Punjabi culture: ਅਲੋਪ ਹੋ ਰਿਹੈ ਪਿੰਡਾਂ ਵਿਚੋਂ ਘੁੰਡ ਕੱਢਣਾ

ਏਜੰਸੀ

ਵਿਚਾਰ, ਵਿਸ਼ੇਸ਼ ਲੇਖ

ਘੁੰਡ ਤੋਂ ਹੀ ਪਿੰਡ ਦੀ ਧੀ ਅਤੇ ਨੂੰਹ ਦੀ ਪਹਿਚਾਣ ਹੁੰਦੀ ਸੀ, ਸਹੁਰੇ ਜੇਠ ਨਾਲ ਨੂੰਹਾਂ ਇਕੱਠੀਆਂ ਮੰਜੇ ’ਤੇ ਨਹੀਂ ਬੈਠਦੀਆਂ ਸਨ

File Photo

ਘੁੰਡ ਸਾਡੇ ਪੁਰਾਣੇ ਪੰਜਾਬੀ ਸਭਿਆਚਾਰ ਦਾ ਮੁੱਖ ਅੰਗ ਅਤੇ ਅਨਿੱਖੜਵਾਂ ਅੰਗ ਹੈ। ਇਹ ਭਾਰਤੀ ਔਰਤ ਦਾ ਅਜਿਹਾ ਗਹਿਣਾ ਹੈ ਜੋ ਉਸ ਨੂੰ ਸੰਗ, ਸ਼ਰਮ ਤੇ ਝਿਜਕ ਦਾ ਅਹਿਸਾਸ ਕਰਵਾਉਂਦਾ ਹੈ। ਘੁੰਡ ਕੱਢਣ ਨੂੰ ਪੱਲਾ ਕਰਨਾ ਵੀ ਆਖਿਆ ਜਾਂਦਾ ਹੈ। ਸਮਾਜ ਵਿਚ ਰਹਿ ਰਹੇ ਹਰ ਪ੍ਰਾਣੀ ਲਈ ਛੋਟੇ ਵੱਡੇ ਰਿਸ਼ਤਿਆਂ ਦੀ ਅਹਿਮੀਅਤ ਬਣਾਈ ਰਖਦਾ ਹੈ। ਸਾਡੇ ਪੰਜਾਬੀ ਪ੍ਰਵਾਰਾਂ ਦੀਆਂ ਤ੍ਰੀਮਤਾਂ ਸ਼ਹੁਰੇ ਤੇ ਜੇਠ ਤੋਂ ਘੁੰਡ ਸਰੀਕੇ ਜਾਂ ਪਿੰਡ ਦੇ ਵੱਡੇ ਮਰਦਾਂ ਤੋਂ ਘੁੰਡ ਕਢਦੀਆਂ ਸਨ।

ਘੁੰਡ ਤੋਂ ਹੀ ਪਿੰਡ ਦੀ ਧੀ ਅਤੇ ਨੂੰਹ ਦੀ ਪਹਿਚਾਣ ਹੁੰਦੀ ਸੀ, ਸਹੁਰੇ ਜੇਠ ਨਾਲ ਨੂੰਹਾਂ ਇਕੱਠੀਆਂ ਮੰਜੇ ’ਤੇ ਨਹੀਂ ਬੈਠਦੀਆਂ ਸਨ। ਜੇ ਕਦੀ ਨੂੰਹਾਂ ਨੂੰ ਅਚਾਨਕ ਸਹੁਰੇ ਤੇ ਜੇਠ ਤੇ ਵੱਡਿਆਂ ਦੀ ਆਮਦ ਹੋਣ ਕਰ ਕੇ ਪਤਾ ਨਹੀਂ ਲਗਦਾ ਸੀ ਤੇ ਉਹ ਖਗੂੰਰਾ ਮਾਰ ਕੇ ਇਸ ਦਾ ਅਹਿਸਾਸ ਕਰਵਾ ਦਿੰਦੇ ਸੀ ਜਿਸ ਨਾਲ ਸ਼ਰਮ ਦਾ ਪਰਦਾ ਬਣਿਆ ਰਹਿੰਦਾ ਸੀ। 

