ਮੇਰੇ ਦੇਸ਼ ਦਾ ਭਵਿੱਖ ਕਿੱਧਰ ਨੂੰ ਜਾ ਰਿਹੈ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਨੌਜਵਾਨ, ਦੇਸ਼ ਦਾ ਭਵਿੱਖ ਹੁੰਦੇ ਹਨ, ਆਉਣ ਵਾਲੇ ਸਮੇਂ ਦੀ ਵਾਗਡੋਰ ਨੌਜਵਾਨਾਂ ਦੇ ਹੱਥ ਆਉਣ ਤੇ ਦੇਸ਼ ਦੀ ਤਕਦੀਰ ਬਦਲ ਜਾਣ ਦੀ ਸਮਰੱਥਾ ਹੁੰਦੀ ਹੈ..............

Airport

ਨੌਜਵਾਨ, ਦੇਸ਼ ਦਾ ਭਵਿੱਖ ਹੁੰਦੇ ਹਨ, ਆਉਣ ਵਾਲੇ ਸਮੇਂ ਦੀ ਵਾਗਡੋਰ ਨੌਜਵਾਨਾਂ ਦੇ ਹੱਥ ਆਉਣ ਤੇ ਦੇਸ਼ ਦੀ ਤਕਦੀਰ ਬਦਲ ਜਾਣ ਦੀ ਸਮਰੱਥਾ ਹੁੰਦੀ ਹੈ। ਸਾਡੀ ਵਧਦੀ ਅਬਾਦੀ ਸਾਡੇ ਲਈ ਵਰਦਾਨ ਵੀ ਹੋ ਸਕਦੀ ਹੈ, ਜੇਕਰ ਸਾਡੀ ਨੌਜਵਾਨੀ ਦੀ ਸਹੀ ਵਰਤੋਂ ਕੀਤੀ ਜਾਵੇ। ਮੇਰੇ ਖ਼ਿਆਲ ਵਿਚ ਸਾਡਾ ਦੇਸ਼ ਦੁਨੀਆਂ ਦਾ ਅਜਿਹਾ ਪਹਿਲਾ ਦੇਸ਼ ਹੋਵੇਗਾ ਜਿਸ ਕੋਲ ਜੋਸ਼ ਭਰਪੂਰ ਨੌਜਵਾਨ ਸੱਭ ਤੋਂ ਵੱਧ ਹਨ। ਪ੍ਰੰਤੂ ਸਾਡੀਆਂ ਸਰਕਾਰਾਂ ਇਨ੍ਹਾਂ ਦੀ ਵਰਤੋਂ ਕਰਨ ਵਿਚ ਨਾਕਾਮ ਹਨ। ਸਾਡੇ ਨੌਜਵਾਨ ਮਾਯੂਸ ਹੋ ਰਹੇ ਹਨ।

ਵਿਦਿਆ ਦਾ ਵਪਾਰੀਕਰਨ ਕਰ ਕੇ ਪ੍ਰਾਈਵੇਟ ਯੂਨੀਵਰਸਟੀਆਂ ਨੇ ਲੱਖਾਂ ਰੁਪਏ ਲੁੱਟ ਕੇ ਵਿਦਿਆਰਥੀਆਂ ਦੇ ਹੱਥ ਕਾਗ਼ਜ਼ਾਂ ਦੀਆਂ ਡਿਗਰੀਆਂ ਫੜਾ ਦਿਤੀਆਂ ਪਰ ਨੌਕਰੀ ਕਿਸੇ ਲਈ ਵੀ ਨਹੀਂ। ਸਰਕਾਰਾਂ ਨੇ ਰੁਜ਼ਗਾਰ ਦੇ ਕੋਈ ਮੌਕੇ ਪੈਦਾ ਹੀ ਨਹੀਂ ਕੀਤੇ। ਕਿਸੇ ਵੀ ਵਿਦਿਆਰਥੀ ਦੇ ਹੱਥ ਵਿਚ ਕੋਈ ਹੁਨਰ ਨਹੀਂ ਜਿਸ ਨਾਲ ਉਹ ਦੋ ਡੰਗ ਦੀ ਰੋਟੀ ਕਮਾ ਸਕੇ। ਅੱਜ ਇਕ ਸਰਕਾਰੀ ਚਪੜਾਸੀ ਦੀ ਨੌਕਰੀ ਲਈ ਪੀਐਚਡੀ ਤਕ ਦੇ ਵਿਦਿਆਰਥੀ ਨੂੰ ਅਪਲਾਈ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਨੌਕਰੀ ਲਈ ਭਰਤੀ ਦੇ ਟੈਸਟ ਲੈਣ ਦੇ ਬਹਾਨੇ ਕਰੋੜਾਂ ਰੁਪਏ ਲੁੱਟੇ ਜਾ ਰਹੇ ਹਨ।

ਅੱਜ ਹਰ ਜਗ੍ਹਾ ਪ੍ਰਾਈਵੇਟ ਅਦਾਰਿਆਂ ਵਿਚ ਪੜ੍ਹੇ ਲਿਖੇ ਵਿਦਿਆਰਥੀਆਂ ਦਾ ਸੋਸ਼ਣ ਹੋ ਰਿਹਾ ਹੈ। ਪੜ੍ਹਾਈ ਉਪਰ ਲੱਖਾਂ ਰੁਪਏ ਖਰਚ ਕਰ ਕੇ ਨੌਕਰੀਉਂ ਵਿਹਲੇ ਹੋਏ ਕੁੱਝ ਨੌਜਵਾਨ ਨਸ਼ਿਆਂ ਦੀ ਦਲ-ਦਲ ਵਿਚ ਫਸਣ ਲੱਗੇ ਪਏ ਹਨ। ਮਾਯੂਸੀ ਦੇ ਆਲਮ ਵਿਚ ਘਿਰਿਆ ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰਨ ਲਈ ਮਜਬੂਰ ਹੋ ਗਿਆ ਹੈ। ਵਿਦੇਸ਼ਾਂ ਦੀਆਂ ਸਰਕਾਰਾਂ ਸਾਡੇ ਨਿਰਾਸ਼ਾ ਵਿਚ ਘਿਰੇ ਨੌਜਵਾਨਾਂ ਲਈ ਵਰਦਾਨ ਸਾਬਤ ਹੋਣ ਲਗੀਆਂ।  ਉਨ੍ਹਾਂ ਦੇਸ਼ਾਂ ਨੇ ਅਗਾਂਹਵਧੂ ਸੋਚ ਨੂੰ ਅਪਣਾਉਂਦੇ ਹੋਏ ਸਾਡੇ ਵਿਦਿਆਰਥੀਆਂ ਲਈ ਅਪਣੇ ਦਰਵਾਜ਼ੇ ਖੋਲ੍ਹ ਦਿਤੇ।

ਉਹ ਸਾਡੀ ਜਵਾਨੀ ਤੇ ਪੈਸੇ ਨੂੰ ਅਪਣੇ ਦੇਸ਼ ਲਈ ਵਰਤਣ ਲੱਗੇ। ਵਿਦੇਸ਼ਾਂ ਦੀ ਚਕਾਚੌਂਧ ਉਥੋਂ ਦੇ ਖ਼ੁਸ਼ਹਾਲ ਜੀਵਨ ਨੇ ਵਿਦਿਆਰਥੀਆਂ ਨੂੰ ਅਪਣੇ ਵੱਲ ਖਿਚਿਆ, ਉਥੇ ਦਾ ਸਿਸਟਮ ਹਰ ਨੌਜਵਾਨ ਨੂੰ ਅਪਣੇ ਪੈਰਾਂ ਉਤੇ ਖੜਨ ਦੇ ਯੋਗ ਬਣਾਉਣ ਲਗਿਆ ਜਿਸ ਬਦਲੇ ਉਹ ਸਾਡੇ ਕੋਲੋਂ ਵੱਧ ਫ਼ੀਸਾਂ ਵੀ ਵਸੂਲ ਕਰ ਰਹੇ ਹਨ। ਪੰਜਾਬੀ ਬਹੁਤ ਮਿਹਨਤੀ ਹਨ, ਇਨ੍ਹਾਂ ਨੂੰ ਮਿਹਨਤ ਦਾ ਮੌਕਾ ਮਿਲੇ ਤਾਂ ਇਹ ਕਦੇ ਵੀ ਪਿਛੇ ਨਹੀਂ ਹਟਦੇ। ਵਿਦੇਸ਼ਾਂ ਵਿਚ ਪੜ੍ਹਾਈ ਦੇ ਨਾਲ-ਨਾਲ ਸ਼ਿਫਟਾਂ ਵਿਚ ਕੰਮ ਕਰਦੇ ਹਨ ਤੇ ਅਪਣਾ ਖਾਣਾ ਤਕ ਆਪ ਬਣਾਉਂਦੇ ਹਨ। ਅਪਣੀਆਂ ਫ਼ੀਸਾਂ ਤਕ ਆਪ ਕੱਢਣ ਲਈ ਸਖ਼ਤ ਮਿਹਨਤ ਕਰਦੇ ਹੋਏ ਦਿਨ ਰਾਤ ਇਕ ਕਰ ਦਿੰਦੇ ਹਨ।

ਅੱਜ ਦੁਨੀਆਂ ਦਾ ਅਜਿਹਾ ਕਿਹੜਾ ਦੇਸ਼ ਹੈ ਜਿਥੇ ਪੰਜਾਬੀਆਂ ਨੇ ਅਪਣੀ ਸਖ਼ਤ ਮਿਹਨਤ ਨਾਲ ਬੁਲੰਦੀਆਂ ਦੇ ਝੰਡੇ ਨਾ ਗੱਡੇ ਹੋਣ। ਪਰ ਅਸੀ ਅਪਣੇ ਹੀ ਦੇਸ਼ ਵਿਚ ਇਕ ਡੰਗ ਦੀ ਰੋਟੀ ਨੂੰ ਤਰਸਣ ਲੱਗੇ ਹਾਂ। ਪੂਰੇ ਦੇਸ਼ ਦਾ ਪੇਟ ਭਰਨ ਲਈ ਫ਼ਸਲਾਂ ਦੀ ਵੱਧ ਪੈਦਾਵਾਰ ਦੇ ਚੱਕਰ ਵਿਚ ਅਸੀ ਅਪਣੀ ਧਰਤੀ ਮਾਂ ਨੂੰ ਵੀ ਨਸ਼ੇ ਤੇ ਲਗਾ ਲਿਆ ਹੈ। ਅਪਣਾ ਅੰਮ੍ਰਿਤ ਵਰਗਾ ਪਾਣੀ ਜ਼ਹਰੀਲਾ ਕਰ ਲਿਆ ਤੇ ਹਵਾ ਵੀ ਪ੍ਰਦੂਸ਼ਿਤ ਕਰ ਰਹੇ ਹਾਂ। ਇਸੇ ਲਈ ਅਸੀ ਅੱਜ ਨਾ-ਮੁਰਾਦ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਜਾ ਰਹੇ ਹਾਂ।  ਦਵਾਈਆਂ ਤੇ ਹਸਪਤਾਲਾਂ ਵਿਚ ਸਾਡੀ ਲੁੱਟ ਹੋ ਰਹੀ ਹੈ। ਅੱਜ ਇਕ ਕਰਿਆਨੇ ਦੀ ਦੁਕਾਨ ਨਾਲੋਂ ਵੱਧ ਵਿਕਰੀ ਦਵਾਈਆਂ ਦੀ ਦੁਕਾਨ ਦੀ ਹੁੰਦੀ ਹੈ। 

ਸਾਡਾ ਕਿਸਾਨ ਕਰਜ਼ੇ ਦਾ ਮਾਰਿਆ ਖ਼ੁਦਕੁਸ਼ੀਆਂ ਕਰ ਰਿਹੈ, ਵਪਾਰ ਤੇ ਉਦਯੋਗ ਸਾਡੇ ਖ਼ਤਮ ਹੋ ਰਹੇ ਹਨ। ਅੱਜ ਅਜਿਹੇ ਗੰਭੀਰ ਹਾਲਾਤਾਂ ਸਦਕਾ ਹਰ ਬੰਦਾ ਅਪਣੇ ਹੀਰੇ ਵਰਗੇ ਬੱਚਿਆਂ ਨੂੰ ਬਾਹਰ ਭੇਜਣ ਲਈ ਮਜਬੂਰ ਹੈ। ਏਅਰਪੋਰਟ ਉਤੇ ਜਾ ਕੇ ਵੇਖੀਏ ਤਾਂ ਜਹਾਜ਼ਾਂ ਦੇ ਜਹਾਜ਼ ਸਾਡੇ ਤੇਜ਼ ਦਿਮਾਗ਼ ਬੱਚਿਆਂ ਦੇ ਭਰੇ ਵਿਦੇਸ਼ਾਂ ਵਲ ਜਾ ਰਹੇ ਹਨ। ਸੱਭ ਤੋਂ ਪਹਿਲਾਂ ਸਾਡੀ ਖ਼ੂਬਸੂਰਤੀ ਬਾਹਰ ਗਈ, ਅੱਜ ਸਾਡੇ ਤੇਜ਼ ਦਿਮਾਗ਼ ਬੱਚੇ ਤੇ ਦੇਸ਼ ਦਾ ਧਨ ਬਾਹਰ ਜਾ ਰਹੇ ਹਨ। ਇਸ ਦਾ ਜ਼ਿੰਮੇਵਾਰ ਸਾਡਾ ਭ੍ਰਿਸ਼ਟ –ਤੰਤਰ ਹੈ। ਵਿਦੇਸ਼ਾਂ ਵਿਚ ਕਿਸੇ ਕੋਲ ਵਿਹਲ ਨਹੀਂ, ਸਾਡੇ ਕੋਲ ਕੰਮ ਨਹੀਂ।

ਵਿਦੇਸ਼ਾਂ ਵਿਚ ਪੜ੍ਹਾਈ ਦੇ ਨਾਲ–ਨਾਲ ਕੰਮ ਕਰ ਕੇ ਅਪਣੇ ਪੈਰਾਂ ਸਿਰ ਖੜੇ ਹੋ ਕੇ ਨੌਜਵਾਨ ਬਹੁਤ ਖ਼ੁਸ਼ ਹਨ। ਸਾਨੂੰ  ਇਸ ਦਾ ਬਹੁਤ ਡਰ ਹੈ ਕਿ ਜੇਕਰ ਪੰਜਾਬ ਦੇ ਹਾਲਾਤ ਇਹੋ ਜਿਹੇ ਹੀ ਰਹੇ ਤਾਂ ਇਕ ਦਿਨ ਪੂਰਾ ਪੰਜਾਬ ਇਥੋਂ ਪਲਾਇਨ ਕਰ ਜਾਵੇਗਾ, ਆਉਣ ਵਾਲੇ ਸਮੇਂ ਵਿਚ ਸਾਡੇ ਕੋਲ ਕੋਈ ਵੀ ਨੌਜੁਆਨ ਨਹੀਂ ਲੱਭੇਗਾ, ਇਥੇ ਸੱਭ ਬਜ਼ੁਰਗ ਹੀ ਰਹਿ ਜਾਣਗੇ। ਅੱਜ ਦੁਆਬੇ ਦੀਆਂ ਵੱਡੀਆਂ-ਵੱਡੀਆਂ ਕੋਠੀਆਂ ਵਿਚ ਯੂਪੀ ਬਿਹਾਰ ਤੋਂ ਆਉਣ ਵਾਲੇ ਲੋਕ ਵੱਸ ਰਹੇ ਹਨ। ਅੱਜ ਪੂਰੀ ਦੁਨੀਆਂ ਵਿਚ ਸੱਭ ਤੋਂ ਵੱਧ ਪੰਜਾਬੀ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਹੋਰ ਕਈ ਦੇਸ਼ਾਂ ਵਿਚ ਬੁਲੰਦੀਆਂ ਛੂਹ ਰਹੇ ਹਨ।

ਪਹਿਲਾਂ ਵਿਦੇਸ਼ਾਂ ਦੇ ਕਮਾਏ ਡਾਲਰਾਂ ਨਾਲ ਜ਼ਮੀਨਾਂ ਖ਼ਰੀਦੀਆਂ ਜਾਂਦੀਆਂ ਸਨ। ਇਸੇ ਲਈ ਜ਼ਮੀਨਾਂ ਦੇ ਭਾਅ ਅਸਮਾਨੀ ਚੜ੍ਹ ਰਹੇ ਸਨ। ਅੱਜ ਇਥੋਂ ਜ਼ਮੀਨਾਂ ਵੇਚ ਕੇ ਲੋਕੀ ਵਿਦੇਸ਼ਾਂ ਵਿਚ ਘਰ ਖ਼ਰੀਦ ਰਹੇ ਹਨ ਜਿਸ ਕਰ ਕੇ ਸਾਡੀਆਂ ਸੋਨੇ ਵਰਗੀਆਂ ਜ਼ਮੀਨਾਂ ਮਿੱਟੀ ਦੇ ਭਾਅ ਰੁਲ ਰਹੀਆਂ ਹਨ। ਸਾਡੀ ਉਪਜਾਊ ਧਰਤੀ ਦਾ ਦੁਨੀਆਂ ਦੀ ਕੋਈ ਵੀ ਧਰਤੀ ਮੁਕਾਬਲਾ ਨਹੀਂ ਕਰਦੀ।  ਸਾਡਾ ਸਾਰੇ ਸਾਲ ਦਾ ਮੌਸਮ ਫ਼ਸਲਾਂ ਲਈ ਲਾਹੇਵੰਦ ਹੈ। ਅਜਿਹਾ ਮੌਸਮ ਪੂਰੀ ਦੁਨੀਆਂ ਵਿਚ ਕਿਤੇ ਵੀ ਨਹੀਂ, ਜਿਥੇ ਹਰ ਪੰਦਰਾਂ ਦਿਨਾਂ ਬਾਅਦ ਮੌਸਮ ਬਦਲਦਾ ਹੋਵੇ। ਅੱਜ ਸਾਡੀ ਸੋਨਾ ਪੈਦਾ ਕਰਨ ਵਾਲੀ ਜ਼ਮੀਨ ਪਾਣੀ ਦੀ ਘਾਟ ਹੋਣ ਕਾਰਨ ਬੰਜਰ ਹੋ ਰਹੀ ਹੈ। 

ਸਾਡੇ ਸਿਆਸੀ ਆਗੂਆਂ ਨੂੰ ਅਪਣੇ ਭਵਿੱਖ ਤੋਂ ਬਿਨਾਂ ਦੇਸ਼ ਦੇ ਕਿਸੇ ਵੀ ਨਾਗਰਕ ਦਾ ਕੋਈ ਵੀ ਫ਼ਿਕਰ ਨਹੀਂ। ਸਾਡੇ ਦੇਸ਼ ਨੂੰ ਆਜ਼ਾਦ ਹੋਇਆਂ ਅੱਜ 71 ਸਾਲ ਹੋ ਗਏ ਹਨ। ਸਾਡੀ ਗੰਦੀ ਰਾਜਨੀਤੀ ਨੇ ਅੱਜ ਵੀ ਸਾਨੂੰ ਗਲੀਆਂ ਨਾਲੀਆਂ, ਸੜਕਾਂ, ਬਿਜਲੀ ਅਤੇ ਕਈ ਛੋਟੀਆਂ-ਛੋਟੀਆਂ ਸਮੱਸਿਆਵਾਂ ਵਿਚ ਉਲਝਾ ਕੇ ਰਖਿਆ ਹੋਇਆ ਹੈ। ਅਸੀ ਤਰੱਕੀ ਕਦੋਂ ਕਰਾਂਗੇ, ਅੱਜ ਵੀ ਮੁਢਲੀਆਂ ਸਹੂਲਤਾਂ ਤੋਂ ਵਾਂਝੇ ਹਾਂ। ਡਿਜੀਟਲ ਲੈਣ-ਦੇਣ ਕਰਨਾ ਤਾਂ ਸਾਡੇ ਲਈ ਮਜਬੂਰੀ ਬਣਦੀ ਜਾ ਰਹੀ ਹੈ। ਦੂਜੇ ਪਾਸੇ ਟੀ.ਵੀ. ਉਪਰ ਦਰਵਾਜ਼ਾ ਬੰਦ ਤੋਂ ਬਿਮਾਰੀ ਬੰਦ“ਕਰਨਾ ਸਾਨੂੰ ਅੱਜ ਵੀ ਸਿਖਾਇਆ ਜਾ ਰਿਹਾ ਹੈ, ਬਹੁਤ ਹੀ ਸ਼ਰਮ ਦੀ ਗੱਲ ਹੈ।

ਨੈਟਵਰਕਿੰਗ ਰਾਹੀਂ ਸਾਈਬਰ ਕ੍ਰਾਈਮ ਕਰਨ ਵਾਲੇ ਠੱਗ ਭੋਲੇ-ਭਾਲੇ ਲੋਕਾਂ ਨੂੰ ਵਰਗਲਾ ਕੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚੋਂ ਲੱਖਾਂ ਰੁਪਇਆ ਕੱਢ ਲੈਂਦੇ ਹਨ ਜਿਸ ਦੀ ਕੋਈ ਵੀ ਸੁਣਵਾਈ ਨਹੀਂ ਹੁੰਦੀ ਜਦੋਂ ਕਿ ਬੈਂਕ ਖਾਤੇ ਵਿਚੋਂ ਰੁਪਏ ਨਿਕਲ ਕੇ ਕਿਸੇ ਨਾ ਕਿਸੇ ਬੈਂਕ ਖਾਤੇ ਵਿਚ ਹੀ ਜਾਂਦੇ ਹਨ। ਫਿਰ ਉਨ੍ਹਾਂ ਨੂੰ ਫੜਿਆ ਕਿਉਂ ਨਹੀਂ ਜਾਂਦਾ? ਕਹਿੰਦੇ ਹਨ, ''ਜਿਹੜੇ ਦੇਸ਼ ਦਾ ਰਾਜਾ ਵਪਾਰੀ ਹੋਵੇ ਉਸ ਦੇਸ਼ ਦੀ ਪ੍ਰਜਾ ਕਦੇ ਵੀ ਸੁਖੀ ਨਹੀਂ ਰਹਿ ਸਕਦੀ।'' ਅੱਜ ਸਾਡੇ ਦੇਸ਼ ਦੀ ਵਾਗਡੋਰ ਪੂੰਜੀਪਤੀਆਂ ਦੇ ਹੱਥ ਵਿਚ ਹੈ। ਇਹ ਧੰਨਾ ਸੇਠ ਜਨਤਾ ਦੇ ਪੈਸੇ ਉਪਰ ਐਸ਼ ਦੀ ਜ਼ਿੰਦਗੀ ਗੁਜ਼ਾਰ ਰਹੇ ਹਨ।

ਦੇਸ਼ ਦੇ ਕਿਸੇ ਵੀ ਉਦਯੋਗਪਤੀ ਦੇ ਕਰਜ਼ੇ ਦੇ ਅੰਕੜੇ ਵੇਖੋ ਸੱਭ ਪਤਾ ਚਲ ਜਾਵੇਗਾ। ਕੁੱਝ ਤਾਂ ਲੱਖਾਂ ਹਜ਼ਾਰ ਕਰੋੜ ਰੁਪਏ ਲੈ ਕੇ ਰਫ਼ੂ ਚੱਕਰ ਹੋ ਗਏ ਹਨ। ਅੱਜ ਸਾਡੇ ਸਾਧ ਵਪਾਰੀ ਬਣ ਰਹੇ ਹਨ ਤੇ ਵਪਾਰੀਆਂ ਨੂੰ ਜਬਰੀ ਸਾਧ ਬਣਾਇਆ ਜਾ ਰਿਹੈ। ਲੋਕਾਂ ਨੂੰ ਮੂਰਖ ਬਣਾ ਕੇ ਜਾਨਵਰਾਂ ਦਾ ਪਿਸ਼ਾਬ ਤਕ ਵੇਚਿਆ ਜਾ ਰਿਹੈ। ਕਿਸਾਨ  ਦੀਆਂ ਫ਼ਸਲਾਂ ਤਕ ਰੁਲ ਰਹੀਆਂ ਹਨ। ਕਿਸਾਨ ਨੂੰ ਝੋਨੇ ਦੇ ਚੱਕਰ ਵਿਚੋਂ ਕਢਣਾ ਚਾਹੀਦਾ ਹੈ। ਸਾਡੇ ਪਾਣੀ ਦੀ ਬਰਬਾਦੀ ਦਾ ਸੱਭ ਤੋਂ ਵੱਡਾ ਕਾਰਨ ਇਹੀ ਬਣ ਰਿਹਾ ਹੈ। ਕਿਸਾਨ ਬਾਸਮਤੀ ਬੀਜਦਾ ਹੈ ਤਾਂ ਉਸ ਦੀ ਫ਼ਸਲ ਦਾ ਮੁੱਲ ਨਹੀਂ ਮਿਲਦਾ, ਆਲੂ-ਪਿਆਜ਼ ਬੀਜਦਾ ਹੈ, ਉਸ ਨੂੰ ਮਿਹਨਤ ਦਾ ਮੁੱਲ ਵੀ ਨਸੀਬ ਨਹੀਂ ਹੁੰਦਾ

ਆਖ਼ਰ ਫ਼ਸਲਾਂ ਨੂੰ ਸੜਕਾਂ ਉਪਰ ਸੁੱਟਣ ਲਈ ਮਜਬੂਰ ਹੁੰਦਾ ਹੈ ਜਾਂ ਬਹੁਤ ਹੀ ਘੱਟ ਕੀਮਤ ਉਤੇ ਵੇਚਣ ਲਈ ਮਜਬੂਰ ਹੁੰਦਾ ਹੈ। ਫਿਰ ਉਸੇ ਫ਼ਸਲ ਦਾ ਵਪਾਰੀਕਰਨ ਕਰ ਕੇ ਕਈ ਗੁਣਾਂ ਵੱਧ ਕੀਮਤ ਵਸੂਲੀ ਜਾਂਦੀ ਹੈ। ਆਲੂ ਦੇ ਚਿਪਸ ਬਣਾ ਕੇ, ਉਸ ਵਿਚ ਹਵਾ ਭਰ ਕੇ ਵੇਖ ਲਉ ਕਿਸ ਭਾਅ ਵਿਕਦੇ ਹਨ। 
ਹੁਣ ਬਾਜ਼ੀ ਹੱਥੋਂ ਨਿਕਲਦੀ ਜਾ ਰਹੀ ਹੈ ਫਿਰ ਮਗਰੋਂ ਪਛਤਾਉਣ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਨਸ਼ਾ, ਨਾ-ਮੁਰਾਦ ਬਿਮਾਰੀਆਂ ਤੇ ਬੇ-ਰੁਜ਼ਗਾਰੀ ਦਿਨੋਂ ਦਿਨ ਵਧਦੀ ਹੋਈ ਹਾਲਾਤ ਨੂੰ ਬਦਤਰ ਕਰਦੀ ਜਾ ਰਹੀ ਹੈ। ਪੰਜਾਬ ਦਾ ਅੰਨਦਾਤਾ ਪੰਜਾਬ ਵਿਚ ਹੀ ਭੁੱਖ-ਨੰਗ ਤੇ ਖ਼ੁਦਕੁਸ਼ੀਆਂ ਨਾਲ ਲੜ ਰਿਹੈ।

ਇਹੀ ਕਿਸਾਨ ਵਿਦੇਸ਼ਾਂ ਵਿਚ ਬੁਲੰਦੀਆਂ ਦੇ ਝੰਡੇ ਗੱਡ ਰਿਹੈ, ਕਿਉਂ? ਇਸ ਦਾ ਜ਼ਿੰਮੇਵਾਰ ਕੌਣ ਹੈ। ਮੇਰਾ ਸੋਹਣਾ ਦੇਸ਼ ਕਦੇ ਸੋਨੇ ਦੀ ਚਿੜੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਅੱਜ ਅਸੀ ਭ੍ਰਿਸ਼ਟਾਚਾਰ, ਨਸ਼ੇ, ਭੁੱਖਮਰੀ, ਗ਼ਰੀਬੀ ਤੇ ਖ਼ੁਦਕੁਸ਼ੀਆਂ ਵਿਚ ਉਪਰਲੇ ਨੰਬਰਾਂ ਵਿਚ ਆ ਗਏ ਹਾਂ। ਸਾਡੀ ਅਰਥਵਿਵਸਥਾ ਦੀ ਸਥਿਤੀ ਡਾਵਾਂ ਡੋਲ ਹੋ ਰਹੀ ਹੈ। ਸਾਡੀਆਂ ਸਰਕਾਰਾਂ ਸਾਨੂੰ ਆਟਾ- ਦਾਲ,  ਬਿਜਲੀ ਆਦਿ ਮੁਫ਼ਤ ਦੇਣ ਦੇ ਰੂਪ ਵਿਚ ਭੀਖ ਦੇਣ ਦਾ ਵਾਅਦਾ ਤਾਂ ਕਰਦੀਆਂ ਹਨ ਪਰ ਰੁਜ਼ਗਾਰ ਦੇਣ ਦਾ ਵਾਅਦਾ ਨਹੀਂ ਕਰਦੀਆਂ।

