''ਅਰੇ ਕਿਉਂ ਡਰਤੇ ਹੋ, ਏਕ ਸਰਦਾਰ ਜੀ ਹੈ ਨਾ ਹਮਾਰੇ ਪਾਸ!''

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਿਰ ਤੇ ਬੰਨ੍ਹੀ ਹੋਈ ਪੱਗ ਜਾਂ ਦਸਤਾਰ, ਕੀ ਸਿਰਫ਼ 5-6-7 ਮੀਟਰ ਦਾ ਕਪੜਾ ਹੈ?............

Turban

ਸਿਰ ਤੇ ਬੰਨ੍ਹੀ ਹੋਈ ਪੱਗ ਜਾਂ ਦਸਤਾਰ, ਕੀ ਸਿਰਫ਼ 5-6-7 ਮੀਟਰ ਦਾ ਕਪੜਾ ਹੈ? ਨਹੀਂ ਹਰਗਿਜ਼ ਨਹੀਂ, ਇਹ ਜਿਸ ਦੇ ਸਿਰ ਉਤੇ ਬੰਨ੍ਹੀ ਹੁੰਦੀ ਹੈ, ਉਸ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਇਨਸਾਨ ਜ਼ਿੰਮੇਵਾਰ ਤੇ ਇਮਾਨਦਾਰ ਹੈ। ਮੈਨੂੰ ਯਾਦ ਹੈ, ਬਚਪਨ ਵਿਚ ਸਾਲ 1967 ਵਿਚ ਅਸੀ ਅਪਣੇ ਪਿਤਾ ਜੀ ਨਾਲ ਜਬਲਪੁਰ ਤੋਂ ਗਾਜ਼ੀਪੁਰ ਨੂੰ ਜਾ ਰਹੇ ਸੀ। ਪਿਤਾ ਜੀ ਫ਼ੌਜ ਵਿਚ ਸਨ ਤੇ ਉਨ੍ਹਾਂ ਦੀ ਬਦਲੀ ਜਬਲਪੁਰ ਤੋਂ ਗਾਜ਼ੀਪੁਰ ਵਿਖੇ ਹੋ ਗਈ ਸੀ। ਰਾਹ ਵਿਚ ਰਾਤ ਸਮੇਂ ਸੰਘਣੇ ਜੰਗਲ ਵਿਚੋਂ ਜਦੋਂ ਰੇਲ ਗੱਡੀ ਲੰਘ ਰਹੀ ਸੀ ਤਾਂ ਅਚਾਨਕ ਕੋਈ ਖ਼ਰਾਬੀ ਆ ਜਾਣ ਕਾਰਨ ਗੱਡੀ ਰੁਕ ਗਈ। ਰੇਲ ਗੱਡੀ ਦੀਆਂ ਸਾਰੀਆਂ ਲਾਈਟਾਂ ਬੰਦ ਹੋ ਗਈਆਂ ਤੇ ਲੋਕਾਂ ਨੇ

ਡਰਦੇ ਮਾਰੇ ਚੀਕਣਾ ਸ਼ੁਰੂ ਕਰ ਦਿਤਾ। ਉਸ ਵੇਲੇ ਇਕ ਵਿਅਕਤੀ ਉਠਿਆ ਤੇ ਅਪਣੇ ਪ੍ਰਵਾਰ ਵਾਲਿਆਂ ਨੂੰ ਕਹਿਣ ਲੱਗਾ ''ਅਰੇ ਕਿਉਂ ਘਬਰਾਤੇ ਹੋ, ਏਕ ਸਰਦਾਰ ਜੀ ਹੈ ਨਾ ਹਮਾਰੇ ਪਾਸ!'' ਇਹ ਸੁਣ ਕੇ ਪਿਤਾ ਜੀ ਇਕ ਦਮ ਉੱਠੇ, ਅਪਣੀ ਟਾਰਚ ਲੈ ਕੇ ਸਾਰੇ ਦਰਵਾਜ਼ੇ ਤੇ ਖਿੜਕੀਆਂ ਅੰਦਰੋਂ ਬੰਦ ਕਰਵਾ ਦਿਤੀਆਂ। ਇਹ ਕਹਿ ਕੇ ਬਾਹਰ ਨਿਕਲ ਗਏ ਕਿ ''ਜਦੋਂ ਤਕ ਮੈਂ ਨਾ ਆਖਾਂ ਦਰਵਾਜ਼ਾ ਨਹੀਂ ਖੋਲ੍ਹਣਾ।'' ਕਾਫ਼ੀ ਦੇਰ ਬਾਅਦ ਆਏ ਤਾਂ ਪਤਾ ਲੱਗਾ ਕਿ ਇੰਜਣ ਦਾ ਇਕ ਪਾਇਪ ਫਟ ਗਿਆ ਸੀ ਜਿਸ ਨੂੰ ਰਿਪੇਅਰ ਕਰ ਕੇ ਠੀਕ ਕਰ ਲਿਆ ਸੀ ਤੇ ਗੱਡੀ ਚੱਲ ਪਈ। ਸਿੱਖੀ ਕਿਰਦਾਰ ਦੀ ਇਹ ਧੂਮ-ਸਿਰਫ਼ ਭਾਰਤ ਵਿਚ ਹੀ ਨਹੀਂ ਬਲਕਿ ਦੂਜੇ ਮੁਲਕਾਂ ਵਿਚ ਵੀ

