ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਵਿਦਿਆ ਦਾ ਨਿਘਾਰ (2)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਗ਼ੈਰ ਵਿਦਿਅਕ ਕੰਮ: ਕਲ ਦੱਸੇ ਖ਼ਾਸ ਕਾਰਨਾਂ ਤੋਂ ਇਲਾਵਾ ਹੋਰ ਵੀ ਕਾਰਨ ਹਨ ਜਿਨ੍ਹਾਂ ਦੇ ਵਿਸਥਾਰ ਵਿਚ ਜਾਣ ਦੀ ਲੋੜ ਨਹੀਂ। ਉਨ੍ਹਾਂ ਬਾਰੇ ਪਹਿਲਾਂ ਹੀ ਮੀਡੀਆ ਵਿਚ

Government Of School

ਗ਼ੈਰ ਵਿਦਿਅਕ ਕੰਮ: ਕਲ ਦੱਸੇ ਖ਼ਾਸ ਕਾਰਨਾਂ ਤੋਂ ਇਲਾਵਾ ਹੋਰ ਵੀ ਕਾਰਨ ਹਨ ਜਿਨ੍ਹਾਂ ਦੇ ਵਿਸਥਾਰ ਵਿਚ ਜਾਣ ਦੀ ਲੋੜ ਨਹੀਂ। ਉਨ੍ਹਾਂ ਬਾਰੇ ਪਹਿਲਾਂ ਹੀ ਮੀਡੀਆ ਵਿਚ ਕਾਫ਼ੀ ਚਰਚਾ ਹੋ ਚੁੱਕੀ ਹੈ। ਸਿਰਫ਼ ਗਿਣਤੀ ਵਜੋਂ ਹੀ ਲਿਖਣ ਦੀ ਲੋੜ ਹੈ। ਅਧਿਆਪਕਾਂ ਤੋਂ ਗ਼ੈਰਵਿਦਿਅਕ ਕੰਮ ਲੈਣੇ ਜਿਵੇਂ ਡਾਕ ਕੇਂਦਰ ਵਿਚ ਦੇ ਕੇ ਆਉਣੀ, ਨਿੱਤ ਮਹਿਕਮੇ ਵਲੋਂ ਨਵੀਆਂ ਰੀਪੋਰਟਾਂ ਮੰਗਣੀਆਂ ਅਤੇ ਅਧਿਆਪਕਾਂ ਵਲੋਂ ਤਿਆਰ ਕਰ ਕੇ ਦੇਣੀਆਂ। ਕਦੇ ਵੋਟਾਂ ਦੀ ਸੁਧਾਈ, ਕਦੇ ਵੋਟਾਂ ਵਿਚ ਡਿਊਟੀ ਜੋ ਕਿ ਤਕਰੀਬਨ ਹਰ ਸਾਲ ਆਈਆਂ ਹੀ ਰਹਿੰਦੀਆਂ ਹਨ, ਅਧਿਆਪਕਾਂ ਦਾ ਦੂਰੋਂ-ਦੂਰੋਂ ਆਉਣਾ ਅਤੇ ਰਾਹ ਵਿਚ ਹੀ ਕਾਫ਼ੀ ਸਮਾਂ ਤੇ ਊਰਜਾ ਬਰਬਾਦ ਹੋਣਾ।


ਸਮੱਸਿਆ ਦਾ ਹੱਲ : ਸੱਭ ਤੋਂ ਪਹਿਲਾਂ ਉਪਰੋਕਤ ਕਾਰਨਾਂ ਨੂੰ ਧਿਆਨ ਵਿਚ ਰੱਖ ਕੇ ਰਾਜ ਕਰ ਰਹੀਆਂ ਪਾਰਟੀਆਂ ਨੂੰ ਅਪਣੀ ਪਹਿਲਾਂ ਵਾਲੀ ਮਾਨਸਿਕਤਾ ਬਦਲਣੀ ਪਵੇਗੀ ਅਤੇ ਸਮੱਸਿਆ ਦੇ ਹੱਲ ਲਈ ਇੱਛਾਸ਼ਕਤੀ ਮਜ਼ਬੂਤ ਕਰਨੀ ਪਵੇਗੀ ਕਿ ਇਸ ਮਸਲੇ ਦਾ ਹੱਲ ਹਰ ਹਾਲਤ ਵਿਚ ਕਰਨਾ ਹੈ। ਜਦੋਂ ਉਨ੍ਹਾਂ ਨੇ ਇਹ ਮੰਨ ਲਿਆ ਤਾਂ ਫਿਰ ਹੀ ਗੱਲ ਅੱਗੇ ਚੱਲ ਸਕਦੀ ਹੈ। ਮਨ ਵਿਚੋਂ ਵੋਟਾਂ ਦਾ ਚੱਕਰ ਪਰੇ ਕਰਨਾ ਪਵੇਗਾ ਅਤੇ ਕੁੱਝ ਸਮੇਂ ਲਈ ਇਹ ਭੁਲਣਾ ਪਵੇਗਾ ਕਿ ਵੋਟਾਂ ਪੈਣੀਆਂ ਹਨ ਕਿਉਂਕਿ ਜਦੋਂ ਕੋਈ ਸਰਕਾਰ ਸੁਧਾਰ ਕਰਦੀ ਹੈ ਅਤੇ ਉਹ ਸੁਧਾਰ ਕੁੱਝ ਲੋਕਾਂ ਵਿਰੁਧ ਜਾਂਦੇ ਹਨ ਤਾਂ ਸਿਆਸੀ ਆਗੂਆਂ ਨੂੰ ਵੋਟਾਂ ਖੁੱਸਣ ਦਾ ਡਰ ਲਗਿਆ ਰਹਿੰਦਾ ਹੈ।

ਜੇਕਰ ਵੋਟਾਂ ਖੁੱਸਣ ਦਾ ਡਰ ਭਾਰੂ ਹੋ ਗਿਆ ਤਾਂ ਕੁੱਝ ਨਹੀਂ ਹੋਣਾ। ਜੇ ਸੁਧਾਰਾਂ ਦੀ ਲਗਨ ਭਾਰੂ ਰਹੀ, ਗੱਲ ਤਾਂ ਹੀ ਬਣਨੀ ਹੈ। ਜਮਾਤੀ ਹਿੱਤ ਵੀ ਇਸ ਵਿਚ ਅੜਿੱਕਾ ਬਣ ਸਕਦੇ ਹਨ। ਇਸ ਲਈ ਇਨ੍ਹਾਂ ਪਾਰਟੀਆਂ ਅਤੇ ਸਰਕਾਰਾਂ ਵਲੋਂ ਹੱਲ ਕਰਨ ਦੀਆਂ ਆਸਾਂ ਮੱਧਮ ਲਗਦੀਆਂ ਹਨ। ਹਾਂ ਜੇ ਗ਼ਰੀਬ ਲੋਕਾਂ ਦਾ ਦਬਾਅ ਹੀ ਏਨਾ ਹੋ ਗਿਆ ਕਿ ਸਰਕਾਰਾਂ ਮਜਬੂਰ ਹੋ ਜਾਣ ਇਸ ਦਾ ਹੱਲ ਕਰਨ ਲਈ, ਫਿਰ ਸੱਭ ਕੁੱਝ ਹੋ ਸਕਦਾ ਹੈ।


ਅਧਿਆਪਕਾਂ ਦੀਆਂ ਸਮੱਸਿਆਵਾਂ: ਅਧਿਆਪਕਾਂ ਦੀਆਂ ਸਾਰੀਆਂ ਯੂਨੀਅਨਾਂ ਨਾਲ ਮੀਟਿੰਗਾਂ ਕੀਤੀਆਂ ਜਾਣ, ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ, ਮੰਗਾਂ ਬਾਰੇ ਵਿਚਾਰ-ਵਟਾਂਦਰਾ ਕਰ ਕੇ ਅਤੇ ਉਨ੍ਹਾਂ ਦਾ ਯੋਗ ਹੱਲ ਕਰਨ ਦਾ ਲਿਖਤੀ ਤੌਰ ਤੇ ਨੋਟੀਫ਼ੀਕੇਸ਼ਨ ਜਾਰੀ ਕਰ ਕੇ ਯੂਨੀਅਨਾਂ ਨੂੰ ਸੰਤੁਸ਼ਟ ਕੀਤਾ ਜਾਵੇ। ਯੂਨੀਅਨਾਂ ਵੀ ਲਿਖਤੀ ਵਾਅਦਾ ਕਰਨ ਕਿ ਜੇਕਰ ਪ੍ਰਸ਼ਾਸਨ ਕਿਸੇ ਅਨੁਸ਼ਾਸਨਹੀਣ, ਘਟੀਆ ਕਾਰਗੁਜ਼ਾਰੀ ਕਰਨ ਵਾਲੇ ਜਾਂ ਕੰਮਚੋਰ ਵਿਅਕਤੀ ਵਿਰੁਧ ਕੋਈ ਕਾਰਵਾਈ ਕਰਦਾ ਹੈ ਤਾਂ ਯੂਨੀਅਨਾਂ ਉਸ ਵਿਚ ਦਖ਼ਲ ਨਹੀਂ ਦੇਣਗੀਆਂ ਸਗੋਂ ਇਸ ਵਿਚ ਸਹਾਇਤਾ ਕਰਨਗੀਆਂ।

ਪ੍ਰਸ਼ਾਸਨ ਨੂੰ ਇਹ ਲਿਖਤ ਦੇਣੀ ਪਵੇਗੀ ਕਿ ਉਹ ਬੇਇਨਸਾਫ਼ੀ ਨਹੀਂ ਕਰੇਗਾ ਅਤੇ ਨਾ ਹੀ ਕਿਸੇ ਵਿਰੁਧ ਬਦਲੇ ਦੀ ਕਾਰਵਾਈ ਕਰੇਗਾ। ਇਸ ਤਰ੍ਹਾਂ ਨਾਲ ਅਨੁਸ਼ਾਸਨ ਮਜ਼ਬੂਤ ਹੋਵੇਗਾ ਅਤੇ ਪ੍ਰਸ਼ਾਸਨ ਤੋਂ ਯੂਨੀਅਨ ਦਾ ਡਰ ਚੁਕਿਆ ਜਾਵੇਗਾ।
ਨਿਯੁਕਤੀਆਂ: ਸਕੂਲਾਂ ਵਿਚ ਅਧਿਆਪਕਾਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਤੁਰਤ ਪੂਰੀਆਂ ਕੀਤੀਆਂ ਜਾਣ। ਪ੍ਰਾਇਮਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਨੂੰ ਨਜ਼ਰਅੰਦਾਜ਼ ਕਰਦੇ ਹੋਏ ਘੱਟੋ ਘੱਟ ਪੰਜ ਅਧਿਆਪਕ ਜ਼ਰੂਰ ਹੋਣ। ਮਿਡਲ, ਹਾਈ ਅਤੇ ਹੋਰ ਵੱਡੇ ਸਕੂਲਾਂ ਵਿਚ 25 ਬੱਚਿਆਂ ਪਿੱਛੇ ਇਕ ਅਧਿਆਪਕ ਹੋਵੇ।

ਕਹਿਣ ਤੋਂ ਭਾਵ ਕੋਈ ਵੀ ਸੈਕਸ਼ਨ 25 ਬੱਚਿਆਂ ਤੋਂ ਵੱਧ ਨਾ ਹੋਵੇ। ਵਿਗਿਆਨ ਅਤੇ ਹਿਸਾਬ ਸੈਕਸ਼ਨ 20 ਬੱਚਿਆਂ ਤੋਂ ਵੱਧ ਨਾ ਹੋਣ ਅਤੇ ਨਿਯੁਕਤੀਆਂ ਵੀ ਸਕੂਲਾਂ ਦੇ ਨੇੜੇ ਹੋਣ ਤਾਕਿ ਅਧਿਆਪਕਾਂ ਦਾ ਰਾਹ ਵਿਚ ਸਮਾਂ ਅਤੇ ਊਰਜਾ ਬਰਬਾਦ ਨਾ ਹੋਵੇ।
ਲਾਜ਼ਮੀ ਤਰੱਕੀ ਅਤੇ ਪੜਤਾਲ: ਮਿਡਲ ਅਤੇ ਪ੍ਰਾਇਮਰੀ ਸਕੂਲਾਂ ਵਿਚ ਬੱਚਿਆਂ ਦੀ ਲਾਜ਼ਮੀ ਤਰੱਕੀ ਬੰਦ ਕਰ ਕੇ ਹਰ ਜਮਾਤ ਦੇ ਘੱਟੋ-ਘੱਟ ਸਾਲ ਵਿਚ ਦੋ ਇਮਤਿਹਾਨ ਹੋਣ। ਸਲਾਨਾ ਟੈਸਟ ਵਿਚ ਜੋ ਆਸਾਨੀ ਨਾਲ ਪਾਸ ਹੋਵੇ। ਉਸ ਨੂੰ ਹੀ ਅਗਲੀ ਜਮਾਤ ਵਿਚ ਕੀਤਾ ਜਾਵੇ। ਜਿਵੇਂ ਸਕੂਲਾਂ ਵਿਚ ਪਹਿਲਾਂ ਬਾਬੂ (ਸੁਪਰਵਾਈਜ਼ਰ) ਜਾ ਕੇ ਬੱਚਿਆਂ ਦੀ ਪੜ੍ਹਾਈ ਦਾ ਇਮਤਿਹਾਨ ਲੈ ਕੇ ਪੜਤਾਲ ਕਰਿਆ ਕਰਦੇ ਸਨ, ਉਹ ਚਾਲੂ ਕੀਤਾ ਜਾਵੇ।

ਸਕੂਲ ਵਿਚ ਇਕ ਰਜਿਸਟਰ ਹੋਵੇ। ਬੱਚਿਆਂ ਦੇ ਲਏ ਗਏ ਟੈਸਟ ਦੀ ਰੀਪੋਰਟ ਉਸ ਵਿਚ ਲਿਖੀ ਜਾਵੇ ਅਤੇ ਉਸ ਅਧਿਕਾਰੀ ਵਲੋਂ ਟਿਪਣੀ ਲਿਖੀ ਜਾਵੇ। ਪਿੰਡਾਂ ਵਿਚ ਬਣੀਆਂ ਪਸਵਕ ਕਮੇਟੀਆਂ ਦੇ ਪ੍ਰਧਾਨਾਂ ਨੂੰ ਵੀ ਉਸ ਰਜਿਸਟਰ ਵਿਚ ਟਿਪਣੀ ਲਿਖਣ ਦਾ ਅਧਿਕਾਰ ਹੋਵੇ। ਸਾਲ ਪਿੱਛੋਂ ਜਿਨ੍ਹਾਂ ਜਮਾਤਾਂ ਦੀ ਜਿਵੇਂ ਪੰਜਵੀਂ, ਅਠਵੀਂ, ਦਸਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਬੋਰਡ ਵਲੋਂ ਲਈ ਜਾਂਦੀ ਹੈ, ਉਨ੍ਹਾਂ ਦੇ ਨਤੀਜਿਆਂ ਨੂੰ ਅਤੇ ਸਕੂਲ ਵਿਚ ਰੱਖੇ ਕਾਰਗੁਜ਼ਾਰੀ ਰਜਿਸਟਰ ਵਿਚ ਦਰਜ ਕਾਰਗੁਜ਼ਾਰੀਆਂ ਤੇ ਟਿਪਣੀਆਂ ਨੂੰ ਅਧਿਆਪਕਾਂ  ਦੀ ਚੰਗੀ ਜਾਂ ਮਾੜੀ ਕਾਰਗੁਜ਼ਾਰੀ ਦਾ ਅਧਾਰ ਬਣਾਇਆ ਜਾਵੇ।