 ਹਿੰਦੂ, ਮੁਸਲਿਮ ਦੀਆਂ ਖੇਡਾਂ ਖੇਡਦੀਆਂ ਹੋਈਆਂ ਅਪਣੀ ਕੁਰਸੀ ਖ਼ਾਤਰ ਸਾਡੇ ਨਾਲ ਝੂਠੇ ਵਾਅਦੇ ਕਰ ਕੇ ਮੁਕਰਨਾ ਇਨ੍ਹਾਂ ਦੀ ਫ਼ਿਤਰਤ ਹੋ ਗਈ ਹੈ।  ਇਥੇ ਸਿਰਫ਼ 'ਮਨ ਕੀ ਬਾਤ' ਹੀ ਕੀਤੀ ਜਾਂਦੀ ਹੈ ਪਰ ਸੱਚੇ ਦਿਲੋਂ ਕੋਈ ਗੱਲ ਨਹੀਂ ਕੀਤੀ ਜਾਂਦੀ। ਸਾਰੇ ਬਿਜਲਈ ਮੀਡੀਆ (ਇਕ ਦੋ ਚੈਨਲਾਂ ਨੂੰ ਛੱਡ ਕੇ) ਦੇਸ਼ ਦੇ ਲੋਕਾਂ ਨੂੰ ਅਸਲੀਅਤ ਤੋਂ ਕੋਹਾਂ ਦੂਰ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨ ਲਈ ਧਮਕਾਇਆ ਜਾ ਰਿਹੈ। ਅਗਰ ਕੋਈ ਸਰਕਾਰ ਦੀ ਸਚਾਈ ਨੂੰ ਦੇਸ਼ ਦੇ ਨਾਗਰਿਕਾਂ ਅੱਗੇ ਪੇਸ਼ ਕਰਨ ਦਾ ਯਤਨ ਕਰਦਾ ਹੈ ਤਾਂ ਉਸ ਦਾ ਹਸ਼ਰ ਤੁਹਾਡੇ ਸਾਹਮਣੇ ਹੈ। 

ਵੇਖੋ ਸਾਡਾ ਲੋਕਤੰਤਰ ਕਿੰਨਾ ਮਹਾਨ ਹੈ। ਜਿਨ੍ਹਾਂ ਨੂੰ ਲੋਕ ਨਕਾਰ ਦੇਣ, ਉਹ ਸਾਡੇ ਮੰਤਰੀ ਬਣਦੇ ਹਨ। ਜਿਸ ਨੂੰ ਜਨਤਾ ਜਿਤਾ ਦੇਵੇ, ਉਸ ਨੂੰ ਰਾਜ ਨਹੀਂ ਕਰਨ ਦਿੰਦੇ। ਧੱਕੇਸ਼ਾਹੀ ਨਾਲ ਬਹੁਮਤ ਵਾਲੀਆਂ ਪਾਰਟੀਆਂ ਤੋਂ ਸਰਕਾਰ ਬਣਾਉਣ ਦੇ ਹੱਕ ਖੋਹ ਲਏ ਜਾਂਦੇ ਹਨ। ਇਹ ਸੱਭ ਕੁੱਝ ਤੁਸੀਂ ਅੱਖੀਂ ਵੇਖ ਹੀ ਚੁਕੇ ਹੋ। ਧੱਕੇਸ਼ਾਹੀ ਤੇ ਗੁੰਡਾਗਰਦੀ ਦਾ ਤਾਂ ਪਤਾ ਉਸ ਦਿਨ ਹੀ ਚਲ ਗਿਆ ਸੀ ਜਿਸ ਦਿਨ ਵੱਡੇ-ਵੱਡੇ ਘਾਗ ਨੇਤਾਵਾਂ ਨੂੰ ਖੂੰਜੇ ਲਗਾ ਕੇ ਬਿਠਾ ਦਿਤਾ ਸੀ ਜਿਨ੍ਹਾਂ ਨੇ ਅੱਜ ਤਕ ਚੂੰ ਨਹੀਂ ਕੀਤੀ।

ਨਿਰਾ ਬੜ੍ਹਕਾਂ ਨਾਲ ਕੁੱਝ ਨਹੀਂ ਬਣਨਾ। ਜਿੰਨਾ ਚਿਰ ਦੇਸ਼ ਦੀ ਜਨਤਾ ਵਧੀਆ ਆਜ਼ਾਦੀ ਨਾਲ ਖ਼ੁਸ਼ਹਾਲੀ ਦਾ ਜੀਵਨ ਨਹੀਂ ਜਿਊਂਦੀ ਉਨ੍ਹਾਂ ਚਿਰ ਕੋਈ ਵੀ ਫਾਇਦਾ ਨਹੀਂ। ਇਹ ਨਾ ਸਮਝਣਾ ਜਨਤਾ ਮੂਰਖ ਹੈ ਇਹ ਪਬਲਿਕ ਹੈ ਸੱਭ ਜਾਣਦੀ ਹੈ। ਨਾਗਰਿਕਾਂ ਦੇ ਹੱਕਾਂ ਨੂੰ ਖੋਹਣਾ ਖ਼ਤਰੇ ਤੋਂ ਖ਼ਾਲੀ ਨਹੀਂ ਹੁੰਦਾ, ਅਜੇ ਵੀ ਵਕਤ ਹੈ ਸੰਭਲ ਜਾਉ।  ਸੰਪਰਕ : 98151-64358