ਵੇਖਣ ਨੂੰ ਮਿਲਦੀ ਹੈ ਜਿਸ ਦੀ ਇਕ ਮਿਸਾਲ ਮੈਨੂੰ ਇਰਾਕ ਵਿਚ ਵੇਖਣ ਨੂੰ ਮਿਲੀ ਜਿਸ ਵੇਲੇ 1984 ਵਿਚ ਮੈਂ ਸੋਮ ਦੱਤ ਬਿਲਡਰ ਕੰਪਨੀ ਵਿਚ ਬਤੌਰ ਐਕਸਰੇ ਵੈਲਡਰ ਦੇ ਤੌਰ ਉਤੇ ਕੰਮ ਕਰਨ ਗਿਆ ਸੀ। ਮੇਰਾ ਕੰਮ ਸਰਹੱਦ ਕੋਲ ਲਗਦੇ ਧੋਖ ਸ਼ਹਿਰ ਨੇੜੇ ਸੀ। ਪਹਿਲੇ ਕੁੱਝ ਦਿਨ ਤਾਂ ਅਸੀ ਅਪਣੇ ਕੈਂਪ ਵਿਚ ਹੀ ਰਹੇ, ਪਰ ਜਦੋਂ ਸ਼ਹਿਰ ਜਾਣ ਦਾ ਮੌਕਾ ਮਿਲਿਆ ਤਾਂ ਅਰਬੀ ਭਾਸ਼ਾ ਦਾ ਗਿਆਨ ਨਾ ਹੋਣ ਕਾਰਨ ਸਾਨੂੰ ਉਥੋਂ ਦੇ ਲੋਕਾਂ ਨਾਲ ਗੱਲਬਾਤ ਕਰਨ ਵਿਚ ਕਾਫ਼ੀ ਦਿੱਕਤਾਂ ਆਈਆਂ। ਅੰਗਰੇਜ਼ੀ ਉਥੇ ਲੋਕਾਂ ਨੂੰ ਬਿਲਕੁਲ ਨਹੀਂ ਸੀ ਆਉਂਦੀ ਜਾਂ ਜੋ ਨੌਜਵਾਨ ਬੱਚੇ ਸਕੂਲ ਕਾਲਜ ਜਾਂਦੇ ਸਨ, ਉਹ ਥੋੜੀ ਬਹੁਤੀ ਬੋਲਦੇ ਸਨ। ਖ਼ੈਰ! ਮੈਂ ਸੱਭ ਤੋਂ ਪਹਿਲਾ

ਅਰਬੀ ਭਾਸ਼ਾ ਵਿਚ ਗਿਣਤੀ ਸਿਖੀ ਤਾਕਿ ਸਾਨੂੰ ਬੱਸ ਵਗੈਰਾ ਵਿਚ ਸਫ਼ਰ ਕਰਨਾ ਆਸਾਨ ਹੋ ਜਾਵੇ। ਮੇਰਾ ਇਕ ਦੋਸਤ ਬਗ਼ਦਾਦ ਸ਼ਹਿਰ ਵਿਚ ਕੌਂਟੀਨੈਂਟਲ ਕੰਸਟ੍ਰਕਸ਼ਨ ਕੰਪਨੀ ਵਿਚ ਕੰਮ ਕਰਦਾ ਸੀ। ਇਸ ਕੰਪਨੀ ਦੇ ਮਾਲਕ ਸ. ਮਨਜੀਤ ਸਿੰਘ ਬਾਸੀ ਸਨ। ਮਨਜੀਤ ਸਿੰਘ ਵਿਸਾਖੀ ਉਤੇ ਹਰ ਸਾਲ ਅਪਣੀ ਕੰਪਨੀ ਵਿਚ ਖੇਡਾਂ ਤੇ ਹੋਰ ਰੰਗਾਂ-ਰੰਗ ਪ੍ਰੋਗਰਾਮ ਕਰਵਾਇਆ ਕਰਦੇ ਸਨ ਤੇ ਉਹ ਆਪ ਵੀ ਭੰਗੜੇ ਦੇ ਚੰਗੇ ਕਲਾਕਾਰ ਸਨ। ਮੇਰੇ ਦੋਸਤ ਨੇ ਮੈਨੂੰ ਵਿਸਾਖੀ ਤੇ ਅਪਣੇ ਕੋਲ ਬਗਦਾਦ ਆਉਣ ਵਾਸਤੇ ਸੱਦਾ ਦਿਤਾ ਤੇ ਮੈਂ ਦੋ ਦਿਨ ਦੀ ਛੁੱਟੀ ਲੈ ਕੇ ਵਿਸਾਖੀ ਦਾ ਪ੍ਰੋਗਰਾਮ ਵੇਖਣ ਲਈ ਅਪਣੇ ਦੋਸਤ ਕੋਲ ਬਗ਼ਦਾਦ ਜਾ ਪਹੁੰਚਿਆ। ਮੌਸੂਲ