ਇਨਕਰੀਮੈਂਟਾਂ ਅਤੇ ਤਰੱਕੀਆਂ ਵੀ ਇਸੇ ਅਧਾਰ ਤੇ ਕੀਤੀਆਂ ਜਾਣ। ਜਿਸ ਅਧਿਆਪਕ ਦੀ ਕਾਰਗੁਜ਼ਾਰੀ ਬਹੁਤ ਹੀ ਵਧੀਆ ਅਤੇ ਨਤੀਜਾ 100 ਫ਼ੀ ਸਦੀ ਹੋਵੇ, ਉਸ ਨੂੰ ਇਨਾਮ ਵਜੋਂ ਉਸ ਦਾ ਇਨਕਰੀਮੈਂਟ ਵਧਾ ਦਿਤਾ ਜਾਵੇ ਅਤੇ ਉਸ ਨੂੰ ਅਧਿਕਾਰੀਆਂ ਵਲੋਂ ਸਰਟੀਫ਼ੀਕੇਟ ਅਤੇ ਮੋਮੈਂਟੋ ਦੇ ਕੇ ਸਨਮਾਨਤ ਕੀਤਾ ਜਾਵੇ। ਜਿਸ ਦੀ ਚੰਗੀ ਕਾਰਗੁਜ਼ਾਰੀ ਹੋਵੇ, ਉਸ ਨੂੰ ਵੀ ਸਰਟੀਫ਼ੀਕੇਟ ਅਤੇ ਮੋਮੈਂਟੋ ਦਿਤਾ ਜਾਵੇ ਅਤੇ ਜਿਸ ਦੀ ਮਾੜੀ ਕਾਰਗੁਜ਼ਾਰੀ ਹੋਵੇ, ਉਸ ਦੀ ਸਰਵਿਸ ਬੁੱਕ ਵਿਚ ਦਰਜ ਹੋਵੇ ਕਿ ਕੰਮ ਠੀਕ ਨਹੀਂ ਕਰਵਾਇਆ।

ਉਸ ਦੀ ਇਕ ਤਨਖ਼ਾਹ ਵਧਣ ਤੇ ਰੋਕ ਲਾਈ ਜਾਵੇ। ਜਿਸ ਦੀ ਬਹੁਤ ਹੀ ਮਾੜੀ ਹੈ ਉਸ ਦੀ ਸਰਵਿਸ ਬੁੱਕ ਵੀ ਦਰਜ ਹੋਵੇ ਅਤੇ ਇਕ ਇਨਕਰੀਮੈਂਟ ਵਾਪਸ ਲੈ ਲਈ ਜਾਵੇ। ਜੋ ਅਧਿਆਪਕ ਬੱਚਿਆਂ ਨੂੰ ਪੜ੍ਹਾ ਨਹੀਂ ਸਕਦਾ, ਉਸ ਨੂੰ ਤਰੱਕੀ ਲੈਣ ਦਾ ਕੋਈ ਅਧਿਕਾਰ ਨਹੀਂ, ਬਲਕਿ ਤਨਖ਼ਾਹ ਲੈਣ ਦਾ ਵੀ ਅਧਿਕਾਰ ਨਹੀਂ ਬਣਦਾ।
ਗ਼ੈਰ-ਵਿਦਿਅਕ ਕੰਮ: ਗ਼ੈਰ-ਵਿਦਿਅਕ ਕੰਮ ਬੰਦ ਕੀਤੇ ਜਾਣ। ਸਰਕਾਰ ਉਹ ਕੰਮ ਕਿਸੇ ਹੋਰ ਤਰੀਕੇ ਨਾਲ ਕਰਵਾਏ ਤਾਕਿ ਅਧਿਆਪਕਾਂ ਦਾ ਸਮਾਂ ਬਰਬਾਦ ਨਾ ਹੋਵੇ। ਉਨ੍ਹਾਂ ਦਾ ਧਿਆਨ ਸਿਰਫ਼ ਬੱਚਿਆਂ ਦੀ ਪੜ੍ਹਾਈ ਵਲ ਹੀ ਹੋਵੇ।

