ਸ਼੍ਰੋਮਣੀ ਕਮੇਟੀ ਦੇ ਨਿਧੜਕ ਤੇ ਸਿਦਕੀ ਪ੍ਰਧਾਨ ਨੂੰ ਯਾਦ ਕਰਦਿਆਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਅਜੋਕੇ ਸਿੱਖ ਸਿਆਸਤਦਾਨਾਂ ਅਤੇ ਕਈ ਕਥਿਤ ਅਕਾਲੀ ਦਲਾਂ ਨੂੰ ਲੱਖ-ਲੱਖ ਲਾਹਨਤਾਂ ਪਾਉਣ ਨੂੰ ਮਨ ਕਰਦੈ..........

Baba Kharak Singh Ji

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਅਜੋਕੇ ਸਿੱਖ ਸਿਆਸਤਦਾਨਾਂ ਅਤੇ ਕਈ ਕਥਿਤ ਅਕਾਲੀ ਦਲਾਂ ਨੂੰ ਲੱਖ-ਲੱਖ ਲਾਹਨਤਾਂ ਪਾਉਣ ਨੂੰ ਮਨ ਕਰਦੈ ਜਿਨ੍ਹਾਂ ਨੇ ਸਿੱਖਾਂ ਦੇ ਲੋਹ ਪੁਰਸ਼, ਪਰਬਤੀ ਜੇਰੇ ਵਾਲੇ ਨਿਧੜਕ ਆਗੂ, ਸਿਰੜੀ ਯੋਧੇ ਅਤੇ ਸਿਦਕਵਾਨ ਗੁਰਸਿੱਖ ਦੇ 150 ਸਾਲਾ ਜਨਮ ਦਿਹਾੜੇ ਮੌਕੇ ਵੀ ਘੇਸਲ ਵੱਟੀ ਰਖੀ। 'ਬਾਬਾਣੀਆਂ ਕਹਾਣੀਆਂ ਪੁਤਿ ਸਪੁਤਿ ਕਰੇਨਿ' ਦੇ ਮਹਾਂਵਾਕ ਅਨੁਸਾਰ ਵਡੇਰਿਆਂ ਦੇ ਕ੍ਰਿਸ਼ਮਈ ਕਾਰਨਾਮੇ, ਪ੍ਰੇਰਣਾਦਾਇਣ ਯਤਨ, ਬੇਸ਼ਕੀਮਤੀ ਯੋਗਦਾਨ, ਅਸਾਧਾਰਨ ਆਪਾ ਤੇ ਲਾਜਵਾਬ ਸ਼ਖ਼ਸੀਅਤ ਨਵੀਆਂ ਪੀੜ੍ਹੀਆਂ ਉਤੇ ਬਿਨਾਂ ਸ਼ੱਕ ਬਹੁਤ ਅਸਰ ਪਾਉਂਦੀ ਹੈ ਪ੍ਰੰਤੂ ਜੇਕਰ ਸਾਡੇ ਚੌਧਰੀ ਖ਼ੁਦ ਹੀ ਇਤਿਹਾਸ ਤੋਂ ਕੋਈ