ਸ਼ਹਿਰ ਤੋਂ ਬਗ਼ਦਾਦ ਤਕ ਦਾ ਬੱਸ ਸਫ਼ਰ ਲੱਗਭਗ 400 ਕਿਲੋਮੀਟਰ ਦਾ ਸੀ। ਇਰਾਕ ਵਿਚ ਮੇਰੇ ਸਿਰ ਉਤੇ ਪੱਗ ਬੰਨ੍ਹੀ ਹੋਣ ਕਾਰਨ, ਕਿਸੇ ਵੀ ਚੈੱਕ-ਪੋਸਟ ਤੇ ਮੇਰਾ ਪਛਾਣ ਪੱਤਰ ਨਾ ਵੇਖਿਆ ਗਿਆ। ਉਹ ਸਿਰਫ਼ ਮੈਨੂੰ ਏਨਾ ਪੁਛਦੇ ਸਨ ਕਿ ''ਪੰਜਾਬ ਇੰਡੀਆ?'' ਤੇ ਮੈਂ ਕਹਿ ਦਿੰਦਾ ਸੀ ''ਯੈਸ''। ਇਹ ਸੀ ਦਸਤਾਰ ਪ੍ਰਤੀ ਉਨ੍ਹਾਂ ਦਾ ਨਜ਼ਰੀਆ। ਮਿੱਤਰ ਦੀ ਕੰਪਨੀ ਵਿਚ ਦਿਨ ਵੇਲੇ ਪ੍ਰੋਗਰਾਮ  ਤੇ ਰਾਤ ਨੂੰ ਭੰਗੜਾ ਵੇਖਿਆ ਤੇ ਦੂਜੇ ਦਿਨ ਉਹ ਮੈਨੂੰ ਬਗਦਾਦ ਸ਼ਹਿਰ ਘੁਮਾਉਣ ਲੈ ਗਿਆ। ਮੈਂ ਬਾਬੇ ਨਾਨਕ ਦਾ ਉਹ ਪਾਵਨ ਅਸਥਾਨ ਵੇਖਣ ਦੀ ਇੱਛਾ ਜ਼ਾਹਰ ਕੀਤੀ ਜਿਸ ਦਾ ਭਾਈ ਗੁਰਦਾਸ ਜੀ ਨੇ ਅਪਣੀਆਂ ਵਾਰਾਂ ਵਿਚ ਜ਼ਿਕਰ ਕੀਤਾ 'ਫਿਰਿ ਬਾਬਾ ਗਇਆ