ਬੱਚੇ ਨੂੰ ਬੱਚਾ ਨਾ ਸਮਝੋ। ਆਮ ਲੋਕਾਂ ਦੀ ਧਾਰਨਾ ਹੈ ਕਿ ਬੱਚਿਆਂ ਨੂੰ ਕਿਸੇ ਵੀ ਗੱਲ ਦਾ ਪਤਾ ਨਹੀਂ ਹੁੰਦਾ। ਅਸਲ ਵਿਚ ਬੱਚੇ ਵੱਡਿਆਂ ਨਾਲੋਂ ਵੱਧ ਸੰਵੇਦਨਸ਼ੀਲ ਹੁੰਦੇ ਹਨ ਅਤੇ ਉਨ੍ਹਾਂ ਦੇ ਮਨ ਉਪਰ ਸਾਡੀ ਹਰ ਗੱਲ, ਹਰ ਹਰਕਤ ਦਾ ਬਹੁਤ ਹੀ ਡੂੰਘਾ ਅਤੇ ਛੇਤੀ ਅਸਰ ਹੁੰਦਾ ਹੈ। ਬੱਚਾ ਸਾਡੇ ਚਿਹਰੇ ਨੂੰ ਵੀ ਪੜ੍ਹ ਸਕਦਾ ਹੈ। ਸਾਡੇ ਚਿਹਰੇ ਦੇ ਭਾਵ (ਗੁੱਸੇ ਵਾਲੇ ਜਾਂ ਪਿਆਰ ਵਾਲੇ) ਸੱਭ ਸਮਝਦਾ ਹੈ। ਅਸੀ ਭਾਵੇਂ ਇਨ੍ਹਾਂ ਗੱਲਾਂ ਵਲ ਧਿਆਨ ਨਹੀਂ ਦਿੰਦੇ, ਸ਼ਾਇਦ ਬਹੁਤਿਆਂ ਨੂੰ ਤਾਂ ਇਨ੍ਹਾਂ ਦਾ ਪਤਾ ਹੀ ਨਹੀਂ ਹੁੰਦਾ।

ਛੋਟਾ ਬੱਚਾ ਅਪਣੀ ਮਾਂ ਨੂੰ ਜਾਣਨ ਲਗਦਾ ਹੈ, ਚਿਹਰੇ ਤੋਂ ਨਹੀਂ ਸਗੋਂ ਉਸ ਦੀ ਖ਼ੁਸ਼ਬੂ ਤੋਂ ਕਿਉਂਕਿ ਉਹ ਉਸ ਨੂੰ ਉਸ ਦੀ ਖੁਰਾਕ (ਦੁੱਧ) ਪਿਲਾਉਂਦੀ ਹੈ। ਬੱਚੇ ਦੇ ਪੈਦਾ ਹੋਣ ਤੋਂ ਲੈ ਕੇ ਪੰਜ ਸਾਲ ਦਾ ਹੋਣ ਤਕ ਉਸ ਦੀ ਦੇਖਭਾਲ ਉਸ ਦੀ ਮਾਂ ਨੂੰ ਹੀ ਕਰਨੀ ਚਾਹੀਦੀ ਹੈ। ਕਿਸੇ ਹੋਰ ਨੂੰ ਇਹ ਜ਼ਿੰਮੇਵਾਰੀ ਨਹੀਂ ਸੰਭਾਲਣੀ ਚਾਹੀਦੀ ਕਿਉਂਕਿ ਜੋ ਕੁੱਝ ਮਾਂ ਅਪਣੇ ਬੱਚੇ ਲਈ ਕਰ ਸਕਦੀ ਹੈ, ਉਹ ਦੂਜੀ ਔਰਤ ਕਰ ਹੀ ਨਹੀਂ ਸਕਦੀ।


ਬੱਚੇ ਨੂੰ ਡਾਂਟਣਾ ਜਾਂ ਘੂਰਨਾ ਬਿਲਕੁਲ ਨਹੀਂ ਚਾਹੀਦਾ, ਉਸ ਨੂੰ ਲਾਡ ਕਰੋ ਪਰ ਬਹੁਤਾ ਜ਼ਿਆਦਾ ਲਾਡ ਵੀ ਬੱਚੇ ਨੂੰ ਵਿਗਾੜ ਦਿੰਦਾ ਹੈ। ਬੱਚੇ ਨੂੰ ਸਕੂਲ ਦਾਖ਼ਲ ਕਰਵਾ ਕੇ ਅਵੇਸਲੇ ਨਹੀਂ ਹੋਣਾ ਚਾਹੀਦਾ। ਹਰ ਹਫ਼ਤੇ ਬੱਚੇ ਦੇ ਸਕੂਲ ਜਾ ਕੇ ਉਸ ਦੇ ਵਿਕਾਸ ਬਾਰੇ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਉਸ ਦਾ ਅਧਿਆਪਕ ਬੱਚਿਆਂ ਦੇ ਮਨੋਵਿਗਿਆਨ ਤੋਂ ਜਾਣੂ ਹੁੰਦਾ ਹੈ। ਜੋ ਮਸ਼ਵਰਾ ਜਾਂ ਸਿਫ਼ਾਰਸ਼ ਉਹ ਕਰੇ ਉਸ ਉਪਰ ਅਮਲ ਕਰਨਾ ਚਾਹੀਦਾ ਹੈ। ਜੇਕਰ ਬੱਚਾ ਅਪਣੇ ਅਧਿਆਪਕ ਦੀ ਸ਼ਿਕਾਇਤ ਕਰਦਾ ਹੈ ਤਾਂ ਬੱਚੇ ਦਾ ਪੱਖ ਕਰਨ ਦੀ ਥਾਂ ਅਧਿਆਪਕ ਦਾ ਪੱਖ ਲੈਣਾ ਚਾਹੀਦਾ ਹੈ। 