ਸਬਕ  ਨਾ ਲੈਣ ਵਾਲੇ ਹੋਣ ਤਾਂ 'ਲਮਹੋਂ ਕੀ ਖ਼ਤਾ ਸਦੀਉ ਕੀ ਸਜ਼ਾ' ਬਣ ਜਾਂਦੀ ਹੈ। ਸਾਡੇ ਵਿਰਸੇ, ਗ਼ੌਰਵਮਈ ਸਭਿਆਚਾਰ ਤੇ ਬੇਜੋੜ ਇਤਿਹਾਸਕ ਗਾਥਾਵਾਂ ਬੇਗਾਨੇ ਤੇ ਦੁਸ਼ਮਣ ਤਾਂ ਸਮਝਦੇ ਹਨ ਪ੍ਰੰਤੂ ਜਿਨ੍ਹਾਂ ਨੂੰ ਕੁਰਸੀਆਂ ਹੀ ਉਨ੍ਹਾਂ ਮਰਜੀਵੜਿਆਂ ਦੀ ਘਾਲਣਾ ਦੀ ਬਦੌਲਤ ਮਿਲੀਆਂ ਹਨ, ਉਹ ਇਸ ਕਦਰ ਅਹਿਸਾਨ-ਫਰਾਮੋਸ਼ ਹੋ ਨਿਕਲਣ ਤਾਂ ਡਾਹਢੀ ਚੀਸ ਉਠਦੀ ਹੈ ਅੰਦਰੋਂ, ਇਸ ਘਿਣਾਉਣੀ ਕਰਤੂਤ ਬਾਰੇ ਸੋਚ ਕੇ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਗਠਨ ਲਈ ਇਤਿਹਾਸਕ ਭੂਮਿਕਾ ਨਿਭਾਉਣ ਵਾਲਾ ਤੇ ਇਸ ਦਾ ਪਹਿਲਾ ਪ੍ਰਧਾਨ ਬਣਨ ਵਾਲਾ ਸ਼ਖ਼ਸ ਕਿੰਨਾ ਪ੍ਰਭਾਵਸ਼ਾਲੀ ਤੇ ਉÎੱਚ ਮੁਰਾਤਬਾ ਰਖਦਾ ਸੀ ਕਿ ਉਸੇ ਵਕਤ ਉਨ੍ਹਾਂ ਨੂੰ ਪੰਜਾਬ ਪ੍ਰਾਂਤ

ਕਾਂਗਰਸ ਦਾ ਵੀ ਮੁਖੀ ਚੁਣ ਲਿਆ ਗਿਆ ਸੀ ਜਿਨ੍ਹਾਂ ਨੇ ਗਾਂਧੀ ਟੋਪੀ ਜਬਰੀ ਉਤਰਵਾਉਣ ਦੇ ਰੋਸ ਵਜੋਂ ਸਾਲਾਂ ਤਕ ਸਾਰੇ ਸ੍ਰੀਰ ਦੇ ਕਪੜਿਆਂ (ਕਛਹਿਰੇ ਤੋਂ ਬਿਨਾਂ) ਦਾ ਹੀ ਤਿਆਗ ਕਰੀ ਰਖਿਆ। ਮਾਂ-ਮਿੱਟੀ ਤੇ ਦੇਸ਼ ਲਈ ਮਰ ਮਿਟਣ ਦਾ ਜਨੂੰਨ ਉਨ੍ਹਾਂ ਨੂੰ ਸਦਾ ਤੜਪਾਉਂਦਾ ਰਿਹਾ। ਅਜਿਹੇ ਕਰਮਸ਼ੀਲ, ਸੰਘਰਸ਼ਸੀਲ, ਉÎੱਦਮੀ, ਸਾਹਸੀ ਦੇਸ਼ ਭਗਤ ਦਾ ਨਾਂ ਸੀ ਬਾਬਾ ਖੜਕ ਸਿੰਘ। ਰੱਜੇ ਪੁੱਜੇ, ਖਾਂਦੇ ਪੀਂਦੇ ਤੇ ਜਾਗਰੂਕ ਖ਼ਾਨਦਾਨ ਦਾ ਚਿਰਾਗ ਜਿਸ ਨੇ ਨਵੀਂ ਬਣੀ ਪੰਜਾਬ ਯੂਨੀਵਰਸਟੀ (ਸਾਂਝੇ ਪੰਜਾਬ ਦੀ) ਤੋਂ ਗ੍ਰੈਜੂਏਸ਼ਨ ਪੂਰੀ ਕੀਤੀ। ਅੱਜ ਦਸਤਾਰ ਦਾ ਮੁੱਦਾ ਦੇਸ਼ ਕੀ, ਵਿਦੇਸ਼ਾਂ ਵਿਚ ਵੀ ਕਈ ਗ਼ਲਤ ਫ਼ਹਿਮੀਆਂ ਦਾ ਸ਼ਿਕਾਰ ਬਣ ਚੁੱਕਾ ਹੈ ਪ੍ਰੰਤੂ ਜੇਲ੍ਹ ਅੰਦਰ

