਿਸਮ ਅਧਮੋਏ ਹੋਏ ਰਹਿੰਦੇ। ਵਤਨੋਂ ਦੂਰ, ਘਰ ਪ੍ਰਵਾਰਾਂ ਤੋਂ ਦੂਰ, ਚੱਜ ਦੀ ਰਿਹਾਇਸ਼ ਤੇ ਖਾਣ ਪੀਣ ਤੋਂ ਵੰਚਿਤ ਸਾਡੇ ਇਨ੍ਹਾਂ ਮਹਾਨ ਪੁਰਖਿਆਂ ਨੇ ਇਸ ਦੇਸ਼ ਲਈ ਕੀ ਕੁਝ ਨਹੀਂ ਕੀਤਾ? ਗੁਰਦਵਾਰੇ ਇਨ੍ਹਾਂ ਦੀ ਠਾਹਰ ਸਨ ਜਿਸ ਦੀ ਤਾਜ਼ਾ ਗਵਾਹੀ ਸਟਾਕਟਨ (ਕੈਲੇਫੋਰਨੀਆ) ਦਾ ਇਤਿਹਾਸਕ ਗੁਰਦਵਾਰਾ ਹੈ ਜੋ 24 ਅਕਤੂਬਰ 1912 ਵਿਚ ਗ਼ਦਰ ਲਹਿਰ ਸਮੇਂ ਬਣਾਇਆ ਗਿਆ।

ਇੱਥੇ ਹੀ ਲੇਖਿਕਾ ਦੀ ਮੁਲਾਕਾਤ ਜੂਨ 1992 ਨੂੰ ਆਖ਼ਰੀ ਗ਼ਦਰੀ ਬਾਬੇ ਨਾਲ ਹੋਈ ਸੀ ਜਿਸ ਨੂੰ ਜਿਸ ਦੀ ਬੇਟੀ ਡੇਢ ਸੌ ਮੀਲ ਦੂਰ ਬਰਕਲੇ ਤੋਂ ਹਰ ਐਤਵਾਰ ਇੱਥੇ ਲੈ ਕੇ ਆਉਂਦੀ ਸੀ। 90 ਸਾਲ ਨੂੰ ਢੁੱਕ ਚੁੱਕੇ ਇਹ ਇਨਕਲਾਬੀ ਬਜ਼ੁਰਗ ਜ਼ਾਰੋ ਜਾਰ ਰੋਂਦੇ ਦੇਖੇ ਸਨ ਮੈਂ ਆਪ। ਮੈਨੂੰ ਉਨ੍ਹਾਂ ਨੇ ਪੁਛਿਆ ਸੀ ਕਿ ‘‘ਕੀ ਇਸ ਵਰਗੇ ਆਜ਼ਾਦ ਭਾਰਤ ਲਈ ਅਸੀਂ ਅਪਣੇ ਟੱਬਰ ਟੀਹਰ, ਘਰ ਬਾਰ, ਸੁੱਖ ਆਰਾਮ ਅਤੇ ਜ਼ਮੀਨਾਂ ਜਾਇਦਾਦਾਂ ਕੁਰਕ ਕਰਵਾਈਆਂ ਸਨ? ਆਜ਼ਾਦੀ ਦੇ ਪਰਵਾਨਿਆਂ ਦਾ ਸੁਪਨਾ ਇਹ ਨਹੀਂ ਸੀ, ਬੱਚੀਏ!!