ਪੜ੍ਹਾਈ ਵਿਚ ਹਮੇਸ਼ਾ ਬੱਚੇ ਦਾ ਹੌਸਲਾ ਵਧਾਉਣਾ ਚਾਹੀਦਾ ਹੈ। ਜੇਕਰ ਉਹ ਕੋਈ ਮਦਦ ਚਾਹੁੰਦਾ ਹੋਵੇ ਤਾਂ ਜ਼ਰੂਰ ਕਰਨੀ ਚਾਹੀਦੀ ਹੈ। ਬੱਚੇ ਉਪਰ ਹਮੇਸ਼ਾ ਹੀ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ। ਜਦੋਂ ਵੱਡੇ ਆਪਸ ਗੱਲਾਂ ਕਰਦੇ ਹੋਣ ਅਤੇ ਬੱਚਾ ਵਿਚਕਾਰ ਤੋਂ ਗੱਲ ਟੋਕ ਦੇਵੇ ਤਾਂ ਉਸ ਸਮੇਂ ਉਸ ਨੂੰ ਕੁੱਝ ਨਾ ਕਹੋ, ਉਸ ਪਿਛੋਂ ਇਕੱਲੇ ਨੂੰ ਸਮਝਾਉ ਕਿ ਜਦੋਂ ਵੱਡੇ ਆਪਸ ਵਿਚ ਗੱਲਾਂ ਕਰਦੇ ਹੋਣ ਤਾਂ ਵਿਚਕਾਰੋਂ ਟੋਕਣਾ ਚੰਗੇ ਬੱਚਿਆਂ ਦਾ ਕੰਮ ਨਹੀਂ। ਬੱਚਿਆਂ ਤੋਂ ਨਸ਼ੀਲੀਆਂ ਚੀਜ਼ਾਂ ਜਾਂ ਜੋ ਚੀਜ਼ਾਂ ਉਨ੍ਹਾਂ ਲਈ ਠੀਕ ਨਹੀਂ ਕਦੇ ਵੀ ਮੰਗਵਾਉਣੀਆਂ ਨਹੀਂ ਚਾਹੀਦੀਆਂ ਜਾਂ ਉਹ ਸਾਹਿਤ ਜੋ ਉਨ੍ਹਾਂ ਦੇ ਪੜ੍ਹਨ ਲਈ ਠੀਕ ਨਾ ਹੋਵੇ, ਉਸ ਨੂੰ ਵੀ ਉਨ੍ਹਾਂ ਤੋਂ ਦੂਰ ਰਖਣਾ ਚਾਹੀਦਾ ਹੈ।

ਬੱਚਿਆਂ ਕੋਲ ਬੈਠਿਆਂ ਕਿਸੇ ਦੀ ਵੀ ਚੁਗਲੀ ਜਾਂ ਨਿੰਦਿਆ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਕਿਸੇ ਨੂੰ ਬੁਰਾ-ਭਲਾ ਕਹਿਣਾ ਚਾਹੀਦਾ ਹੈ ਤਾਕਿ ਬੱਚਿਆਂ ਦੇ ਦਿਮਾਗ਼ਾਂ ਵਿਚ ਕਿਸੇ ਪ੍ਰਤੀ ਨਫ਼ਰਤ ਪੈਦਾ ਨਾ ਹੋ ਜਾਵੇ। ਜੇਕਰ ਬੱਚੇ ਦੇ ਹਮਜਮਾਤੀ ਜਾਂ ਦੋਸਤ ਅਪਣੇ ਘਰ ਆਉਂਦੇ ਹਨ ਤਾਂ ਉਨ੍ਹਾਂ ਦੀ ਆਉਭਗਤ ਕਰਨ ਤੋਂ ਇਲਾਵਾ ਪੂਰੀ ਇੱਜ਼ਤ ਮਾਣ ਅਤੇ ਸਤਿਕਾਰ ਦੇਣਾ ਚਾਹੀਦਾ ਹੈ ਤਾਕਿ ਅਪਣੇ ਬੱਚੇ ਦਾ ਉਸ ਦੇ ਦੋਸਤਾਂ-ਮਿੱਤਰਾਂ ਵਿਚ ਸਿਰ ਉੱਚਾ ਰਹਿ ਸਕੇ ਅਤੇ ਉਸ ਨੂੰ ਵੀ ਉਨ੍ਹਾਂ ਤੋਂ ਬਦਲੇ ਵਿਚ ਪੂਰਾ ਮਾਣ ਸਤਿਕਾਰ ਮਿਲ ਸਕੇ। ਬੱਚੇ ਨੂੰ ਬਿਲਕੁਲ ਹੀ ਝਿੜਕਣਾ ਨਹੀਂ ਚਾਹੀਦਾ। ਜੇਕਰ ਬਹੁਤ ਹੀ ਜ਼ਰੂਰੀ ਹੋਵੇ ਤਾਂ ਘੱਟੋ ਘੱਟ ਕਿਸੇ ਦੇ ਸਾਹਮਣੇ ਬਿਲਕੁਲ ਨਹੀਂ ਝਿੜਕਣਾ ਚਾਹੀਦਾ।