ਸਾਂਝੇ ਘਰ ਵਿਚ ਕਰੀਬ ਤਿੰਨ ਚਾਰ ਮਰਦ ਹੁੰਦੇ ਸਨ ਜਿਨ੍ਹਾਂ ਤੋਂ ਨੂੰਹਾਂ ਨੂੰ ਘੁੰਡ ਕੱਢਣਾ ਪੈਂਦਾ ਸੀ ਤੇ ਉਨ੍ਹਾਂ ਨੂੰ ਕੰਮ ਕਰਨ ਵਿਚ ਵੀ ਦਿੱਕਤ ਆਉਂਦੀ ਸੀ। ਫਿਰ ਵੀ ਉਹ ਰਹਿਤ ਮਰਿਆਦਾ ਨੂੰ ਮੁੱਖ ਰਖਦੇ ਇਸ ਦੀ ਪਾਲਣਾ ਕਰਦੀਆਂ ਸਨ। ਨਵੀਂ ਵਹੁਟੀ ਦੇ ਘੁੰਡ ਚੁਕਾਈ ਤੇ ਸ਼ਗਨ ਦੇਣਾ ਪੈਂਦਾ ਸੀ। ਇਹ ਵੀ ਇਕ ਰੀਤੀ ਰਿਵਾਜ ਦਾ ਹਿੱਸਾ ਸੀ। ਸਾਡੇ ਪਿੰਡ ਦਾ ਬਾਬਾ ਬੂਰ ਸਿੰਘ ਉਸ ਦੀ ਪਿੰਡ ਵਿਚ ਏਨੀ ਦਹਿਸ਼ਤ ਹੁੰਦੀ ਸੀ ਕਿ ਨੂੰਹ ਧੀ ਨੇ ਤੇ ਸਿਰ ਢੱਕ ਕੇ ਆਉਣਾ ਹੀ ਹੈ, ਜਵਾਨ ਮੁੰਡੇ ਕੁੜੀਆਂ ਵੀ ਉਸ ਦੇ ਅੱਗੇ ਨੰਗੇ ਸਿਰ ਕਰਨ ਦੀ ਜੁਅਰਤ ਨਹੀਂ ਕਰਦੇ ਸੀ।

ਨਾ ਕਦੀ ਜਿਸ ਤਰ੍ਹਾਂ ਹੁਣ ਬਲਾਤਕਾਰ ਹੋ ਰਹੇ ਹਨ, ਘਟਨਾਵਾਂ ਵਾਪਰ ਰਹੀਆਂ ਹਨ, ਨਹੀਂ ਸੀ ਹੁੰਦੇ ਕਿਉਂਕਿ ਲੋਕਾਂ ਵਿਚ ਸ਼ਰਮ ਸੀ ਤੇ ਬਜ਼ੁਰਗਾਂ ਦਾ ਦਬਦਬਾ ਸੀ ਤੇ ਸਾਰਾ ਪਿੰਡ ਉਸ ਦਾ ਸਤਿਕਾਰ ਕਰਦਾ ਸੀ। ਉਸ ਸਮੇਂ ਕਈ ਕਾਰਨਾਂ ਕਰ ਕੇ ਪਿੰਡਾਂ ਵਿਚ ਹਰ ਪ੍ਰਵਾਰ ਵਿਚ ਛੜੇ ਰਹਿ ਜਾਂਦੇ ਸੀ ਉਹ ਵੀ ਕਰੈਕਟਰ ਪੱਖੋਂ ਸੱਚੇ ਸੁੱਚੇ ਹੁੰਦੇ ਸੀ ਜਿਸ ਦਾ ਜ਼ਿਕਰ ਸਾਡੇ ਲੋਕ ਗੀਤਾਂ ਵਿਚ ਛੜਿਆਂ ਬਾਰੇ ਵੀ ਆਉਂਦਾ ਹੈ। ਸਾਡੀ ਬੇਬੇ ਜੋ ਉਸ ਵੇਲੇ ਸ਼ਹਿਰ ਵਿਚੋਂ ਜੋ ਜੰਮ ਪਲ ਕੇ ਕੇ ਆਈ ਸੀ, ਨੇ ਵੀ ਪਿੰਡ ਦੇ ਭਾਈਚਾਰਕ ਸਭਿਆਚਾਰ ਨਾਲ ਜੁੜ ਕੇ ਸਾਡੀ ਚੰਗੀ ਪਰਵਰਿਸ਼ ਕੀਤੀ ਤੇ ਇਹ ਸੰਦੇਸ਼ ਦਿਤਾ ਕਿ ਤੁਸੀਂ ਨਰਾਂ ਦਾ ਤਬੇਲਾ ਹੋ ਯਾਨੀ ਕਿ ਤੁਹਾਡੀ ਕੋਈ ਭੈਣ ਨਹੀਂ ਹੈ। 

