ਜਨਮਦਿਨ ਤੇ ਵਿਸ਼ੇਸ਼: ਪੜ੍ਹੋ ਮਿਜ਼ਾਈਲ ਮੈਨ ਡਾ. ਕਲਾਮ ਦੀ ਜ਼ਿੰਦਗੀ ਦੇ ਕੁੱਝ ਖ਼ਾਸ ਕਿੱਸੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਉਹਨਾਂ ਦਾ ਜਨਮ 15 ਅਕਤੂਬਰ 1931 ਨੂੰ ਤਾਮਿਲਨਾਡੂ ਦੇ ਸ਼ਹਿਰ ਰਾਮੇਸ਼ਵਰਮ ਵਿਖੇ ਇਕ ਗ਼ਰੀਬ ਪ੍ਰਵਾਰ ਵਿਚ ਹੋਇਆ

A. P. J. Abdul Kalam

 

ਇਕ ਬੱਚਾ ਜਦੋਂ ਚੌਥੀ ਜਮਾਤ ਵਿਚ ਪੜ੍ਹਦਾ ਸੀ ਤਾਂ ਉਸ ਨਾਲ ਇਕ ਅਜੀਬ ਘਟਨਾ ਵਾਪਰੀ। ਇਕ ਦਿਨ ਉਨ੍ਹਾਂ ਦਾ ਗਣਿਤ ਦਾ ਅਧਿਆਪਕ ‘ਰਾਮਾ ਕ੍ਰਿਸ਼ਨਾ ਆਈਅਰ’ ਕਿਸੇ ਹੋਰ ਕਲਾਸ ਨੂੰ ਪੜ੍ਹਾ ਰਿਹਾ ਸੀ। ਉਹ ਬੱਚਾ ਬੇਧਿਆਨੇ ਉਸ ਕਲਾਸ ਵਿਚ ਜਾ ਬੈਠਾ। ਅਧਿਆਪਕ ਨੇ ਉਸ ਨੂੰ ਗਲੋਂ ਫੜਿਆ ਤੇ ਸਾਰੀ ਜਮਾਤ ਦੇ ਸਾਹਮਣੇ ਡੰਡੇ ਮਾਰੇ। ਬੱਚੇ ਨੇ ਬੜੀ ਬੇਇਜ਼ਤੀ ਮਹਿਸੂਸ ਕੀਤੀ। ਜਦੋਂ ਇਮਤਿਹਾਨ ਹੋਏ ਤਾਂ ਉਸ ਨੇ ਗਣਿਤ ਵਿਸ਼ੇ ਦੇ 100 ਵਿਚੋਂ 100 ਅੰਕ ਪ੍ਰਾਪਤ ਕੀਤੇ। ਉਸੇ ਅਧਿਆਪਕ ਨੇ ਸਾਰੇ ਸਕੂਲ ਦੇ ਸਾਹਮਣੇ ਸ਼ਾਬਾਸ਼ ਦਿਤੀ ਤੇ ਉਸ ਦਿਨ ਦੀ ਘਟਨਾ ਦਾ ਜ਼ਿਕਰ ਵੀ ਕੀਤਾ। ਅਧਿਆਪਕ ਨੇ ਇਹ ਵੀ ਕਹਿ ਦਿਤਾ ਕਿ ਮੈਂ ਜਿਸ ਵਿਦਿਆਰਥੀ ਨੂੰ ਵੀ ਡੰਡੇ ਮਾਰਦਾ ਹਾਂ, ਉਹ ਮਹਾਨ ਪੁਰਸ਼ ( Birthday Special: Read Missile Man Dr. Some special stories of Kalam's life)  ਬਣ ਜਾਂਦਾ ਹੈ। ਦੇਖਣਾ ਕਿਸੇ ਦਿਨ ਇਹ ਬੱਚਾ ਵੀ ਮਹਾਨ ਵਿਅਕਤੀ ਬਣੇਗਾ।

 

 

ਅਧਿਆਪਕ ਦੀ ਗੱਲ ਸੱਚੀ ਨਿਕਲੀ। ਇਹ ਬੱਚਾ ਜਿਥੇ ਇਕ ਮਹਾਨ ਵਿਗਿਆਨੀ ਬਣਿਆ ਤੇ ਮੀਜ਼ਾਈਲ ਮੈਨ ਦੇ ਨਾਮ ਨਾਲ ਪ੍ਰਸਿੱਧ ਹੋਇਆ, ਉਥੇ ਸਾਡੇ ਦੇਸ਼ ਦਾ 11ਵਾਂ ਰਾਸ਼ਟਰਪਤੀ ਵੀ ਬਣਿਆ। ਉਹ ਸੀ ਡਾ. ਏ.ਪੀ.ਜੇ. ਅਬਦੁਲ ਕਲਾਮ। ਉਹ ਪਾਇਲਟ ਬਣਨਾ ਚਾਹੁੰਦਾ ਸੀ ਪਰ ਇਕ ਨੰਬਰ ਘੱਟ ਹੋਣ ਕਰ ਕੇ, ਉਹ ਪਾਇਲਟ ਤਾਂ ਨਾ ਬਣ ਸਕਿਆ ਪਰ ਆਉਣ ਵਾਲੇ ਸਮੇਂ ਵਿਚ ਉਹ ਭਾਰਤ ਦਾ ਮੀਜ਼ਾਈਲ ਮੈਨ ਬਣ ( Birthday Special: Read Missile Man Dr. Some special stories of Kalam's life) ਗਿਆ ਤੇ ਬਾਅਦ ਵਿਚ ਰਾਸ਼ਟਰਪਤੀ। ਡਾ. ਏ.ਪੀ.ਜੇ. ਅਬਦੁਲ ਕਲਾਮ ਦਾ ਪੂਰਾ  ਨਾਂ ਏਵੁਲ ਪਾਕਿਰ ਜੈਂਨੁਲਾਬਦੀਨ ਅਬਦੁਲ ਕਲਾਮ ਸੀ।

 

 