ਬਗਦਾਦਿ ਨੋ, ਬਾਹਿਰ ਜਾਇ ਕੀਆ ਅਸਥਾਨਾ£' ਅਸੀ ਬੱਸ ਰਾਹੀਂ ਉਸ ਅਸਥਾਨ ਉਤੇ ਪਹੁੰਚੇ। ਇਸ ਅਸਥਾਨ ਦੇ ਨੇੜੇ-ਤੇੜੇ ਕਾਫ਼ੀ ਕਬਰਾਂ ਬਣੀਆਂ ਸਨ। ਜਦੋਂ ਅਸੀ ਪਹੁੰਚੇ ਉਸ ਵੇਲੇ ਇਸ ਪਾਵਨ ਅਸਥਾਨ ਨੂੰ ਤਾਲਾ ਲੱਗਾ ਹੋਇਆ ਸੀ ਤੇ ਬਾਹਰ ਅਰਬੀ ਭਾਸ਼ਾ ਵਿਚ ਕੁੱਝ ਲਿਖਿਆ ਹੋਇਆ ਸੀ ਜਿਸ ਦੀ ਸਾਨੂੰ ਕੋਈ ਸਮਝ ਨਹੀ ਸੀ। ਨਾਲ ਵਾਲੇ ਘਰ ਤੋਂ ਪਤਾ ਕਰਨ ਤੇ ਇਕ ਲੜਕੀ ਬਾਹਰ ਆਈ ਤੇ ਉਸ ਨੇ 'ਹਿੰਦੂ-ਪੀਰ' ਕਹਿ ਕੇ ਇਸ਼ਾਰਾ ਕੀਤਾ ਕਿ ਇਹ ਗੁਰਦਵਾਰਾ ਹੈ ਪਰ ਚਾਬੀ ਹੋਣ ਤੋਂ ਵੀ ਉਸ ਨੇ ਇਨਕਾਰ ਕੀਤਾ। ਖ਼ੈਰ! ਅਸੀ ਬਾਹਰ ਤੋਂ ਹੀ ਮੱਥਾ ਟੇਕ ਕੇ ਵਾਪਸ ਆ ਗਏ ਤੇ ਫਿਰ ਬਗਦਾਦ ਸ਼ਹਿਰ ਵਿਚ ਘੁੰਮਣ ਚਲ ਪਏ। ਮੈਂ ਵਾਪਸ ਵੀ ਜਾਣਾ

ਸੀ। ਮੇਰੇ ਦੋਸਤ ਨੇ ਕਿਹਾ ਕਿ ''ਰਾਤ ਨੂੰ 10 ਵਜੇ ਬਗਦਾਦ ਤੋਂ ਟ੍ਰੇਨ ਚਲਦੀ ਹੈ, ਜੋ ਸਵੇਰੇ 4 ਵਜੇ ਮੌਸੂਲ ਪਹੁੰਚ ਜਾਂਦੀ ਹੈ। ਉਸ ਵਿਚ ਚਲੇ ਜਾਣਾ ਤੇ ਸਵੇਰੇ ਅਪਣੀ ਡਿਊਟੀ ਵੀ ਕਰ ਲਈਂ।'' ਮੈ ਕਿਹਾ ਕਿ ''ਹਾਂ ਇਹ ਠੀਕ ਰਹੇਗਾ।'' ਅਸੀ 9 ਵਜੇ ਸਟੇਸ਼ਨ ਉਤੇ ਪਹੁੰਚ ਗਏ ਤੇ ਮੈਂ ਟਿਕਟ ਲੈਣ ਵਾਸਤੇ ਖਿੜਕੀ ਵਲ ਵਧਿਆ। ਮੈਂ ਟਿਕਟ ਲੈ ਕੇ ਟ੍ਰੇਨ ਵਲ ਨੂੰ ਹੋ ਤੁਰਿਆ। ਮੇਰੇ ਨਾਲ ਵਾਲੀ ਸੀਟ ਉਤੇ ਇਕ ਸੋਹਣੀ ਕੁੜੀ ਬੈਠੀ ਸੀ। ਟ੍ਰੇਨ ਚਲ ਪਈ ਤੇ ਚਲਣ ਤੋਂ ਥੋੜੀ ਦੇਰ ਬਾਦ ਹੀ ਮੈਨੂੰ ਨੀਂਦ ਆ ਗਈ। ਜਦੋਂ ਜਾਗ ਖੁਲ੍ਹੀ ਤਾਂ ਵੇਖਿਆ ਕਿ ਮੇਰੇ ਮੋਢੇ ਉਤੇ ਉਸ ਕੁੜੀ ਨੇ ਅਪਣਾ ਸਿਰ ਰਖਿਆ ਹੋਇਆ ਸੀ ਤੇ ਸੌਂ ਰਹੀ ਸੀ। ਮੇਰੇ ਥੋੜਾ ਜਹਾ ਹਿੱਲਣ ਤੇ ਉਸ ਦੀ ਨੀਦ

