ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਸੇ ਦੇਵੀ ਦੇ ਪੁਜਾਰੀ ਨਹੀਂ ਸਨ
ਇਹ ਮਨੁੱਖੀ ਸੁਭਾਅ ਹੈ ਕਿ ਉਹ ਸੁਣੀਆਂ ਸੁਣਾਈਆਂ ਗੱਲਾਂ ਉਤੇ ਬਿਨਾਂ ਸੋਚੇ-ਸਮਝੇ ਹੀ ਵਿਸ਼ਵਾਸ ਕਰ ਲੈਂਦਾ ਹੈ। ਇਵੇਂ ਹੀ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ...
ਇਹ ਮਨੁੱਖੀ ਸੁਭਾਅ ਹੈ ਕਿ ਉਹ ਸੁਣੀਆਂ ਸੁਣਾਈਆਂ ਗੱਲਾਂ ਉਤੇ ਬਿਨਾਂ ਸੋਚੇ-ਸਮਝੇ ਹੀ ਵਿਸ਼ਵਾਸ ਕਰ ਲੈਂਦਾ ਹੈ। ਇਵੇਂ ਹੀ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਬਿਲਕੁਲ ਮਨਘੜਤ, ਬਿਨਾਂ ਤਰਕ, ਗਪੌੜ ਮਾਰਿਆ ਗਿਆ ਕਿ ਉਹ ਦੁਰਗਾ ਦੇ ਪੁਜਾਰੀ ਸਨ। ਅਸੀ ਕਈਆਂ ਨੇ ਬਿਨਾਂ ਇਸ ਦੀ ਤਹਿ ਤਕ ਗਿਆਂ, ਇਸ ਗਪੌੜ ਨੂੰ ਸੱਚ ਮੰਨ ਲਿਆ ਤੇ ਗਾਹੇ-ਬਗਾਹੇ ਇਹ ਕਿਹਾ ਜਾਣ ਲੱਗ ਪਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੁਰਗਾ ਦੇ ਪੁਜਾਰੀ ਸਨ। ਇਹ ਗੱਪ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ 150 ਸਾਲ ਬਾਅਦ ਮਾਰੀ ਗਈ। ਭਾਈ ਸੁੱਖਾ ਸਿੰਘ, ਭਾਈ ਸੰਤੋਖ ਸਿੰਘ, ਬਾਬਾ ਸੁਮੇਰ ਸਿੰਘ ਨੇ ਅਪਣੇ-ਅਪਣੇ ਢੰਗ ਨਾਲ ਕਾਵਿਕ ਰੂਪ ਵਿਚ ਦਸਮ ਪਾਤਸ਼ਾਹ ਨੂੰ ਦੇਵੀ ਪੂਜਕ ਦਸਿਆ।
ਪਰ ਅਫ਼ਸੋਸ, ਪਹਿਲਾਂ ਤਾਂ ਇਹ ਤਿੰਨੇ ਇਕ ਦੂਜੇ ਨਾਲ ਸਹਿਮਤ ਨਹੀਂ। ਦੂਜਾ, ਇਹ ਪਹਿਲਾਂ ਕੁੱਝ ਕਹਿੰਦੇ ਹਨ, ਫਿਰ ਅਪਣੀ ਕਹੀ ਗੱਲ ਤੋਂ ਉਲਟ ਚਲੇ ਜਾਂਦੇ ਹਨ। ਤੀਜਾ ਇਨ੍ਹਾਂ ਵਿਚੋਂ ਕੋਈ ਵੀ ਗੁਰੂ ਜੀ ਦਾ ਸਮਕਾਲੀ ਨਹੀਂ ਸੀ ਅਤੇ ਕਿਸੇ ਨੇ ਵੀ ਇਹ ਮਨਘੜਤ ਘਟਨਾ ਅੱਖੀਂ ਨਹੀਂ ਵੇਖੀ ਸੀ। ਬਸ ਅਪਣੇ ਮਨ ਨਾਲ ਖ਼ਿਆਲੀ ਪਲਾਉ ਬਣਾ ਕੇ ਮਨਮਰਜ਼ੀ ਦੀਆਂ ਗੱਪਾਂ ਲਿਖੀ ਗਏ। ਉਨ੍ਹਾਂ ਨੇ ਇਹ ਸੋਚਣ ਦੀ ਕੋਸ਼ਿਸ਼ ਹੀ ਨਾ ਕੀਤੀ ਕਿ ਗੁਰੂ ਜੀ ਦੀ ਸੰਪੂਰਨ ਬਹੁਪੱਖੀ, ਮਹਾਨ ਸ਼ਖਸੀਅਤ, ਅਪਣੇ ਵੱਡ-ਵਡੇਰਿਆਂ ਦੇ ਉਲਟ ਕਿਵੇਂ ਜਾ ਸਕਦੀ ਸੀ। ਇਹ ਵੀ ਸੋਚਣ ਦੀ ਖੇਚਲ ਨਹੀਂ ਕੀਤੀ ਕਿ ਉਨ੍ਹਾਂ ਦੀ ਇਕ ਮਨਘੜਤ ਕਹਾਣੀ ਨਾਲ ਗੁਰੂ ਜੀ ਦੀ ਮਹਾਨ ਪੈਗ਼ੰਬਰਾਂ ਵਾਲੀ ਹਸਤੀ ਦੇ ਨਾਲ-ਨਾਲ ਸਿੱਖੀ ਦੀ ਚਲੀ ਆ ਰਹੀ, ਅਨੋਖੀ ਤੇ ਨਵੇਕਲੀ ਸ਼ਾਨ ਨੂੰ ਢਾਹ ਲੱਗੇਗੀ।
ਇਹ ਸਪੱਸ਼ਟ ਹੈ ਕਿ ਉਪਰੋਕਤ ਕੋਈ ਵੀ ਕਵੀ ਗੁਰੂ ਜੀ ਦਾ ਸਮਕਾਲੀ ਨਹੀਂ ਸੀ। ਪਤਾ ਨਹੀਂ ਇਨ੍ਹਾਂ ਨੂੰ ਕਿਥੋਂ ਭਵਿੱਖਬਾਣੀ ਹੋਈ, ਕਿਵੇਂ ਇਨ੍ਹਾਂ ਨੂੰ ਇਹ ਗੱਲ ਸੁਝੀ? ਸਿੰਘ ਸਭਾ ਲਹਿਰ ਦੇ ਮੋਢੀ, ਖ਼ਾਲਸਾ ਅਖ਼ਬਾਰ ਲਾਹੌਰ ਦੇ ਸੰਪਾਦਕ, ਵਿਸ਼ਵ ਦੇ ਪੰਜਾਬੀ ਦੇ ਪਹਿਲੇ ਪ੍ਰੋਫ਼ੈਸਰ, ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਮੋਢੀ ਮੈਂਬਰ, ਮਹਾਨ ਸਾਹਿਤਕਾਰ, ਸਿੱਖ ਵਿਦਵਾਨ, ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਨੇ ਸੱਭ ਤੋਂ ਪਹਿਲਾਂ 1899 ਵਿਚ ਇਸ ਦੰਦ-ਕਥਾ ਦਾ ਡੱਟ ਕੇ ਵਿਰੋਧ ਕੀਤਾ ਅਤੇ ਅਪਣੀ ਸ਼ਾਹਕਾਰ ਰਚਨਾ 'ਦੁਰਗਾ ਪ੍ਰਬੋਧ' ਵਿਚ ਤਰਕ ਸਹਿਤ ਇਸ ਨੂੰ ਮਨਘੜਤ ਗੱਪ ਕਹਿਣ ਦੀ ਵੱਡੀ ਦਲੇਰੀ ਕੀਤੀ।
ਉਨ੍ਹਾਂ ਨੇ ਦੁਰਗਾ ਭਗਤ ਦੇ ਤੱਤ ਖ਼ਾਲਸਾ ਦੋ ਪਾਤਰਾਂ ਦੀ ਆਪਸੀ ਲੰਮੀ ਵਾਰਤਾ ਵਿਚ ਇਹ ਸਿੱਧ ਕਰ ਦਿਤਾ ਕਿ ਗੁਰੂ ਜੀ ਨੇ ਪੰਡਤਾਂ ਦੇ ਪਾਖੰਡਾਂ ਦਾ ਪ੍ਰਗਟਾਵਾ ਕਰਨ ਲਈ, ਹਵਨ ਕਰਵਾਉਣ ਦਾ ਫ਼ੈਸਲਾ ਕੀਤਾ ਤੇ ਜਿਹੜੇ ਪੰਡਤ ਕਹਿੰਦੇ ਸਨ ਕਿ ਅਸੀ ਦੇਵੀ ਪ੍ਰਗਟ ਕਰ ਸਕਦੇ ਹਾਂ, ਉਨ੍ਹਾਂ ਨੂੰ ਇਕ ਚੁਨੌਤੀ ਦਿਤੀ ਕਿ ਦੇਵੀ ਪ੍ਰਗਟ ਕਰ ਕੇ ਵਿਖਾਉ ਜਦਕਿ ਜਾਣੀ-ਜਾਣ ਗੁਰੂ ਜੀ ਨੂੰ ਪਤਾ ਸੀ ਕਿ ਬ੍ਰਾਹਮਣ ਅਪਣੇ ਤੋਰੀ-ਫ਼ੁਲਕੇ ਲਈ ਇਹ ਪਖੰਡ ਕਰਦੇ ਹਨ। ਇਥੋਂ ਤਕ ਕਿ ਪੰਡਤਾਂ ਦੀ ਹਰ ਮੰਗ ਪੂਰੀ ਕੀਤੀ ਗਈ। ਹਵਨ ਦੀ ਸਮੱਗਰੀ ਦਾ ਸਾਮਾਨ ਦਿਤਾ। ਢਾਈ ਸਾਲ ਦੇ ਸਮੇਂ ਵਿਚ ਵੀ ਉਹ ਦੇਵੀ ਪ੍ਰਗਟ ਨਾ ਕਰ ਸਕੇ।
ਸਗੋਂ ਹਰ ਵਾਰ ਨਵੇਂ ਤੋਂ ਨਵਾਂ ਬਹਾਨਾ ਘੜਦੇ ਰਹੇ। ਆਖ਼ਰ ਜਦੋਂ ਉਨ੍ਹਾਂ ਦੇ ਸਾਰੇ ਹੀਲੇ-ਵਸੀਲੇ ਖ਼ਤਮ ਹੋ ਗਏ ਤਾਂ ਗੁਰੂ ਜੀ ਦੇ ਪੁੱਤਰਾਂ ਦੀ ਬਲੀ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਢਾਈ ਸਾਲ ਤਕ ਇਕ ਤੋਂ ਇਕ ਝੂਠ ਬੋਲ ਕੇ ਗੁਰੂ ਜੀ ਤੋਂ ਕਦੀ ਲੱਖਾਂ ਰੁਪਏ ਮੰਗੇ, ਕਦੀ ਥਾਂ ਬਦਲੀ, ਕਦੀ ਹੋਰ ਹਵਨ ਸਮੱਗਰੀ ਮੰਗਦੇ ਰਹੇ। ਜੇ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਦੁਰਗਾ ਦੇ ਪ੍ਰਗਟ ਹੋਣ ਲਈ ਗੁਰੂ ਜੀ ਦੇ ਪੁੱਤਰਾਂ ਦੀ ਬਲੀ ਚਾਹੀਦੀ ਸੀ ਤਾਂ ਏਨਾ ਬਖੇੜਾ ਪਾਉਣ ਦੀ ਕੀ ਲੋੜ ਸੀ? ਇਹ ਮੰਗ ਪਹਿਲਾਂ ਵੀ ਰੱਖੀ ਜਾ ਸਕਦੀ ਸੀ। ਹੁਣ ਗੁਰੂ ਜੀ ਪੰਡਤ ਦੱਤਾ ਨੰਦ ਤੇ ਬਾਕੀ ਪੰਡਤਾਂ ਦੀਆਂ ਚਾਲਾਂ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਸਨ।
ਪੁੱਤਰਾਂ ਦੀ ਬਲੀ ਮੰਗਣ ਉਪਰੰਤ ਗੁਰੂ ਜੀ ਨੇ ਸਾਫ਼-ਸਾਫ਼ ਕਹਿ ਦਿਤਾ ਕਿ ਉਹ ਅਕਾਲ ਪੁਰਖ ਦੇ ਹੁਕਮ ਨਾਲ ਇਥੇ ਮਜ਼ਲੂਮਾਂ, ਅਨਾਥਾਂ ਦੀ ਰਾਖੀ ਲਈ ਆਏ ਹਨ ਤੇ ਉਸ ਅਕਾਲ ਪੁਰਖ ਦੇ ਹੁਕਮਾਂ ਦੇ ਉਲਟ ਨਹੀਂ ਜਾ ਸਕਦੇ। ਮੈਨੂੰ ਅਕਾਲ ਪੁਰਖ ਵਲੋਂ ਅਪਣੇ ਪੁੱਤਰਾਂ ਦੀ ਬਲੀ ਦੇ ਕੇ ਦੇਵੀ ਪ੍ਰਗਟ ਕਰਨ ਦਾ ਹੁਕਮ ਨਹੀਂ ਹੈ, ਇਸ ਲਈ ਇਹ ਕਦੀ ਵੀ ਨਹੀਂ ਹੋਵੇਗਾ। ਗੁਰੂ ਜੀ ਦੇ ਇਸ ਫ਼ੈਸਲੇ ਨਾਲ ਪੰਡਤ ਡਰ ਗਏ ਤੇ ਹੌਲੀ-ਹੌਲੀ ਉਥੋਂ ਖਿਸਕ ਗਏ। ਗੁਰੂ ਜੀ ਨੇ ਸਾਰੀ ਸਮੱਗਰੀ ਚੁੱਕ ਕੇ ਹਵਨ ਵਿਚ ਸੁੱਟ ਦਿਤੀ ਸੀ ਤੇ ਇਕ ਵੱਡਾ ਭਾਂਬੜ ਮੱਚ ਉਠਿਆ ਸੀ।