ਉਹਨਾਂ  ਦਾ ਜਨਮ 15 ਅਕਤੂਬਰ 1931 ਨੂੰ ਤਾਮਿਲਨਾਡੂ ਦੇ ਸ਼ਹਿਰ ਰਾਮੇਸ਼ਵਰਮ ਵਿਖੇ ਇਕ ਗ਼ਰੀਬ ਪ੍ਰਵਾਰ ਵਿਚ ਹੋਇਆ। ਉਸ ਦਾ ਪਿਤਾ ਜੈਨੁਲਾਬਦੀਨ ਭਾਵੇਂ ਬਹੁਤ ਪੜ੍ਹਿਆ ਲਿਖਿਆ ਨਹੀਂ ਸੀ ਪਰ ਉਹ ਧਾਰਮਕ ਰੁਚੀਆਂ ਵਾਲਾ ਨੇਕ ਦਿਲ ਇਨਸਾਨ ਸੀ। ਹਰ ਰੋਜ਼ ਪੰਜ ਵੇਲੇ ਨਮਾਜ਼ ਪੜ੍ਹਨ ਵਾਲਾ ਸੀ। ਉਸ ਦੀ ਮਾਤਾ ਆਸ਼ੀ ਅੰਮਾ ਸਾਧਾਰਣ ਤੇ ਧਾਰਮਕ ਬਿਰਤੀ ਵਾਲੀ ਔਰਤ ਸੀ। ਇਨ੍ਹਾਂ ਦਾ ਘਰ ਸਾਧਾਰਣ ਜਿਹਾ ਹੀ ਸੀ ਤੇ ਇਕ ਘਰ ਵਿਚ ਤਿੰਨ ਪ੍ਰਵਾਰ ਰਹਿੰਦੇ ਸਨ। ਅਬਦੁਲ ਕਲਾਮ ਦਾ ਪਿਤਾ ਸਮੁੰਦਰੀ ਤੱਟ ਦੇ ਨੇੜੇ ਕਿਸ਼ਤੀਆਂ ਤਿਆਰ ਕਰਦਾ ਸੀ ਜਿਸ ਨਾਲ ਘਰ ਦਾ ਗੁਜ਼ਾਰਾ ਚਲਦਾ ਸੀ। ਪੰਜ ਸਾਲ ਦੀ ਉਮਰ ਵਿਚ ਅਬਦੁਲ ਕਲਾਮ ਨੂੰ ਰਾਮੇਸ਼ਵਰਮ ਦੇ ਪ੍ਰਾਇਮਰੀ ਸਕੂਲ ਵਿਚ ਦਾਖ਼ਲ  ( Birthday Special: Read Missile Man Dr. Some special stories of Kalam's life)  ਕਰਵਾਇਆ ਗਿਆ।

 

 

ਇਹ ਪ੍ਰਵਾਰ ਦਾ ਪਹਿਲਾ ਬੱਚਾ ਸੀ ਜੋ ਸਕੂਲ ਵਿਚ ਦਾਖ਼ਲ ਹੋਇਆ ਸੀ। ਘਰ ਵਿਚ ਗ਼ਰੀਬੀ ਹੋਣ ਕਰ ਕੇ ਉਸ ਨੂੰ ਪੜ੍ਹਾਈ ਦੇ ਖ਼ਰਚ ਲਈ ਆਪ ਕਮਾਈ ਕਰਨੀ ਪੈਂਦੀ ਸੀ। ਉਹ ਸਕੂਲ ਦੇ ਸਮੇਂ ਤੋਂ ਬਾਅਦ ਇਮਲੀ ਦੇ ਬੀਜ ਇਕੱਠੇ ਕਰ ਕੇ ਵੇਚਦਾ ਸੀ ਤੇ ਇਕ ਆਨਾ ਉਸ ਨੂੰ ਕਮਾਈ ਹੋ ਜਾਂਦੀ ਸੀ। ਫਿਰ ਸਮਾਂ ਪਾ ਕੇ ਉਸ ਨੂੰ ਅਖ਼ਬਾਰ ਵੇਚਣ ਲਈ ਕਿਸੇ ਰਿਸ਼ਤੇਦਾਰ ਕੋਲ ਕੰਮ ਮਿਲ ਗਿਆ। ਇਹ ਕੰਮ ਬਹੁਤ ਮਿਹਨਤ ਵਾਲਾ ਸੀ। ਉਹ ਸਵੇਰੇ ਚਾਰ ਵਜੇ ਉਠਦਾ। ਇਕ ਘੰਟਾ ਪੜ੍ਹਾਈ ਕਰਦਾ ਫਿਰ ਨਮਾਜ਼ ਵਿਚ ਜੁੜ ਜਾਂਦਾ ਤੇ ਬਾਅਦ ਵਿਚ ਸਟੇਸ਼ਨ ਤੋਂ ਅਖ਼ਬਾਰਾਂ ਦੇ ਬੰਡਲ ਇਕੱਠੇ ਕਰਦਾ ਤੇ ਵੇਚਦਾ, ਫਿਰ ਸਕੂਲ ਜਾਂਦਾ। ਸਕੂਲੋਂ ਆ ਕੇ ਅਖ਼ਬਾਰਾਂ ਦੀ ਘਰੋਂ ਘਰੀ ਉਗਰਾਹੀ ਕਰਦਾ।

 

ਕਲਾਮ ਪੜ੍ਹਾਈ ਵਿਚ ਬਹੁਤ ਹੁਸ਼ਿਆਰਣ ( Birthday Special: Read Missile Man Dr. Some special stories of Kalam's life)   ਸੀ। ਸਾਰੇ ਅਧਿਆਪਕ ਉਸ ਦੀ ਕਦਰ ਕਰਦੇ ਸਨ। ਇਕ ਵਾਰ ਬਿਮਾਰ ਹੋਣ ਕਾਰਨ ਉਹ ਸਕੂਲ ਨਾ ਜਾ ਸਕਿਆ ਤਾਂ ਉਸ ਦਾ ਹਾਲ ਚਾਲ ਪੁੱਛਣ ਲਈ ਅਧਿਆਪਕ ਮੁਥੂ ਜੀ ਉਸ ਦੇ ਘਰ ਗਏ ਤੇ ਉਸ ਨੂੰ ਹੌਸਲਾ ਦਿਤਾ। ਡਾ. ਕਲਾਮ ਦੇ ਪ੍ਰਾਇਰਮੀ ਸਕੂਲ ਵਿਚ ਤਿੰਨ ਦੋਸਤ ਸਨ ਰਾਮਾਨੰਦ, ਅਰਵਿੰਦਨ ਤੇ ਸ਼ਿਵ ਪ੍ਰਕਾਸ਼ਨ। ਕਲਾਸ ਵਿਚ ਇਕ ਦਿਨ ਨਵਾਂ ਅਧਿਆਪਕ ਆਇਆ। ਕਲਾਸ ਦੀ ਪਹਿਲੀ ਲਾਈਨ ਵਿਚ ਕਲਾਮ ਅਪਣੇ ਦੋਸਤ ਰਾਮਾਨੰਦ ਨਾਲ ਬੈਠਾ ਸੀ। ਨਵੇਂ ਅਧਿਆਪਕ ਨੂੰ ਹਿੰਦੂ ਤੇ ਮੁਸਲਮਾਨ ਮੁੰਡਿਆਂ ਦਾ ਇਕੱਠੇ ਬੈਠਣਾ ਚੰਗਾ ਨਾ ਲੱਗਾ ਤੇ ਕਲਾਮ ਨੂੰ ਪਿਛਲੇ ਬੈਂਚ ਤੇ ਬੈਠਣ ਲਈ ਕਹਿ ਦਿਤਾ। ਕਲਾਮ ਪਿਛਲੇ ਬੈਂਚ ਤੇ ਬੈਠ ਗਿਆ ਪਰ ਦੋਹਾਂ ਦੋਸਤਾਂ ਨੂੰ ਇਹ ਗੱਲ ਚੰਗੀ ਨਾ ਲੱਗੀ।

 

 

ਰਾਮਾਨੰਦ ਨੇ ਘਰ ਜਾ ਕੇ ਸਾਰੀ ਘਟਨਾ ਅਪਣੇ ਪਿਤਾ ਲਛਮਣ ਸ਼ਾਸਤਰੀ ਨੂੰ ਦੱਸ ਦਿਤੀ। ਉਹ ਅਗਲੇ ਦਿਨ ਸਕੂਲ ਗਿਆ ਤੇ ਅਧਿਆਪਕ ਨੂੰ ਚੰਗੀ ਝਾੜ ਪਾਈ ਕਿ ਤੂੰ ਬੱਚਿਆਂ ਵਿਚ ਨਫ਼ਰਤ ਦੇ ਬੀਜ ਬੋ ਰਿਹਾ ਹੈਂ। ਜਾਂ ਤੇ ਮਾਫ਼ੀ ਮੰਗ ਨਹੀਂ ਤਾਂ ਸਕੂਲ ਤੋਂ ਛੁੱਟੀ ਕਰ। ਅਧਿਆਪਕ ਨੇ ਇਕ ਦਮ ਹੱਥ ਜੋੜ ਕੇ ਮਾਫ਼ੀ ਮੰਗ ਲਈ। ਅਧਿਆਪਕ ਦੇ ਵਤੀਰੇ ਵਿਚ ਉਸ ਤੋਂ ਬਾਅਦ ਕਾਫ਼ੀ ਤਬਦੀਲੀ ਆ ਗਈ। ਕਲਾਮ ਨੇ ਵੀ ਇਸ ਘਟਨਾ ਤੋਂ ਬਹੁਤ ਕੁੱਝ ਸਿਖਿਆ। ਕਲਾਮ ਨੇ ਦਸਵੀਂ ਜਮਾਤ ਰਾਮਾ ਨਾਥਾ ਪੁਰਮ ਦੇ ਸਵਾਰਟਜ਼ ਹਾਈ ਸਕੂਲ ਤੋਂ ਪਾਸ ਕੀਤੀ। ਸੰਨ 1950 ਵਿਚ ਉਸ ਨੇ ਇੰਟਰਮੀਡੀਏਟ ਕਰਨ ਲਈ ਸੈਂਟ ਜੋਸਫ਼ ਕਾਲਜ ਤ੍ਰਿਚਨਾਪਲੀ ਵਿਚ ਦਾਖ਼ਲਾ ਲੈ ਲਿਆ। ਪੜ੍ਹਾਈ ਵਿਚ ਉਹ ਔਸਤ ਵਿਦਿਆਰਥੀ ਹੀ ਰਿਹਾ।

ਪਰ ਉਸ ਦਾ ਦਿਮਾਗ਼ ਪ੍ਰਯੋਗੀ ਕੰਮਾਂ ਵਿਚ ਬਹੁਤ ਤੇਜ਼ ਸੀ। ਜਦੋਂ ਉਹ ਕਾਲਜ ਦੇ ਆਖ਼ਰੀ ਸਾਲ ਵਿਚ ਸੀ ਤਾਂ ਉਸ ਨੂੰ ਇੰਗਲਿਸ਼ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ। ਉਸ ਨੇ ਮਹਾਨ ਲੇਖਕਾਂ ਟਾਲਸਟਾਏ, ਸਕੌਟ ਤੇ ਹਾਰਡੀ ਦੀਆਂ ਪੁਸਤਕਾਂ ਦਾ ਅਧਿਅਨ ਕੀਤਾ। ਨਾਲ ਹੀ ਉਸ ਦੀ ਰੁਚੀ ਫ਼ਿਜ਼ਿਕਸ ਪੜ੍ਹਨ ਵਿਚ ਵਿਕਸਿਤ ਹੋ ਗਈ। ਫਿਰ ਕਲਾਮ ਨੇ ਬੀ.ਐਸ.ਸੀ. ਵਿਚ ਦਾਖ਼ਲਾ ਲੈ ਲਿਆ। ਬੀ.ਐਸ.ਸੀ. ਕਰਨ ਤੋਂ ਬਾਅਦ ਉਸ ਨੂੰ ਸਮਝ ਲੱਗੀ ਕਿ ਮੈਨੂੰ ਬੀ.ਐਸ.ਸੀ. ਦੀ ਬਜਾਏ ਇੰਨਜੀਨੀਅਰਿੰਗ ਵਿਚ ਦਾਖ਼ਲਾ ਲੈ ਲੈਣਾ ਚਾਹੀਦਾ ਸੀ। ਇਸ ਮਨੋਰਥ ਦੀ ਪੂਰਤੀ ਲਈ ਕਲਾਮ ਨੇ ਮਦਰਾਸ ਇਨਸਟੀਚਿਊਟ ਆਫ਼ ਟੈਕਨਾਲੋਜੀ ਵਿਚ ਏਅਰੋਨੌਟਿਕ ਇੰਨਜੀਨੀਅਰਿੰਗ ਵਿਚ ਦਾਖ਼ਲਾ ਲੈਣ ਲਈ ਫ਼ਾਰਮ ਭਰ ਦਿਤਾ। ਉਸ ਦੀ ਚੋਣ ਹੋ ਗਈ। ਪਰ ਕਾਲਜ ਮਹਿੰਗਾ ਸੀ। ਫ਼ੀਸ ਲਈ ਪੈਸੇ ਕੋਲ ਨਹੀਂ ਸਨ। ਉਸ ਸਮੇਂ ਕਲਾਮ ਦੀ ਭੈਣ ਅਪਣੇ ਭਰਾ ਲਈ ਅੱਗੇ ਆਈ।

ਉਸ ਨੇ ਅਪਣੇ ਗਹਿਣੇ ਵੇਚ ਦਿਤੇ ਤੇ ਕਲਾਮ ਦਾ ਉਸ ਕਾਲਜ ਵਿਚ ਦਾਖ਼ਲਾ ਕਰਵਾ ਦਿਤਾ। ਜਦੋਂ ਕਲਾਮ ਕੋਰਸ ਦੇ ਆਖ਼ਰੀ ਪੜਾਅ ਤੇ ਸੀ ਤਾਂ ਉਸ ਨੂੰ ਅਤੇ ਉਸ ਦੇ ਚਾਰ ਹੋਰ ਜਮਾਤੀਆਂ ਨੂੰ ਹਵਾ ਵਿਚ ਗਤੀ ਕਰਨ ਵਾਲੇ ਲੜਾਕੂ ਜਹਾਜ਼ ਦਾ ਡੀਜ਼ਾਈਨ ਤਿਆਰ ਕਰਨ ਦਾ ਪ੍ਰਾਜੈਕਟ ਦਿਤਾ ਗਿਆ। ਇਕ ਦਿਨ ਪ੍ਰਾਜੈਕਟ ਡਾਇਰੈਕਟਰ ਪ੍ਰੋ: ਸ੍ਰੀ ਨਿਵਾਸਨ ਉਨ੍ਹਾਂ ਦੇ ਕੰਮ ਦਾ ਜਾਇਜ਼ਾ ਲੈਣ ਪਹੁੰਚੇ। ਕਲਾਮ ਦਾ ਪ੍ਰਾਜੈਕਟ ਅਜੇ ਅਧੂਰਾ ਸੀ। ਉਹ ਗੁੱਸੇ ਵਿਚ ਆ ਗਿਆ ਤੇ ਕਲਾਮ ਨੂੰ ਬੋਲਿਆ, ‘‘ਜੇ ਤਿੰਨ ਦਿਨਾਂ ਵਿਚ ਤੇਰਾ ਪ੍ਰਾਜੈਕਟ ਮੁਕੰਮਲ ਨਾ ਹੋਇਆ ਤਾਂ ਮੈਂ ਤੇਰਾ ਵਜ਼ੀਫ਼ਾ ਬੰਦ ਕਰਵਾ ਦਿਆਂਗਾ।’’ ਕਲਾਮ ਇਹ ਸੁਣ ਕੇ ਘਬਰਾ ਗਿਆ। ਪਰ ਪ੍ਰੋ: ਦੇ ਜਾਣ ਤੋਂ ਬਾਅਦ ਸ਼ਾਂਤ ਹੋ ਕੇ ਕੰਮ ਵਿਚ ਐਸਾ ਰੁਝ ਗਿਆ ਕਿ ਖਾਣ ਪੀਣ ਵੀ ਭੁੱਲ ਗਿਆ।

ਤੀਜੇ ਦਿਨ ਉਹੀ ਪ੍ਰੋਫ਼ੈਸਰ ਫਿਰ ਉਸ ਦੇ ਕਮਰੇ ਵਿਚ ਆ ਗਿਆ। ਕਲਾਮ ਨੂੰ ਕੰਮ ਵਿਚ ਰੁਝਿਆ ਵੇਖ ਕੇ ਉਸ ਨੂੰ ਜੱਫੀ ਵਿਚ ਲੈ ਕੇ ਪਿਆਰ ਕੀਤਾ ਤਾਂ ਫਿਰ ਕਿਹਾ, ‘‘ਮੈਨੂੰ ਪਤਾ ਸੀ ਕਿ ਤੂੰ ਬਹੁਤ ਸਿਰੜੀ ਹੈਂ। ਮੈਂ ਤਾਂ ਤੇਰੇ ਮਨ ਉਤੇ ਬੋਝ ਪਾਇਆ ਸੀ ਤੇ ਕੰਮ ਪੂਰਾ ਕਰਨ ਦਾ ਸਮਾਂ ਨਿਸ਼ਚਿਤ ਕਰ ਦਿਤਾ ਸੀ। ਤੂੰ ਤਾਂ ਮੇਰੀ ਉਮੀਦ ਤੋਂ ਵੀ ਵਧੀਆ ਕੰਮ ਕੀਤਾ ਹੈ।’’ ਕਾਲਜ ਦੀ ਵਿਦਾਇਗੀ ਪਾਰਟੀ ਸਮੇਂ ਫ਼ੋਟੋ ਹੋਣ ਲੱਗੀ ਤਾਂ ਕਲਾਮ ਵੀ ਵਿਦਿਆਰਥੀਆਂ ਨਾਲ ਇਕ ਲਾਈਨ ਵਿਚ ਖੜਾ ਸੀ ਤੇ ਸਾਰੇ ਪ੍ਰੋਫ਼ੈਸਰ ਅੱਗੇ ਕੁਰਸੀਆਂ ਉਤੇ ਬੈਠੇ ਸਨ। ਪ੍ਰੋ: ਸਪੋਂਡਰ ਕੁਰਸੀ ਤੋਂ ਉਠੇ ਅਤੇ ਕਲਾਮ ਨੂੰ ਕਿਹਾ,‘‘ਤੇਰੀ ਖਲੋਣ ਦੀ ਇਹ ਥਾਂ ਨਹੀਂ। ਤੂੰ ਮੇਰੇ ਨਾਲ ਬੈਠ ਕੇ ਫ਼ੋਟੋ ਖਿਚਵਾ। ਫਿਰ ਕਹਿਣ ਲੱਗੇ ਕਿ ਇਕ ਦਿਨ ਤੂੰ ਸਾਡਾ ਸਾਰਿਆਂ ਦਾ ਨਾਂ ਰੋਸ਼ਨ ਕਰੇਂਗਾ।’’

  ਹੋਰ ਵੀ ਪੜ੍ਹੋ: ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ 

ਇੰਨਜਨੀਅਰਿੰਗ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਕਲਾਮ ਹਿੰਦੋਸਤਾਨ ਏਅਰੋਨਾਟਿਕਸ ਲਿਮਟਿਡ ਬੰਗਲੌਰ ਚਲਾ ਗਿਆ। ਉਥੇ ਉਸ ਨੇ ਜਹਾਜ਼ ਦੇ ਹਰ ਇਕ ਪੁਰਜ਼ੇ ਦੀ ਮੁਰੰਮਤ ਸਬੰਧੀ ਕਾਫ਼ੀ ਜਾਣਕਾਰੀ ਹਾਸਲ ਕਰ ਲਈ। ਉਸ ਨੂੰ ਇਕ ਅੰਕ ਘੱਟ ਹੋਣ ਉਤੇ ਏਅਰ ਫ਼ੋਰਸ ਵਿਚ ਨੌਕਰੀ ਨਾ ਮਿਲ ਸਕੀ। ਫਿਰ 1958 ਵਿਚ ਉਸ ਦੀ ਨਿਯੁਕਤੀ ਡੀ.ਡੀ.ਟੀ. ਅਤੇ ਪੀ. ਵਿਚ ਸੀਨੀਅਰ ਸਾਇੰਟਿਫ਼ਿਕ ਸਹਾਇਕ ਦੀ ਹੋ ਗਈ। ਕੁੱਝ ਸਮਾਂ ਕਾਨ੍ਹਪੁਰ ਨੌਕਰੀ ਕਰਨ ਤੋਂ ਬਾਅਦ ਉਸ ਨੂੰ ਬੰਗਲੌਰ ਭੇਜ ਦਿਤਾ ਗਿਆ। ਇਥੇ ਉਸ ਨੇ ਇਕ ਉਡਣੀ ਮਸ਼ੀਨ ‘ਨੰਦੀ’ ਦਾ ਡਿਜ਼ਾਈਨ ਤਿਆਰ ਕੀਤਾ ਤੇ ਇਕ ਸਾਲ ਵਿਚ ਮਸ਼ੀਨ ਤਿਆਰ ਹੋ ਗਈ। ਰਖਿਆ ਮੰਤਰੀ ਮੈਨਨ ਇਕ ਦਿਨ ਉਥੇ ਆਏ ਤੇ ਉਨ੍ਹਾਂ ਨੇ ਇਸ ਮਸ਼ੀਨ ਵਿਚ ਬੈਠ ਕੇ ਉਡਾਣ ਭਰੀ ਅਤੇ ਕਲਾਮ ਦੇ ਕੰਮ ਤੋਂ ਬਹੁਤ ਖ਼ੁਸ਼ ਹੋਏ। ਕੁੱਝ ਸਮੇਂ ਬਾਅਦ ਕਲਾਮ ਦੀ ਨਿਯੁਕਤੀ ਰਾਕਟ ਇੰਨਜੀਨੀਅਰ ਵਜੋਂ ਹੋ ਗਈ।

1962 ਵਿਚ ਕਲਾਮ ਰਾਕਟ ਛੱਡਣ ਦੀਆਂ ਤਕਨੀਕਾਂ ਦੀ ਟ੍ਰੇਨਿੰਗ ਲੈਣ ਲਈ ਅਮਰੀਕਾ ਵਿਚ ‘ਨਾਸਾ’ ਚਲਾ ਗਿਆ। ਇਕ ਸਾਲ ਬਾਅਦ ਜਦੋਂ ਉਥੋਂ ਵਾਪਸ ਆਇਆ ਤਾਂ ਭਾਰਤ ਦਾ ਪਹਿਲਾ ਸਾਊਂਡਿੰਗ ਰਾਕਟ ‘ਨਾਇਕ ਅਪਾਚੇ’ ਜੋ ਨਾਸਾ ਤੋਂ ਤਿਆਰ ਹੋਇਆ ਸੀ, ਛਡਿਆ ਗਿਆ। ਕਲਾਮ ਨੇ ਇਥੇ ਕਈ ਤਰ੍ਹਾਂ ਦੇ ਪ੍ਰਾਜੈਕਟਾਂ ਉਤੇ ਕੰਮ ਕੀਤਾ। 1969 ਵਿਚ ‘ਇਸਰੋ’ ਸੰਸਥਾ ਹੋਂਦ ਵਿਚ ਆਈ ਤੇ ਕਲਾਮ ਨੂੰ ਇਕ ਨਵੇਂ ਪ੍ਰਾਜੈਕਟ ਦਾ ਡਾਇਰੈਕਟਰ ਬਣਾ ਦਿਤਾ ਗਿਆ ਤੇ ਉਸ ਨੂੰ ਉਪ ਗ੍ਰਹਿ ਲਾਂਚ ਵਹੀਕਲ ਤਿਆਰ ਕਰਨ ਦਾ ਪ੍ਰਾਜੈਕਟ ਸੌਂਪਿਆ ਗਿਆ ਜਿਸ ਵਿਚ ਉਸ ਨੇ ਕਾਮਯਾਬੀ ਹਾਸਲ ਕੀਤੀ ਤੇ 1980 ਵਿਚ ਰੋਹਿਨੀ ਉਪਗ੍ਰਹਿ ਸਫ਼ਲਤਾ ਪੂਰਵਕ ਦਾਗਿਆ ਗਿਆ। ਇਸੇ ਹੀ ਸਾਲ ਐਡਵਾਂਸਡ ਮੀਜ਼ਾਈਲ ਪ੍ਰੋਗਰਾਮ ਦੀ ਸ਼ੁਰੂਆਤ ਹੋ ਗਈ ਤੇ ਅਪ੍ਰੈਲ 1982 ਵਿਚ ਕਲਾਮ ਨੂੰ ਡੀ.ਆਰ.ਡੀ. ਪ੍ਰੋਯੋਗਸ਼ਾਲਾ ਹੈਦਰਾਬਾਦ ਦਾ ਡਾਇਰੈਕਟਰ ਲਗਾ ਦਿਤਾ।

ਇਥੇ ਉਸ ਨੇ ਵੱਖ-ਵੱਖ ਮੀਜ਼ਾਈਲਾਂ ਦੇ ਡੀਜ਼ਾਈਨ ਤਿਆਰ ਕੀਤੇ। ਮੀਜ਼ਾਈਲ ਦੀ ਪਹਿਲੀ ਪਰਖ 1984 ਵਿਚ ਕੀਤੀ ਗਈ। 1985 ਵਿਚ ‘ਤ੍ਰਿਸ਼ੂਲ’ ਮੀਜ਼ਾਈਲ ਦੀ ਅਤੇ 1988 ਵਿਚ ‘ਪ੍ਰਿਥਵੀ’ ਮੀਜ਼ਾਈਲ ਦੀ ਪਰਖ ਹੋਈ। ਇਹ 10 ਕਵਿੰਟਲ ਜੰਗੀ ਸਮਾਨ 150 ਕਿਲੋ ਮੀਟਰ ਤਕ ਲਿਜਾ ਸਕਦੀ ਸੀ। ਸੰਨ 1989 ਵਿਚ ‘ਅਗਨੀ’ ਮੀਜ਼ਾਈਲ ਦੀ ਪਰਖ ਕੀਤੀ ਗਈ। ਇਹ ਮੀਜ਼ਾਈਲਾਂ ਭਾਰਤੀ ਫ਼ੌਜ ਦੇ ਹਵਾਲੇ ਕਰ ਦਿਤੀਆਂ ਗਈਆਂ। ਇਸੇ ਪ੍ਰੋਗਰਾਮ ਤਹਿਤ 1998 ਵਿਚ ਪੋਖਰਨ ਵਿਸਫ਼ੋਟ ਵਿਚ ਇਨ੍ਹਾਂ ਦੀ ਭੂਮਿਕਾ ਬਹੁਤ ਅਹਿਮ ਸੀ।

ਅਬਦੁਲ ਕਲਾਮ ਨੂੰ ਉਸ ਦੀਆਂ ਪ੍ਰਾਪਤੀਆਂ ਕਾਰਨ ਅਨੇਕਾਂ ਹੀ ਮਾਨ ਸਨਮਾਨ ਮਿਲੇ। 1981 ਵਿਚ ਭਾਰਤ ਸਰਕਾਰ ਵਲੋਂ ਪਦਮ ਭੂਸ਼ਨ, 1990 ਵਿਚ ਪਦਮ ਵਿਭੂਸ਼ਨ ਅਤੇ 1997 ਵਿਚ ਭਾਰਤ ਰਤਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਸੰਨ 2013 ਵਿਚ ਉਸ ਨੂੰ ਵਾਨ ਬਰਾਊਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਵੱਖ ਵੱਖ ਦੇਸ਼ ਤੇ ਵਿਦੇਸ਼ ਦੀਆਂ ਯੂਨੀਵਰਸਟੀਆਂ ਤੋਂ ਉਨ੍ਹਾਂ ਨੂੰ ਸੱਤ ਡਾਕਟਰੇਟਾਂ ਦੀਆਂ ਡਿਗਰੀਆਂ ਲੈਣ ਦਾ ਮਾਣ ਹਾਸਲ ਹੋਇਆ। ਉਹ ਕਈ ਯੂਨੀਵਰਸਟੀਆਂ ਵਿਚ ਵਿਜ਼ਟਿੰਗ ਪ੍ਰੋਫ਼ੈਸਰ ਵੀ ਰਹੇ ਜਿਥੇ ਉਹ ਇਨਫ਼ਰਮੈਸ਼ਨ ਟੈਕਨਾਲੋਜੀ ਦਾ ਵਿਸ਼ਾ ਪੜ੍ਹਾਉਂਦੇ ਰਹੇ। 25 ਜੁਲਾਈ 2003 ਨੂੰ ਉਹ ਭਾਰਤ ਦੇ ਰਾਸ਼ਟਰਪਤੀ ਬਣੇ ਅਤੇ ਪੰਜ ਸਾਲ ਦੀ ਟਰਮ ਤੋਂ ਬਾਅਦ ਸੇਵਾ ਮੁਕਤ ਹੋ ਗਏ।

ਡਾ: ਕਲਾਮ ਨੇ ਕੁੱਝ ਕਿਤਾਬਾਂ ਵੀ ਲਿਖੀਆਂ ਹਨ, ਜਿਨ੍ਹਾਂ ਵਿਚ ਸਵੈ ਜੀਵਨੀ, ਫ਼ੈਸਲਿਆਂ ਦੇ ਪਾਰ ਅਤੇ ਪ੍ਰੇਰਣਾ ਸਰੋਤ ਵਿਚਾਰ ਸ਼ਾਮਲ ਹਨ ਜੋ ਲੱਖਾਂ ਪਾਠਕਾਂ ਨੇ ਪੜ੍ਹੀਆਂ ਹਨ। ਡਾ: ਕਲਾਮ ਦੇ ਜੀਵਨ ਵਿਚ ਇਕ ਐਸੀ ਘਟਨਾ ਵਾਪਰੀ ਜੋ ਹਮੇਸ਼ਾ ਉਨ੍ਹਾਂ ਨੂੰ ਯਾਦ ਰਹੀ। ਡਾ: ਕਲਾਮ ਦੇ ਇਕ ਮਨ ਪਸੰਦ ਅਧਿਆਪਕ ਸੁਬਰਾਮਨੀਅਮ ਆਈਅਰ ਨੇ ਉਸ ਨੂੰ ਇਕ ਦਿਨ ਅਪਣੇ ਘਰ ਖਾਣੇ ਤੇ ਬੁਲਾਇਆ। ਪਰ ਉਸ ਦੀ ਪਤਨੀ ਨੇ ਉਸ ਨੂੰ ਖਾਣਾ ਖੁਆਉਣ ਤੋਂ ਇਨਕਾਰ ਕਰ ਦਿਤਾ। ਅਗਲੇ ਹਫ਼ਤੇ ਉਸ ਅਧਿਆਪਕ ਨੇ ਦੁਬਾਰਾ ਡਾ: ਕਲਾਮ ਨੂੰ ਖਾਣੇ ਉਤੇ ਬੁਲਾਇਆ। ਡਾ: ਕਲਾਮ ਸੋਚਾਂ ਵਿਚ ਪੈ ਗਏ। ਇਸ ਉਤੇ ਡਾ: ਸੁਬਰਾਮਨੀਅਮ ਨੇ ਕਿਹਾ ਕਿ ਸੋਚਣ ਦੀ ਲੋੜ ਨਹੀਂ ਹੁਣ ਮੈਂ ਅਪਣੀ ਪਤਨੀ ਦੀ ਸੋਚ ਬਦਲ ਦਿਤੀ ਹੈ।

  ਹੋਰ ਵੀ ਪੜ੍ਹੋ: ਆਖ਼ਰ ਕੀ ਹੈ ਬੀ.ਐਸ.ਐਫ਼ ਨੂੰ ਵੱਧ ਅਧਿਕਾਰ ਦੇਣ ਦਾ ਮਕਸਦ, ਜਾਣੋ ਕੀ ਹੈ ਨਵਾਂ ਨਿਯਮ

ਡਾ: ਕਲਾਮ ਜਦੋਂ ਅਧਿਆਪਕ ਦੇ ਘਰ ਪਹੁੰਚੇ ਤਾਂ ਉਸ ਦੀ ਪਤਨੀ ਨੇ  ਅਪਣਾ ਖਾਣਾ ਪਰੋਸ ਕੇ ਡਾ: ਕਲਾਮ ਨੂੰ ਰਸੋਈ ਵਿਚ ਬਿਠਾ ਕੇ ਆਪ ਖੁਆਇਆ। ਉਸ ਦੀ ਪਤਨੀ ਵੀ ਬਦਲੀ ਹੋਈ ਸੋਚ ਤੋਂ ਡਾ: ਕਲਾਮ ਬਹੁਤ ਪ੍ਰਭਾਵਤ ਹੋਏ।  ਇਕ ਵਾਰ ਕਲਾਮ ਨੇ ਅਪਣੇ ਪਿਤਾ ਨੂੰ ਨਮਾਜ਼ ਪੜ੍ਹਨ ਦਾ ਮਹੱਤਵ ਪੁਛਿਆ ਤਾਂ ਪਿਤਾ ਨੇ ਕਿਹਾ ਕਿ ਨਮਾਜ਼ ਮਨੁੱਖਤਾ ਦੇ ਅੰਦਰ ਆਪਸੀ ਸਾਂਝ ਪੈਦਾ ਕਰਦੀ ਹੈ। ਨਮਾਜ਼ ਪੜ੍ਹਨ ਸਮੇਂ ਅਸੀ ਅੱਲਾ ਨਾਲ ਗੱਲਾਂ ਕਰ ਰਹੇ ਹੁੰਦੇ ਹਾਂ ਤੇ ਸਾਨੂੰ ਸਾਰੇ ਮਨੁੱਖਾਂ ਵਿਚ ਅੱਲਾ ਦੀ ਜੋਤ ਹੀ ਨਜ਼ਰ ਆਉਂਦੀ ਹੈ ਜਿਸ ਨਾਲ ਜਾਤਪਾਤ ਤੇ ਊਚ ਨੀਚ ਦਾ ਭੇਦ ਭਾਵ ਮਿੱਟ ਜਾਂਦਾ ਹੈ। ਕਲਾਮ ਉਤੇ ਇਨ੍ਹਾਂ ਵਿਚਾਰਾਂ ਦਾ ਪ੍ਰਭਾਵ ਸਪੱਸ਼ਟ ਦਿਖਾਈ ਦਿੰਦਾ ਸੀ। 27 ਜੁਲਾਈ 2015 ਨੂੰ ਡਾ: ਕਲਾਮ ਨੇ ਸਿਲਾਂਗ ਵਿਖੇ ਰਾਜੀਵ ਗਾਂਧੀ ਇੰਜਨੀਅਰਿੰਗ ਇਨਸਟੀਚਿਊਟ ਆਫ਼ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਨਾ ਸੀ। ਉਹ ਦਿੱਲੀ ਤੋਂ ਜਹਾਜ਼ ਰਾਹੀਂ ਢਾਈ ਘੰਟਿਆਂ ਵਿਚ ਗੁਹਾਟੀ ਪਹੁੰਚੇ। ਉਥੇ ਸੜਕ ਦੇ ਰਸਤੇ ਸਿਲਾਂਗ ਤਕ ਦੀ ਢਾਈ ਘੰਟੇ ਦਾ ਸਫ਼ਰ ਸੀ। ਉਨ੍ਹਾਂ ਦੀ ਕਾਰ ਵਿਚ ਉਨ੍ਹਾਂ ਦਾ ਪੀ.ਏ. ਸਵਿਰਜਨਪਾਲ ਵੀ ਨਾਲ ਸੀ।

ਉਨ੍ਹਾਂ ਦੀ ਕਾਰ ਦੇ ਅੱਗੇ 6-7 ਗੱਡੀਆਂ ਦਾ ਕਾਫ਼ਲਾ ਸੀ ਪਰ ਕਾਰ ਦੇ ਸੱਭ ਤੋਂ ਅੱਗੇ ਇਕ ਜੀਪ ਸੀ ਜਿਸ ਵਿਚ ਦੋ ਜਵਾਨ ਬੈਠੇ ਹੋਏ ਸਨ ਤੇ ਇਕ ਜਵਾਨ ਬੰਦੂਕ ਲੈ ਕੇ ਅੱਗੇ ਖੜਾ ਹੋਇਆ ਸੀ। ਡਾ: ਕਲਾਮ ਨੇ ਇਕ ਘੰਟੇ ਬਾਅਦ ਅਪਣੇ ਪੀ.ਏ. ਨੂੰ ਕਿਹਾ ਕਿ ਵਾਇਰਲੈਸ ਕਰ ਕੇ ਕਹੋ ਕਿ ਜਵਾਨ ਜੋ ਖੜਾ ਹੈ, ਥੱਕ ਗਿਆ ਹੋਵੇਗਾ ਅਤੇ ਬੈਠ ਜਾਵੇ। ਪਰ ਸਨੇਹਾ ਪਹੁੰਚ ਨਾ ਸਕਿਆ। ਡੇਢ ਘੰਟਾ ਬੀਤ ਜਾਣ ਉਤੇ ਫਿਰ ਡਾ. ਕਲਾਮ ਨੇ ਪੀ.ਏ. ਨੂੰ ਕਿਹਾ ਕਿ ਜਵਾਨ ਨੂੰ ਬੈਠਣ ਦਾ ਕਿਸੇ ਤਰੀਕੇ ਸਨੇਹਾ ਭੇਜੋ ਪਰ ਸਨੇਹਾ ਨਾ ਪਹੁੰਚ ਸਕਿਆ। ਢਾਈ ਘੰਟੇ ਬਾਅਦ ਜਦੋਂ ਸਿਲਾਂਗ ਪਹੁੰਚੇ ਤਾਂ ਡਾ: ਕਲਾਮ ਸੱਭ ਤੋਂ ਪਹਿਲਾਂ ਉਸ ਜਵਾਨ ਕੋਲ ਪਹੁੰਚੇ ਤੇ ਉਸ ਨਾਲ ਹੱਥ ਮਿਲਾਇਆ ਤੇ ਕਿਹਾ ਆਪ ਥੱਕ ਗਏ ਹੋਵੋਂਗੇ ਕੁੱਝ ਖਾ ਲਵੋ। ਮੇਰੇ ਕਰ ਕੇ ਤੁਹਾਨੂੰ ਢਾਈ ਘੰਟੇ ਖੜੇ ਰਹਿਣਾ ਪਿਆ, ਮੈਂ ਮਾਫ਼ੀ ਚਾਹੁੰਦਾ ਹਾਂ। ਉਹ ਜਵਾਨ ਹੈਰਾਨ ਹੋ ਗਿਆ ਤੇ ਬੋਲਿਆ, ‘‘ਸਰ ਮੈਂ ਆਪ ਕੇ ਲੀਏ ਤੋਂ ਢਾਈ ਘੰਟੇ ਕਿਆ, 6 ਘੰਟੇ ਵੀ ਖੜਾ ਸਕਤਾ ਹੂੰ।’’ ਇਸ ਤੋਂ ਬਾਅਦ ਡਾ. ਕਲਾਮ ਕੁੱਝ ਸਾਦਾ ਭੋਜਨ ਦਾਲ ਰੋਟੀ ਖਾ ਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਮੰਚ ਉਤੇ ਗਏ।

ਉਨ੍ਹਾਂ ਨੂੰ ਕਾਲਰ ਮਾਈਕ ਲਾਇਆ ਗਿਆ ਤੇ ਫਿਰ ਪੁੱਛਣ ਲੱਗੇ, ‘‘ਆਲ ਫਿੱਟ?’’ ਫਿਰ ਉਨ੍ਹਾਂ ਨੇ ਭਾਸ਼ਣ ਦੇਣਾ ਸ਼ੁਰੂ ਕੀਤਾ। ਅਜੇ ਮੂੰਹੋਂ ਦੋ ਕੁ ਬੋਲ ਹੀ ਨਿਕਲੇ ਸਨ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਥੇ ਆਖ਼ਰੀ ਸਾਹ ਲੈ ਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਡਾ: ਕਲਾਮ ਦਾ ਜੀਵਨ ਬਹੁਤ ਹੀ ਸਾਦਾ ਤੇ ਪ੍ਰਭਾਵਸ਼ਾਲੀ ਸੀ। ਉਨ੍ਹਾਂ ਦੀ ਅਸਲ ਜਾਇਦਾਦ ਉਨ੍ਹਾਂ ਦੀ ਨਿਜੀ ਲਾਇਬ੍ਰੇਰੀ ਸੀ ਜਿਸ ਵਿਚ 2500 ਦੇ ਕਰੀਬ ਪੁਸਤਕਾਂ ਸਨ। ਇਸ ਤੋਂ ਇਲਾਵਾ ਉਨ੍ਹਾਂ ਕੋਲ ਇਕ ਬੰਗਲਾ ਸੀ ਜੋ ਉਨ੍ਹਾਂ ਨੇ ਦਾਨ ਵਿਚ ਦੇ ਦਿਤਾ। ਉਨ੍ਹਾਂ ਕੋਲ 16 ਡਾਕਟਰੇਟ ਦੀਆਂ ਡਿਗਰੀਆਂ ਸਨ। ਉਨ੍ਹਾਂ ਕੋਲ ਨਾ ਕੋਈ ਅਪਣੀ ਗੱਡੀ ਸੀ ਤੇ ਨਾ ਹੀ ਟੀ.ਵੀ. ਸੈਟ ਸੀ। ਅੱਠ ਸਾਲ ਦੀ ਪੈਨਸ਼ਨ ਉਨ੍ਹਾਂ ਨੇ ਅਪਣੇ ਪਿੰਡ ਦੀ ਪੰਚਾਇਤ ਨੂੰ ਦਾਨ ਵਜੋਂ ਦੇ ਦਿਤੀ ਸੀ।

ਉਨ੍ਹਾਂ ਕੋਲ ਪਹਿਨਣ ਲਈ ਕੇਵਲ ਚਾਰ ਕਮੀਜ਼ਾਂ ਤੇ ਛੇ ਪੈਂਟਾਂ ਹੀ ਸਨ ਪਰ ਸਨਮਾਨ ਵਜੋਂ ਉਨ੍ਹਾਂ ਕੋਲ ਭਾਰਤ ਰਤਨ, ਪਦਮ ਸ੍ਰੀ ਅਤੇ ਪਦਮ ਵਿਭੂਸ਼ਨ ਜਿਹੇ ਉਚ ਦਰਜੇ ਦੇ ਐਵਾਰਡ ਸਨ। ਉਨ੍ਹਾਂ ਦੇ ਮਾਣ ਵਿਚ ਦਿੱਲੀ ਦੀ ਮਕਬੂਲ ਸੜਕ ਔਰੰਗਜ਼ੇਬ ਰੋਡ ਦਾ ਨਾਂ ਡਾ: ਏ.ਪੀ.ਜੇ. ਅਬਦੁਲ ਕਲਾਮ ਰੋਡ ਰਖਿਆ ਗਿਆ। ਵੀਲਰ ਜਜ਼ੀਰੇ ਦਾ ਨਾਂ ਜਿਥੇ ਉੜੀਸਾ ਵਿਚ ਮੀਜ਼ਾਈਲ ਟੈਸਟ ਕੀਤੀ ਗਈ ਸੀ, ਅਬਦੁਲ ਕਲਾਮ ਜਜ਼ੀਰਾ ਰਖਿਆ ਗਿਆ। ਕੇਰਲਾ  ਦੀ ਟੈਕਨੀਕਲ ਯੂਨੀਵਰਸਿਟੀ, ਉਤਰ ਪ੍ਰਦੇਸ਼ ਦੀ ਟੈਕਨੀਕਲ ਯੂਨੀਵਰਸਿਟੀ, ਬਿਹਾਰ ਵਿਚ ਕਿਸ਼ਨਗੰਜ ਦੇ ਖੇਤੀਬਾੜੀ ਕਾਲਜ ਅਤੇ ਵਿਸ਼ਾਖਾਪਟਨਮ ਦੇ ਮੈਡੀਕਲ ਟੈਕਨੀਕਲ ਇਨਸਟੀਚਿਊਟ ਦਾ ਨਾਂ ਡਾ: ਅਬਦੁਲ ਕਲਾਮ ਦੇ ਨਾਂ ਉਤੇ ਰੱਖੇ ਗਏ। ਨਾਸਾ ਦੇ ਨਵੇਂ ਖੋਜੇ ਬੈਕਟੀਰੀਆ ਦਾ ਨਾਂ ਸੋਲੀਬੈਸੀਲਸ ਕਲਾਮੀ ਰਖਿਆ ਗਿਆ। ਇਸ ਤਰ੍ਹਾਂ ਡਾ: ਕਲਾਮ ਦੀ ਸੋਚ ਨੂੰ ਸਨਮਾਨਤ ਕੀਤਾ ਗਿਆ।

 ਰਣਜੀਤ ਸਿੰਘ, ਸੰਪਰਕ: 99155-15436

  ਹੋਰ ਵੀ ਪੜ੍ਹੋ:  ਐਸ. ਚਟੋਪਾਧਿਆਏ ਬਣੇ ਪੰਜਾਬ ਦੇ ਨਵੇ ਵਿਜੀਲੈਂਸ ਬਿਉਰੋ ਮੁਖੀ