ਪਿੰਡ ਦੀ ਹਰ ਧੀ ਭੈਣ ਨੂੰ ਅਪਣੀ ਭੈਣ ਸਮਝਣਾ ਤੇ ਮੇਰੀ ਕੀਤੀ ਹੋਈ ਪ੍ਰਵਰਸ਼ ਦੀ ਲਾਜ ਰੱਖਣਾ। ਜੋ ਉਸ ਜ਼ਮਾਨੇ ਵਿਚ ਹਰ ਪਿੰਡ ਦੀ ਧੀ ਭੈਣ ਨੂੰ ਅਪਣੀ ਧੀ ਭੈਣ ਸਮਝਿਆ ਜਾਂਦਾ ਸੀ ਜੋ ਅਸੀ ਖਿੜੇ ਮੱਥੇ ਪ੍ਰਵਾਨ ਕੀਤਾ। ਉਸ ਜ਼ਮਾਨੇ ਵਿਚ ਘੁੰਡ ਨਾਲ ਸਭਿਆਚਾਰ ਕਈ ਲੋਕ ਗੀਤ, ਟੱਪੇ ਗਾਏ ਜਾਂਦੇ ਸੀ ਜੋ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਵਿਚ ਸਾਡੇ ਸਭਿਆਚਾਰ ਨਾਲ ਜੁੜੇ ਹੁੰਦੇ ਸੀ। ਜਿਵੇੇਂ ਸ਼ਰਮਾ ਹਯਾ ਨੂੰ ਮੁੱਖ ਰੱਖ ਕੇ ਹੁਣ ਦੇ ਅਸ਼ਲੀਲਤਾ ਗਾਣਿਆਂ ਦੇ ਉਲਟ ਸੇਧ ਦੇਣ ਵਾਲੀਆਂ ਅਖਾਣਾਂ ਪਾਈਆਂ ਜਾਂਦੀਆਂ ਸਨ। 

ਹੀਰ ਦੇ ਹੀਰ ਦੇ ਹੀਰ ਦੇ ਨੀਂ, ਅੱਖਾਂ ਜਾ ਲੜੀਆਂ ਘੁੰਡ ਚੀਰ ਕੇ ਨੀ।
ਗੱਭਰੂ ਜਵਾਨ ਜਦੋਂ ਅਪਣੀ ਨਵੀਂ ਵਿਆਹੀ ਘਰਵਾਲੀ ਨੂੰ ਸਹੁਰੇ ਪਿੰਡ ਕੱਚੇ ਪਹੇ ਤੇ ਤੋਰ ਕੇ ਲਿਆਉਂਦਾ ਸੀ। ਪਿੰਡ ਦੀ ਹੱਦ ਵਿਚ ਵੜਦਿਆਂ ਕੁੱਛ ਇਸ ਤਰ੍ਹਾਂ ਕਹਿੰਦੇ
ਘੁੰਡ ਕੱਢ ਲੈ ਪਤਲੀਏ ਨਾਰੇ, ਨੀ ਸਹੁਰਿਆਂ ਦਾ ਪਿੰਡ ਆ ਗਿਆ। ਉਹ ਵੀ ਵਕਤ ਸੀ ਜਦੋਂ ਸੁਘੜ ਮੁਟਿਆਰ ਸਹੇਲੀਆਂ ਦਾ ਆਪਸੀ ਬੈਠ ਕੇ ਅਪਣੇ ਸਹੁਰੇ ਘਰ ਬਾਰੇ ਟਿੱਚਰਾਂ ਕਰਦੀਆਂ ਸਨ। ਇਹ ਆਖਦੀਆਂ ਸਨ।

