ਸੁਹਾਂਜਣਾ ਰੁੱਖ ਸੌ ਸੁਖ ਭਾਗ-2
ਕੁਦਰਤ ਦੇ ਖ਼ਜ਼ਾਨਿਆਂ ਦੀ ਆਪਾਂ ਜੇਕਰ ਗੱਲ ਕਰੀਏ ਤਾਂ ਧਰਤੀ ਤੇ ਦੁਰਲੱਭ ਤੋਂ ਦੁਰਲੱਭ ਚੀਜ਼ਾਂ ਸ੍ਰਿਸ਼ਟੀ ਨੇ ਪੈਦਾ ਕੀਤੀਆਂ...........
ਕੁਦਰਤ ਦੇ ਖ਼ਜ਼ਾਨਿਆਂ ਦੀ ਆਪਾਂ ਜੇਕਰ ਗੱਲ ਕਰੀਏ ਤਾਂ ਧਰਤੀ ਤੇ ਦੁਰਲੱਭ ਤੋਂ ਦੁਰਲੱਭ ਚੀਜ਼ਾਂ ਸ੍ਰਿਸ਼ਟੀ ਨੇ ਪੈਦਾ ਕੀਤੀਆਂ ਨੇ ਜਿਸ ਨੇ ਜੋ ਅੱਖਾਂ ਨਾਲ ਵੇਖਿਆ ਜਾਂ ਜਿਸ ਨੂੰ ਉਸ ਦੇ ਬਾਰੇ ਗਿਆਨ ਹੈ, ਉਹੀ ਉਨ੍ਹਾਂ ਬਾਰੇ ਜਾਣ ਸਕਦਾ ਹੈ। ਜਿਵੇਂ ਕਿਸੇ ਦਾ ਦੁਨੀਆਂ ਵਿਚ ਸੱਭ ਤੋਂ ਛੋਟਾ ਕੱਦ ਜਾਂ ਸੱਭ ਤੋਂ ਲੰਮਾ ਕੱਦ, ਅਜੀਬ ਤਰ੍ਹਾਂ ਦੇ ਦਰੱਖ਼ਤ, ਅਜੀਬੋ ਗ਼ਰੀਬ ਨਦੀਆਂ, ਪਹਾੜ, ਪਤਾ ਨਹੀਂ ਦੁਨੀਆਂ ਵਿਚ ਕੀ-ਕੀ ਲੁਕਿਆ ਪਿਆ ਹੈ। ਉਵੇਂ ਹੀ ਲਗਭਗ 1990 ਸੰਨ ਤੋਂ ਬਾਅਦ ਜੋ ਖੋਜ ਹੋਈ ਹੈ, ਸੁਹਾਂਜਣੇ ਰੁੱਖ ਬਾਰੇ, ਉਹ ਧਰਤੀ ਦੀ ਇਕ ਅਨਮੋਲ ਪ੍ਰਾਪਤੀ ਹੈ। ਸੁਹਾਂਜਣਾ ਗੁਣਾਂ ਦਾ ਖ਼ਜ਼ਾਨਾ ਹੈ।
ਜਦੋਂ ਤਕ ਆਪਾਂ ਨੂੰ ਕਿਸੇ ਚੀਜ਼ ਦੀ ਜਾਣਕਾਰੀ ਨਹੀਂ ਹੁੰਦੀ, ਉਦੋਂ ਤਕ ਆਪਾਂ ਉਸ ਕੋਲੋਂ ਭਾਵੇਂ ਹਜ਼ਾਰਾਂ ਵਾਰ ਲੰਘ ਜਾਈਏ, ਆਪਾਂ ਉਸ ਵਲ ਵੇਖਦੇ ਤਕ ਨਹੀਂ। ਜਦੋਂ ਉਸ ਦੀ ਜਾਣਕਾਰੀ ਹੋ ਜਾਂਦੀ ਹੈ ਤਾਂ ਉਸ ਦੇ ਆਲੇ ਦੁਆਲੇ ਡੇਰੇ ਲਗਾ ਕੇ ਬੈਠ ਜਾਂਦੇ ਹਾਂ। ਪਿਛਲੇ ਲੇਖ 'ਸੁਹਾਂਜਣਾ ਦਾ ਰੁੱਖ ਸੌ ਸੁੱਖ' ਵਿਚ ਜੋ ਮੈਨੂੰ ਇਸ ਬਾਰੇ ਜਾਣਕਾਰੀ ਇਕੱਠੀ ਹੋਈ ਸੀ, ਉਹ ਮੈਂ ਆਪ ਜੀ ਨਾਲ ਸਾਂਝੀ ਕਰ ਦਿਤੀ ਸੀ। ਲੇਖ ਛਪਣ ਤੋਂ ਬਾਅਦ ਮੈਨੂੰ ਬਹੁਤ ਫ਼ੋਨ ਆਏ। ਬਹੁਤ ਪਾਠਕਾਂ ਨੇ ਇਸ ਦੇ ਰੁੱਖ ਘਰ, ਖੇਤ ਲਗਾਏ, ਕਈਆਂ ਨੇ ਇਸ ਨੂੰ ਵਰਤ ਕੇ ਫ਼ਾਇਦਾ ਵੀ ਲਿਆ। ਮੈਨੂੰ ਬੜੀ ਸੰਤੁਸ਼ਟੀ ਮਿਲੀ।
ਇਸੇ ਤਰ੍ਹਾਂ ਇਕ ਫ਼ੋਨ ਕੋਟਕਪੂਰੇ ਤੋਂ ਸਰਦਾਰ ਹਰਨਾਮ ਸਿੰਘ ਮੱਕੜ ਦਾ ਆਇਆ ਜੋ ਕਿ ਲੋਕਾਂ ਨੂੰ ਇਸ ਦੇ ਫ਼ਾਇਦੇ ਦੱਸ ਕੇ ਜਾਗਰੂਕ ਕਰ ਰਹੇ ਹਨ ਜੋਕਿ ਇਕ ਬਹੁਤ ਵੰਡਾ ਪੁੰਨ ਹੈ। ਵਾਹਿਗੁਰੂ ਉਨ੍ਹਾਂ ਨੂੰ ਲੰਮੀ ਉਮਰ ਤੇ ਤੰਦਰੁਸਤੀ ਬਖ਼ਸ਼ੇ ਤਾਕਿ ਉਹ ਲੋਕਾਂ ਦਾ ਭਲਾ ਕਰਦੇ ਰਹਿਣ। ਉਨ੍ਹਾਂ ਨੇ ਸੁਹਾਂਜਣੇ ਬਾਰੇ ਹੋਰ ਵੀ ਜਾਣਕਾਰੀ ਦਿਤੀ ਜੋ ਕਮਾਲ ਦੀ ਸੀ ਤੇ ਮੇਰੀ ਜਾਣਕਾਰੀ ਵਿਚ ਹੋਰ ਵਾਧਾ ਹੋਇਆ ਕਿਉਂਕਿ ਗਿਆਨ ਹੀ ਹੈ ਜਿਸ ਦਾ ਕੋਈ ਅੰਤ ਨਹੀਂ। ਜਿੰਨਾ ਵੰਡ ਦਿਉ, ਜਿੰਨਾ ਲੈ ਲਉ ਘੱਟ ਹੈ। ਮੈਨੂੰ ਜਿੰਨੀ ਜਾਣਕਾਰੀ ਹੋਰ ਪ੍ਰਾਪਤ ਹੋਈ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ।
ਮੈਂ ਪਿਛਲੇ ਲੇਖ ਵਿਚ ਇਹ ਗੱਲ ਕਹੀ ਸੀ ਕਿ ਸੁਹਾਂਜਣੇ ਦੇ ਰੁੱਖ ਬਾਰੇ ਲਿਖਦੇ-ਲਿਖਦੇ ਲੇਖ ਬਹੁਤ ਲੰਮਾ ਹੋ ਜਾਵੇਗਾ ਪਰ ਮੱਕੜ ਜੀ ਦੀ ਜਾਗਰੂਕਤਾ ਫੈਲਾਉਣ ਦੀ ਮੁਹਿੰਮ ਵੇਖ ਕੇ ਮੈਨੂੰ ਫਿਰ ਕਲਮ ਚੁਕਣੀ ਪਈ। ਸੁਹਾਂਜਣੇ ਬਾਰੇ ਆਉ ਅਪਾਂ ਹੋਰ ਜਾਣਕਾਰੀ ਪ੍ਰਾਪਤ ਕਰੀਏ। ਸੁਹਾਂਜਣੇ ਦੇ ਪੱਤੇ ਧੋ ਕੇ ਛਾਂ ਵਿਚ ਸੁਕਾ ਕੇ ਰੱਖ ਲਉ। ਸੁਕਾ ਕੇ ਪਾਊਡਰ ਬਣਾ ਲਉ। ਅੱਧਾ ਚਮਚ ਦੁੱਧ ਨਾਲ ਸਾਰਾ ਪ੍ਰਵਾਰ ਲਵੇ ਤਾਂ ਇਸ ਨਾਲ ਯੂਰਿਕ ਐਸਿਡ, ਜੋੜਾਂ ਦਾ ਦਰਦ, ਕਮਜ਼ੋਰੀ, ਕੈਂਸਰ, ਮੋਟਾਪੇ ਬਲੱਡ ਪ੍ਰੈਸ਼ਰ ਵਧਣਾ ਕਈ ਰੋਗਾਂ ਤੋਂ ਬਚਾਅ ਰਹਿੰਦਾ ਹੈ। ਇਸ ਨੂੰ ਸੁਪਰ ਫ਼ੂਡ ਜਾਂ ਮੈਜਿਕ ਫ਼ੂਡ ਦਾ ਦਰਜਾ ਪ੍ਰਾਪਤ ਹੋ ਚੁੱਕਾ ਹੈ।
ਇਸ ਵਿਚ ਆਇਰਨ, ਫ਼ਾਈਬਰ, ਵਿਟਾਮਿਨ, ਕੈਲਸ਼ੀਅਮ ਆਦਿ ਭਰਪੂਰ ਮਾਤਰਾ ਵਿਚ ਹੁੰਦਾ ਹੈ। ਸ਼ਾਇਦ ਹੀ ਏਨੇ ਗੁਣ ਕਿਸੇ ਜੜੀ ਬੂਟੀ ਵਿਚ ਹੋਣ ਜੋਕਿ ਇਕ ਸੁਖਦਾਇਕ ਸਚਾਈ ਹੈ। ਇਸ ਨੂੰ ਮੂਲੀਆਂ ਵਾਂਗ ਫੱਲ ਲਗਦਾ ਹੈ ਜਿਸ ਦਾ ਅਚਾਰ, ਫਲੀਆਂ ਦੀ ਸਬਜ਼ੀ, ਆਲੂ ਮੈਥੀ ਵਾਂਗ ਖਾ ਸਕਦੇ ਹਾਂ। ਧਰਤੀ ਤੇ ਜਿੰਨੇ ਵੀ ਫੱਲ, ਸਬਜ਼ੀਆਂ ਉਗਦੀਆਂ ਹਨ, ਇਸ ਨੂੰ ਉਨ੍ਹਾਂ ਦਾ ਸਰਦਾਰ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸ ਦੀ ਕਾਸ਼ਤ ਰਾਹੀਂ ਬਾਹਰਲੇ ਦੇਸ਼ਾਂ ਵਿਚ ਇਸ ਤੋਂ ਤਿਆਰ ਪ੍ਰੋਡੈਕਟਾਂ ਰਾਹੀਂ 10 ਅਰਬ ਡਾਲਰ ਤੋਂ ਉਪਰ ਹੋ ਚੁੱਕੀ ਹੈ। ਭਾਰਤ ਵਿਚ ਇਸ ਦੀ ਕਾਸ਼ਤ ਤੇ ਕਮਾਈ 3 ਅਰਬ ਡਾਲਰ ਹੀ ਦਸੀ ਜਾ ਰਹੀ ਹੈ।