ਗਾਂਧੀ ਟੋਪੀ ਤੇ ਕਾਲੀ ਦਸਤਾਰ ਉਤੇ ਪਾਬੰਦੀ ਦੇ ਰੋਸ ਵਜੋਂ ਬਾਬਾ ਜੀ ਨੇ ਕਛਹਿਰੇ ਤੋਂ ਬਿਨਾਂ ਹੋਰ ਸਾਰੇ ਕਪੜੇ ਹੀ ਤਿਆਗ ਦਿਤੇ ਭਾਵੇਂ ਪਿੱਛੋਂ ਜਾ ਕੇ ਪੱਗ ਦੀ ਪਾਬੰਦੀ ਹਟਾ ਲਈ ਗਈ ਸੀ ਪਰੰਤੂ ਗਾਂਧੀ ਟੋਪੀ ਉਤੇ ਬੈਨ ਚੁੱਕਣ ਨੂੰ ਲੈ ਕੇ ਬਾਬਾ ਜੀ ਪੂਰਾ ਸਮਾਂ ਅੜੇ ਰਹੇ ਤੇ ਅੱਜ ਉਸੇ ਗਾਂਧੀ ਟੋਪੀ ਦੇ ਪੁਜਾਰੀ ਸਿੱਖਾਂ ਨਾਲ ਰੱਜ-ਰੱਜ ਕੇ ਧ੍ਰੋਹ ਕਮਾ ਰਹੇ ਹਨ, ਸਿੱਖਾਂ ਨੂੰ ਨੇਸਤੋ ਨਾਬੂਦ ਕਰ ਰਹੇ ਹਨ ਤੇ ਸਿੱਖੀ ਨੂੰ ਰੱਜ ਕੇ ਨੁਕਸਾਨ ਪਹੁੰਚਾਉਣ ਦੀ ਤਾਕ ਵਿਚ ਹਨ। ਮਹਾਤਮਾ ਗਾਂਧੀ ਤੋਂ ਵੀ ਸਵਾ ਕੁ ਸਾਲ ਪਹਿਲਾਂ ਜੂਨ 1868 ਵਿਚ ਇਸ ਸੰਸਾਰ ਵਿਚ ਆਏ ਬਾਲ ਖੜਕ ਸਿੰਘ ਸ਼ੁਰੂ ਤੋਂ ਹੀ ਅਸਾਧਾਰਣ ਬਿਰਤੀ ਦੇ ਮਾਲਕ ਸਨ। ਗ੍ਰੇਜੂਏਸ਼ਨ ਪਿਛੋਂ ਇਲਾਹਾਬਾਦ ਦੇ ਲਾਅ

ਕਾਲਜ ਨੂੰ ਛੇਤੀ ਹੀ ਅਲਵਿਦਾ ਕਹਿਣ ਦਾ ਫੌਰੀ ਕਾਰਨ ਪਿਤਾ ਤੇ ਭਰਾ ਦੀ ਅਚਨਚੇਤੀ ਮੌਤ ਸੀ। ਨਿਸ਼ਚੇ ਹੀ ਉਹ ਵੀ ਗਾਂਧੀ ਤੇ ਨਹਿਰੂ ਵਾਂਗ ਬਾਰ ਐਟ ਲਾਅ ਬਣਦੇ ਪ੍ਰੰਤੂ ਭਾਵੀ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਇੰਜ ਪ੍ਰਵਾਰਕ ਤੇ ਕਾਰੋਬਾਰੀ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਵੀ ਉਹ ਸਰਬ ਸਾਂਝੇ ਕਾਰਜਾਂ ਲਈ ਸਮਾਂ ਕਢਦੇ ਰਹੇ। ਸਿੱਖ ਸਮਾਜ ਪ੍ਰਤੀ ਉਨ੍ਹਾਂ ਦੀ ਨਿਸ਼ਠਾ, ਲਗਨ ਤੇ ਆਪਾਵਾਰੂ ਬਿਰਤੀ ਵੇਖਦਿਆਂ ਇਕ ਵਾਰ ਮੋਤੀ ਲਾਲ ਨਹਿਰੂ, ਜਵਾਹਰ ਲਾਲ ਨਹਿਰੂ, ਮਦਨ ਮੋਹਨ ਮਾਲਵੀਆ, ਡਾ. ਸੈਫੂਦੀਨ ਕਿਚਲੂ ਆਦਿ ਉਨ੍ਹਾਂ ਕੋਲ ਪੁੱਜੇ ਤੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦਾ ਮੋਰਚਾ ਜਾਂਬਾਜ਼ ਸਿੱਖ ਕੌਮ ਦੀ ਕੁਰਬਾਨੀ ਤੋਂ ਬਿਨਾਂ ਅਧੂਰਾ ਰਹੇਗਾ। ਉਸ ਵਕਤ

ਇਨ੍ਹਾਂ ਸਾਰੇ ਮੱਕਾਰ ਨੇਤਾਵਾਂ ਨੇ ਦੇਸ਼ ਦੀ ਆਜ਼ਾਦੀ ਉਪਰੰਤ ਸਿੱਖਾਂ ਲਈ ਇਕ ਸਪੈਸ਼ਲ ਖ਼ਿੱਤਾ ਐਲਾਨਣ ਦਾ ਵੀ ਵਾਅਦਾ ਕੀਤਾ ਸੀ ਪਰੰਤੂ ਦੇਸ਼ ਆਜ਼ਾਦ ਹੋਣ ਪਿੱਛੋਂ, ਵਾਅਦੇ ਤੋਂ ਮੁਕਰਨ ਕਰ ਕੇ ਬਾਬਾ ਖੜਕ ਸਿੰਘ ਨੇ ਇਸ ਗੰਦੀ ਰਾਜਨੀਤੀ ਨੂੰ ਹੀ ਤਿਆਗ ਦਿਤਾ। ਭਾਈ ਵੀਰ ਸਿੰਘ ਵਲੋਂ ਆਰੰਭੀ ਸਿੱਖ ਵਿਦਿਅਕ ਕਾਨਫਰੰਸ ਦੇ ਪੰਜਵੇਂ ਸੈਸ਼ਨ ਦੀ ਸਵਾਗਤੀ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਆਪ ਜੀ ਇਕ ਉÎੱਦਮੀ ਵਜੋਂ ਬਾਕੀਆਂ ਦੀਆਂ ਨਜ਼ਰਾਂ ਵਿਚ ਪ੍ਰਵਾਨ ਚੜ੍ਹੇ ਤੇ ਜਲ੍ਹਿਆਂ ਵਾਲਾ ਖ਼ੂਨੀ ਕਾਂਡ ਨੇ ਬਾਬਾ ਖੜਕ ਸਿੰਘ ਨੂੰ ਧੁਰ ਅੰਦਰ ਤਕ ਝੰਜੋੜ ਦਿਤਾ ਜਿਸ ਕਰ ਕੇ ਉਨ੍ਹਾਂ ਨੇ ਹੁਣ ਅਪਣਾ ਆਪ ਨਿਛਾਵਰ ਕਰਨ ਲਈ ਕਸਮ ਪਾ ਲਈ। 1919 ਵਿਚ ਉਨ੍ਹਾਂ

ਨੇ ਸੈਂਟਰਲ ਸਿੱਖ ਲੀਗ ਬਣਾਈ ਜਿਸ ਦੇ ਪ੍ਰਧਾਨ ਵੀ ਬਾਬਾ ਜੀ ਨੂੰ ਹੀ ਚੁਣ ਲਿਆ ਗਿਆ। ਸਾਥੀਆਂ ਨਾਲ ਸਲਾਹ-ਮਸ਼ਵਰਾ ਕਰ ਕੇ ਬਾਬਾ ਖੜਕ ਸਿੰਘ ਨੇ ਮਹਾਤਮਾ ਗਾਂਧੀ ਵਲੋਂ ਆਰੰਭੀ ਨਾ ਮਿਲਵਰਤਣ ਲਹਿਰ ਨੂੰ ਅਪਣਾ ਲਿਆ। 1920 ਵਿਚ ਗੁਰਦਵਾਰਾ ਸੈਂਟਰਲ ਬੋਰਡ ਦੀ ਸਥਾਪਨਾ ਕੀਤੀ ਤੇ ਹਾਜ਼ਰੀਨ ਨੇ ਬਾਬਾ ਜੀ ਨੂੰ ਹੀ ਅਪਣਾ ਆਗੂ ਚੁਣ ਲਿਆ। ਇੰਜ ਬਾਬਾ ਜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਬਣੇ ਤੇ ਇਸੇ ਮੌਕੇ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਦਾ ਮੋਰਚਾ ਵਿਢਿਆ ਗਿਆ ਤੇ ਬਾਬਾ ਜੀ ਦੇ ਤੇਵਰ ਵੇਖਦਿਆਂ ਅੰਗਰੇਜ਼ ਹਕੂਮਤ ਨੇ ਉਨ੍ਹਾਂ ਨੂੰ ਜੇਲ ਭੇਜ ਦਿਤਾ। ਸਿੱਖਾਂ ਦੇ ਪ੍ਰਭਾਵਸ਼ਾਲੀ ਵਿਰੋਧ

ਸਦਕਾ ਬਾਬਾ ਖੜਕ ਸਿੰਘ ਨੂੰ ਛੇਤੀ ਹੀ ਰਿਹਾ ਕਰਨਾ ਪਿਆ। ਆਪ ਜੀ ਦੀ ਕੇਵਲ ਰਿਹਾਈ ਹੀ ਨਹੀਂ ਹੋਈ ਸਗੋਂ ਸਰਕਾਰ ਨੇ ਤੋਸ਼ੇਖਾਨੇ ਦੀਆਂ ਚਾਬੀਆਂ ਵੀ ਬਾਬਾ ਜੀ ਨੂੰ ਸੰਭਾਲ ਦਿਤੀਆਂ। ਸੱਚਮੁੱਚ ਹੀ ਇਹ ਉਨ੍ਹਾਂ ਦੀ ਮਹਾਨ ਹਸਤੀ ਦਾ ਕਮਾਲ ਸੀ ਜਿਸ ਤੇ ਵਧਾਈ ਦਿੰਦਿਆਂ ਮਹਾਤਮਾ ਗਾਂਧੀ ਨੇ ਤਾਰ ਭੇਜ ਕੇ ਲਿਖਿਆ :- 'ਭਾਰਤ ਦੀ ਆਜ਼ਾਦੀ ਦੀ ਪਹਿਲੀ ਨਿਰਣਾਇਕ ਜੰਗ ਜਿੱਤ ਲਈ ਗਈ ਹੈ।' ਸਾਈਮਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਵਿਰੁਧ ਵੀ ਬਾਬਾ ਖੜਕ ਸਿੰਘ ਨੇ ਜ਼ਬਰਦਸਤ ਸੰਘਰਸ਼ ਕੀਤਾ। ਉਹ ਹਮੇਸ਼ਾ ਕਹਿੰਦੇ ਸਨ, ''ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ, ਜੇਕਰ ਤੁਹਾਨੂੰ ਮੇਰੀ ਪਿੱਠ ਵਿਚ ਗੋਲੀ ਲੱਗੀ ਮਿਲੇ ਤਾਂ ਮੇਰਾ ਸਸਕਾਰ ਹਰਗਿਜ਼

ਵੀ ਸਿੱਖ ਰਹੁਰੀਤਾਂ ਅਨੁਸਾਰ ਨਾ ਕਰਨਾ ਕਿਉਂਕਿ ਮੈਂ ਅਪਣੇ ਗੁਰੂ ਦਾ ਸੱਚਾ ਤੇ ਸਿਦਕੀ ਸਿੱਖ ਨਹੀਂ ਰਿਹਾ ਹੋਵਾਂਗਾ।” ਇਹ ਸੀ ਸੱਚਾ ਅਹਿਦਨਾਮਾ ਗੁਰੂ ਦੇ ਪੱਕੇ ਸਿੱਖ ਦਾ। ਜਵਾਨੀ ਸਮੇਂ, ਬਾਹਰਲੇ ਮੁਲਕਾਂ ਨੂੰ ਜਾਣ ਤੋਂ ਪਹਿਲਾਂ, ਅਕਸਰ ਦਿੱਲੀ ਅੰਬੈਸੀਆਂ ਵਿਚ ਜਾਂਦੇ ਵਕਤ ਹਮੇਸ਼ਾ ਜਦੋਂ ਬਾਬਾ ਖੜਕ ਸਿੰਘ ਮਾਰਗ ਤੋਂ ਲੰਘਦੀ ਹੁੰਦੇ ਸਾਂ ਤਾਂ ਇਕ ਖੋਹ ਜਿਹੀ ਮਹਿਸੂਸ ਹੁੰਦੀ ਕਿ ਇਹ ਸਤਿਕਾਰਤ ਬਾਬਾ ਕੇਡਾ ਸੂਰਬੀਰ, ਯੋਧਾ ਤੇ ਬਹਾਦਰ ਹੋਵੇਗਾ ਜਿਸ ਦੀ ਗਾਥਾ ਦਿੱਲੀ ਦੀਆਂ ਸੜਕਾਂ ਵੀ ਸੁਣਾਉਂਦੀਆਂ ਹਨ। ਉਨ੍ਹਾਂ ਦੀ ਘਾਲਣਾ ਤੇ ਕਾਰਜਸ਼ੈਲੀ ਇਸ ਕਦਰ ਮਾਅਰਕੇਦਾਰ, ਈਮਾਨਦਾਰੀਪੂਰਨ, ਨਿਸ਼ਕਾਮ, ਮਿਸਾਲੀ ਤੇ ਨਿਰਭੇਤਾਪੂਰਨ ਰਹੀ ਹੋਵੇਗੀ,

ਇਹ ਮੈਨੂੰ ਕਾਫੀ ਚਿਰ ਬਾਅਦ ਚਾਨਣਾ ਹੋਇਆ ਸੀ। ਹੈਰਾਨੀ ਵਾਲੀ ਗੱਲ ਨਹੀਂ ਕਿ ਇਕ ਉÎੱਚ ਦੁਮਾਲੜੀ ਸ਼ਖ਼ਸੀਅਤ ਇਕੋ ਸਮੇਂ ਸਾਡੀ ਸ਼੍ਰੋਮਣੀ ਧਾਰਮਕ ਸੰਸਥਾ ਦੇ ਵੀ ਮੁਖੀ ਰਹੇ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵੀ ਕਿਉਂਕਿ ਉਸ ਦੀ ਕਾਬਲੀਅਤ ਹੀ ਨਿਰਸੰਦੇਹ ਸੀ। ਅੱਜ ਇਹ ਦੋਵੇਂ ਵੱਕਾਰੀ ਅਹੁਦੇ ਇਕ ਦੂਜੇ ਦੇ ਜਾਨੀ ਦੁਸ਼ਮਣ ਜਾਪਦੇ ਹਨ ਤੇ ਇਹ ਵੀ ਕਿ ਕਾਂਗਰਸ ਦੇ ਮੌਜੂਦਾ ਪ੍ਰਦੇਸ਼ ਪ੍ਰਧਾਨ ਨੂੰ ਬਾਬਾ ਖੜਕ ਸਿੰਘ ਬਾਰੇ ਵੀ ਪਤਾ ਨਹੀਂ ਹੈ। ਇਤਿਹਾਸਕ ਤੱਥ ਮੌਜੂਦ ਹਨ ਕਿ ਪਹਿਲੇ ਸਾਰੇ ਆਜ਼ਾਦੀ ਘੁਲਾਟੀਏ ਅਤੇ ਸਿਰਕੱਢ ਸਿਆਸਤਦਾਨ ਸ਼੍ਰੋਮਣੀ ਕਮੇਟੀ ਨਾਲ ਵੀ ਵਾਬਸਤਾ ਰਹੇ ਤੇ ਕਾਂਗਰਸ ਪਾਰਟੀ ਨਾਲ ਵੀ ਜਦੋਂ ਕਾਂਗਰਸ ਇਕ ਧਰਮ ਨਿਰਪੱਖ

ਪਾਰਟੀ ਸੀ, ਨਿਜੀ ਵਿਅਕਤੀਆਂ ਨਾਲ ਨਹੀਂ ਸੀ ਜੁੜੀ ਹੋਈ। 1935 ਤਕ, ਬਾਬਾ ਖੜਕ ਸਿੰਘ ਸ਼੍ਰੋਮਣੀ ਕਮੇਟੀ ਨਾਲ ਸ਼ਿੱਦਤ ਨਾਲ ਜੁੜੇ ਰਹੇ ਪ੍ਰੰਤੂ ਮਾਸਟਰ ਤਾਰਾ ਸਿੰਘ ਦੇ ਆ ਜਾਣ ਉਪਰੰਤ ਉਹ ਸਿਆਸੀ ਸਰਗਰਮੀਆਂ ਵਿਚ ਵਧੇਰੇ ਖੁੱਭਦੇ ਚਲੇ ਗਏ। ਬਾਬਾ ਜੀ ਕਈ ਵਾਰ ਜੇਲ ਗਏ-ਕਦੇ ਛੇ ਮਹੀਨੇ, ਕਦੇ ਡੇਢ ਤੇ ਕਦੇ ਸਾਢੇ ਪੰਜ ਸਾਲ ਪ੍ਰੰਤੂ ਸਦਾ ਅਡੋਲ, ਨਿਰਭੈ, ਦਬੰਗ, ਬੇਖ਼ੌਫ਼ ਤੇ ਡੇਰਾ ਗਾਜ਼ੀ ਖ਼ਾ ਜੇਲ ਵਿਚ ਨਾਇਕ ਵਾਂਗ ਵਿਚਰੇ। ਜਦੋਂ ਨਹਿਰੂ, ਗਾਂਧੀ ਤੇ ਦੂਜੇ ਕਾਂਗਰਸੀ ਆਗੂਆਂ ਨੇ ਆਜ਼ਾਦੀ ਦੀ ਪ੍ਰਾਪਤੀ ਉਪਰੰਤ ਪੰਜਾਬ ਦੇ ਹੱਕਾਂ ਨੂੰ ਅਣਗੌਲਿਆ ਕਰ ਦਿਤਾ ਤਾਂ ਬਾਬਾ ਜੀ ਦਾ ਛਲਣੀ ਹਿਰਦਾ ਪਿੱਛੇ ਹਟ ਗਿਆ। ਉਂਜ ਦੇਸ਼ ਦੇ ਤਤਕਾਲੀ

ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੇ 1953 ਵਿਚ ਬਾਬਾ ਜੀ ਨੂੰ ਅਭਿਨੰਦਨ ਗ੍ਰੰਥ ਭੇਂਟ ਕੀਤਾ ਸੀ ਅਤੇ ਪੰਡਿਤ ਨਹਿਰੂ ਵੀ ਆਪ ਜੀ ਦੇ ਜਨਮ ਦਿਨ ਮੌਕੇ ਖ਼ੁਦ ਫੁੱਲਾਂ ਦਾ ਗੁਲਦਸਤਾ ਤੇ ਮਿਠਾਈ ਭੇਂਟ ਕਰਨ ਉਨ੍ਹਾਂ ਦੇ ਘਰ ਆਉਂਦੇ ਰਹੇ। ਅਤਿਅੰਤ ਨਿਰਾਸ਼ਾ ਦੇ ਆਲਮ ਵਿਚੋਂ ਲੰਘਦਿਆਂ ਬਾਬਾ ਖੜਕ ਸਿੰਘ 1963 ਦੇ ਅਕਤੂਬਰ ਮਹੀਨੇ ਇਸ ਜਹਾਨ ਤੋਂ ਰੁਖਸਤ ਹੋਏ। ਅੱਜ, ਇਕੀਵੀਂ ਸਦੀ ਦੇ ਦੂਜੇ ਦਹਾਕੇ ਤਕ ਪੁੱਜ ਕੇ ਜਦੋਂ ਇਸ ਨਿਸ਼ਠਾਵਾਨ, ਪ੍ਰਤਿਭਾਵਾਨ, ਬੁਧੀਮਾਨ ਤੇ ਕੀਰਤੀਮਾਨ ਹਸਤੀ ਦੀ 150 ਸਾਲਾ ਮੁਬਾਰਕ ਵਰ੍ਹੇਗੰਢ ਸਾਡੀਆਂ ਬਰੂਹਾਂ ਉਤੇ ਦਸਤਕ ਦੇ ਕੇ ਐਵੇਂ ਚੁੱਪ ਚਾਪ ਗੁਜ਼ਰ ਗਈ ਹੈ ਤਾਂ ਸਾਨੂੰ ਸਾਰੇ ਕਥਿਤ ਅਕਾਲੀਆਂ ਤੇ ਕਾਂਗਰਸੀਆਂ ਨੂੰ

