ਕਈ ਬਿਮਾਰੀਆਂ ਦਾ ਰਾਮਬਾਣ ਹੈ ਊਠਣੀ ਦਾ ਦੁੱਧ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਰੇਗਿਸਤਾਨ ਦੇ ਜਹਾਜ਼ ਦੇ ਵਜੋਂ ਮਸ਼ਹੂਰ ਪਸ਼ੂ ਨੇ ਆਵਾਜਾਈ ਅਤੇ ਮਾਲ ਢੋਆ-ਢੁਆਈ ਵਾਲੇ ਖੇਤਰ ਵਿਚ ਅਪਣੀ ਵਿਲੱਖਣ ਪਛਾਣ ਬਣਾਈ ਹੈ। ਅਪਣੀ ਅਨੂਠੀ ਜੈਵ ਸ੍ਰੀਰਕ...

Camel' Milk

ਰੇਗਿਸਤਾਨ ਦੇ ਜਹਾਜ਼ ਦੇ ਵਜੋਂ ਮਸ਼ਹੂਰ ਪਸ਼ੂ ਨੇ ਆਵਾਜਾਈ ਅਤੇ ਮਾਲ ਢੋਆ-ਢੁਆਈ ਵਾਲੇ ਖੇਤਰ ਵਿਚ ਅਪਣੀ ਵਿਲੱਖਣ ਪਛਾਣ ਬਣਾਈ ਹੈ। ਅਪਣੀ ਅਨੂਠੀ ਜੈਵ ਸ੍ਰੀਰਕ ਵਿਸ਼ੇਸ਼ਤਾ ਕਾਰਨ ਰੇਤਲੇ ਇਲਾਕੇ ਵਿਚਲੀਆਂ ਔਕੜਾਂ ਅਤੇ ਉੱਚੇ ਟਿੱਬਿਆਂ ਉਤੇ ਲੰਮੀ ਦੂਰੀ ਤੈਅ ਕਰ ਲੈਂਦਾ ਹੈ। ਇਹ ਜ਼ਿਆਦਾ ਸਮਾਂ ਪਾਣੀ ਤੇ ਭੋਜਨ ਤੋਂ ਬਗੈਰ ਅਪਣੀ ਮੰਜ਼ਿਲ ਵਲ ਵਧਦਾ ਰਹਿੰਦਾ ਹੈ। ਇਸ ਤਰ੍ਹਾਂ ਊਠਾਂ ਨੇ ਪ੍ਰਾਚੀਨ ਕਾਲ ਤੋਂ ਹੀ ਕਾਨੂੰਨ ਅਤੇ ਵਿਵਸਥਾ ਸੁਰੱਖਿਆ ਅਤੇ ਯੁੱਧ ਦੇ ਖੇਤਰ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਊਠਾਂ ਨੇ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿਚ ਵੀ ਭਾਗ ਲਿਆ। ਰਾਜਸਥਾਨ ਵਿਚ ਇੰਦਰਾ ਗਾਂਧੀ ਨਹਿਰ ਦਾ ਨਿਰਮਾਣ ਹੋਇਆ ਸੀ ਤਾਂ ਊਠਾਂ ਨੇ ਇੰਜੀਨੀਅਰ ਦੀ ਬਹੁਤ ਮਦਦ ਕੀਤੀ। ਅਜਕਲ ਪੈਰਾਮਿਲਟਰੀ ਫੋਰਸ ਬੀ.ਐਸ.ਐਫ ਦਾ ਮਹੱਤਵਪੂਰਨ ਭਾਗ ਕੈਮਲਕੋਰ ਹੈ। ਇਸ ਤੋਂ ਇਲਾਵਾ ਸਮਾਜਿਕ ਵਿਕਾਸ ਵਿਚ ਵੀ ਊਠਾਂ ਦਾ ਮਹੱਤਵਪੂਰਨ ਸਥਾਨ ਰਿਹਾ ਹੈ। ਇਸ ਤਰ੍ਹਾਂ ਕੇਂਦਰ ਸਰਕਾਰ ਦੁਆਰਾ ਆਈਸੀਏ ਤਹਿਤ 20 ਸਤੰਬਰ 1995 ਵਿਚ ਬੀਕਾਨੇਰ (ਰਾਜਸਥਾਨ) ਵਿਖੇ ਨੈਸ਼ਨਲ ਰਿਸਰਚ ਸੈਂਟਰ ਆਫ਼ ਕੈਮਲ ਦੀ ਸਥਾਪਨਾ ਕੀਤੀ ਗਈ। 

