ਸਿੱਖ ਪੰਥ ਵਿਚ ਕੜਾਹ-ਪ੍ਰਸ਼ਾਦ ਦੀ ਮਹੱਤਤਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੀਵਾਨ ਦੀ ਸਮਾਪਤੀ ਮਗਰੋਂ ਕੜਾਹ-ਪ੍ਰਸ਼ਾਦ ਵਰਤਾਉਣ ਦੀ ਮਰਿਆਦਾ ਬਣਾ ਦਿਤੀ ਸੀ।

Kardah Prasad

ਸਮੁੱਚੇ ਸਿੱਖ ਧਰਮ ਵਿਚ ਕੜਾਹ-ਪ੍ਰਸ਼ਾਦ ਦੀ ਬਹੁਤ ਮਹਾਨਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕੋ ਫ਼ਰਸ਼ ਤੇ ਬੈਠੇ ਸਾਰੇ ਮਨੁੱਖਾਂ ਨੂੰ ਕੜਾਹ-ਪ੍ਰਸ਼ਾਦ ਛਕਾ ਕੇ ਜਾਤ-ਅਭਿਮਾਨ ਅਤੇ ਛੂਤ ਦਾ ਰੋਗ ਮਿਟਾ ਦਿਤਾ। ਭਾਈ ਗੁਰਦਾਸ ਜੀ ਨੇ ਕੜਾਹ-ਪ੍ਰਸ਼ਾਦ ਦਾ ਨਾਂ ਪੰਚਾਮ੍ਰਿਤ ਲਿਖਿਆ ਹੈ।
ਖਾਂਡ ਘ੍ਰਿਤ ਚੂਨ ਜਲ ਪਾਵਕ ਇਕਤ ਭਏ
ਪੰਚ ਮਿਲਿ ਪ੍ਰਗਟ ਪੰਚਾਮ੍ਰਿਤ ਪ੍ਰਗਾਸ ਹੈ।

ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸਿੱਖ ਮੱਤ ਦਾ ਮੁੱਖ ਪ੍ਰਸ਼ਾਦ ਜੋ ਅਕਾਲ ਪੁਰਖ ਨੂੰ ਅਰਪਣ ਕਰ ਕੇ ਸੰਗਤ ਵਿਚ ਵਰਤਾਈਦਾ ਹੈ, ਇਸ ਦਾ ਨਾਂ ਪੰਚਾਮ੍ਰਿਤ ਹੈ। ਇਸ ਦਾ ਵਿਸ਼ੇਸ਼ਣ ਮਹਾਂਪ੍ਰਸ਼ਾਦ ਵੀ ਕਿਹਾ ਜਾਂਦਾ ਹੈ। 
ਆਣਿ ਮਹਾ ਪਰਸਾਦ ਵੰਡਿ ਖਵਾਇਆ। 

(ਵਾਰ ਕ. ਪਉੜੀ 10)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੀਵਾਨ ਦੀ ਸਮਾਪਤੀ ਮਗਰੋਂ ਕੜਾਹ-ਪ੍ਰਸ਼ਾਦ ਵਰਤਾਉਣ ਦੀ ਮਰਿਆਦਾ ਬਣਾ ਦਿਤੀ ਸੀ। ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਵੀ ਲਿਖਿਆ ਹੈ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਮਹਾਨ ਦੇਣ ਹੈ। ਗੁਰੂ ਅਰਜਨ ਦੇਵ ਜੀ ਨੇ ਤਾਂ ਇਕ ਵਾਰੀ ਹੁਕਮ ਕੀਤਾ ਸੀ ਕਿ ਮ੍ਰਿਤਕ ਦੇਹ (ਸਰੀਰ) ਦਾ ਸਸਕਾਰ ਕਰ ਕੇ ਮੁੜੋ ਤਾਂ ਕੜਾਹ-ਪ੍ਰਸ਼ਾਦ ਵਰਤਾ ਦੇਣਾ।

ਇਸ ਦਾ ਬਹੁਤ ਡੂੰਘਾ ਭਾਵ ਹੈ, ਸਿੱਖ ਭਾਣੇ ਨੂੰ ਮਿੱਠਾ ਕਰ ਕੇ ਮੰਨਦਾ ਹੈ। ਕੜਾਹ-ਪ੍ਰਸ਼ਾਦ ਬਣਾਉਣ ਅਤੇ ਵਰਤਾਉਣ ਦੀ ਵਿਧੀ ਰਹਿਤਨਾਮਿਆਂ ਵਿਚ ਇਸ ਤਰ੍ਹਾਂ ਲਿਖੀ ਹੈ:

ਕੜਾਹ ਕਰਨ ਕੀ ਬਿਧਿ ਸੁਨ ਲੀਜੈ। 
ਤੀਨ ਭਾਗ ਕੋ ਸਮਸਰ ਕੀਜੈ। 
ਲੇਪਨ ਆਗੈ ਬਹੁਕਰ ਦੀਜੈ। 
ਮਾਂਜਨ ਕਰ ਭਾਂਜਨ ਧੋਵੀਜੈ। 

ਕਰ ਸਨਾਨ ਪਵਿਤ੍ਰ ਹੈ ਬਹੈ।
ਵਾਹਿਗੁਰੂ ਬਿਨ ਅਵਰ ਨ ਕਹੈ। 
ਕਰਿ ਤਿਆਰ ਚੋਕੀ ਪਰ ਧਰੈ।
ਚਾਰ ਓਰ ਕੀਰਤਨ ਬਹਿ ਕਰੈ। 

ਜੋ ਪ੍ਰਸਾਦ ਕੋ ਬਾਂਟ ਹੈ ਮਨ ਮੇ ਧਾਰੇ ਲੋਭ। 
ਕਿਸਿ ਥੋੜਾ ਕਿਸਿ ਅਗਲਾ ਸਦਾ ਰਹੈ ਤਿਸੁ ਸੋਗ। 
(ਤਨਖ਼ਾਹਨਾਮਾ)

ਕੜਾਹ-ਪ੍ਰਸ਼ਾਦ ਤਿਆਰ ਕਰਨ ਵਾਲਿਆਂ ਨੂੰ ਇਹ ਚੇਤੇ ਰਖਣਾ ਚਾਹੀਦਾ ਹੈ ਕਿ ਸਾਫ਼-ਸੁਥਰੇ ਭਾਂਡੇ ਵਿਚ, ਸਾਫ਼ ਹੱਥਾਂ ਨਾਲ ਇਕੋ ਜਿਤਨਾ ਆਟਾ, ਖੰਡ ਤੇ ਘਿਉ ਲੈ ਕੇ ਗੁਰਬਾਣੀ ਦਾ ਪਾਠ ਕਰਦੇ ਹੋਏ ਕੜਾਹ-ਪ੍ਰਸ਼ਾਦ ਤਿਆਰ ਕੀਤਾ ਜਾਵੇ। ਜੇਕਰ ਚਾਸ਼ਨੀ ਬਣਾ ਲਈ ਜਾਵੇ ਤਾਂ ਹੋਰ ਵੀ ਚੰਗੀ ਗੱਲ ਹੈ। ਆਟਾ ਚੰਗੀ ਤਰ੍ਹਾਂ ਭੁੱਜ ਜਾਣ ਤੇ ਚਾਸ਼ਨੀ ਮਿਲਾਈ ਜਾਵੇ। ਆਟੇ ਅਤੇ ਚਾਸ਼ਨੀ ਦੀ ਗਰਮਾਈ ਵਿਚ ਥੋੜ੍ਹਾ ਵੀ ਫ਼ਰਕ ਨਾ ਹੋਵੇ। ਜੇਕਰ ਚਾਸ਼ਨੀ ਜ਼ਰਾ ਵੀ ਠੰਡੀ ਹੋ ਜਾਵੇ ਤਾਂ ਘਿਉ ਅਲੱਗ ਹੋ ਜਾਵੇਗਾ। ਚਾਸ਼ਨੀ ਪਾਉਣ ਪਿਛੋਂ ਕੜਾਹੀ ਚੁੱਲ੍ਹੇ ਤੋਂ ਉਤਾਰ ਲੈਣੀ ਚਾਹੀਦੀ ਹੈ।