ਖੁੱਲ੍ਹ ਗਈ ਤੇ ਉਹ ਉਠ ਕੇ ਸਿਰ ਝੁਕਾ ਕੇ ਸਲਾਮ ਕਰ ਕੇ ਚਲੇ ਗਈ।  ਮੈਂ ਕੈਂਪ ਵਿਚ ਪਹੁੰਚ ਕੇ ਸੱਭ ਨੂੰ ਬਗਦਾਦ ਘੁੰਮਣ ਤੋਂ ਲੈ ਕੇ ਵਾਪਸੀ ਵੇਲੇ ਟ੍ਰੇਨ ਵਿਚ ਗੁਜ਼ਰੀ ਸਾਰੀ ਘਟਨਾ ਸੁਣਾਈ। ਮੇਰੇ ਬੈੱਡ ਦੇ ਨਾਲ ਵਾਲਾ ਮੁੰਡਾ ਜੋ ਸਿੰਧੀ ਪੰਜਾਬੀ ਸੀ ਤੇ ਕਾਫ਼ੀ ਗੰਭੀਰ ਸੁਭਾਅ ਵਾਲਾ ਸੀ, ਕਾਫੀ ਲੰਮੇ ਸਮੇਂ ਤੋਂ ਇਰਾਕ ਵਿਚ ਰਹਿ ਰਿਹਾ ਸੀ, ਉਹ ਇਕ ਦਮ ਬੋਲਿਆ ''ਓ ਭਾਈ ਉਸ ਕੁੜੀ ਨੇ ਤੈਨੂੰ ਸਲਾਮ ਨਹੀਂ ਕੀਤੀ, ਉਹ ਤਾਂ ਤੇਰੇ ਸਿਰ ਤੇ ਜੋ ਇਹ ਪੱਗ ਹੈ, ਇਸ ਨੂੰ ਸਲਾਮ ਕਰ ਰਹੀ ਸੀ।'' ਮੈਂ ਕਿਹਾ ਉਹ ਕਿਵੇਂ? ਤਾਂ ਉਹ ਕਹਿਣ ਲੱਗਾ ਕਿ ''ਦੂਜੇ ਵਿਸ਼ਵਯੁੱਧ ਵੇਲੇ ਸਾਡੇ ਜੋ ਸਿੱਖ ਫ਼ੌਜੀ ਇਰਾਕ ਆਏ ਸਨ, ਉਨ੍ਹਾਂ ਨੇ ਇਥੇ ਇਰਾਕੀ ਲੋਕਾਂ ਦੀ ਕਾਫ਼ੀ ਮਦਦ ਕੀਤੀ ਸੀ ਤੇ

ਇਰਾਕੀ ਔਰਤਾਂ ਦੀ ਇੱਜ਼ਤ-ਆਬਰੂ ਨੂੰ ਦੁਸ਼ਮਣ ਕੋਲੋਂ ਬਚਾਇਆ ਸੀ। ਇਨ੍ਹਾਂ ਦੀਆਂ ਨਜ਼ਰਾਂ ਵਿਚ ਅੱਜ ਵੀ ਸਿੱਖ ਸਰਦਾਰਾਂ ਪ੍ਰਤੀ ਉਨੀ ਹੀ ਇੱਜ਼ਤ ਹੈ ਜਿੰਨੀ ਦੂਜੇ ਵਿਸ਼ਵਯੁੱਧ ਵੇਲੇ ਸੀ। ਇਸੇ ਕਰ ਕੇ ਉਸ ਕੁੜੀ ਨੇ ਵੀ ਤੇਰੇ ਉੱਤੇ ਭਰੋਸਾ ਕਰ ਕੇ ਅਪਣਾ ਸਿਰ ਤੇਰੇ ਮੋਢੇ ਤੇ ਰੱਖ ਕੇ ਅਪਣੇ ਆਪ ਨੂੰ ਸੁਰੱਖਿਅਤ ਸਮਝਿਆ।'' ਉਸ ਦੀ ਇਹ ਗੱਲ ਸੁਣ ਕੇ ਅਸੀ ਸਾਰੇ ਹੀ ਗੰਭੀਰ ਹੋ ਗਏ। ਸੱਚਾਈ ਪਤਾ ਲੱਗਣ ਤੇ ਸਾਡਾ ਸਿਰ ਗੁਰੂ ਸਾਹਿਬ ਪ੍ਰਤੀ ਤੇ ਸਿੱਖ ਫ਼ੌਜੀਆਂ ਵਲੋਂ ਨਿਭਾਏ ਗਏ ਕਿਰਦਾਰ ਪ੍ਰਤੀ ਸ਼ਰਧਾ ਨਾਲ ਝੁਕ ਗਿਆ। ਉਸ ਦਿਨ ਤੋਂ ਬਾਅਦ ਜਦੋਂ ਵੀ ਮੈਂ ਸਿਰ ਤੇ ਦਸਤਾਰ ਸਜਾਉਂਦਾ ਸੀ, ਮੈਨੂੰ ਅਪਣੇ ਆਪ ਤੇ ਫ਼ਖ਼ਰ ਮਹਿਸੂਸ ਹੋਣ ਲਗਦਾ ਹੈ।
ਸੰਪਰਕ : 94633 86747