ਊਠ ਦੀ ਔਸਤ ਉਮਰ 35 ਤੋਂ 40 ਸਾਲ ਹੁੰਦੀ ਹੈ। ਇਸ ਤੋਂ ਇਲਾਵਾ ਪੂਰੀ ਤਰ੍ਹਾਂ ਵਿਕਸਿਤ ਖੜੇ ਬਾਲਗ ਊਠ ਦੀ ਉਚਾਈ ਮੋਢੇ ਤਕ 1.86 ਮੀਟਰ ਅਤੇ ਢੁੱਠ ਤਕ 2.15 ਮੀਟਰ ਹੁੰਦੀ ਹੈ। ਢੁੱਠ ਸ੍ਰੀਰ ਤੋਂ ਲਗਭਗ 30 ਇੰਚ ਉੱਪਰ ਤਕ ਵਧਦਾ ਹੈ। ਕਿਹਾ ਜਾਂਦਾ ਹੈ ਕਿ ਆਧੁਨਿਕ ਊਠਾਂ ਦੇ ਪੂਰਵਜਾਂ ਦਾ ਵਿਕਾਸ ਉੱਤਰੀ ਅਮਰੀਕਾ ਵਿਚ ਹੋਇਆ ਹੈ ਜੋ ਬਾਅਦ ਵਿਚ ਏਸ਼ੀਆ ਵਿਚ ਫੈਲ ਗਏ।

ਲਗਭਗ 2 ਹਜ਼ਾਰ ਸਾਲ ਪਹਿਲਾਂ ਮਨੁੱਖਾਂ ਨੇ ਊਠਾਂ ਨੂੰ ਪਾਲਤੂ ਬਣਾਇਆ। ਇਕ ਢੁੱਠ ਤੇ ਦੋ ਢੁੱਠਾਂ ਵਾਲੇ ਊਠਾਂ ਦੀ ਵਰਤੋਂ ਅੱਜ ਵੀ ਦੁੱਧ, ਮਾਸ ਅਤੇ ਬੋਝ ਢੋਣ ਅਤੇ ਵਹਾਈ ਲਈ ਕੀਤੀ ਜਾਂਦੀ ਹੈ। ਨੈਸ਼ਨਲ ਕੈਮਲ ਰਿਸਰਚ ਕੇਂਦਰ 'ਰਾਜਸਥਾਨ' ਬੀਕਾਨੇਰ ਵਲੋਂ ਊਠਾਂ ਉਤੇ ਖੋਜ ਕੀਤੀ ਜਾਂਦੀ ਹੈ। ਊਠਾਂ ਬਾਰੇ ਕੌਮੀ ਖੋਜ ਕੇਂਦਰ ਦੇ ਡਾਇਰੈਕਟਰ ਡਾ. ਐਨ. ਬੀ ਪਾਟਿਲ ਨੇ ਸ੍ਰੀ ਮੁਕਤਸਰ ਸਾਹਿਬ ਮਾਘੀ ਦੇ ਮੇਲੇ ਵਿਚ ਊਠਣੀ ਦੇ ਦੁੱਧ ਦੀ ਕੁਲਫ਼ੀ ਤੇ ਮਠਿਆਈ ਦਾ ਸਟਾਲ ਲਗਾਇਆ ਸੀ।

ਉਸ ਵਕਤ ਉਨ੍ਹਾਂ ਦਸਿਆ ਸੀ ਕਿ ਊਠਣੀ ਦਾ ਦੁੱਧ ਮੰਦਬੁੱਧੀ ਬੱਚਿਆਂ ਤੇ ਹੋਰ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਸਹਾਈ ਸਿੱਧ ਹੋ ਰਿਹਾ ਹੈ। ਡਾ. ਪਾਟਿਲ ਨੇ ਦਸਿਆ ਕਿ ਮਾਨਸਕ ਅਪਾਹਜਤਾ, ਕੈਂਸਰ, ਡੇਂਗੂ, ਏਡਜ਼, ਸ਼ੂਗਰ, ਟਾਈਫ਼ਾਈਡ, ਐਲਰਜੀ ਅਤੇ ਚਿੜਚਿੜੇਪਣ ਵਰਗੀਆਂ ਬਿਮਾਰੀਆਂ ਦੇ ਇਲਾਜ ਲਈ ਊਠਣੀ ਦਾ ਦੁੱਧ (ਕੈਮਲ ਮਿਲਕ) ਬੇਹੱਦ ਲਾਹੇਵੰਦ ਦਸਿਆ ਜਾਂਦਾ ਹੈ। ਸਵਿਟਜ਼ਰਲੈਂਡ, ਇਜ਼ਰਾਈਲ, ਰਸ਼ੀਆ ਤੇ ਲੰਡਨ ਦੇਸ਼ਾਂ ਦੇ ਸਿਹਤ ਵਿਗਿਆਨੀਆਂ ਨੇ ਖੋਜ ਰਾਹੀਂ ਸਿੱਟਾਂ ਕਢਿਆ ਸੀ ਕਿ ਊਠਣੀ ਦੇ ਦੁੱਧ ਨਾਲ ਮਾਨਸਕ ਅਪਾਹਜਤਾ ਸਮੇਤ ਅਨੇਕਾਂ ਬਿਮਾਰੀਆਂ ਠੀਕ ਹੋ ਰਹੀਆਂ ਹਨ।

ਊਠਣੀ ਦੇ ਦੁੱਧ ਵਿਚ ਵਿਟਾਮਿਨ-ਬੀ, ਸੀ, ਕੈਲਸ਼ੀਅਮ ਅਤੇ ਲੋਹਾ ਵੱਡੀ ਮਾਤਰਾ ਵਿਚ ਮੌਜੂਦ ਹੁੰਦਾ ਹੈ। ਡਾ. ਪਾਟਿਲ ਨੇ ਦਸਿਆ ਕਿ ਪਾਣੀ ਤੋਂ ਵਾਝਿਆਂ ਰੱਖਣ ਉਪ੍ਰੰਤ ਵੀ ਊਠਣੀ ਦਾ ਪ੍ਰਤੀਕਰਮ ਬੜਾ ਅਜੀਬ ਹੁੰਦਾ ਹੈ। ਦੁੱਧ ਵਿਚ ਪਾਣੀ ਦੀ ਮਾਤਰਾ 84 ਫ਼ੀ ਸਦੀ ਤੋਂ ਵੱਧ ਕੇ 91 ਫ਼ੀ ਸਦੀ ਹੋ ਜਾਂਦੀ ਹੈ ਤੇ ਚਰਬੀ 4 ਫ਼ੀ ਸਦੀ ਤੋਂ ਘਟ ਕੇ 1 ਫ਼ੀ ਸਦੀ ਰਹਿ ਜਾਂਦੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਕੁਦਰਤ ਮਾਂ ਇਸ ਤਰ੍ਹਾਂ ਦੇ ਪ੍ਰਬੰਧ ਰਾਹੀਂ ਊਠਣੀ ਅਤੇ ਉਸ ਦੇ ਚੁੰਘ ਰਹੇ ਬੱਚੇ ਨੂੰ ਕੁੱਝ ਹੋਰ ਸਮੇਂ ਲਈ ਸੰਕਟ ਦਾ ਮੁਕਾਬਲਾ ਕਰਨ ਦੀ ਸਮਰੱਥਾ ਬਖ਼ਸ਼ਦੀ ਹੈ।

