ਪੰਜਾਬੀ ਸਭਿਆਚਾਰ ਵਿਚੋਂ ਅਲੋਪ ਹੋਈ ਫੱਟੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਫੱਟੀ ਦਾ ਨਾਂ ਸੁਣਦੇ ਤੇ ਲੈਂਦਿਆਂ ਹੀ ਛੋਟੇ ਹੁੰਦਿਆਂ ਦੀਆਂ ਉਹ ਯਾਦਾਂ ਆਪ ਮੁਹਾਰੇ ਦਿਮਾਗ਼ ਵਿਚ ਆ ਵੜਦੀਆਂ ਹਨ

Photo

 

ਮੁਹਾਲੀ : ਜੋ ਸਮਾਂ ਇਕ ਵਾਰੀ ਲੰਘ ਜਾਵੇ ਮੁੜ ਕੇ ਨਹੀਂ ਆਉਂਦਾ। ਪੁਰਾਣੀਆਂ ਯਾਦਾਂ ਹੀ ਦਿਲ ਵਿਚ ਰਹਿ ਜਾਂਦੀਆਂ ਹਨ। ਜੇਕਰ ਅੱਜ ਦੇ ਬੱਚਿਆਂ ਨੂੰ ਕਾਪੀਆਂ ਅਤੇ ਪੈਨਸਲ ਨਾਲ ਲਿਖਦੇ ਵੇਖਦੇ ਹਾਂ ਤਾਂ ਅਪਣੇ ਵਾਲੇ ਦਿਨ ਚੇਤੇ ਆਉਣ ਲੱਗ ਪੈਂਦੇ ਹਨ। ਸਾਡੇ ਵੇਲਿਆਂ ਵਿਚ ਕਲਮ ਨਾਲ ਫੱਟੀ ਲਿਖੀ ਜਾਂਦੀ ਸੀ। ਉਨ੍ਹਾਂ ਸਮਿਆਂ ਵਿਚ ਵੱਡੇ ਭਰਾ ਨੂੰ ਪਸ਼ੂ ਚਾਰਨ ਲਈ ਜਾਂਦੇ ਹੋਏ ਵੇਖ ਕੇ ਉਸ ਨਾਲ ਜਾਣ ਦੀ ਅੜੀ ਕਰਨੀ ਅਤੇ ਮਾਂ ਨੇ ਸਕੂਲ ਜਾਣ ਲਈ ਆਖਣਾ। ਸਕੂਲ ਨਾ ਜਾਣ ਲਈ ਕਿਸੇ ਥਾਂ ਤੇ ਲੁਕਣਾ ਅਤੇ ਮਾਂ ਨੇ ਲੱਭ ਕੇ ਕੁਟਦੀ-ਕੁਟਦੀ ਨੇ ਸਾਨੂੰ ਸਕੂਲ ਛੱਡ ਕੇ ਜਾਣਾ। ਪ੍ਰਾਇਮਰੀ ਸਕੂਲ ਵਿਚ ਲੱਗੀ ਖ਼ਾਕੀ ਰੰਗ ਦੀ ਵਰਦੀ ਜਦੋਂ ਕਦੇ ਨਵੀਂ ਨਵੀਂ ਪਾ ਕੇ ਸਕੂਲ ਵਿਚ ਜਾਣਾ ਤਾਂ ਇਉਂ ਲਗਦਾ ਜਿਵੇਂ ਪੰਜਾਬ ਪੁਲਿਸ ਦਾ ਸਿਪਾਹੀ ਹੋਵੇ।

 

 

