ਕੀ ਲੇਖਕ ਨੂੰ ਲੇਖ ਲਿਖਣ ਦੇ ਪੈਸੇ ਮਿਲਦੇ ਹਨ?
ਕਈ ਭੁਲੜ ਵੀਰ ਸਪੋਕਸਮੈਨ ਨੂੰ ਬੋਲ ਕਬੋਲ ਕਿਉ ਬੋਲਦੇ ਹਨ?
ਕਈ ਭੁਲੜ ਵੀਰ ਸਪੋਕਸਮੈਨ ਨੂੰ ਬੋਲ ਕਬੋਲ ਕਿਉ ਬੋਲਦੇ ਹਨ? :-
ਕਈ ਭੁਲੜ ਵੀਰ ਮੈਨੂੰ ਬੋਲਦੇ ਬੋਲਦੇ ਸਪੋਕਸਮੈਨ ਨੂੰ ਵੀ ਬੋਲ ਕਬੋਲ ਬੋਲਣ ਲੱਗ ਜਾਂਦੇ ਹਨ। ਅਜਿਹੇ ਵਿਰੋਧੀ ਵੀਰ ਆਖਦੇ ਹਨ ਕਿ ਇਹ ਅਖ਼ਬਾਰ ਬਹੁਤਾ ਲੰਮਾ ਸਮਾਂ ਨਹੀਂ ਚਲਣਾ, ਇਹ ਤਾਂ ਬੱਸ ਬੰਦ ਹੋਣ ਹੀ ਵਾਲਾ ਹੈ ਤੇ ਅਜਿਹੇ ਵਿਰੋਧੀ ਵੀਰਾਂ ਨੂੰ ਮੈਂ ਆਖਦਾ ਹੁੰਦਾ ਹਾਂ ਕਿ ਇਹ ਸੁਪਨਾ ਤਾਂ ਤੁਸੀ ਪਿਛਲੇ ਪੰਦਰਾਂ ਸਾਲਾਂ ਤੋਂ ਲੈ ਰਹੇ ਹੋ, ਤੁਹਾਡਾ ਤੇ ਸਰਕਾਰਾਂ ਦਾ ਪੁਰਾ ਜ਼ੋਰ ਲੱਗਾ ਰਿਹਾ ਹੈ ਕਿ ਇਸ ਸੱਚ ਦੀ ਅਵਾਜ਼ ਨੂੰ ਬੰਦ ਕਰ ਦਿਤਾ ਜਾਵੇ ਪਰ ਇੰਜ ਨਾ ਹੀ ਹੋਇਆ ਹੈ ਤੇ ਨਾ ਹੀ ਹੋਵੇਗਾ ਕਿਉਂਕਿ ਅੱਗੇ ਅੱਗੇ ਸਮਾਂ ਨਵੀਂ ਤਕਨੀਕ (ਤਕਨਾਲੋਜੀ) ਦਾ ਆ ਰਿਹਾ ਹੈ।
ਫ਼ੇਸਬੁਕ ਤੇ ਤੁਸੀ ਰੋਜ਼ਾਨਾ ਸਪੋਕਸਮੈਨ ਦੇ ਪੇਜ ਉਤੇ ਜਾ ਕੇ ਖ਼ਬਰਾਂ ਅਤੇ ਤਾਜ਼ਾ ਹਾਲਾਤ ਬਾਰੇ ਜਾਣ ਸਕਦੇ ਹੋ। ਆਨਲਾਈਨ ਚੇਨਲ ਚੱਲ ਪਏ ਹਨ। ਲੱਖਾਂ ਹੀ ਲੋਕ ਦੇਸ਼ਾਂ ਵਿਦੇਸ਼ਾਂ ਵਿਚ ਸਪੋਕਸਮੈਨ ਨੂੰ ਆਨਲਾਈਨ ਹੀ ਪੜ੍ਹ ਲੈਂਦੇ ਹਨ। ਫ਼ੇਸਬੁਕ ਰਾਹੀਂ ਵੀ ਤੁਸੀ ਅਪਣਾ ਲੇਖ ਲਿਖ ਕੇ ਪਾ ਸਕਦੇ ਹੋ ਜਾਂ ਅਪਣਾ ਪੇਜ ਬਣਾ ਸਕਦੇ ਹੋ। ਇੰਸਟਾਗਰਾਮ, ਟਵਿਵਰ ਰਾਹੀਂ ਤੁਸੀ ਅਪਣੀ ਗੱਲ ਲੋਕਾਂ ਤਕ ਪਹੁੰਚਾ ਸਕਦੇ ਹੋ। ਕਈ ਅਜਿਹੀਆਂ ਆਨਲਾਈਨ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਾਈਟਾਂ ਤੇ ਤੁਸੀ ਅਪਣੇ ਲੇਖ ਲਿਖ ਕੇ ਅੱਪਲੋਡ ਕਰ ਸਕਦੇ ਹੋ।