ਇਕ ਚੰਗੀ ਪਲੀ ਹੋਈ ਤੰਦਰੁਸਤ ਊਠਣੀ, ਭਲੇ ਦਿਨਾਂ ਦੌਰਾਨ, ਪ੍ਰਤੀ ਦਿਨ 20 ਲਿਟਰ ਦੁੱਧ ਦੇ ਸਕਦੀ ਹੈ। ਜੀਵਨ ਤਜਰਬਾ ਦਸਦਾ ਹੈ ਕਿ ਇਕ ਦੁੱਧ ਦੇ ਰਹੀ ਊਠਣੀ, ਕਾਲ ਪੈ ਜਾਣ ਦੀ ਸੂਰਤ ਵਿਚ 20 ਮਨੁੱਖੀ ਬੱਚਿਆਂ ਦਾ ਜੀਵਨ ਬਚਾਅ ਸਕਦੀ ਹੈ। ਗੱਲ ਕੀ ਮਾਰੂਥਲ ਵਿਚ ਕਾਲ ਪੈ ਜਾਣ ਉਤੇ ਊਠਣੀ ਦੇ ਦੁੱਧ ਦੀ ਇਨਸਾਨੀ ਖ਼ੁਰਾਕ ਵਜੋਂ ਮਹੱਤਤਾ ਬਹੁਤ ਵੱਧ ਜਾਂਦੀ ਹੈ। ਊਠਣੀ (ਰਾਜਸਥਾਨੀ)  ਬੀਕਨੇਰ ਵਿਚ ਦੁੱਧ ਦੀ ਕੀਮਤ 90 ਤੋਂ 100 ਰੁਪਏ ਪ੍ਰਤੀ ਕਿੱਲੋ ਹੈ। 

ਪੇਂਡੂ ਜੀਵਨ ਦੇ ਵੱਖ-ਵੱਖ ਘਰੇਲੂ ਅਤੇ ਖੇਤੀਬਾੜੀ ਵਾਲੇ ਕਾਰਜਾਂ ਵਿਚ ਊਠਾਂ ਦੀ ਗਿਣਤੀ ਦਿਨੋ-ਦਿਨ ਘਟਦੀ ਜਾਂਦੀ ਹੈ। ਪੰਜਾਬ ਦੇ ਹਰਿਆਣਾ ਅਤੇ ਰਾਜਸਥਾਨ ਨਾਲ ਲਗਦੇ ਇਲਾਕਿਆਂ ਵਿਚ ਹੁਣ ਊਠਾਂ ਦੀ ਗਿਣਤੀ ਬਹੁਤ ਘੱਟ ਗਈ ਹੈ। ਇਸ ਤੋਂ ਇਲਾਵਾ ਰਾਜਸਥਾਨ ਵਿਚ ਪੁਸ਼ਕਰ ਵਿਖੇ ਲਗਦੇ ਮੇਲੇ ਵਿਚ ਊਠਾਂ ਨੂੰ ਬੜੀਆਂ ਰੀਝਾਂ ਨਾਲ, ਸ਼ਿੰਗਾਰਿਆ ਜਾਂਦਾ ਹੈ।

ਹਰ ਸਾਲ ਜਨਵਰੀ ਵਿਚ (ਰਾਜਸਥਾਨ) ਬੀਕਾਨੇਰ ਜ਼ਿਲ੍ਹੇ ਵਿਚ ਊਠਾਂ ਦਾ ਮੇਲਾ ਲਗਦਾ ਹੈ ਪਰ ਸਮੇਂ ਦੀ ਬਦਲੀ ਤੋਰ ਦੇ ਨਾਲ-ਨਾਲ ਸੱਭ ਕੁੱਝ ਬਦਲ ਰਿਹਾ ਹੈ। ਪਿੰਡਾਂ ਵਿਚ ਜੇਕਰ ਊਠ ਮੁਹਈਆ ਕਰਵਾਏ ਜਾਣ ਤਾਂ ਇਸ ਨਾਲ ਛੋਟੀ ਕਿਸਾਨੀ ਅਤੇ ਹੋਰ ਘਰੇਲੂ ਕਾਰਜਾਂ ਵਿਚ ਆਤਮ ਨਿਰਭਰਤਾ ਵਿਚ ਮਦਦ ਮਿਲੇਗੀ। 
ਸੰਪਰਕ : 94639-23516