ਏਨੀ ਕੁ ਗੱਲ ਨੂੰ ਕਵੀਆਂ ਨੇ ਏਨਾ ਵਧਾ ਚੜ੍ਹਾ ਕੇ ਪੇਸ਼ ਕੀਤਾ ਕਿ ਸਿੱਖ ਦਸਮ ਪਾਤਸ਼ਾਹ ਨੂੰ ਦੁਰਗਾ ਦੇ ਪੁਜਾਰੀ ਸਮਝਣ ਲੱਗ ਪਏ। ਇਸ ਲੇਖ ਵਿਚ ਅਸੀ ਗਿਆਨੀ ਦਿੱਤ ਸਿੰਘ ਦੀ ਰਚਨਾ 'ਦੁਰਗਾ ਪ੍ਰਬੋਧ' ਦੇ ਆਧਾਰ ਅਤੇ ਗੁਰਬਾਣੀ ਦੀ ਕਸਵੱਟੀ ਤੇ ਇਸ ਨੂੰ ਪਰਖ ਕੇ ਇਹ ਸਿੱਧ ਕਰਨਾ ਹੈ ਕਿ ਇਹ ਧਾਰਣਾ ਇਕ ਗਪੌੜ ਤੋਂ ਵੱਧ ਕੁੱਝ ਵੀ ਨਹੀਂ। ਇਹ ਸਿਰਫ਼ ਸਿੱਖੀ ਦੇ ਨਾਲ-ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਸਰਬਪੱਖੀ, ਬਹੁਮੁਖੀ ਸ਼ਖਸੀਅਤ ਨੂੰ ਢਾਹ ਲਾਉਣ ਲਈ ਇਕ ਬਹੁਤ ਵੱਡੀ ਸਾਜ਼ਸ਼ ਹੈ।
ਸਾਡਾ ਸੱਭ ਤੋਂ ਪਹਿਲਾ ਤਰਕ ਇਹੀ ਹੈ ਕਿ ਸਿਰਫ਼ ਸਾਡੀ ਹੀ ਨਹੀਂ ਹਰ ਸਿੱਖ ਦੀ ਇਸ ਉਤੇ ਪੱਕੀ ਮੋਹਰ ਲੱਗੀ ਹੋਈ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਜੀ ਦੀ ਦਸਵੀਂ ਜੋਤ ਹਨ। ਉਨ੍ਹਾਂ ਨੂੰ ਨੌਂ ਜੋਤਾਂ ਤੋਂ ਕਿਵੇਂ ਵੱਖ ਕੀਤਾ ਜਾ ਸਕਦਾ ਹੈ? ਗੁਰੂ ਨਾਨਕ ਦੇਵ ਜੀ ਨੇ ਪ੍ਰਚੱਲਤ ਬਿਪਰਵਾਦੀ ਰੀਤਾਂ, ਪਾਖੰਡਾਂ ਦਾ ਡੱਟ ਕੇ ਵਿਰੋਧ ਕੀਤਾ ਅਤੇ ਖ਼ਾਲਸਾ ਨਿਰਮਲ ਪੰਥ ਹੋਂਦ ਵਿਚ ਲਿਆਂਦਾ ਸੀ। ਉਨ੍ਹਾਂ ਤੋਂ ਬਾਅਦ ਸਾਰੀਆਂ ਜੋਤਾਂ ਨੇ ਇਸ ਉਤੇ ਡੱਟ ਕੇ ਪਹਿਰਾ ਦਿਤਾ ਜਿਸ ਦਾ ਸੱਭ ਤੋਂ ਵੱਡਾ ਸਬੂਤ ਸੰਸਾਰ ਦਾ ਇਕੋ-ਇਕ ਵੱਡ-ਅਕਾਰੀ ਤੇ ਸਰਬ ਸਾਂਝਾ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਸ ਵਿਚ ਗੁਰੂਆਂ ਦੀ ਬਾਣੀ ਦੇ ਨਾਲ ਨਾਲ 15 ਭਗਤਾਂ ਦੀ ਬਾਣੀ ਵੀ ਦਰਜ ਹੈ।