ਨੀਂ ਸਹੁਰੀਂ ਜਾ ਕੇ ਦੋ ਦੋ ਪਿਣੇ, ਘੁੰਡ ਕੱਢਣਾ ਮੜਕ ਨਾਲ ਤੁਰਨਾ। 
ਸ਼ੁਕੀਨਣ ਮੁਟਿਆਰਾਂ ਘੁੰਢ ਕੱਢਣ ਲਈ ਅਪਣੀ ਸ਼ੌਕੀਨੀ ਦਾ ਵਿਖਾਵਾ ਇਸ ਤਰ੍ਹਾਂ ਕਰਦੀਆਂ ਸਨ। 
ਬਾਰੀ ਬਰਸੀ ਖਟਣ ਗਿਆ, ਖੱਟ ਕੇ ਲਿਆਂਦਾ ਪਤਾਸਾ,
ਨੀ ਸਹੁਰੇ ਕੋਲੋਂ ਘੁੰਡ ਕੱਢਦੀ, ਨੰਗਾ ਰਖਦੀ ਕਲਿੱਪ ਵਾਲਾ ਪਾਸਾ।
ਨਵੀਂ ਵਹੁਟੀ ਘੁੰਡ ਤੋ ਤੰਗ ਆ ਕੇ ਕਹਿੰਦੀ:
ਕੋਠੇ ਕੋਠੇ ਕੂੰਡੇ ਵਿਚ ਮਿਰਚਾਂ ਮੈਂ ਰਗੜਾਂ,
ਜੇਠ ਦੀਆ ਅੱਖਾਂ ਵਿਚ ਪਾ ਦੇਨੀ ਆਂ,
ਘੁੰਡ ਕੱਢਣ ਦੀ ਅਲਖ ਮਿਟਾ ਦੇਨੀ ਆਂ।
ਨੈਣਾਂ ਬਾਰੇ ਕਹਿੰਦੀ: ਘੁੰਡ ਵਿਚੋਂ ਨਹੀਂ ਲੁਕਦੇ,
ਸੱਜਣਾ ਨੈਣ ਕਵਾਰੇ, ਰਾਤੀਂ ਅੰਬਰਾ ਵਿਚ ਜਿਵੇਂ ਟਹਿਕਦੇ ਤਾਰੇ।
ਜਦੋਂ ਗੱਭਰੂ ਜ਼ੋਬਨ ਦੀ ਤਾਰੀਫ਼ ਕਰਦਾ: 
ਘੁੰਢ ਕੱਢ ਲੈ ਪੱਤਣ ਤੇ ਖੜੀਏ, ਨੀ ਪਾਣੀਆਂ ਨੂੰ ਅੱਗ ਲੱਗ ਜੇ।

ਪੰਜਾਬੀ ਪਰਵਾਰ ਵਿਚ ਘੁੰਡ ਦਾ ਰਿਵਾਜ ਉਪਰੋਕਤ ਲੋਕ ਗੀਤ, ਟੱਪੇ, ਬੋਲੀਆਂ ਪਹਿਲਾ ਸ਼ਹਿਰਾਂ ਵਿਚ ਖਤਮ ਹੋਇਆ ਤੇ ਹੌਲੀ ਹੌਲੀ ਸੁਨੇਹਾ ਪਿੰਡਾਂ ਵਿਚ ਵੀ ਅੱਪੜ ਗਿਆ। ਅਜੋਕੀ ਨਵੀਂ ਪੀੜ੍ਹੀ ਦੀਆਂ ਨੂੰਹਾਂ ਘੁੰਡ ਉੱਕਾ ਕਢਣਾ ਪਸੰਦ ਨਹੀਂ ਕਰਦੀਆਂ ਪੁਰਾਣੀਆਂ ਬੇਬੇ ਹਰਿਆਣਾ ਅਤੇ ਰਾਜਸਥਾਨ  ਦੀਆਂ ਨੇ ਅਜੇ ਵੀ ਇਹ ਵਿਰਸਾ ਸੰਭਾਲ ਕੇ ਰਖਿਆ ਹੈ। 
ਲੋੜ ਹੈ ਨਵੀਂ ਪੀੜ੍ਹੀ ਨੂੰ ਇਸ ਸਭਿਆਚਾਰ ਵਿਰਸੇ ਨੂੰ ਸੰਭਾਲਣ ਦੀ ਤਾਂ ਜੋ ਰੋਜ਼ਮਰਾ ਜ਼ਿੰਦਗੀ ਵਿਚ ਅਪਰਾਧਕ ਘਟਨਾਵਾਂ ਜੋ ਹੋ ਰਹੀਆ ਹਨ, ਨੂੰ ਠੱਲ੍ਹ ਪਾਈ ਜਾ ਸਕੇ। ਮੇਰੀ ਨਵੀਂ ਪੀੜ੍ਹੀ ਨੂੰ ਇਹੋ ਪ੍ਰਾਥਨਾ ਹੈ ਕਿ ਨੰਗੇਜ ਤੇ ਅਸ਼ਲੀਲ ਗਾਣਿਆਂ ਦੀ ਬਜਾਏ ਕਿਤਾਬਾਂ, ਅਖ਼ਬਾਰਾਂ ਤੇ ਇਤਿਹਾਸ ਪੜ੍ਹ ਕੇ ਤੇ ਯੋਧੇ ਸੂਰਬੀਰਾਂ ਦੇ ਗਾਣੇ ਗਾ ਦੇਸ਼ ਦਾ ਨਾਂ ਰੋਸ਼ਨ ਕਰੋ।

-ਗੁਰਮੀਤ ਸਿੰਘ ਵੇਰਕਾ ਸੇਵਾ ਮੁਕਤ ਇੰਸਪੈਕਟਰ
ਸੰਪਰਕ: 9878600221