ਆਪਾਂ ਵੇਖੋ ਕਿੰਨੇ ਪਿੱਛੇ ਹਾਂ। ਇਹ ਅਪਣੀ ਸੂਸਤੀ ਦਾ ਨਤੀਜਾ ਹੈ, ਕਿਉਂਕਿ ਆਪਾਂ ਅਪਣੀ ਸਿਹਤ ਵਲ, ਚੰਗੀ ਖ਼ੁਰਾਕ ਵਲ ਘੱਟ ਧਿਆਨ ਦੇ ਕੇ ਮਹਿੰਗੇ-ਮਹਿੰਗੇ ਮੋਬਾਈਲਾਂ, ਕੋਠੀਆਂ, ਕਾਰਾਂ ਉਤੇ ਜ਼ਿਆਦਾ ਪੈਸਾ ਫੂਕ ਦਿੰਦੇ ਹਾਂ, ਕਰੋੜਾਂ ਦੇ ਮਕਾਨਾਂ ਵਿਚ ਬੈਠੇ ਹਾਂ ਚੰਗੀ ਸਬਜ਼ੀ ਲੈਣ ਵੇਲੇ ਦੁਕਾਨਦਾਰ ਨਾਲ ਮਹਿੰਗੀ ਕਹਿ ਕੇ ਬਹਿਸ ਕਰਦੇ ਮੂਰਖਤਾ ਦਾ ਸਬੂਤ ਦਿੰਦੇ ਹਾਂ। ਸੁਹਾਂਜਣੇ ਦਾ ਪਾਊਡਰ ਮੋਟਾਪੇ ਵਿਚ ਫਾਇਦਾ ਕਰਦਾ ਹੈ। ਇਸ ਦੇ ਬੀਜਾਂ ਦਾ ਤੇਲ ਜੈਤੂਨ ਤੋਂ ਵੱਧ ਫਾਇਦੇਮੰਦ ਹੈ। ਬੀਜਾਂ ਤੋਂ ਜਦੋਂ ਤੇਲ ਕੱਢ ਲਿਆ ਜਾਂਦਾ ਹੈ ਤਾਂ ਉਨ੍ਹਾਂ ਬੀਜਾਂ ਦਾ ਬਚਿਆ ਫੋਕਟ ਪਾਣੀ ਵਿਚ ਪਾ ਦਿਉ।
ਇਹ ਪਾਣੀ ਨੂੰ ਸ਼ੁੱਧ ਕਰ ਦਿੰਦਾ ਹੈ। ਇਸ ਦੇ ਪੱਤੇ ਪਸ਼ੂਆਂ ਦਾ ਦੁੱਧ ਵਧਾਉਂਦੇ ਹਨ। ਗੱਲ ਮੁਕਦੀ ਹੈ ਕਿ ਧਰਤੀ ਤੇ ਵਾਹਿਗੁਰੂ ਜੀ ਨੇ ਬਹੁਤ ਗੁਣਕਾਰੀ ਸੁਹਾਂਜਣਾ ਪੈਦਾ ਕਰ ਕੇ ਅਪਣੇ ਦਿਆਲੂ ਹੋਣ ਦਾ ਆਪਾਂ ਨੂੰ ਤੋਹਫ਼ਾ ਦਿਤਾ ਹੈ। ਸੋ ਬੇਨਤੀ ਹੈ ਕਿ ਇਯ ਨੂੰ ਘਰ-ਘਰ ਲਾਇਆ ਜਾਵੇ ਤੇ ਹਰ ਬੰਦੇ ਨੂੰ ਇਸ ਦੀ ਜਾਣਕਾਰੀ ਦਿਤੀ ਜਾਵੇ। ਇਸ ਲੇਖ ਤੇ ਪੁਰਾਣੇ ਲੇਖ ਦੀਆਂ ਫ਼ੋਟੋ ਸਟੇਟ ਕਾਪੀਆਂ ਹਰ ਬੰਦੇ ਦੇ ਹੱਥ ਵਿਚ ਦਿਉ ਅਸੀ ਤਾਂ ਸੱਭ ਨੂੰ ਜਾਗਰੂਕ ਕਰ ਰਹੇ ਹਾਂ। ਤੁਸੀ ਵੀ ਸਾਡਾ ਸਾਥ ਦਿਉ।
ਜੇਕਰ ਫਿਰ ਵੀ ਇਸ ਦਾ ਪਾਊਡਰ ਚਾਹੁੰਦੇ ਹੋ ਤਾਂ ਸਾਥੋਂ ਮੰਗਵਾ ਸਕਦੇ ਹੋ।
ਅਪਣੇ ਸ੍ਰੀਰ ਨੂੰ ਬਿਮਾਰ ਹੋਣ ਤੋਂ ਬਚਾਉ ਕਿਉਂਕਿ ਸਾਡੀ ਗੱਡੀ ਚਲਦੀ-ਚਲਦੀ ਹੀ ਹਰ ਕੋਈ ਪੁਛਦਾ ਹੈ, ਗੱਡੀ ਖੜ ਗਈ ਤਾਂ ਸੱਭ ਤੁਹਾਨੂੰ ਤੁਹਾਡੇ ਹਾਲ ਉਤੇ ਛੱਡ ਕੇ ਮੂੰਹ ਮੋੜ ਲੈਣਗੇ। ਹਰ ਕੋਈ ਕਹਿੰਦਾ ਹੈ 'ਹਾਏ ਬੁਢਾਪਾ ਨਾ ਆਵੇ।' ਇਸ ਲਈ ਗੱਡੀ ਦੀ ਸਰਵਿਸ ਕਰਦੇ ਰਹੋ। ਅਪਣਾ ਤੇ ਅਪਣੇ ਪ੍ਰਵਾਰ ਦੀ ਸਿਹਤ ਦਾ ਧਿਆਨ ਰੱਖੋ। ਜਾਣਕਾਰੀ ਲਈ ਫ਼ੋਨ 9 ਤੋਂ 5 ਵਜੇ ਤਕ ਕਰ ਸਕਦੇ ਹੋ।
ਕਈ ਮੇਰੇ ਵੀਰ ਰਾਤ ਨੂੰ 10 ਵਜੇ ਵੀ ਫ਼ੋਨ ਕਰ ਦਿੰਦੇ ਹਨ। ਸੋ ਸੱਭ ਨੂੰ ਬੇਨਤੀ ਹੈ ਕਿ ਸਮੇਂ ਦਾ ਧਿਆਨ ਰੱਖ ਕੇ ਫ਼ੋਨ ਕਰੋ। ਦਾਸ ਤੁਹਾਡੀ ਸੇਵਾ ਵਿਚ ਸਦਾ ਹਾਜ਼ਰ ਰਹੇਗਾ। ਜੇਕਰ ਕਿਸੇ ਵਜ੍ਹਾ ਨਾਲ ਫ਼ੋਨ ਮੈਂ ਚੁੱਕ ਨਾ ਸਕਾਂ ਤਾਂ ਮੈਂ ਵਾਪਸ ਫ਼ੋਨ ਕਰ ਕੇ ਜ਼ਰੂਰ ਸੱਭ ਨੂੰ ਪੁਛਦਾ ਹਾਂ। ਦਾਤਾ ਸੱਭ ਦਾ ਭਲਾ ਕਰੇ। ਤੁਹਾਨੂੰ ਰੋਗਾਂ ਤੋਂ ਬਚਾ ਕੇ ਰੱਖੇ। ਖ਼ੂਬ ਹਸਦੇ ਰਹੋ ਤੇ ਹਸਾਉਂਦੇ ਰਹੋ ਜੀ। ਸੰਪਰਕ : 98726-10005