ਉਨ੍ਹਾਂ ਸਮਿਆਂ ਵਿਚ ਸਕੂਲ ਪੈਦਲ ਹੀ ਜਾਣਾ ਪੈਂਦਾ ਸੀ, ਅੱਜ ਵਾਂਗ ਮੋਟਰ-ਗੱਡੀਆਂ ਨਹੀਂ ਸਨ ਹੁੰਦੀਆਂ। ਬੇਸ਼ੱਕ ਸਮੇਂ-ਸਮੇਂ ਤੇ ਪੜ੍ਹਾਈ ਦਾ ਮਿਆਰ ਬਦਲਦਾ ਰਹਿੰਦਾ ਹੈ। ਜਿਵੇਂ ਫੱਟੀਆਂ ਤੋਂ ਸਲੇਟ, ਸਲੇਟਾਂ ਤੋਂ ਕਾਪੀਆਂ ਅਤੇ ਕਿਤਾਬਾਂ ਤੇ ਅੱਜ ਪੜ੍ਹਾਈ ਕੰਪਿਊਟਰ ’ਤੇ ਕੀਤੀ ਜਾ ਰਹੀ ਹੈ। ਸਕੂਲ ਦਾ ਕੰਮ ਕੰਪਿਊਟਰ ਤੇ ਹੋ ਰਿਹਾ ਪਰ ਇਕ ਦਿਨ ਅਜਿਹਾ ਸੀ ਜਦੋਂ ਬੱਚੇ ਨੂੰ ਪਹਿਲੀ ਜਮਾਤ ਤੋਂ ਹੀ ਫੱਟੀ ਲੱਗ ਜਾਂਦੀ ਸੀ। ਬੱਚਾ ਪਹਿਲੀ ਵਾਰ ਸਕੂਲ ਵਿਚ ਪੈਰ ਰੱਖਣ ਅਤੇ ਪੜ੍ਹਾਈ ਦੀ ਸ਼ੁਰੂਆਤ ਫੱਟੀ ਤੋਂ ਹੀ ਕਰਦਾ ਸੀ। ਫੱਟੀ ਦਾ ਨਾਂ ਸੁਣਦੇ ਤੇ ਲੈਂਦਿਆਂ ਹੀ ਛੋਟੇ ਹੁੰਦਿਆਂ ਦੀਆਂ ਉਹ ਯਾਦਾਂ ਆਪ ਮੁਹਾਰੇ ਦਿਮਾਗ਼ ਵਿਚ ਆ ਵੜਦੀਆਂ ਹਨ।

 

ਉਹ ਗਾਚਨੀ ਤੇ ਸਿਆਹੀ ਅਤੇ ਫੱਟੀ ਦੀ ਲੱਕੜ ਦੇ ਟੋਟੇ ਦੀ ਖ਼ੁਸ਼ਬੂ ਬਹੁਤ ਹੀ ਸੋਹਣੀ ਲਗਦੀ ਸੀ। ਫੱਟੀ ’ਤੇ ਲਿਖਾਈ ਲਿਖਣ ਅਤੇ ਖ਼ੂਬਸੂਰਤ ਬਣਾਉਣ ਦਾ ਰਾਹ/ਢੰਗ ਬਹੁਤ ਵਧੀਆ ਹੁੰਦਾ ਸੀ। ਮੈਨੂੰ ਯਾਦ ਹੈ ਕਿ ਜਦੋਂ ਮੈਂ ਪ੍ਰਾਇਮਰੀ ਸਕੂਲ ਵਿਚ ਪੜ੍ਹਦਾ ਸੀ ਤਾਂ ਮੈਨੂੰ ਪਹਿਲੇ ਦਿਨ ਹੀ ਫੱਟੀ, ਕਲਮ ਤੇ ਦਵਾਤ ਲੈ ਕੇ ਜਾਣ ਦਾ ਮੌਕਾ ਮਿਲਿਆ। ਮਾਂ ਦਾ ਰੀਝ ਨਾਲ ਸੀਤਾ ਹੋਇਆ ਬੋਰੀ ਜਾਂ ਕਪੜੇ ਦਾ ਝੋਲਾ/ਬਸਤਾ ਮੋਢੇ ਉੱਤੇ ਪਾਇਆ ਹੁੰਦਾ ਸੀ, ਜਿਸ ਵਿਚ ਲੋਹੇ ਦੀ ਗੋਲ ਦਵਾਤ, ਕਾਨੇ ਦੀ ਅੱਗੋਂ ਘੜੀ ਹੋਈ ਛੇ ਸੱਤ ਇੰਚ ਲੰਮੀ ਕਲਮ,  ਗੋਲ ਪੀਲੇ ਰੰਗ ਦੀ ਗਾਚਨੀ ਤੇ ਲੱਕੜ ਦੀ 16-17 ਇੰਚ ਲੰਮੀ 8-9 ਇੰਚ ਚੌੜੀ ਫੱਟੀ ਅਤੇ ਦੋ ਕੈਦੇ ਪੰਜਾਬੀ ਅਤੇ ਹਿੰਦੀ ਦੇ ਹੁੰਦੇ ਸਨ।