ਅਸੀਂ ਟੁੱਟ ਗਏ ਪਰ ਸਾਡੇ ਦੇਸ਼ ਦੀਆਂ ਜੰਜ਼ੀਰਾਂ ਨਹੀਂ ਟੁੱਟੀਆਂ।’’ ਕੈਨੇਡਾ ਦੀ ਪੈਸੇਫ਼ਿਕ ਕੋਸਟ ਖ਼ਾਲਸਾ ਦੀਵਾਨ ਸੁਸਾਇਟੀ ਜਿਸ ਦੀ ਸਥਾਪਨਾ ਇਸ ਤੋਂ ਵੀ ਪਹਿਲਾਂ ਹੋ ਚੁੱਕੀ ਸੀ, ਨੇ ਹੀ 1912 ਵਿਚ ਇਸ ਗੁਰਦਵਾਰੇ ਦੀ ਸਥਾਪਨਾ ਕੀਤੀ ਸੀ ਤਾਂ ਜੋ ਦੇਸੋਂ ਆਉਣ ਵਾਲੇ ਵੀਰਾਂ ਤੇ ਉਨ੍ਹਾਂ ਦੇ ਪ੍ਰਵਾਰਾਂ ਨੂੰ ਨਿਰਵਿਘਨ ਠਾਹਰ ਦਿਤੀ ਜਾ ਸਕੇ। ਨਿਰਸੰਦੇਹ ਇਹ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦਾ ਜਿਉਂਦਾ ਜਾਗਦਾ ਗਵਾਹ ਹੈ ਜਿਸ ਨੇ ਬੇਸ਼ੁਮਾਰ ਜੁਝਾਰੂ, ਵੀਰ ਨਾਇਕ ਅਤੇ ਅਮਰ ਸ਼ਹੀਦ ਪੈਦਾ ਕੀਤੇ। ਸਾਡੇ ਇਨ੍ਹਾਂ ਮਰਜੀਵੜਿਆਂ ਦਾ ਨਾਅਰਾ ਹੀ ਇਹ ਸੀ।

ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿਨ੍ਹਾਂ ਦੇਸ਼ ਸੇਵਾ ਵਿਚ ਪੈਰ ਪਾਇਆ
ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ! 

ਅੰਗਰੇਜ਼-ਹਕੂਮਤ ਵਲੋਂ ਐਲਾਨੇ ਗਏ ‘ਖੂੰਖਾਰ ਸ਼ੇਰ’, ਸ. ਕਰਤਾਰ ਸਿੰਘ ਸਰਾਭਾ ਨੂੰ ਲਾਹੌਰ ਦੇ ਜੱਜ ਨੇ ਮੁਆਫ਼ ਕਰਨ ਦੀ ਇਕ ਸ਼ਰਤ ਵੀ ਰੱਖੀ ਸੀ ਕਿ ਜੇਕਰ ਉਹ ਅਪਣਾ ਰਾਹ ਬਦਲ ਲਵੇ ਤੇ ਅੰਗਰੇਜ਼ਾਂ ਦੀ ਸ਼ਰਨ ਵਿਚ ਆ ਜਾਵੇ ਤਾਂ ਉਸ ਦੀ ਜਵਾਨੀ ਬਚ ਸਕਦੀ ਹੈ ਪਰ ਕਵਿਤਾ ਦੇ ਇਹ ਅਮਰ-ਬੋਲ ਉਸ ਦੀਆਂ ਅੰਦਰੂਨੀ ਭਾਵਨਾਵਾਂ ਦੀ ਤਰਜਮਾਨੀ ਕਰਦੇ ਹਨ :-

ਹਿੰਦ ਵਾਸੀਓ ਰਖਣਾ ਯਾਦ ਸਾਨੂੰ
ਕਿਤੇ ਦਿਲਾਂ ’ਚੋਂ ਨਾ ਭੁਲਾ ਦੇਣਾ।
ਖ਼ਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ
ਸਾਨੂੰ ਦੇਖ ਕੇ ਨਾ ਘਬਰਾ ਜਾਣਾ।
ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੀ

 

ਦਿਲੀਂ ਵਤਨ ਦਾ ਇਸ਼ਕ ਜਗਾ ਜਾਣਾ।
ਹਿੰਦ ਵਾਸੀਓ ਚਮਕਣਾ ਚੰਦ ਵਾਂਗੂ
ਕਿਤੇ ਬੱਦਲਾਂ ਹੇਠ ਨਾ ਆ ਜਾਣਾ।
ਕਰ ਕੇ ਦੇਸ਼ ਦੇ ਨਾਲ ਧ੍ਰੋਹ ਯਾਰੋ
ਦਾਗ਼ ਕੌਮ ਦੇ ਮੱਥੇ ਨਾ ਲਾ ਜਾਣਾ।
ਪਿਆਰੇ ਵੀਰਨੋ! ਚੱਲੇ ਹਾਂ ਅਸੀਂ ਜਿੱਥੇ
ਉਸੇ ਰਸਤੇ ਤੁਸੀਂ ਵੀ ਆ ਜਾਣਾ।

‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਤੇ ਜੈਕਾਰੇ ਗੂੰਜਾਉਂਦੇ ਸਾਡੇ ਇਹ ਬਹਾਦਰ ਸਪੁੱਤਰ ਹੱਸ ਹੱਸ ਕੇ ਫਾਂਸੀਆਂ ’ਤੇ ਲਟਕ ਗਏ ਤੇ ਲੱਖਾਂ ਦੇ ਪ੍ਰੇਰਨਾਸ੍ਰੋਤ ਵੀ ਬਣੇ ਪਰ ਇਸ ਦੇਸ਼ ਨੇ ਇਨ੍ਹਾਂ ਕੁਰਬਾਨੀਆਂ ਦਾ ਕਿਹੜਾ ਮੁੱਲ ਪਾਇਆ ਹੈ? ਹਰ ਕਦਮ, ਹਰ ਮੋੜ ਤੇ ਹਰ ਫ਼ੈਸਲੇ ਸਮੇਂ ਸਾਨੂੰ ਅਜਨਬੀਆਂ ਵਰਗਾ ਅਹਿਸਾਸ ਕਰਾਇਆ। ਸਾਡੇ ਅੰਦਰ ਬੇਗਾਨਗੀ ਦੀਆਂ ਭਾਵਨਾਵਾਂ ਪ੍ਰਬਲ ਕੀਤੀਆਂ, ਸਾਡੀ ਜ਼ਮੀਰ ਤੇ ਹਮਲੇ ਕੀਤੇ, ਭਾਵੇਂ ਸਰਕਾਰ ਕਿਸੇ ਵੀ ਪਾਰਟੀ ਦੀ ਰਹੀ।

1984 ਦੀ ਸਿੱਖ ਨਸਲਕੁਸ਼ੀ ਕਰਵਾਉਣ ਵਾਲੇ ਗੁੰਡੇ ਅੱਜ 39 ਸਾਲਾਂ ਬਾਅਦ ਵੀ ਜ਼ਮਾਨਤਾਂ ’ਤੇ ਹਨ। ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜਣ ਲਈ ਸਿੱਖਾਂ ਨੇ ਅਕਹਿ ਤੇ ਅਸਹਿ ਮੁਸੀਬਤਾਂ ਝੱਲੀਆਂ, ਦਰ ਬਦਰ ਹੋਏ, ਕਾਲੇ ਪਾਣੀ ਹੰਘਾਲੇ, ਉਹ ਅੱਜ ਵੀ ਬੇਹਿਸਾਬ ਪੀੜਾਂ ਹੰਢਾਉਣ ਲਈ ਮਜਬੂਰ ਹਨ। ਅਜੋਕੇ ਹੜ੍ਹਾਂ ਦੀ ਸਥਿਤੀ ਹੀ ਵਿਚਾਰ ਲਈਏ ਜ਼ਰਾ। ਸਾਡਾ ਸਭ ਕੁਝ ਰੁੜ੍ਹ ਗਿਆ, ਅਸੀਂ ਲੁੱਟੇ ਪੁੱਟੇ ਗਏ, ਪਰ ਸਰਕਾਰੀ ਰਾਹਤ? ਆਟੇ ਵਿਚ ਲੂਣ ਵਰਗੀ।

ਹਥਲਾ ਵਿਸ਼ਾ ਐਨਾ ਵਿਸਤਰਿਤ ਹੈ ਕਿ ਛੇਤੀ ਸਮੇਟਣਾ ਚਾਹਾਂ ਵੀ ਤਾਂ ਨਹੀਂ ਸਮੇਟਿਆ ਜਾ ਸਕਦਾ। ਸੁਭਾਸ਼ ਚੰਦਰ ਬੋਸ ਦਾ ਜ਼ਿਕਰ ਸ੍ਰ. ਕਰਤਾਰ ਸਿੰਘ ਸਰਾਭਾ ਦੇ ਜਮਾਤੀ ਵਜੋਂ ਕਰ ਕੇ ਹੀ ਗੱਲ ਮੁੱਕ ਨਹੀਂ ਜਾਂਦੀ ਕਿਉਂਕਿ ਆਜ਼ਾਦ ਹਿੰਦ ਫ਼ੌਜ ਦੇ ਕਮਾਂਡਰ ਵਜੋਂ ਉਨ੍ਹਾਂ ਦਾ ਇਤਿਹਾਸਕ ਰੋਲ ਸਾਡੇ ਸਭ ਦੇ ਸਾਹਮਣੇ ਹੈ। ਪਰ ਇਹ ਵੀ ਇਕ ਇਤਿਹਾਸਕ ਤੱਥ ਹੈ ਕਿ 17 ਫ਼ਰਵਰੀ 1942 ਨੂੰ ਕੈਪਟਨ ਜਨਰਲ ਮੋਹਨ ਸਿੰਘ ਨੇ ਸਿੰਗਾਪੁਰ ਵਿਚ ਇੰਡੀਅਨ ਨੈਸ਼ਨਲ ਆਰਮੀ ਦਾ ਮੁੱਢ ਬੰਨਿ੍ਹਆ ਸੀ। ਪਰੰਤੂ ਜਾਪਾਨੀਆਂ ਤੇ ਜਨਰਲ ਸਾਹਿਬ ਵਿਚਕਾਰ ਮਤਭੇਦ ਉੱਭਰਨ ਕਾਰਨ ਇਸ ਤੇ ਪ੍ਰਤਿਬੰਧ ਲਾ ਦਿਤਾ ਗਿਆ।

ਮੁੜ ਕੇ ਜਾਪਾਨ ਨੇ ਸੁਭਾਸ਼ ਚੰਦਰ ਬੋਸ ਨੂੰ ਹਿਮਾਇਤ ਦੇ ਕੇ 1943 ਵਿਚ ਮੁੜ ਇਸ ਆਜ਼ਾਦ ਹਿੰਦ ਫ਼ੌਜ ਦੀ ਸਥਾਪਨਾ ਕਰਵਾਈ। ਇਸ ਵਿਚ 40000 ਫ਼ੌਜੀ ਭਰਤੀ ਕੀਤੇ ਗਏ। ਔਰਤਾਂ ਦੀ ਇਕ ਵਖਰੀ ਰੈਜਮੈਂਟ ਲਕਸ਼ਮੀ ਸਵਾਮੀਨਾਥਨ ਦੀ ਅਗਵਾਈ ਵਿਚ ਤਿਆਰ ਕੀਤੀ ਗਈ। ਇੱਥੇ ਅਸੀਂ ਸਤਿਕਾਰਤ ਬੋਸ ਜੀ ਦੀ ਬੇਮਿਸਾਲ ਘਾਲਣਾ ਅਤੇ ਜਦੋਜਹਿਦ ਨੂੰ ਛੋਟਾ ਕਰ ਕੇ ਨਹੀਂ ਵਿਚਾਰ ਰਹੇ ਸਗੋਂ ਪਾਠਕਾਂ ਨੂੰ ਇਸ ਸੱਚਾਈ ਦੇ ਰੂ-ਬ-ਰੂ ਕਰ ਰਹੇ ਹਾਂ ਕਿ ਵਿਦੇਸ਼ੀ ਧਰਤੀ ’ਤੇ 1942 ਵਿਚ ਹੋਂਦ ਵਿਚ ਆਈ ਇੰਡੀਅਨ ਨੈਸ਼ਨਲ ਆਰਮੀ ਦੇ ਮੋਢੀ ਤੇ ਕਰਤਾ ਧਰਤਾ ਜਨਰਲ ਮੋਹਨ ਸਿੰਘ ਸਨ ਜਿਨ੍ਹਾਂ ਨੂੰ ਇਤਿਹਾਸ ਵਿਚ ਬਣਦੀ ਢੁੱਕਵੀਂ ਥਾਂ ਨਹੀਂ ਦਿਤੀ ਗਈ ਹੁਣ ਤਕ।