ਸੱਭ ਤੋਂ ਪਹਿਲਾਂ ਸ੍ਰੀ ਗੁਰੂ ਅਰਜੁਨ ਦੇਵ ਜੀ ਨੇ ਇਸ ਦੀ ਸੰਪਾਦਨਾ ਕੀਤੀ ਤੇ ਬਾਅਦ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਗੁਰੂ ਜੀ ਦੀ ਬਾਣੀ ਦਰਜ ਕਰ ਕੇ ਇਸ ਨੂੰ ਸੰਪੂਰਨ ਕੀਤਾ ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗਿਆਰਵਾਂ ਗੁਰੂ ਥਾਪ ਕੇ 'ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ' ਦਾ ਹੁਕਮਨਾਮਾ ਜਾਰੀ ਕੀਤਾ। ਇਥੇ ਹੀ ਬਸ ਨਹੀਂ, ਗੁਰੂ ਜੀ ਨੇ ਤਾਂ ਗੁਰੂ ਨਾਨਕ ਦੇਵ ਜੀ ਦੀ ਭਗਤੀ ਨਾਲ ਸ਼ਕਤੀ ਨੂੰ ਇਕਮਿਕ ਕਰ ਕੇ ਭਗਤੀ ਤੇ ਸ਼ਕਤੀ ਦਾ ਇਕ ਨਵੇਕਲਾ ਖ਼ਾਲਸਾ ਪੰਥ ਸਾਜ ਕੇ ਸੱਭ ਨੂੰ ਹੈਰਾਨ ਕਰ ਦਿਤਾ ਸੀ। ਗੁਰੂ ਗ੍ਰੰਥ ਸਾਹਿਬ ਵਿਚਲੀ ਗੁਰੂਆਂ ਤੇ ਭਗਤਾਂ ਦੀ ਬਾਣੀ ਵਿਚੋਂ ਬੇਅੰਤ ਅਜਿਹੇ ਹਵਾਲੇ ਮਿਲਦੇ ਹਨ ਜਿਨ੍ਹਾਂ ਵਿਚ ਦੇਵੀ-ਦੇਵਤਿਆਂ ਦਾ ਵਿਰੋਧ ਕੀਤਾ ਗਿਆ ਹੈ।
ਸਿਰਫ਼ ਇਕ ਅਕਾਲ ਪੁਰਖ ਵਾਹਿਗੁਰੂ ਦੀ ਹਸਤੀ ਨੂੰ ਪ੍ਰਵਾਨ ਕੀਤਾ ਗਿਆ ਹੈ। ਇਸੇ ਤਰ੍ਹਾਂ ਗੁਰੂ ਜੀ ਨੇ ਅਪਣੀ ਬਾਣੀ ਵਿਚ ਵੀ ਇਨ੍ਹਾਂ ਦਾ ਡਟ ਕੇ ਵਿਰੋਧ ਕੀਤਾ ਹੈ। ਫਿਰ ਕਿਸ ਤਰ੍ਹਾਂ ਉਹ ਦੇਵੀ ਦੇ ਪੁਜਾਰੀ ਹੋ ਸਕਦੇ ਹਨ? ਕੁੱਝ ਉਦਾਹਰਣਾਂ ਜੋ ਗੁਰੂ ਗ੍ਰੰਥ ਸਾਹਿਬ ਵਿਚੋਂ ਗਿਆਨੀ ਦਿੱਤ ਸਿੰਘ ਜੀ ਨੇ ਲਈਆਂ ਹਨ ਉਨ੍ਹਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ।
ਗਉੜੀ ਮ. ੧
ਮਾਇਆ ਮੋਹੇ ਸਭ ਦੇਵੀ ਦੇਵਾ।
ਕਾਲ ਨ ਛਾਡੈ ਬਿਨ ਗੁਰ ਕੀ ਸੇਵਾ।।
ਇਸ ਪਵਿੱਤਰ ਸ਼ਬਦ ਦਾ ਭਾਵ ਇਹ ਹੈ ਕਿ ਸਾਰੇ ਦੇਵੀ ਅਤੇ ਦੇਵਤੇ ਗਿਆਨਹੀਣਤਾ ਦੇ ਅਧੀਨ ਬਣਾਏ ਹੋਏ ਹਨ। ਇਸ ਵਾਸਤੇ ਇਨ੍ਹਾਂ ਦੀ ਆਰਾਧਨਾ ਕਰਨ ਵਾਲੇ ਪੁਰਖਾਂ ਨੂੰ ਕਾਲ ਨਹੀਂ ਛੱਡੇਗਾ ਤੇ ਜੋ ਪੁਰਖ ਕਾਲ ਤੋਂ ਬਚਣਾ ਚਾਹੁੰਦਾ ਹੈ ਸੋ ਗੁਰੂ ਅਰਥਾਤ ਮਹਾਨ ਪਰਮਾਤਮਾ ਦੀ ਅਰਾਧਨਾ ਕਰੇ।