ਕੜਾਹ-ਪ੍ਰਸ਼ਾਦ ਬਣਾਉਣ ਅਤੇ ਵਰਤਾਉਣ ਵਾਲੇ ਵਿਅਕਤੀਆਂ ਦੇ ਕਪੜੇ ਸਾਫ਼ ਹੋਣ। ਨਹੁੰ ਵਧੇ ਹੋਏ ਤੇ ਮੈਲੇ ਨਾ ਹੋਣ। ਚੰਗੀ ਤਰ੍ਹਾਂ ਹੱਥ ਧੋ ਕੇ ਸਾਫ਼ ਕਪੜੇ ਨਾਲ ਪੂੰਝ ਕੇ ਖੁਸ਼ਕ ਹੋਣੇ ਚਾਹੀਦੇ ਹਨ। ਉਂਗਲਾਂ ਤੇ ਛਾਪ-ਛੱਲਾ ਨਾ ਪਾਇਆ ਹੋਵੇ। ਮੂੰਹ ਉਪਰ ਰੁਮਾਲ ਬੰਨ੍ਹਿਆ ਹੋਵੇ। 'ਜਪੁ' ਬਾਣੀ ਦਾ ਪਾਠ ਕਰ ਕੇ ਕੜਾਹ-ਪ੍ਰਸ਼ਾਦ ਬਣਾਇਆ ਜਾਵੇ। ਦੀਵਾਨ/ਦਰਬਾਰ ਹਾਲ ਵਿਚ ਪ੍ਰਸ਼ਾਦ ਕੜਾਹੀ ਵਿਚ ਨਾ ਲਿਆਂਦਾ ਜਾਵੇ। ਸਾਫ਼ ਥਾਲ ਜਾਂ ਪਰਾਤ ਵਿਚ ਸਾਫ਼ ਰੁਮਾਲ/ਕਪੜੇ ਨਾਲ ਢੱਕ ਕੇ ਲਿਆਂਦਾ ਜਾਵੇ। ਦੀਵਾਨ/ਦਰਬਾਰ ਹਾਲ ਵਿਚ ਹੀ ਪ੍ਰਸ਼ਾਦ ਏਨਾ ਠੰਡਾ ਕਰ ਲਿਆ ਜਾਵੇ ਤਾਕਿ ਵਰਤਾਉਣ ਅਤੇ ਲੈਣ ਵਾਲਿਆਂ ਦੇ ਹੱਥ ਨਾ ਸੜਨ।

ਅਸੀ ਗੁਰਧਾਮਾਂ ਵਿਚ ਕੜਾਹ-ਪ੍ਰਸ਼ਾਦ ਬਣਦਾ ਅਤੇ ਵਰਤਦਾ ਵੇਖ ਕੇ ਬੜੇ ਦੁਖੀ ਹੁੰਦੇ ਹਾਂ। ਕਿਤੇ ਕੜਾਹ-ਪ੍ਰਸ਼ਾਦ ਦੀ ਥਾਂ ਲੇਟੀ ਪ੍ਰਸ਼ਾਦ ਅਤੇ ਕਿਤੇ ਘਿਉ ਪ੍ਰਸ਼ਾਦ ਤੋਂ ਅਲੱਗ ਹੋਇਆ ਟਪਕਦਾ ਹੈ ਜਿਸ ਤੋਂ ਗੁਰਸੰਗਤ ਦੇ ਕਪੜੇ ਦਾਗੀ ਹੋ ਜਾਂਦੇ ਹਨ। ਅਨੰਦ ਸਾਹਿਬ ਬਾਣੀ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਅਖ਼ੀਰਲੀ ਪਾਉੜੀ ਦਾ ਪਾਠ ਕਰ ਕੇ ਫਿਰ ਅਰਦਾਸ ਉਪਰੰਤ ਹੁਕਮ/ਮੁੱਖਵਾਕ ਲੈ ਕੇ ਕ੍ਰਿਪਾਨ ਭੇਟ ਕਰ ਕੇ ਸੰਗਤ ਵਿਚ ਵਰਤਾਉਣ ਤੋਂ ਪਹਿਲਾਂ ਕੜਾਹ-ਪ੍ਰਸ਼ਾਦ ਵਿਚੋਂ ਪੰਜ ਪਿਆਰਿਆਂ ਦਾ ਪ੍ਰਸ਼ਾਦ ਕੱਢ ਕੇ ਵਰਤਾਇਆ ਜਾਵੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿਚ ਬੈਠੇ ਸਿੰਘ ਨੂੰ ਕੌਲੀ/ਕਟੋਰੀ ਵਿਚ ਪਾ ਕੇ ਦਿਤਾ ਜਾਵੇ ਜੋ ਸੇਵਾ ਤੋਂ ਵਿਹਲਾ ਹੋ ਕੇ ਛਕ ਲਵੇ। ਪ੍ਰਸ਼ਾਦ ਵਰਤਾਉਣ ਵੇਲੇ ਸੱਭ ਨੂੰ ਇਕੋ ਜਿਹਾ ਵਰਤਾਇਆ ਜਾਵੇ। ਕਲਗੀਧਰ ਜੀ ਦਾ ਹੁਕਮ ਹੈ।
ਜੋ ਪ੍ਰਸ਼ਾਦ ਕੋ ਬਾਂਟ ਹੈ ਮਨ ਮੇ ਧਾਰੇ ਲੋਭ। 
ਕਿਸਿ ਥੋੜਾ ਕਿਸਿ ਅਗਲਾ ਸਦਾ ਰਹੈ ਤਿਸੁ ਸੋਗ।