ਕੀ ਇਤਿਹਾਸ ਬਾਬਾ ਗੁਰਦਿੱਤ ਸਿੰਘ ਸਰਹਾਲੀ ਵਰਗੇ ਕੱਟੜ ਦੇਸ਼ ਭਗਤ ਦੀ ਅਨੂਠੀ ਕੁਰਬਾਨੀ ਨੂੰ ਭੁਲਾ ਸਕਦਾ ਹੈ ਜਿਨ੍ਹਾਂ ਨੇ 1914 ਵਿਚ ਹਾਂਗਕਾਂਗ ਵਿਖੇ ‘ਕਾਮਾਗਾਟਾ ਮਾਰੂ’ ਨਾਂ ਦਾ ਜਹਾਜ਼ ਕਿਰਾਏ ’ਤੇ ਲੈ ਕੇ ਬਹੁਤ ਸਾਰੇ ਸਿੱਖਾਂ ਤੇ ਦੂਜੇ ਭਾਰਤੀਆਂ ਨੂੰ ਕੈਨੇਡਾ ਲਿਜਾਣ ਦੀ ਦੂਰਅੰਦੇਸ਼ੀ ਕੀਤੀ ਤਾਂ ਜੋ ਇਨ੍ਹਾਂ ਗ਼ਰੀਬ ਲੋਕਾਂ ਦੀ ਜੂਨ ਸੰਵਰ ਸਕੇ ਪਰੰਤੂ ਅਮਰੀਕਾ ਤੇ ਕੈਨੇਡਾ ਵਰਗੇ ਦੇਸ਼ਾਂ ਵਿਚ ਗ਼ੁਲਾਮ ਭਾਰਤੀਆਂ  ਦੇ ਦਾਖ਼ਲੇ ’ਤੇ ਰੋਕਾਂ ਸਨ। ਸਿੱਟੇ ਵਜੋਂ ਮਹੀਨਿਆਂ ਤਕ ਵੈਨਕੂਵਰ ਬੰਦਰਗਾਹ ’ਤੇ ਰੋਕੀ ਰਖਣ ਦੇ ਬਾਵਜੂਦ, ਜਹਾਜ਼ ਵਾਪਸ ਬਜ ਬਜ ਘਾਟ ਕਲਕੱਤੇ ਵਲ ਰਵਾਨਾ ਕਰ ਦਿਤਾ ਗਿਆ।

ਰਸਦ ਪਾਣੀ ਤੋਂ ਵੰਚਿਤ ਤੇ ਅਥਾਹ ਦੁਸ਼ਵਾਰੀਆ ਝੱਲਦੇ ਇਨ੍ਹਾਂ ਲੋਕਾਂ ਦਾ ਜੋ ਸਵਾਗਤ ਕਲਕੱਤੇ ਪਹੁੰਚਣ ’ਤੇ ਹੋਇਆ ਉਸ ਦਾ ਜ਼ਿਕਰ ਪੜ੍ਹ ਕੇ ਹੀ ਰੌਂਗਟੇ ਖੜੇ ਹੋ ਜਾਂਦੇ ਹਨ।  29 ਦਸੰਬਰ 2014 ਨੂੰ ਕਲਕੱਤੇ ਤੋਂ 27 ਕਿਲੋਮੀਟਰ ਦੂਰ ਬਜ ਬਜ ਘਾਟ ਤੇ ਰੋਕੇ ਗਏ ਜਹਾਜ਼ ਨੂੰ ਅੰਗਰੇਜ਼ ਅਫ਼ਸਰਾਂ ਨੇ ਘੇਰਾ ਪਾ ਲਿਆ। ਝੂਠ ਮੂਠ ਦੀ ਕਹਾਣੀ ਘੜ ਕੇ ਕਿ ਰੇਲ ਰਾਹੀਂ ਪੰਜਾਬ ਭੇਜ ਦਿਤਾ ਜਾਵੇਗਾ, ਸਾਰੇ ਥੱਕੇ ਟੁੱਟੇ, ਪਰੇਸ਼ਾਨ ਤੇ ਹਤਾਸ਼ ਪੰਜਾਬੀ ਉਤਾਰ ਲਏ ਗਏ। ਸਥਿਤੀ ਨੇ ਹੋਰ ਵੀ ਨਾਜ਼ੁਕ ਮੋੜ ਲੈ ਲਿਆ, ਦੰਗੇ ਸ਼ੁਰੂ ਹੋ ਗਏ, ਗੋਲੀ ਚੱਲੀ। ਬਹੁਤ ਸਾਰੇ ਮੁਸਾਫ਼ਰ ਮਾਰ ਦਿਤੇ ਗਏ। 364 ਵਿਚੋਂ 212 ਕੈਦੀ ਬਣਾ ਲਏ ਗਏ। ਕੁੱਝ ਸਮੁੰਦਰ ਵਿਚ ਡੋਬ ਦਿਤੇ ਗਏ ਤੇ ਬਾਬਾ ਗੁਰਦਿੱਤ ਸਿੰਘ ਨਾਲ ਕੇਵਲ 62 ਹੀ ਵਾਪਸ ਪੰਜਾਬ ਮੁੜ ਸਕੇ।

ਇੰਞ, ਇਸ ‘ਮਹਾਤਮਾ’ ਦੇ ਭਾਰਤ ਵਿਚ ‘ਪ੍ਰਗਟ’ ਹੋਣ ਤੋਂ ਪਹਿਲਾਂ ਹੀ ਸਾਡੇ ਸੂਰਬੀਰ ਯੋਧਿਆਂ ਤੇ ਅਮਰ ਨਾਇਕਾਂ ਨੇ ਦੇਸ਼ ਦੀ ਆਜ਼ਾਦੀ ਦੀ ਖ਼ਾਤਰ ਅਪਣਾ ਸਭ ਕੁਝ ਕੁਰਬਾਨ ਕਰ ਦਿਤਾ ਸੀ ਪਰ ਉਨ੍ਹਾਂ ਦੀ ਅਲ-ਔਲਾਦ ਜੋ ਬੇਇਨਸਾਫ਼ੀ, ਵਿਤਕਰਾ, ਦੁਰਾਂਡ ਤੇ ਵਿਸ਼ਵਾਸਘਾਤ ਬਰਦਾਸ਼ਤ ਨਹੀਂ ਕਰ ਸਕਦੀ, ਅੱਜ ਵੱਖਵਾਦੀ, ਅਲੱਗਾਵਵਾਦੀ ਤੇ ਖ਼ਾਲਿਸਤਾਨੀ ਦੇ ਲਕਬਾਂ ਨਾਲ ਬਦਨਾਮੀ ਜਾ ਰਹੀ ਹੈ।

ਬਾਬਾ ਸੋਹਨ ਸਿੰਘ ਭਕਨਾ, ਬਾਬਾ ਵਿਸਾਖਾ ਸਿੰਘ ਦਦੇਹਰ ਅਤੇ ਅਣਗਿਣਤ ਮਰਜੀਵੜਿਆਂ ਨੇ ਗੁਰੂ ਪਾਤਿਸ਼ਾਹੀਆਂ ਦੇ ਬ੍ਰਹਿਮੰਡੀ ਸੰਦੇਸ਼ ’ਤੇ ਚੱਲਦਿਆਂ ਜਾਨਾਂ ਹੂਲੀਆਂ। ਮੈਂ ਘੋਰ ਅਪਰਾਧ ਕਰ ਰਹੀ ਹੋਵਾਂਗੀ ਜੇ ਕਰ ਮੈਂ ਬਾਬਾ ਰਾਮ ਸਿੰਘ ਜੀ ਦੀ ਮਹਾਨ ਦੇਣ ਤੇ ਕੂਕਿਆਂ ਦੀ ਵਿਲੱਖਣ ਸ਼ਹਾਦਤ ਨੂੰ ਸਿਜਦਾ ਨਾ ਕਰਾਂ ਜੋ ਇਸ ਆਜ਼ਾਦੀ ਸੰਗਰਾਮ ਦੇ ਮੁੱਢਲੇ ਸ਼ਹੀਦ ਸਨ ਤੇ 15 ਅਗੱਸਤ 1947 ਨੂੰ ਡਲਹੌਜ਼ੀ ਦੇ ਪੰਚਪੁਲਾ ਵਿਚ ਆਖ਼ਰੀ ਸਾਹ ਲੈਣ ਵਾਲੇ ਸ੍ਰ. ਅਜੀਤ ਸਿੰਘ (ਸ਼ਹੀਦ ਸ੍ਰ. ਭਗਤ ਸਿੰਘ ਜੀ ਦੇ ਚਾਚਾ) ਨੇ ‘ਪਗੜੀ ਸੰਭਾਲ ਜੱਟਾ’ (1906-07) ਲਹਿਰ ਰਾਹੀਂ ਤੇ ਪਿਛੋਂ ਜਲਾਵਤਨੀਆਂ ਕੱਟਦਿਆਂ ਇਸ ਦਿਨ ਦਾ ਸ਼ਿੱਦਤ ਨਾਲ ਇੰਤਜ਼ਾਰ ਕੀਤਾ ਹੋਵੇਗਾ। ਪਰ ਕੀ ਸਾਨੂੰ ਵਾਕਈ ਆਜ਼ਾਦੀ ਮਿਲ ਸਕੀ ਹੈ?

ਸਮੁੱਚੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਆਖ਼ਰ ਅਮਰੀਕਨਾਂ ਵਾਂਗ ਚਾਰ ਜੁਲਾਈ ਦੇ ਜਸ਼ਨਾਂ ਭਰੇ ਆਜ਼ਾਦੀ ਦਿਹਾੜੇ ਦੀ ਸਾਲ ਭਰ ਸ਼ਿੱਦਤ ਭਰੀ ਉਡੀਕ ਵਾਂਗ ਸਾਨੂੰ ਕਿਉਂ ਅਪਣੇ ਆਜ਼ਾਦੀ ਦਿਹਾੜੇ ਦੀ ਉਤਸੁਕਤਾ, ਖੁਸ਼ੀ ਤੇ ਚਾਅ ਨਹੀਂ? ਇਸ ਕਰ ਕੇ ਕਿ ਇੱਥੇ ਅੱਜ ਵੀ ਕੁੱਲੀ, ਗੁੱਲੀ ਤੇ ਜੁੱਲੀ ਦੀ ਸਮਸਿਆ ਹੱਲ ਨਹੀਂ ਹੋ ਸਕੀ। ਮਨੀਪੁਰ ਵਰਗੇ ਤੇ ਨਿਰਭਯਾ ਕਾਂਡ ਅੱਜ ਵੀ ਦੁਹਰਾਏ ਜਾ ਰਹੇ ਹਨ।

ਘੱਟ ਗਿਣਤੀਆਂ ਲਈ ਇਨਸਾਫ਼ ਦੂਰ ਦੀ ਗੱਲ ਹੈ। ਸਰਬਸਾਂਝੀ ਵਿਚਾਰਧਾਰਾ ’ਤੇ ਪਾਬੰਦੀਆਂ ਹਨ। ਬਹੁਤ ਸਾਰੇ ਹੋਰ ਕਾਰਨ ਹਨ ਜਿਨ੍ਹਾਂ ਕਰ ਕੇ ਸਾਨੂੰ ਉਹ ਵਾਤਾਵਰਣ ਤੇ ਹਾਲਾਤ ਨਜ਼ਰ ਨਹੀਂ ਆ ਰਹੇ ਜਿਸ ਦੀ ਸਾਨੂੰ ਤਵੱਕੋ ਸੀ। ਕਾਸ਼ ਕਿ ਸਾਡੀਆਂ ਬੇਮਿਸਾਲ ਕੁਰਬਾਨੀਆਂ ਦਾ ਮੁੱਲ ਪਾ ਸਕਣ ਵਾਲੇ ਹੁਕਮਰਾਨ ਆਉਣ। ਇਹ ਦੇਸ਼ ਸਾਡਾ ਹੈ ਤੇ ਅਸੀ ਇਸ ’ਤੇ ਮਾਣ ਕਰਦੇ ਹਾਂ, ਫਿਰ ਖ਼ਾਲਸਾ ਏਡ ’ਤੇ ਛਾਪੇ, ਤਨਮਨਜੀਤ ਸਿੰਘ ਤੇ ਰੋਕਾਂ, ਕੀ ਦਰਸਾਉਂਦੀਆਂ ਹਨ ਇਹ ਉਦਾਹਰਣਾਂ? ਰੱਬ ਸੁਮੱਤ ਦੇਵੇ, ਅਜਿਹਾ ਕਰਾਉਣ ਵਾਲਿਆਂ ਨੂੰ! ਸੌੜੀ ਰਾਜਨੀਤੀ ਤੋਂ ਬਚਾਵੇ ਇਨ੍ਹਾਂ ਨੂੰ!!


ਡਾ. ਕੁਲਵੰਤ ਕੌਰ
ਮੋ. 98156-20515