ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ 'ਤੇ ਵਿਸ਼ੇਸ਼
ਲੱਖਾਂ ਦੀ ਗਿਣਤੀ ਵਿਚ ਸੰਗਤ ਹੋ ਰਹੀ ਨਤਮਸਤਕ
ਅੰਮ੍ਰਿਤਸਰ ਸਾਹਿਬ - ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪ ਕੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸੰਸਾਰ ਦੇ ਇੱਕੋ-ਇੱਕ ਸ਼ਬਦ ਸਰੂਪ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ, ਜਿਹਨਾਂ ਦਾ ਪਹਿਲਾ ਪ੍ਰਕਾਸ਼ ਪੁਰਬ ਇਸ ਸਾਲ 31 ਭਾਦੋਂ (16 ਸਤੰਬਰ) ਨੂੰ ਸੰਸਾਰ ਭਰ 'ਚ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਹੈ।
ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਲੱਖਣਤਾ ਹੈ ਕਿ ਇਹਨਾਂ ਦੇ 1430 ਅੰਗਾਂ 'ਤੇ ਪ੍ਰਭੂ ਭਗਤੀ ਤੇ ਨਾਮ ਸਿਮਰਨ, ਭਾਵ ਅਧਿਆਤਮ ਦੇ ਨਾਲ-ਨਾਲ ਸੰਸਾਰਿਕ ਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਵੀ ਬਰਾਬਰ ਅਹਿਮੀਅਤ ਦਿੱਤੀ ਗਈ ਹੈ। ਸਿੱਖ ਗੁਰੂ ਸਾਹਿਬਾਨਾਂ ਦੇ ਨਾਲ-ਨਾਲ ਦੂਜੇ ਧਰਮਾਂ ਤੇ ਵਰਣਾਂ ਨਾਲ ਸੰਬੰਧ ਰੱਖਣ ਵਾਲੇ ਭਗਤਾਂ, ਭੱਟਾਂ ਤੇ ਸੰਤਾਂ ਦੀ ਬਾਣੀ ਦਾ ਵੀ ਸਭ ਤੋਂ ਪਾਵਨ ਸੰਗਮ ਹੋਣ ਕਰ ਕੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ਼ ਸਿੱਖਾਂ ਦਾ ਹੀ ਨਹੀਂ, ਬਲਕਿ ਸਾਰੀ ਮਨੁੱਖਤਾ ਦੇ ਗੁਰੂ ਵਜੋਂ ਸਤਿਕਾਰ ਦਿੱਤਾ ਜਾਂਦਾ ਹੈ। ਇਹਨਾਂ ਸਤਿਕਾਰਤ ਸ਼ਖ਼ਸੀਅਤਾਂ ਵਿਚ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਤ੍ਰਿਲੋਚਨ ਜੀ, ਸ਼ੇਖ਼ ਫ਼ਰੀਦ ਜੀ, ਭਗਤ ਬੈਣੀ ਜੀ, ਭਗਤ ਧੰਨਾ ਜੀ, ਭਗਤ ਜੈਦੇਵ ਜੀ, ਭਗਤ ਭੀਖਨ ਜੀ, ਭਗਤ ਸੂਰਦਾਸ ਜੀ, ਭਗਤ ਪਰਮਾਨੰਦ ਜੀ, ਭਗਤ ਸੈਣ ਜੀ, ਭਗਤ ਸਧਨਾ ਜੀ, ਭਗਤ ਪੀਪਾ ਜੀ ਤੇ ਭਗਤ ਰਾਮਾਨੰਦ ਜੀ ਦੇ ਨਾਂਅ ਸ਼ਾਮਲ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਗ ਆਧਾਰਿਤ ਹੈ ਜੋ 31 ਰਾਗਾਂ ਵਿਚ ਦਰਜ ਕੀਤੀ ਗਈ ਹੈ। ਰਾਗਾਂ ਤੋਂ ਇਲਾਵਾ ਬਾਣੀ ਨੂੰ ਅਸ਼ਟਪਦੀਆਂ, ਸਲੋਕਾਂ ਅਤੇ ਪਦਿਆਂ ਦੇ ਆਧਾਰ 'ਤੇ ਵਰਗੀਕ੍ਰਿਤ ਕੀਤਾ ਗਿਆ ਹੈ। ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਕੀਤਾ ਗਿਆ। ਮਹਾਨ ਗੁਰਸਿੱਖ ਅਤੇ 6 ਸਿੱਖ ਗੁਰੂ ਸਾਹਿਬਾਨਾਂ ਦੇ ਦਰਸ਼ਨਾਂ ਦਾ ਸੁਭਾਗ ਹਾਸਲ ਕਰਨ ਵਾਲੇ ਸਤਿਕਾਰਯੋਗ ਬਾਬਾ ਬੁੱਢਾ ਜੀ ਨੂੰ ਸ਼ਬਦ ਗੁਰੂ ਦੇ ਪਹਿਲੇ ਗ੍ਰੰਥੀ ਦਾ ਸਨਮਾਨ ਹਾਸਲ ਹੋਇਆ।
ਸਿੱਖ ਕੌਮ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਵਉੱਚ ਹਨ। ਸਿੱਖ ਖੁਸ਼ੀ ਲਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸ਼ੁਕਰਾਨੇ ਦੀ ਅਰਦਾਸ ਕਰਦਾ ਹੈ ਅਤੇ ਔਖੀ ਘੜੀ 'ਚ ਵੀ ਸ਼ਬਦ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਹਾਲਾਤਾਂ ਨਾਲ ਜੂਝਣ ਦਾ ਹੌਸਲਾ ਤੇ ਸਮਰੱਥਾ ਮੰਗਦਾ ਹੈ। ਟਾਕਰਾ ਚਾਹੇ ਮੁਗ਼ਲਾਂ ਨਾਲ ਸੀ, ਚਾਹੇ ਅਫ਼ਗ਼ਾਨ ਫ਼ੌਜਾਂ ਨਾਲ, ਚਾਹੇ ਵਿਸ਼ਵ ਜੰਗਾਂ ਸਨ ਅਤੇ ਚਾਹੇ ਕਿਸਾਨ ਅੰਦੋਲਨ, ਗੁਰੂ ਦੇ ਓਟ ਆਸਰੇ ਹੌਸਲਾ ਤੇ ਚੜ੍ਹਦੀਕਲਾ 'ਚ ਰਹਿ ਕੇ ਸਿੱਖ ਕੌਮ ਵੱਡੀ ਤੋਂ ਵੱਡੀ ਔਕੜ ਨੂੰ ਫ਼ਤਿਹ ਕਰਦੀ ਆਈ ਹੈ, ਅਤੇ ਆਪਣੇ ਗੁਰੂ 'ਤੇ ਅਟੁੱਟ ਭਰੋਸਾ ਹੀ ਸਿੱਖ ਕੌਮ ਦੀ ਸਭ ਤੋਂ ਵੱਡੀ ਤਾਕਤ ਹੈ।