ਕਈ ਸ਼ਰਧਾਲੂ/ਲੋਕ ਕੜਾਹ-ਪ੍ਰਸ਼ਾਦ ਵਾਲੇ ਹੱਥ ਅਪਣੇ ਮੂੰਹ ਅਤੇ ਦਾੜ੍ਹੀ ਉਤੇ ਫੇਰਦੇ ਹਨ ਜੋ ਕਿ ਅਸਭਿਅ ਹੋਣ ਦੀ ਨਿਸ਼ਾਨੀ ਹੈ। ਇਸ ਥਿੰਦੇਪਨ ਵਿਚ ਮਿਠਾਸ ਦਾ ਅੰਸ਼ ਹੁੰਦਾ ਹੈ ਜਿਸ ਕਰ ਕੇ ਮੱਖੀਆਂ ਮੂੰਹ ਉਤੇ ਬੈਠਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਜ਼ਮੀਨ ਤੇ ਸੁੱਤਿਆਂ ਦਾੜ੍ਹੀ ਵਿਚ ਕੀੜੀਆਂ ਵੀ ਚੜ੍ਹ ਸਕਦੀਆਂ ਹਨ। ਇਸ ਲਈ ਇਨ੍ਹਾਂ ਤੋਂ ਬਚਣ ਲਈ ਸਾਨੂੰ ਥਿੰਦੇ ਹੱਥ ਕਿਸੇ ਕਪੜੇ ਨਾਲ ਸਾਫ਼ ਕਰ ਲੈਣੇ ਚਾਹੀਦੇ ਹਨ ਜਾਂ ਪਾਣੀ ਨਾਲ ਧੋ ਲੈਣੇ ਚਾਹੀਦੇ ਹਨ। ਪੁਰਾਣੇ ਸਿੰਘਾਂ ਨੇ ਇਸ ਪਵਿੱਤਰ ਪ੍ਰਸ਼ਾਦ ਦਾ ਨਾਂ ਕੁਣਕਾ ਪ੍ਰਸ਼ਾਦ ਇਸੇ ਲਈ ਰਖਿਆ ਸੀ ਕਿ ਨਾਂ-ਮਾਤਰ ਹੀ ਲੈਣਾ ਠੀਕ ਹੈ।

ਅੱਜਕਲ ਕਈ ਥਾਵਾਂ ਤੇ ਵੇਖਿਆ ਜਾਂਦਾ ਹੈ ਕਿ ਜਿਥੇ ਕੜਾਹ-ਪ੍ਰਸ਼ਾਦ ਦੀ ਦੇਗ ਕਰਵਾਈ ਜਾਂਦੀ ਹੈ, ਉਸੇ ਕਮਰੇ ਵਿਚ ਹੀ ਸੰਗਤਾਂ ਜੋੜੇ ਪਾ ਕੇ ਚਲੀਆਂ ਜਾਂਦੀਆਂ ਹਨ ਅਤੇ ਉਥੋਂ ਹੀ ਪ੍ਰਸ਼ਾਦ ਖਾਣ ਲਈ ਲੈ ਲੈਂਦੀਆਂ ਹਨ। ਕੜਾਹ-ਪ੍ਰਸ਼ਾਦ ਵਾਲੇ ਕਮਰੇ ਵਿਚ ਜੋੜੇ ਪਾ ਕੇ ਜਾਣਾ ਅਤੇ ਉਥੋਂ ਹੀ ਪ੍ਰਸ਼ਾਦ ਲੈ ਕੇ ਖਾਣਾ ਗੁਰਮਤਿ ਦੇ ਉਲਟ ਹੈ। ਕੜਾਹ-ਪ੍ਰਸ਼ਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚੋਂ ਪ੍ਰਾਪਤ ਕਰ ਕੇ ਛਕਣ ਨਾਲ ਤ੍ਰਿਪਤੀ ਹੁੰਦੀ ਹੈ। 