ਪੰਜਵੀਂ ਜਮਾਤ ਤਕ ਪੜ੍ਹਦੇ ਸਮੇਂ ਵੀ ਸਾਨੂੰ ਫੱਟੀਆਂ ਤੇ ਹੀ ਲਿਖਣਾ ਪੈਂਦਾ ਸੀ। ਅਸੀ ਜਦੋਂ ਗੋਲ ਝੁੰਡ ਬਣਾ ਕੇ ਫੱਟੀ ਲਿਖਦੇ ਸੀ ਤਾਂ ਹਰ ਇਕ ਨੂੰ ਇਹ ਹੁੰਦਾ ਕਿ ਮੇਰੀ ਫੱਟੀ ਦੀ ਲਿਖਾਈ ਵਧੀਆ ਹੋਵੇ। ਫੱਟੀ ਲੱਕੜ ਦੇ ਚੌਰਸ ਆਕਾਰ ਦੀ ਬਣੀ ਹੁੰਦੀ ਸੀ। ਉਸ ਦੇ ਉਪਰਲੇ ਪਾਸੇ ਫੜਨ ਲਈ ਤਿਕੋਣੀ ਹੱਥੀ ਬਣੀ ਹੁੰਦੀ ਹੈ। ਪੰਜਾਬੀ ਅਤੇ ਹਿੰਦੀ ਲਿਖਣ ਲਈ ਕਲਮਾਂ ਨੂੰ ਦੋ ਢੰਗਾਂ ਨਾਲ ਤਿੱਖਾ ਨੋਕਦਾਰ ਮਾਸਟਰ ਜੀ ਵਲੋਂ ਘੜਵਾਇਆ ਜਾਂਦਾ ਸੀ। 

ਫੱਟੀ ਉੱਤੇ ਲਿਖੀ ਲਿਖਤ ਨੂੰ ਮਿਟਾਉਣ ਲਈ ਗਾਚਨੀ ਦੀ ਵਰਤੋਂ ਕੀਤੀ ਜਾਂਦੀ ਸੀ, ਜਿਸ ਨੂੰ ਫੱਟੀ ਪੋਚਣਾ ਕਹਿੰਦੇ ਸਨ। ਕਈ ਵਾਰ ਅਸੀ ਲੜਦੇ ਹੋਏ ਆਖ ਦਿੰਦੇ ਹਾਂ ਦੌੜ ਜਾ ਨਹੀਂ ਤਾਂ ਤੇਰੀ ਫੱਟੀ ਪੋਚ ਦਿਆਂਗੇ। ਸੱਭ ਤੋਂ ਪਹਿਲਾਂ ਲੱਕੜ ਦੀ ਕੋਰੀ ਫੱਟੀ ਨੂੰ ਗੋਹਾ (ਗੋਬਰ) ਮਲਿਆ ਜਾਂਦਾ ਸੀ। ਗੋਹਾ ਮਲਣ ਨਾਲ ਫੱਟੀ ਉੱਤੇ ਰੰਗਤ ਆ ਜਾਂਦੀ ਸੀ। ਫੱਟੀ ਤੋਂ ਗੋਹਾ ਸੁੱਕਣ ਉਪਰੰਤ ਗਾਚਨੀ ਨਾਲ ਪੋਚੀ ਜਾਂਦੀ ਸੀ। ਫੱਟੀ ਸੁੱਕਣ ਤੋਂ ਬਾਅਦ ਪੈਨਸਲ ਨਾਲ ਸਿੱਧੀਆਂ ਲਕੀਰਾਂ ਖਿੱਚੀਆਂ ਜਾਂਦੀਆਂ ਸਨ ਜਿਸ ਨਾਲ ਲਿਖਾਈ ਸਿੱਧੀ ਅਤੇ ਸਾਫ਼-ਸੁਥਰੀ ਲਿਖੀ ਜਾਂਦੀ ਸੀ।

ਮਾਸਟਰ ਜੀ ਵਲੋਂ ਸੱਭ ਤੋਂ ਪਹਿਲਾਂ ਕਲਮ ਘੜਨੀ ਸਿਖਾਈ ਜਾਂਦੀ ਸੀ। ਕਲਮ ਨੂੰ ਕੱਟਣ ਲਈ ਮਾਸਟਰ ਜੀ ਦੇ ਦੱਸਣ ਮੁਤਾਬਕ ਪੰਜਾਬੀ ਲਿਖਣ ਲਈ ਕਲਮ ਦਾ ਮੂੰਹ ਪੱਧਰਾ ਅਤੇ ਹਿੰਦੀ ਦੀ ਲਿਖਾਈ ਲਿਖਣ ਲਈ ਸਿਰਾ ਤਿਰਛਾ ਕੱਟਦੇ ਸੀ। ਅਸੀ ਸਾਰੇ ਹੀ ਅਪਣੀ ਕਲਮ ਨੂੰ ਬਹੁਤ ਵਧੀਆ ਘੜੀ ਹੋਈ ਦਸਦੇ ਅਤੇ ਦੂਸਰੇ ਤੀਸਰੇ ਦਿਨ ਕਲਮ ਨਵੀਂ ਲੈ ਕੇ ਸਕੂਲ ਜਾਂਦੇ। ਸਕੂਲ ਜਾਂਦੇ ਸਮੇਂ ਹੱਟੀ ਤੋਂ ਪੰਜ ਜਾਂ ਦਸ ਪੈਸੇ ਦੀ ਕਾਗ਼ਜ਼ ਦੀ ਪੁੜੀ ਵਿਚ ਕਾਲੇ ਰੰਗ ਦੀ ਸਿਆਹੀ ਦੀਆਂ ਟਿੱਕੀਆਂ ਲੈ ਕੇ ਉਸ ਦਾ ਚੂਰਾ ਬਣਾ ਲਿਆ ਜਾਂਦਾ, ਜਿਸ ਨੂੰ ਦਵਾਤ ਵਿਚ ਪਾ ਕੇ ਪਾਣੀ ਨਾਲ ਮਿਲਾ ਕੇ ਘੋਲਿਆ ਜਾਂਦਾ ਸੀ।

ਫਿਰ ਦਵਾਤ ਦੀ ਸਿਆਹੀ ਵਿਚ ਕਲਮ ਡਬੋ ਕੇ ਫੱਟੀ ਲਿਖੀ ਜਾਂਦੀ। ਸਾਫ਼ ਤੇ ਚੰਗੀ ਖ਼ੂੂਬਸੂਰਤ ਲਿਖਾਈ ਦੀ ਸ਼ੁਰੂਆਤ ਬੱਚੇ ਦੀ ਫੱਟੀ ਲਿਖਣ ਤੋਂ ਹੀ ਬਣਦੀ ਸੀ। ਅੱਧੀ ਛੁੱਟੀ ਵੇਲੇ ਬੱਚੇ ਰਲ ਕੇ ਪਾਣੀ ਨਾਲ ਨਲਕੇ ਜਾਂ ਖਾਲ ਤੋਂ ਫੱਟੀ ਗਾਚਨੀ ਨਾਲ ਪੋਚਦੇ ਤੇ ਸੁਕਾਉਂਦੇ ਸਨ। ਫੱਟੀ ਸੁਕਾਉਣ ਲੱਗੇ ਬੱਚੇ ਧੁੱਪ ਵਿਚ ਇਹ ਗਾਣਾ ਗਾਉਂਦੇ :
ਸੂਰਜਾ-ਸੂਰਜਾ ਫੱਟੀ ਸੁਕਾ, ਨਹੀਂ ਸੁਕਾਉਣੀ ਗੰਗਾ ਜਾ।
ਗੰਗਾ ਜਾ ਕੇ ਪਿੰਨੀਆਂ ਵਟਾ, ਇਕ ਪਿੰਨੀ ਟੁੱਟ ਗਈ ਸਾਰੀ ਫੱਟੀ ਸੁੱਕ ਗਈ।
ਉਨ੍ਹਾਂ ਸਮਿਆਂ ਵਿੱਚ ਬੱਚਾ ਜਦੋਂ ਤੱਕ ਫੱਟੀ ਤੇ ਵਧੀਆ ਲਿਖਣਾ ਨਹੀਂ ਸੀ ਸਿੱਖਦਾ ਉਸ ਨੂੰ ਕਾਪੀ ਨਹੀਂ ਦਿੰਦੇ ਸੀ।