ਗੁਆਂਢੀ ਜਾਂ ਕੋਈ ਹੋਰ ਵਿਅਕਤੀ ਤੁਹਾਡੇ ਬੱਚੇ ਦੇ ਸਬੰਧ ਵਿਚ ਕੋਈ ਸ਼ਿਕਾਇਤ ਕਰਦਾ ਹੈ ਤਾਂ ਪੂਰੇ ਧਿਆਨ ਨਾਲ ਸੁਣੋ, ਬੱਚੇ ਦੇ ਮੋਹ ਵਿਚ ਪੈ ਕੇ ਗੁੱਸਾ ਬਿਲਕੁਲ ਨਾ ਕਰੋ ਸਗੋਂ ਉਸ ਵਿਅਕਤੀ ਦਾ ਉਹ ਸੱਭ ਕੁੱਝ ਦੱਸਣ ਤੇ ਧਨਵਾਦ ਕਰੋ ਕਿਉਂਕਿ ਉਸ ਨੇ ਬੱਚੇ ਦੀਆਂ ਗ਼ਲਤੀਆਂ ਬਾਰੇ ਸਾਨੂੰ ਜਾਣੂ ਕਰਵਾਇਆ ਹੈ। ਵੱਡਾ ਹੋ ਕੇ ਬੱਚਾ ਕਿਸ ਤਰ੍ਹਾਂ ਦਾ ਬਣੇ ਉਸੇ ਤਰ੍ਹਾਂ ਦੇ ਉਸ ਦੇ ਖਿਡੌਣੇ ਹੋਣੇ ਚਾਹੀਦੇ ਹਨ। ਉਸੇ ਤਰ੍ਹਾਂ ਉਸ ਦੇ ਸੰਸਕਾਰ ਹੋਣੇ ਚਾਹੀਦੇ ਹਨ। ਉਸ ਨਾਲ ਗੱਲਾਂ-ਬਾਤਾਂ ਵੀ ਉਸ ਤਰ੍ਹਾਂ ਦੀਆਂ ਹੀ ਹੋਣੀਆਂ ਚਾਹੀਦੀਆਂ ਹਨ।

ਇਹ ਗੱਲਾਂ ਭਾਵੇਂ ਸਾਨੂੰ ਛੋਟੀਆਂ ਲਗਦੀਆਂ ਹਨ ਪਰ ਬੱਚਿਆਂ ਦੀ ਜ਼ਿੰਦਗੀ ਵਿਚ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ। ਆਮ ਵੇਖਣ ਵਿਚ ਆਉਂਦਾ ਰਿਹਾ ਹੈ ਕਿ ਬੱਚਿਆਂ ਦੇ ਜ਼ਿਆਦਾਤਰ ਖਿਡੌਣੇ ਪਿਸਤੌਲ, ਬੰਦੂਕਾਂ ਅਤੇ ਮਾਰੂ ਹਥਿਆਰ ਰਹੇ ਹਨ ਜਿਸ ਦਾ ਨਤੀਜਾ ਚੋਰ, ਡਾਕੂ, ਲੁਟੇਰੇ, ਕਾਤਲ ਤੇ ਗੈਂਗਸਟਰ ਸਾਡੇ ਸਾਹਮਣੇ ਹੈ।


ਪਹਿਲਾਂ ਮਾਵਾਂ ਬੱਚੇ ਦੀ ਹਰ ਹਰਕਤ, ਹਰ ਕੰਮ ਦਾ ਧਿਆਨ ਰਖਦੀਆਂ ਸਨ। ਜੇਕਰ ਕੋਈ ਗ਼ਲਤੀ ਲਗਦੀ ਤਾਂ ਰੋਕਦੀਆਂ ਸਨ। ਪਰ ਹੁਣ ਤਾਂ ਮਾਵਾਂ ਬਿਨਾਂ ਕੰਮ ਤੋਂ ਹੀ ਰੁੱਝੀਆਂ ਰਹਿੰਦੀਆਂ ਹਨ ਕਿਉਂਕਿ ਟੀ.ਵੀ. ਤੇ ਮੋਬਾਈਲ ਉਨ੍ਹਾਂ ਦੇ ਰੁਝੇਵੇਂ ਬਣ ਗਏ ਹਨ। ਬੱਚਿਆਂ ਲਈ ਉਨ੍ਹਾਂ ਪਾਸ ਸਮਾਂ ਹੀ ਨਹੀਂ। ਵੱਡੇ ਬੱਚਿਆਂ ਪਾਸ ਖੇਡਣ ਦਾ ਸਮਾਂ ਨਹੀਂ ਹੈ ਕਿਉਂਕਿ ਪਹਿਲਾਂ ਸਕੂਲ, ਉਸ ਪਿਛੋਂ ਸਕੂਲ ਦਾ ਕੰਮ, ਫਿਰ ਟੀ.ਵੀ. ਜਾਂ ਇੰਟਰਨੈੱਟ। 