ਡੁੱਬ ਕੇ ਮਰ ਜਾਣਾ ਚਾਹੀਦਾ ਹੈ। ਫੌਲਾਦੀ ਇਰਾਦੇ ਤੇ ਪਹਾੜ ਜਿਡੇ ਜਿਗਰੇ ਵਾਲੇ ਸਾਡੇ ਇਸ ਮਹਾਂਪੁਰਖ ਦੀ ਜੀਵਨੀ ਤਾਂ ਸਕੂਲੀ ਸਿਲੇਬਸ ਦਾ ਹਿੱਸਾ ਹੋਣੀ ਚਾਹੀਦੀ ਸੀ (ਤੇ ਹੈ) ਕੁਰਸੀਆਂ ਦੇ ਭੁੱਖੇ, ਪ੍ਰਵਾਰਵਾਦ ਤੇ ਭਾਈ ਭਤੀਜਾਵਾਦ ਵਿਚ ਗੜੁੱਚ ਸਾਰੇ ਅਜੋਕੇ ਆਕਾਵਾਂ ਤੋਂ ਕਿਸੇ ਨੀਤੀਗਤ ਫ਼ੈਸਲੇ ਦੀ ਆਸ ਰਖਣੀ ਹੀ ਫ਼ਜ਼ੂਲ ਹੈ ਕਿਉਂਕਿ ਇਹ ਸਰਬ ਸਾਂਝੇ, ਵਿਆਪਕ ਤੇ ਸਰਬੱਤ ਦੇ ਭਲੇ ਦੀ ਸੋਚ ਨੂੰ ਤਿਲਾਂਜਲੀ ਦੇ ਚੁੱਕੇ ਹਨ। ਅੱਜ 'ਅੰਨ੍ਹੀ ਪੀਹੇ ਤੇ ਕੁੱਤਾ ਚੱਟੇ ਦਾ ਆਲਮ ਹੈ।

' ਸਾਡੇ ਇਸ਼ਟ ਦੀ ਲਗਾਤਾਰ ਬੇਅਦਬੀ ਦੀਆਂ ਕਨਸੋਆਂ ਹਨ। ਸ਼੍ਰੋਮਣੀ ਕਮੇਟੀ ਵਿਚ ਲੱਕ-ਲੱਕ ਤਾਈਂ ਭ੍ਰਿਸ਼ਟਾਚਾਰ ਪਸਰਿਆ ਪਿਆ ਜਿਹੜੀ ਇਕ ਪ੍ਰਵਾਰ ਦੀ ਅਜਾਰੇਦਾਰੀ ਬਣ ਚੁੱਕੀ ਹੈ। ਜਾਗੋ! ਲੋਕੋ! ਉਠੋ! ਨਹੀਂ ਤਾਂ ਇਤਿਹਾਸ ਕਦੇ ਮਾਫ਼ ਨਹੀਂ ਕਰੇਗਾ। ਇਨ੍ਹਾਂ ਮਹੰਤਾਂ ਤੋਂ ਗੁਰਦਵਾਰੇ ਬਚਾਉ!
ਸੰਪਰਕ : 98156-20515