ਸੰਗਤਾਂ ਨੂੰ ਰੁਪਈਆਂ ਨਾਲ ਦੇਗ ਕਰਵਾ ਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਭੇਟ ਕਰ ਕੇ ਜੋ ਬਾਕੀ ਬਚਿਆ ਪ੍ਰਸ਼ਾਦ ਮਿਲੇ, ਉਹ ਵੀ ਵੰਡ ਕੇ ਛਕਣਾ ਚਾਹੀਦਾ ਹੈ। ਅਣਜਾਣ ਵਿਅਕਤੀ ਤੋਂ ਪ੍ਰਸ਼ਾਦ ਲੈ ਕੇ ਨਾ ਖਾਉ ਕਿਉਂਕਿ ਪ੍ਰਸ਼ਾਦ ਖੁਆ ਕੇ ਕਈ ਵਾਰ ਲੁੱਟ ਲੈਂਦੇ ਹਨ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸ਼ਬਦ ਜੋੜ ਕੜਾਹ-ਪ੍ਰਸ਼ਾਦ ਹੈ ਜਾਂ ਕੜਾਹਿ ਪ੍ਰਸ਼ਾਦਿ।

ਪੰਜਾਬੀ ਸ਼ਬਦ ਰੂਪ ਅਤੇ ਸ਼ਬਦ ਜੋੜ ਕੋਸ਼ ਸੰਪਾਦਕ ਡਾ. ਹਰਕੀਰਤ ਸਿੰਘ, ਜੋ ਪੰਜਾਬੀ ਯੂਨੀਵਰਸਟੀ ਪਟਿਆਲਾ ਵਲੋਂ ਛਾਪਿਆ ਗਿਆ ਹੈ, ਉਸ ਦੇ ਪੰਨਾ 231 ਉਤੇ 'ਕੜਾਹ-ਪ੍ਰਸ਼ਾਦ' ਇਸ ਤਰ੍ਹਾਂ ਹੈ। ਸਿੱਖਾਂ ਦੀ ਸਰਬਉੱਚ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਚ ਉੱਚ ਕੋਟੀ ਦੇ ਵਿਦਵਾਨ ਬੁਲਾਰੇ ਸੇਵਾ ਕਰ ਰਹੇ ਹਨ ਪਰ ਪੰਜਾਬੀ ਮਾਤ ਭਾਸ਼ਾ ਪੱਖੋਂ ਕਿੰਨੇ ਅਵੇਸਲੇ ਹਨ, ਇਹ ਤੁਸੀ ਵੇਖ ਸਕਦੇ ਹੋ। ਪਿਛਲੇ ਦਿਨੀਂ ਜਦ ਮੈਂ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਇਸ਼ਨਾਨ ਕਰਨ ਲਈ ਗਿਆ ਤਾਂ ਉਥੇ ਐਲ.ਈ.ਡੀ. ਬੋਰਡ ਉਤੇ 'ਕੜਾਹਿ ਪ੍ਰਸ਼ਾਦਿ' ਲਿਖਿਆ ਆ ਰਿਹਾ ਸੀ।

ਜਦ ਮੈਂ ਕੜਾਹ-ਪ੍ਰਸ਼ਾਦ ਦੀ ਪਰਚੀ ਦੇਣ ਵਾਲੇ ਭਾਈ ਸਾਹਿਬ ਜੀ ਨੂੰ ਕਿਹਾ ਕਿ ਇੱਥੇ ਸ਼ਬਦ ਜੋੜ ਗ਼ਲਤ ਲਿਖਿਆ ਹੋਇਆ ਹੈ ਤਾਂ ਉਸ ਦਾ ਰਵਈਆ ਹੀ ਬੜਾ ਰੁੱਖਾ ਸੀ। ਉਸ ਨੇ ਕਿਹਾ ਕਿ ਅਸੀ ਕਿਹੜਾ ਇਸ ਵੱਲ ਕਦੇ ਵੇਖਿਆ ਹੈ। ਜਦੋਂ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਪਰਕਰਮਾ ਵਿਚ ਬਾਬਾ ਬੁੱਢਾ ਜੀ ਦੀ ਬੇਰ ਕੋਲ ਬਣੇ ਕਮਰੇ ਵਿਚ ਪੈਕਟਾਂ ਵਿਚ ਬੰਦ ਪੰਜੀਰੀ ਪ੍ਰਸ਼ਾਦ ਦੇ ਪੈਕਟ ਲਏ ਤਾਂ ਉਨ੍ਹਾਂ ਤੇ ਪ੍ਰਸ਼ਾਦ ਦੇ 'ਦ' ਨੂੰ ਸਿਹਾਰੀ ( ਿ) ਸੀ। ਪਹਿਲੀ ਗੱਲ ਤਾਂ ਇਹ ਕਿ ਪੰਜਾਬੀ ਵਿਚ ਕੜਾਹ ਦੇ 'ਹ' ਨੂੰ ਸਿਹਾਰੀ ਨਹੀਂ ਹੈ।

ਦੂਜਾ ਪ੍ਰਸ਼ਾਦ ਦੇ 'ਦ' ਨੂੰ ਵੀ ਸਿਹਾਰੀ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਪ੍ਰਸ਼ਾਦ ਦੇ 'ਦ' ਨੂੰ ਸਿਹਾਰੀ ਹੈ। ਉਥੇ ਸੱਸੇ ਦੇ ਪੈਰ ਵਿਚ ਬਿੰਦੀ ਵੀ ਨਹੀਂ ਹੈ। ਪਰ ਜਦੋਂ ਅਸੀ ਪੰਜਾਬੀ ਵਿਚ ਲਿਖਦੇ ਹਾਂ 'ਪ੍ਰਸ਼ਾਦ' ਦੇ 'ਸ' ਦੇ ਪੈਰ ਵਿਚ ਬਿੰਦੀ ਹੁੰਦੀ ਹੈ ਅਤੇ 'ਦ' ਨੂੰ ਸਿਹਾਰੀ ਨਹੀਂ ਹੁੰਦੀ।ਇਨ੍ਹਾਂ ਸਤਰਾਂ ਦੇ ਲੇਖਕ ਨੇ ਇਕ-ਦੋ ਉਦਾਹਰਣਾਂ ਹੀ ਦਿਤੀਆਂ ਹਨ। ਸ੍ਰੀ ਦਰਬਾਰ ਸਾਹਿਬ ਵਿਖੇ ਕਈ ਥਾਵਾਂ ਤੇ 'ਕੜਾਹਿ ਪ੍ਰਸ਼ਾਦਿ' ਹੀ ਲਿਖਿਆ ਹੋਇਆ ਵੇਖਿਆ ਹੈ। ਜਦੋਂ ਲੇਖਕ ਨੇ ਇਨ੍ਹਾਂ ਸ਼ਬਦ ਜੋੜਾਂ ਨੂੰ ਇਕ ਵਿਅਕਤੀ ਨੂੰ ਪੜ੍ਹਨ ਲਈ ਕਿਹਾ ਤਾਂ ਉਸ ਨੇ ਪੜ੍ਹਿਆ 'ਕੜਾਹੇ ਪ੍ਰਸ਼ਾਦੇ'। ਦੋਵੇਂ ਸ਼ਬਦ ਜੋੜਾਂ ਤੇ ਹਾਹੇ ਨੂੰ ਸਿਹਾਰੀ ਲੱਗੀ ਹੋਣ ਕਰ ਕੇ ਉਸ ਨੇ ਇਸ ਤਰ੍ਹਾਂ ਪੜ੍ਹਿਆ। ਬਾਅਦ ਵਿਚ ਉਹ ਵੀ ਕਹਿਣ ਲੱਗਾ, ਕੜਾਹ-ਪ੍ਰਸ਼ਾਦ ਗ਼ਲਤ ਲਿਖਿਆ ਹੋਇਆ ਹੈ।