ਚੇਤਾਵਨੀ : ਸਾਰੇ ਬੱਚਿਆਂ ਦੇ (10 ਸਾਲ ਤੋਂ ਉਪਰ ਦੇ) ਮਾਂ-ਬਾਪ ਨੂੰ ਪੂਰੇ ਧਿਆਨ ਨਾਲ ਅਪਣੇ ਬੱਚਿਆਂ ਦੀ ਜਾਣਕਾਰੀ ਰਖਣੀ ਚਾਹੀਦੀ ਹੈ ਕਿ ਉਹ ਕੀ ਕਰਦੇ ਹਨ, ਕਿੱਥੇ ਜਾਂਦੇ ਹਨ, ਉਨ੍ਹਾਂ ਦੀ ਸੁਸਾਇਟੀ ਕਿਹੜੀ ਹੈ, ਟੀ.ਵੀ. ਅਤੇ ਇੰਟਰਨੈੱਟ ਉਪਰ ਕੀ ਵੇਖਦੇ ਹਨ? ਜੇਕਰ ਮਾਂ-ਬਾਪ ਇਨ੍ਹਾਂ ਗੱਲਾਂ ਦਾ ਧਿਆਨ ਨਹੀਂ ਰਖਣਗੇ ਤਾਂ ਨੇੜ ਭਵਿੱਖ ਵਿਚ ਉਨ੍ਹਾਂ ਦੇ ਬੱਚਿਆਂ ਵਿਚ ਇਸ ਤਰ੍ਹਾਂ ਦੀਆਂ ਇਖਲਾਕੀ ਅਤੇ ਹੋਰ ਬਹੁਤ ਸਾਰੀਆਂ ਘਾਟਾਂ ਕਮਜ਼ੋਰੀਆਂ ਆ ਜਾਣਗੀਆਂ ਜਿਨ੍ਹਾਂ ਨੂੰ ਦੂਰ ਕਰਨਾ ਬਹੁਤ ਮੁਸ਼ਕਲ ਹੋ ਜਾਵੇਗਾ। ਆਮ ਵੇਖਣ ਵਿਚ ਆਇਆ ਹੈ ਕਿ ਬੱਚੇ ਮੋਬਾਈਲ ਨੂੰ ਘੰਟਾ ਘੰਟਾ ਨੀਝ ਲਾ ਕੇ ਵੇਖਦੇ ਰਹਿੰਦੇ ਹਨ।

ਉਨ੍ਹਾਂ ਦੇ ਲਗਾਤਾਰ ਇਸ ਤਰ੍ਹਾਂ ਕਰਦੇ ਰਹਿਣ ਨਾਲ ਕਈ ਮਾਨਸਕ ਊਣਤਾਈਆਂ ਅਤੇ ਆਦਤਾਂ ਪੈ ਸਕਦੀਆਂ ਹਨ। ਮਨੋਵਿਗਿਆਨਕਾਂ ਦਾ ਕਹਿਣਾ ਹੈ ਕਿ ਅਜਿਹੇ ਬੱਚੇ ਕੱਲਖੋਰ ਭਾਵ ਇਕੱਲਾ ਰਹਿਣਾ ਪਸੰਦ ਕਰਨ ਵਾਲੇ ਹੋ ਜਾਂਦੇ ਹਨ। ਚਿੜਚਿੜੇ ਅਤੇ ਮਾਮੂਲੀ ਗੱਲ ਤੇ ਗੁੱਸਾ ਕਰਨ ਲਗਦੇ ਹਨ। ਇਨ੍ਹਾਂ ਤਿੰਨੇ ਬਿਮਾਰੀਆਂ ਨਾਲ ਨੈਤਿਕਤਾ, ਜੋ ਇਨਸਾਨ ਦਾ ਗਹਿਣਾ ਹੈ, ਖ਼ਤਮ ਹੋ ਜਾਂਦੀ ਹੈ। ਜੇਕਰ ਇਨ੍ਹਾਂ ਬੀਮਾਰੀਆਂ ਦੀ ਰੋਕਥਾਮ ਨਾ ਕੀਤੀ ਗਈ ਤਾਂ ਘਰ ਪ੍ਰਵਾਰ ਵਿਚ ਆਪਸੀ ਪਿਆਰ ਅਤੇ ਸਾਂਝ ਨਹੀਂ ਰਹੇਗੀ ਅਤੇ ਘਰ ਟੁੱਟ ਜਾਣਗੇ ਜਿਸ ਦਾ ਸਿੱਟਾ ਸਮਾਜ ਜਿੰਨਾ ਕੁ ਜੁੜਿਆ ਹੋਇਆ ਰਹਿ ਗਿਆ ਹੈ, ਉਹ ਵੀ ਖੇਰੂੰ-ਖੇਰੂੰ ਹੋ ਜਾਵੇਗਾ।  (ਸਮਾਪਤ)