ਕਹਿਣ ਤੋਂ ਭਾਵ ਅੱਜ ਦੇ ਤਕਨੀਕੀ ਯੁਗ ਵਿਚ ਤਾਂ ਤੁਹਾਨੂੰ ਸੋਚਣਾ ਵੀ ਨਹੀਂ ਚਾਹੀਦਾ ਕਿ ਸਪੋਕਸਮੈਨ ਬੰਦ ਹੋ ਜਾਵੇਗਾ। ਜਿਹੜਾ ਸਿੱਖ ਵੀਰ ਭੈਣ ਸਮੇਂ ਦਾ ਹਾਣੀ ਹੋ ਕੇ ਚਲੇਗਾ, ਉਹ ਆਉਣ ਵਾਲੇ ਸਮੇਂ ਵਿਚ ਜ਼ਰੂਰ ਕਾਮਯਾਬ ਹੋਵੇਗਾ ਜਿਸ ਤਰ੍ਹਾਂ ਅਸੀ ਪੁਰਾਣੇ ਫ਼ੋਨ ਛੱਡ ਕੇ ਨਵੀਂ ਤਕਨੀਕ ਦੇ ਸਮਾਰਟ ਫ਼ੋਨ ਅਪਣਾ ਲਏ ਹਨ ਇਸੇ ਤਰ੍ਹਾਂ ਸਾਨੂੰ ਅਪਣੇ ਆਪ ਨੂੰ ਵੀ ਸਮਾਰਟ ਬਣਾ ਲੈਣਾ ਚਾਹੀਦਾ ਹੈ। ਕਿਸੇ ਲੇਖਕ ਦੀ ਲਿਖਤ ਦਾ ਵਿਰੋਧ ਵੀ ਲਿਖ ਕੇ ਹੀ ਕਰਨਾ ਚਾਹੀਦਾ ਹੈ, ਨਾ ਕਿ ਬੁਰਾ ਭਲਾ ਆਖ ਕੇ। ਮੇਰੀ ਲਿਖਣ ਦੀ ਤਾਂ ਇਹ ਅਜੇ ਸ਼ੁਰੂਆਤ ਹੋਈ ਹੈ ਤੇ ਮੇਰੇ ਗੁਰੂ ਦਾ ਇਹ ਹੁਕਮ ਵੀ ਹੈ ਕਿ “ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ।।ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ ਮਰਿ ਰਹੀਐ।।” (ਪੰਨਾ-660)
ਕਈ ਸਾਧੜਿਆ ਦੇ ਚੇਲੇ ਆਖਦੇ ਹਨ ਕਿ ਅਸੀ ਲਿਖਣਾ ਨਹੀਂ ਜਾਣਦੇ ਨਹੀਂ ਤਾਂ ਅਸੀ ਵੀ ਤੁਹਾਡੇ ਇਨ੍ਹਾਂ ਲੇਖਾਂ ਦਾ ਜਵਾਬ ਲਿਖ ਕੇ ਦੇ ਸਕਦੇ ਹਾਂ। ਅਜਿਹੇ ਵੀਰਾਂ ਨੂੰ ਮੈਂ ਇਹ ਮਹੱਤਵਪੂਰਨ ਜਾਣਕਾਰੀ ਵੀ ਦੇ ਦਿੰਦਾ ਹਾਂ ਕਿ ਜਿਹੜੇ ਵੀਰ ਭੈਣ ਕੰਪਿਊਟਰ ਜਾਂ ਲੈਪਟਾਪ ਉਤੇ ਨਹੀਂ ਲਿਖ ਸਕਦੇ, ਉਹ ਅਪਣੇ ਸਮਾਰਟ ਫ਼ੋਨ ਤੇ ਪਲੇਸਟੋਰ ਵਿਚੋਂ ਲਿਪੀਕਾਰ ਪੰਜਾਬੀ ਐਪ ਡਾਊਨਲੋਡ ਕਰ ਸਕਦੇ ਹਨ। ਇਸ ਐਪ ਨੂੰ ਅਪਣੇ ਫ਼ੋਨ ਵਿਚ ਇੰਸਟਾਲ ਕਰ ਕੇ ਤੁਸੀ ਜੋ ਵੀ ਬੋਲੋਗੇ, ਉਹ ਅਪਣੇ ਆਪ ਹੀ ਟਾਈਪ ਹੋ ਜਾਵੇਗਾ ਤੇ ਤੁਸੀ ਮੇਰੇ ਲੇਖਾਂ ਦਾ ਮੂੰਹ ਤੋੜ ਜਵਾਬ ਦੇ ਸਕੋਗੇ। ਇਸ ਤਰ੍ਹਾਂ ਤੁਹਾਨੂੰ ਵੀ ਪਤਾ ਲੱਗ ਜਾਵੇਗਾ ਕਿ ਇਕ ਲੇਖ ਤਿਆਰ ਕਰਨ ਲਈ ਕਿੰਨਾ ਸਮਾਂ ਤੇ ਮਿਹਨਤ ਲਗਦੀ ਹੈ।
ਅਜਕਲ ਤਾਂ ਯੂ-ਟੀਉਬ ਨੇ ਵੀ ਤਕਨੀਕ ਦੇ ਖੇਤਰ ਵਿਚ ਬੜੀਆਂ ਮੱਲ੍ਹਾਂ ਮਾਰੀਆਂ ਹਨ। ਮੈਂ ਤਾਂ ਅਪਣੇ ਲੇਖ ਤੇ ਅਪਣੀ ਗੱਲ ਇਸ ਮਾਧਿਅਮ ਰਾਹੀਂ ਵੀ ਲੋਕਾਈ ਤਕ ਪਹੁਚਾਉਣੀ ਸ਼ੁਰੂ ਕਰ ਦਿਤੀ ਹੈ। ਸੋ ਅੰਤ ਵਿਚ ਮੈਂ ਅਪਣੇ ਵਿਰੋਧੀ ਸੱਜਣਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਤੁਸੀ ਅਪਣੀ ਸੋਚ ਦਾ ਦਾਇਰਾ ਇਕ ਟੋਭੇ ਦੇ ਡੱਡੂ ਜਿਨਾ ਰਖਿਆ ਹੋਇਆ ਹੈ ਤੇ ਸਾਡੀ ਸੋਚ ਨੂੰ ਸਪੋਕਸਮੈਨ ਨੇ ਆਜ਼ਾਦ ਕਰ ਦਿਤਾ ਹੈ। ਤੁਹਾਡੇ ਲਈ ਤੁਹਾਡੇ ਸਾਧ, ਬਾਬੇ, ਅਖੌਤੀ ਸੰਤ ਹੀ ਰੱਬ ਹਨ, ਪਰ ਸਾਡੇ ਲਈ ਬਾਬਾ ਨਾਨਕ ਜੀ ਦੁਆਰਾ ਮੂਲ ਮੰਤਰ ਵਿਚ ਦਰਸਾਇਆ ਰੱਬ ਦਾ ਸਰੂਪ ਹੀ ਉਸ ਪ੍ਰਭੂ ਦੀ ਝਲਕ ਸਾਨੂੰ ਵਿਖਾ ਦਿੰਦਾ ਹੈ। ਸੱਚ ਦਾ ਵਿਰੋਧ ਹਮੇਸ਼ਾ ਹੁੰਦਾ ਆਇਆ ਹੈ ਤੇ ਇਹ ਹੁੰਦਾ ਹੀ ਰਹੇਗਾ।
ਪੈਸੇ ਲੈ ਕੇ ਲੇਖ ਲਿਖਣ ਵਾਲੇ ਜਾਂ ਵੱਡੀਆਂ-ਵੱਡੀਆਂ ਕਿਤਾਬਾਂ ਲਿਖਣ ਵਾਲੇ ਰੋਜ਼ਾਨਾ ਸਪੋਕਸਮੈਨ ਵਿਚ ਅਪਣੀ ਥਾਂ ਨਹੀਂ ਬਣਾ ਸਕਦੇ। ਉਨ੍ਹਾਂ ਦੀ ਥਾਂ ਵੱਡੀਆਂ-ਵੱਡੀਆਂ ਯੂਨੀਵਰਸਟੀਆਂ ਵਿਚ ਹੁੰਦੀ ਹੈ ਤੇ ਉਨ੍ਹਾਂ ਨੂੰ ਸਰਕਾਰੀ ਸਰਪ੍ਰਸਤੀ ਵੀ ਹਾਸਲ ਹੁੰਦੀ ਹੈ। ਮੇਰਾ ਇਹ ਦਾਵਾ ਹੈ ਕਿ ਅਜਿਹੇ ਬੰਦਿਆਂ ਨਾਲ ਤੁਸੀ ਉਚੀ ਆਵਾਜ਼ ਵਿਚ ਗੱਲ ਵੀ ਨਹੀਂ ਕਰ ਸਕਦੇ। ਲਿਖਣ ਦਾ ਸ਼ੌਕ ਵੀ ਹਰ ਕਿਸੇ ਨੂੰ ਨਹੀਂ ਹੁੰਦਾ। ਇਹ ਵੀ ਪ੍ਰਮਾਤਮਾਂ ਵਲੋਂ ਬਖ਼ਸ਼ੀ ਇਕ ਦਾਤ ਹੀ ਹੈ। ਸੋਚੋ ਜ਼ਰਾ ਵੀਰ ਰਾਜਬੀਰ ਸਿੰਘ (ਰਿਕਸ਼ਾ ਚਾਲਕ) ਸਾਰੀ ਦਿਹਾੜੀ ਹੱਡ ਭੰਨਵੀਂ ਮਿਹਨਤ ਕਰ ਕੇ ਰਾਤ ਨੂੰ ਅਪਣੇ ਸੌਣ ਸਮੇਂ ਵਿਚੋਂ ਸਮਾਂ ਕੱਢ ਕੇ ਹੀ ਲਿਖਦਾ ਹੋਵੇਗਾ।
ਹਰਬੰਸ ਸਿੰਘ ਸ਼ਾਨ, ਵੀਰ ਅਵਤਾਰ ਸਿੰਘ ਖੰਨਾ ਅਪਣੀਆਂ ਕਵਿਤਾਵਾਂ ਤੇ ਚਿੱਠੀਆਂ ਵੀ ਰਾਤ ਨੂੰ ਹੀ ਸਮਾਂ ਕੱਢ ਕੇ ਲਿਖਦੇ ਹੋਣਗੇ। ਮੈਂ ਭਾਵੇ ਲੇਖ ਅਪਣੇ ਲੈਪਟਾਪ ਤੇ ਲਿਖਦਾ ਹਾਂ ਪਰ ਫਿਰ ਵੀ ਮੈਨੂੰ ਇਕ ਲਿਖਤ ਤਿਆਰ ਕਰਨ ਨੂੰ ਕਈ-ਕਈ ਦਿਨ ਲੱਗ ਜਾਂਦੇ ਹਨ। ਸੋ ਮੇਰੇ ਵਿਰੋਧੀ ਸੱਜਣੋ, ਅਸੀਂ ਉਹ ਨਹੀਂ ਹਾਂ ਜੋ ਪੈਸੇ ਦੇ ਲਾਲਚ ਵਿਚ ਅਪਣਾ ਜ਼ਮੀਰ ਵੇਚ ਕੇ ਲਿਖਦੇ ਹਨ। ਉਨ੍ਹਾਂ ਲੇਖਕਾਂ ਦੇ ਜੇ ਤੁਸੀ ਦਰਸ਼ਨ ਕਰਨੇ ਹਨ, ਤਾਂ ਬਾਬਿਆਂ ਜਾਂ ਸਾਧਾਂ ਵਲੋਂ ਛਪਵਾਏ ਜਾਂਦੇ ਮਹੀਨਾਵਾਰੀ ਮੈਗਜ਼ੀਨਾਂ ਵਿਚ ਕਰ ਸਕਦੇ ਹੋ। ਅਖ਼ੀਰ ਵਿਚ ਮੈਂ ਇਹ ਜ਼ਰੂਰ ਆਖਾਂਗਾ ਕਿ ਜਿਹੜੇ ਵੀਰ, ਮੇਰੇ (ਪੁਰਾਣੇ ਤੇ ਨਵੇਂ) ਲਿਖੇ ਹੋਏ ਲੇਖਾਂ ਦਾ ਲੇਖ (ਲਿਖਤੀ) ਰੂਪ ਵਿਚ ਹੀ ਵਿਰੋਧ ਕਰਨਗੇ, ਮੈਂ ਉਨ੍ਹਾਂ ਵੀਰਾਂ ਨੂੰ ਅਪਣੇ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ (ਚਾਰ ਭਾਗ) ਬਿਲਕੁਲ ਮੁਫ਼ਤ ਦੇਵਾਂਗਾ। ਗਿਣਤੀ ਮਿਣਤੀ ਦੀ ਕੋਈ ਸੀਮਾਂ ਨਹੀਂ। ਮੈਂ ਆਪ ਜੀ ਦੇ ਲਿਖਤੀ ਵਿਰੋਧ ਦੀ ਉਡੀਕ ਕਰਾਂਗਾ।
ਸੰਪਰਕ : 88475-46903