ਗਉੜੀ ਮ: ੫
ਭਰਮੇ ਸੁਰ ਨਰ ਦੇਵੀ ਦੇਵਾ।
ਭਰਮੇ ਸਿਧ ਸਾਧਕ ਬਹਮੇਵਾ।।
ਅਰਥਾਤ ਦੇਵਤੇ ਮਨੁੱਖ ਦੇਵੀ ਸਮੇਤ ਸੱਭ ਪਰਮਾਤਮਾ ਤੇ ਭੁੱਲੇ ਹੋਏ ਹਨ। ਇਸੇ ਤਰ੍ਹਾਂ ਜੋ ਅਪਣੇ ਆਪ ਨੂੰ ਸਿੱਧ ਜਾਂ ਸਾਧਕ ਕਹਾਉਂਦੇ ਹਨ ਅਤੇ ਵੇਦਾਂ ਦੇ ਗਿਆਤਾ ਬ੍ਰਹਮਾ ਆਦਿ, ਅਗਿਆਨ ਚੱਕਰ ਵਿਚ ਆਏ ਹੋਏ ਕਈ ਤਰ੍ਹਾਂ ਦੇ ਦੁੱਖ-ਸੁੱਖ ਵਿਚ ਭਰਮਣ ਕਰਦੇ ਹਨ।
ਗੁਰੂ ਗ੍ਰੰਥ ਸਾਹਿਬ ਜੀ ਦੇ ਇਨ੍ਹਾਂ ਸਾਰੇ ਪ੍ਰਮਾਣਾਂ ਤੋਂ ਚੰਗੀ ਤਰ੍ਹਾਂ ਸਿੱਧ ਹੁੰਦਾ ਹੈ ਕਿ ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਦੀ ਉਪਾਸਨਾ ਜਾਂ ਪੂਜਾ ਕਰਨੀ ਗ਼ਲਤ ਹੈ। ਇਸ ਤੋਂ ਅੱਗੇ ਜਦ ਦਸਵੇਂ ਗੁਰੂ ਨੇ ਅੰਤਮ ਸਮੇਂ ਵੀ ਖ਼ਾਲਸਾ ਨੂੰ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜਾਇਆ ਤਾਂ ਇਸੇ ਗੁਰੂ ਨੂੰ ਮੰਨਣ ਦੀ ਇਜਾਜ਼ਤ ਦਿਤੀ। ਫਿਰ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਕਲਗੀਧਰ ਜੀ ਨੇ ਆਪ ਆਦਿ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਨੂੰ ਤੋੜ ਕੇ ਕਿਸੇ ਹੋਰ ਦੀ ਪੂਜਾ ਕੀਤੀ ਹੋਵੇ? ਇਸ ਵਾਸਤੇ ਖ਼ਾਲਸਾ ਲਈ ਗੁਰੂ ਮਹਾਰਾਜ ਉਤੇ ਕਦੇ ਵੀ ਅਜਿਹਾ ਦੋਸ਼ ਲਾਉਣਾ ਠੀਕ ਨਹੀਂ ਹੈ।
ਮੁਨਸ਼ੀ ਗੁਲਾਮ ਮੁਹੱਈਯੁਦੀਨ ਅਪਣੀ ਤਾਰੀਖ ਵਿਚ ਲਿਖਦਾ ਹੈ ਕਿ ਅੰਮ੍ਰਿਤ ਛਕਾਉਣ ਅਤੇ ਪੰਥ ਸਜਾਉਣ ਵੇਲੇ ਕਲਗੀਧਰ ਜੀ ਮਹਾਰਾਜ ਨੇ ਉਸ ਸਮੇਂ ਬੇਸ਼ੁਮਾਰ ਆਦਮੀਆਂ ਵਿਚ ਇਸ ਤਰ੍ਹਾਂ ਬੜੇ ਜ਼ੋਰ ਨਾਲ ਹੁਕਮ ਸੁਣਾਇਆ ਸੀ ਜਿਸ ਵਿਚ ਚੰਗੀ ਤਰ੍ਹਾਂ ਪ੍ਰਗਟ ਕਰ ਦਿਤਾ ਸੀ ਕਿ 'ਤੁਸੀ ਹਿੰਦੂ ਧਰਮ ਨੂੰ ਉਸ ਦੇ ਵੇਦ ਸ਼ਾਸਤਰਾਂ ਸਮੇਤ ਇਕੋ ਵਾਰ ਛੱਡ ਦਵੋ ਅਤੇ ਚਾਰੇ ਜਾਤਾਂ ਦਾ ਰਸਤਾ ਛੱਡ ਕੇ ਇਕੋ ਜਹੇ ਭਰਾ ਬਣ ਕੇ, ਇਕ ਥਾਲ ਵਿਚ ਭੋਜਨ ਛਕੋ। ਇਸ ਤਰ੍ਹਾਂ ਰਾਮ, ਕ੍ਰਿਸ਼ਨ ਅਤੇ ਦੇਵੀ ਆਦਿ ਨੂੰ ਮੰਨਣਾ ਛੱਡ ਕੇ ਸਿਰਫ਼ ਗੁਰੂਆਂ ਉਤੇ ਭਰੋਸਾ ਰੱਖੋ।'
ਇਸ ਲਈ ਸਾਫ਼ ਪਾਇਆ ਜਾਂਦਾ ਹੈ ਕਿ ਜੇ ਦਸਮ ਪਾਤਸ਼ਾਹ ਦੇਵੀ ਦਾ ਪੂਜਨ ਕਰਦੇ ਅਤੇ ਉਸ ਤੋਂ ਵਰ ਮੰਗਦੇ ਤਾਂ ਜ਼ਰੂਰੀ ਸੀ ਕਿ ਉਹ ਆਖਦੇ ਕਿ ਤੁਸੀ ਦੇਵੀ ਦਾ ਪੂਜਨ ਕਰਨਾ ਹੈ ਪਰ ਦੂਜੇ ਮਜ਼ਹਬ ਵਾਲੇ ਵਲੋਂ ਲਿਖਿਆ ਇਤਿਹਾਸ ਇਸ ਗੱਲ ਦੀ ਬਿਨਾਂ ਕਿਸੇ ਪੱਖਪਾਤ ਤੋਂ ਗਵਾਹੀ ਦਿੰਦਾ ਹੈ ਕਿ ਗੁਰੂ ਜੀ ਨੇ ਸਿੱਖਾਂ ਨੂੰ ਦੇਵੀ ਦੇ ਪੂਜਨ ਤੋਂ ਹਟਾਇਆ ਸੀ।
ਇਸ ਉਪਰੰਤ ਦੁਰਗਾ ਪ੍ਰਬੋਧ ਵਿਚ ਇਹ ਵੀ ਪ੍ਰਗਟਾਵਾ ਵਿਸਥਾਰ ਨਾਲ ਕੀਤਾ ਗਿਆ ਹੈ ਕਿ ਭਾਰਤ ਵਿਚ ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਮਰਹੱਟੇ ਤੇ ਰਾਜਪੂਤ ਦੱਖਣ ਵਲ ਰਾਜ ਕਰਦੇ ਸਨ ਤੇ ਰਾਜਪੂਤ ਉਤਰੀ-ਪੂਰਬੀ ਪਹਾੜਾਂ ਤਕ ਰਾਜ ਕਰਦੇ ਸਨ। ਮਰਹੱਟੇ ਬਹੁਤ ਹੀ ਬਹਾਦਰ ਸਨ ਜੋ ਕਿ ਰਾਜਪੂਤਾਂ ਉਤੇ ਹਮੇਸ਼ਾ ਹਮਲੇ ਕਰਦੇ ਰਹਿੰਦੇ ਸਨ ਜਿਸ ਕਰ ਕੇ ਰਾਜਪੂਤ ਰਾਜੇ ਉੱਤਰੀ ਪਹਾੜਾਂ ਵਿਚ ਆ ਵਸੇ। ਮਰਹੱਟੇ ਫਿਰ ਵੀ ਉਨ੍ਹਾਂ ਦੀਆਂ ਖ਼ੂਬਸੂਰਤ ਨੌਜਵਾਨ ਕੁੜੀਆਂ ਨੂੰ ਜ਼ਬਰਦਸਤੀ ਚੁੱਕਣ ਦੀ ਕੋਸ਼ਿਸ਼ ਕਰਦੇ ਸਨ।
ਪਰ ਕੁੜੀਆਂ ਨੇ ਮਰਹੱਟਿਆਂ ਨੂੰ ਚੁਨੌਤੀ ਦਿਤੀ ਸੀ ਕਿ ਜੇ ਤੁਸੀ ਲੜਾਈ ਕਰ ਕੇ ਸਾਨੂੰ ਜਿੱਤ ਸਕਦੇ ਹੋ ਤਾਂ ਅਸੀ ਤੁਹਾਡੇ ਨਾਲ ਵਿਆਹ ਕਰ ਸਕਦੀਆਂ ਹਾਂ। ਇਸ ਤਰ੍ਹਾਂ ਉਹ ਰਾਜਪੂਤ ਕੁੜੀਆਂ ਬਹਾਦਰੀ ਨਾਲ ਲੜਦੀਆਂ ਤੇ ਮਰਹੱਟਿਆਂ ਨੂੰ ਮਾਤ ਦੇ ਦਿੰਦੀਆਂ ਸਨ ਕਿਉਂਕਿ ਮਰਹੱਟੇ ਪਹਾੜੀ ਇਲਾਕਿਆਂ ਤੋਂ ਪੂਰੀ ਤਰ੍ਹਾਂ ਵਾਕਫ਼ ਨਹੀਂ ਹੁੰਦੇ ਸਨ। ਸੋ ਕੁੜੀਆਂ ਦੇ ਮਾਤਾ-ਪਿਤਾ ਆਦਿ ਉਨ੍ਹਾਂ ਦੀ ਤਾਰੀਫ਼ ਦੇਵੀ-ਦੇਵੀ ਕਹਿ ਕੇ ਕਰਦੇ ਸਨ। ਜੋ ਜੰਗ ਵਿਚ ਸ਼ਹੀਦ ਹੋ ਜਾਂਦੀਆਂ, ਉਨਾਂ ਦੀ ਯਾਦ ਬਣਾ ਦਿਤੀ ਜਾਂਦੀ ਸੀ ਤੇ ਹੌਲੀ-ਹੌਲੀ ਉਨ੍ਹਾਂ ਦੀ ਦੇਵੀ ਵਜੋਂ ਪੂਜਾ ਸ਼ੁਰੂ ਹੋ ਗਈ।
ਇਹ ਵੀ ਪ੍ਰਗਟਾਵਾ ਕੀਤਾ ਗਿਆ ਹੈ ਕਿ ਪਹਾੜਾਂ ਵਾਲੀਆਂ ਦੇਵੀਆਂ ਸੁੰਦਰ ਹਨ ਪਰ ਕਲਕੱਤੇ ਵਾਲੇ ਪਾਸੇ ਮੌਸਮ ਮੁਤਾਬਕ ਕਾਲੇ ਰੰਗ ਦੀਆਂ ਹਨ। ਇਸ ਤਰ੍ਹਾਂ ਗਿਆਨੀ ਜੀ ਨੇ ਦਸਿਆ ਕਿ ਗੁਰੂ ਜੀ ਨੇ ਬ੍ਰਾਹਮਣਾਂ ਦੇ ਪਾਖੰਡਾਂ ਦੇ ਭਰਮ ਜਾਲ ਤੋੜਨ ਲਈ ਉਨ੍ਹਾਂ ਨੂੰ ਅਪਣੀ ਕਸਵੱਟੀ ਉਤੇ ਪਰਖਿਆ ਜਿਵੇਂ ਕਿ ਉਹ ਦਸਦੇ ਹਨ
ਦੋਹਿਰਾ
ਨਾ ਦੇਵੀ ਨਾ ਦੇਵਤਾ ਨਾ ਬ੍ਰਾਹਮਣ ਨ ਯੱਗ।।
ਦੇਖ ਗੁਰੂ ਦੇ ਤੇਜ ਕੋ ਸਭ ਹੋ ਗਏ ਅਲੱਗ।।
ਭਾਵ ਇਸ ਸਾਰੇ ਪ੍ਰਸੰਗ ਤੋਂ ਇਹ ਸਿੱਧ ਹੁੰਦਾ ਹੈ ਕਿ ਗੁਰੂ ਜੀ ਮਹਾਰਾਜ ਨੂੰ ਜੋ ਕੁੱਝ ਕਰਨਾ ਪਿਆ ਉਹ ਬ੍ਰਾਹਮਣਾਂ ਦੇ ਪਖੰਡ ਦੇ ਜਾਲ ਨੂੰ ਤੋੜਨ ਲਈ ਕਰਨਾ ਪਿਆ। ਸੋ 'ਦੁਰਗਾ ਪ੍ਰਬੋਧ' ਰਾਹੀਂ ਗਿਆਨੀ ਦਿੱਤ ਸਿੰਘ ਜੀ ਨੇ ਇਹ ਸਿੱਧ ਕਰ ਕੇ ਦਸ ਦਿਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੁਰਗਾ ਦੇ ਪੁਜਾਰੀ ਨਹੀਂ ਸਨ। ਅਜੋਕੇ ਸਿੱਖਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਵਰਗੀ ਮਹਾਨ ਸ਼ਖਸੀਅਤ ਜੋ ਰੱਬੀ ਅਵਤਾਰ ਸੀ, ਕੇਵਲ ਤੇ ਕੇਵਲ ਇਕ ਅਕਾਲ ਪੁਰਖ ਦੀ ਅਰਾਧਨਾ ਕਰਦੇ ਸਨ, ਦੇਵੀ ਦੇ ਪੁਜਾਰੀ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ।