ਭਗਤ ਰਵਿਦਾਸ ਜੀ ਦੀ ਬਾਣੀ ਦੀ ਪੂਰੇ ਦੇਸ਼ ਵਿਚ ਪਹਿਲੀ ਖੋਜ-ਕਰਤਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਭਗਤ ਰਵਿਦਾਸ ਜੀ ਦੇ ਨਾਂ ਉਤੇ ਨਵ-ਗਠਿਤ ਲਾਵਾਂ ਪੜ੍ਹਾ ਕੇ ਵਿਆਹ ਰਚਾਉਣ ਵਾਲੇ ਜੋੜੇ ਵੀ ਇਸ ਪਾਪ ਦੇ ਉਨੇ ਹੀ ਭਾਗੀਦਾਰ ਹੋਣਗੇ ..

file photo

ਕੋਰੋਨਾ ਦੇ ਮਹਾਂਪ੍ਰਕੋਪ ਦੇ ਸ਼ੁਰੂ ਹੋਣ ਤੋਂ ਪਹਿਲਾਂ, ਗੁਜਰਾਤ ਰਹਿੰਦੇ ਮੇਰੇ ਪੇਂਡੂ ਭਰਾਵਾਂ ਨੇ ਇਕ ਵੀਡੀਉ ਭੇਜ ਕੇ ਮੈਨੂੰ ਪੁਛਿਆ ਸੀ ਕਿ ਕੀ ਇਹ ਤੁਕਬੰਦੀ ਭਗਤ ਰਵਿਦਾਸ ਜੀ ਦੀ ਬਾਣੀ ਵਿਚੋਂ ਹੋ ਸਕਦੀ ਹੈ? ਉਸ ਘਟੀਆ ਤੁਕਬੰਦੀ ਦੀ ਪਹਿਲੀ ਹੀ ਸੱਤਰ ਵੇਖ ਕੇ ਮੈਂ ਮੋੜਵਾਂ ਜਵਾਬ ਦੇਂਦਿਆਂ ਜੋ ਸੁਨੇਹਾ ਲਿਖਿਆ, ਉਹ ਸੀ, 'ਮਹਿਜ਼ ਬਕਵਾਸ' ਕਿਉਂਕਿ ਭਗਤ ਰਵਿਦਾਸ ਜੀ ਦੀ ਮਹਾਨ, ਅਜ਼ੀਮ, ਸ਼ਾਂਤਮਈ, ਸਹਿਜਮਈ ਤੇ ਪ੍ਰੇਰਣਾਮਈ ਬਾਣੀ ਦੇ ਅਲਫ਼ਾਜ਼, ਟੋਨ, ਲੈਅ, ਸੁੰਦਰਤਾ ਤੇ ਮਧੁਰਤਾ ਉਨ੍ਹਾਂ ਸਤਰਾਂ ਵਿਚੋਂ ਗ਼ਾਇਬ ਸਨ। ਕਿਸੇ ਸ਼ਾਤਰ ਦਿਮਾਗ਼ ਨੇ ਇਕ ਤੂਫ਼ਾਨ ਖੜਾ ਕਰਨ ਦੀ ਮਨਸ਼ਾ ਨਾਲ ਉਹ ਨਖਿੱਧ ਦੋਹ ਬਾਜ਼ਾਰ ਵਿਚ ਉਤਾਰਿਆ ਸੀ

ਜਿਸ ਵੰਨੀ ਇਨ੍ਹਾਂ ਸਤਰਾਂ ਦੀ ਲੇਖਕਾ ਨੇ ਉਦੋਂ ਤਾਂ ਵਧੇਰੇ ਧਿਆਨ ਨਾ ਦਿਤਾ ਪਰ ਹੁਣ ਜਦੋਂ ਪੂਰੀਆਂ ਮਨਘੜਤ ਲਾਵਾਂ ਦੀ ਵੀਡੀਉ ਕਿਸੇ ਵੀਰ ਨੇ ਮੈਨੂੰ ਭੇਜੀ ਤਾਂ ਮੇਰਾ ਮਨ ਤੜਪ ਉਠਿਆ ਕਿਉਂਕਿ ਪਿਛਲੇ 45 ਸਾਲਾਂ (ਸਾਰੀ ਜਵਾਨੀ) ਤੋਂ ਜਿਹੜਾ ਵਿਅਕਤੀ ਇਸ ਗੌਰਵਮਈ ਬਾਣੀ ਨਾਲ ਵਾਬਸਤਾ ਰਿਹਾ ਹੋਵੇ, ਉਹ ਇਸ ਦੀ ਕੀਤੀ ਜਾ ਰਹੀ ਦੁਰਵਰਤੋਂ, ਮਿਲਾਵਟ ਤੇ ਖੇਹ-ਖ਼ਰਾਬੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਭਗਤ ਰਵਿਦਾਸ ਜੀ ਦੇ ਨਾਂ ਉਤੇ ਨਵ-ਗਠਿਤ ਲਾਵਾਂ ਪੜ੍ਹਾ ਕੇ ਵਿਆਹ ਰਚਾਉਣ ਵਾਲੇ ਜੋੜੇ ਵੀ ਇਸ ਪਾਪ ਦੇ ਉਨੇ ਹੀ ਭਾਗੀਦਾਰ ਹੋਣਗੇ ਜਿੰਨੇ ਇਨ੍ਹਾਂ ਨੂੰ ਬਣਾਉਣ ਵਾਲੇ ਕਿਉਂਕਿ ਸਾਰੀ ਕਰਤੂਤ ਹੀ ਇਕ ਗਿਣੀ ਮਿੱਥੀ ਸਾਜ਼ਸ਼ ਦਾ ਨਤੀਜਾ ਹੈ। ਬਾਬੇ ਨਾਨਕ ਦੇ ਨਿਰਮਲ ਪੰਥ ਨੂੰ ਢਾਹ ਲਗਾਉਣ ਦੀ ਅਸਫ਼ਲ ਕੋਸ਼ਿਸ਼, ਖ਼ਾਲਸਾ ਪੰਥ ਨੂੰ ਲੀਹੋਂ ਲਾਹੁਣ ਦੀ ਨਾਕਾਮ ਹਰਕਤ ਹੈ। ਕੁੱਲ ਮਿਲਾ ਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ, ਬੌਧਕ, ਅਧਿਆਤਮਕ, ਪ੍ਰਾਸੰਗਕ ਤੇ ਇਤਿਹਾਸਕ ਨੂੰ ਇਕ ਵੰਗਾਰ ਹੈ।

ਬੇਸ਼ਕ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਜ ਸਮੁੱਚੇ ਸੰਸਾਰ ਦਾ ਸੱਭ ਤੋਂ ਵਿਲੱਖਣ, ਨਾਯਾਬ, ਨਿਆਰਾ, ਬੇਜੋੜ ਤੇ ਲਾਸਾਨੀ ਧਰਮ ਗ੍ਰੰਥ ਪ੍ਰਵਾਨਿਆ ਜਾ ਚੁੱਕਾ ਹੈ, ਇਸ ਦੀ ਸਰਵੋਤਮਤਾ, ਸਰਵਉਚਤਾ ਤੇ ਸ੍ਰੇਸ਼ਟਤਾ ਨਿਰਵਿਵਾਦਤ ਹੈ, ਇਸ ਦੀ ਸੰਪਾਦਨਾ ਬੇਸ਼ਕੀਮਤੀ ਹੈ, ਇਸ ਦੀ ਸਮੱਗਰੀ ਅਸਲੋਂ ਅਲੱਗ ਹੈ ਜਿਸ ਨੇ ਬੰਗਾਲ ਦੇ ਭਗਤ ਜੈ-ਦੇਵ ਤੋਂ ਲੈ ਕੇ ਮਹਾਂਰਾਸ਼ਟਰ ਦੇ ਭਗਤ ਨਾਮਦੇਵ ਤੇ ਭਗਤ ਤ੍ਰਿਲੋਚਨ ਨੂੰ ਹੀ ਛਾਤੀ ਨਾਲ ਨਹੀਂ ਲਾਇਆ, ਸਗੋਂ ਜ਼ਮਾਨੇ ਵਲੋਂ ਤ੍ਰਿਸਕਾਰੇ, ਫਿਟਕਾਰੇ, ਰੁਲਾਏ ਤੇ ਸਤਾਏ ਉਨ੍ਹਾਂ ਰਹਿਬਰਾਂ ਨੂੰ ਵੀ ਅਪਣੇ ਨਾਲ ਬਿਠਾਇਆ ਜਿਨ੍ਹਾਂ ਦੇ ਮਨੁੱਖੀ ਹੱਕਾਂ ਦਾ ਘਾਣ ਸ਼ਰੇਆਮ ਹੋ ਰਿਹਾ ਸੀ। 'ਉਪਦੇਸ਼ ਚਹੁੰ ਵਰਨਾ ਕਉ ਸਾਂਝਾ' ਤਾਂ ਹੈ ਹੀ ਸੀ ਪਰ ਉਪਦੇਸ਼ਕ ਵੀ ਸਾਰੀਆਂ ਜਾਤੀਆਂ, ਧਰਮਾਂ, ਸੰਪਰਦਾਵਾਂ, ਰੰਗਾਂ, ਭੇਦਾਂ, ਵੱਖਰਤਾਵਾਂ ਵਾਲੇ ਸਨ।

'ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ' ਦੀ ਥਾਂ-ਥਾਂ ਹੋਕਾ ਦੇਣ ਵਾਲੇ ਸਾਡੇ ਤਤਵੇਤੇ ਪੰਜ ਸਦੀਆਂ ਦੇ ਅੰਤਰਾਲ ਵਿਚ  ਹਜ਼ਾਰਾਂ ਮੀਲਾਂ ਦੇ ਫ਼ਾਸਲੇ ਉਤੇ ਵਿਚਰੇ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਨ੍ਹਾਂ ਦੀ ਸ਼ਮੂਲੀਅਤ ਦਾ ਪੈਮਾਨਾ ਕੇਵਲ ਬ੍ਰਹਿਮੰਡੀ ਵਿਚਾਰਧਾਰਾ, ਸਰਬ ਸਾਂਝੀ ਅਧਿਆਤਮਿਕਤਾ ਅਤੇ ਬਾਬੇ ਨਾਨਕ ਜੀ ਵਲੋਂ ਦ੍ਰਿੜਾਈ ਜੀਵਨ ਜਾਚ ਹੀ ਨਿਰਧਾਰਤ ਕੀਤੀ ਗਈ। ਇੰਜ ਸਾਰੇ ਦੇ ਸਾਰੇ ਬਾਣੀਕਾਰ ਬਰਾਬਰ ਹਨ, ਸਤਿਕਾਰ ਦੇ ਪਾਤਰ ਹਨ, ਯੁਗਾਂ-ਯੁਗਾਂ ਤਕ ਅਮਰ ਹਨ ਤੇ ਰਹਿੰਦੀ ਦੁਨੀਆਂ ਤਕ ਹਰ ਜਿਊੜੇ ਨੂੰ ਜ਼ਿੰਦਗੀ ਨੂੰ ਕਾਮਯਾਬੀ ਤੇ ਸੁਚੱਜੇ ਢੰਗ ਨਾਲ ਜਿਊਣ ਦੀ ਸੋਝੀ ਦੇਣ ਦੇ ਸਮਰੱਥ ਵੀ। ਇਸ ਵਿਚ ਵੀ ਕੋਈ ਸ਼ੱਕ ਨਹੀਂ 1604 ਤੋਂ ਪਹਿਲਾਂ ਵੀ ਤੇ ਪਿੱਛੋਂ ਵੀ ਇਸ ਅਦੁਤੀ ਗ੍ਰੰਥ ਵਿਚ ਕੱਚੀ ਬਾਣੀ ਸ਼ਾਮਲ ਕਰਨ ਦੀਆਂ ਨਾਪਾਕ ਸਾਜ਼ਸ਼ਾਂ ਹੁੰਦੀਆਂ ਰਹੀਆਂ ਹਨ।

ਗੁਰੂਘਰ ਦੇ ਸ਼ਰੀਕਾਂ ਨੇ ਵੀ ਘੱਟ ਨਹੀਂ ਸੀ ਗੁਜ਼ਾਰੀ ਤੇ ਖ਼ਾਲਸਾ-ਪੰਥ ਦੇ ਸ਼ਰੀਕ ਤਾਂ ਸਾਰੇ ਹੱਦਾਂ ਬੰਨੇ ਲੰਘ ਗਏ ਹਨ। ਜਹਾਂਗੀਰ, ਔਰੰਗਜ਼ੇਬ, ਅਬਦਾਲੀ, ਮੀਰ ਮਨੂੰ ਤੇ ਇੰਦਰਾ ਗਾਂਧੀ ਨੇ ਪੂਰਾ ਟਿੱਲ ਲਗਾਇਆ ਸੱਚ ਦੀ ਬੁਲੰਦ ਆਵਾਜ਼ ਨੂੰ ਖ਼ਾਮੋਸ਼ ਕਰਨ ਦਾ, ਸੱਭ ਕੁੱਝ ਨੇਸਤੋ ਨਾਬੂਦ ਕਰਨ ਦਾ ਪਰ ਇਹ ਹੋਰ ਉੱਚੀ, ਹੋਰ ਉੱਚੀ ਹੁੰਦੀ ਚਲੇ ਗਈ ਤੇ ਡਾ. ਜਗਤਾਰ ਦੇ ਸ਼ਬਦਾਂ ਵਿਚ ਹਰ ਮੋੜ ਉਤੇ ਸਲੀਬਾਂ, ਹਰ ਪੈਰ ਉਤੇ ਹਨੇਰਾ ਫਿਰ ਵੀ ਅਸੀ ਰੁਕੇ ਨਾ, ਸਾਡਾ ਵੀ ਵੇਖ ਜੇਰਾ। ਏਸ਼ੀਆ ਦੇ ਮਹਾਨ ਸ਼ਾਇਰ ਅੱਲਾਮਾ ਇਕਬਾਲ ਨੇ ਬਾਬੇ ਨਾਨਕ ਜੀ ਦੀ ਤੌਹੀਦ ਨੂੰ ਸਲਾਮ ਕਰਦਿਆਂ ਕਿੰਨਾ ਸੋਹਣਾ ਲਿਖਿਆ ਹੈ :- ਫਿਰ ਉਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ। ਹਿੰਦ ਕੋ ਇਕ ਮਰਦੇ-ਕਾਮਿਲ ਨੇ ਜਗਾਇਆ ਖ਼ਾਬ ਸੇ।

ਇੰਜ, ਨਿਕੰਮੇ, ਕਮਦਿਲ, ਨਾਸ਼ੁਕਰੇ, ਕਮਜ਼ੋਰ ਤੇ ਬੇਜ਼ਮੀਰੇ ਹਿੰਦਵਾਸੀਆਂ ਨੂੰ ਏਕਤਾ, ਆਖੰਡਤਾ, ਉਦਾਰਤਾ, ਸੁਤੰਤਰਤਾ, ਸਮਾਨਤਾ, ਸਾਂਝੀਵਾਲਤਾ, ਸਮਾਜਕ, ਭਾਈਚਾਰਕ, ਧਾਰਮਕ, ਆਤਮਿਕ ਤੇ ਅਧਿਆਤਮਕ ਦੀ ਸੋਝੀ, ਸੱਚਾਈ ਤੇ ਸਮੱਗਰਤਾ ਸਮਝਾਉਣ ਖ਼ਾਤਰ ਨਾਨਕ ਜੋਤ ਇਕ ਨਹੀਂ ਪੂਰੇ ਦਸ ਜਾਮਿਆਂ ਵਿਚ ਪ੍ਰਗਟ ਹੋਈ। ਹੈ ਕਿਤੇ ਸਾਰੇ ਸੰਸਾਰ ਵਿਚ ਅਜਿਹੀ ਇਕ ਵੀ ਉਦਾਹਰਣ? ਨਹੀਂ, ਬਿਲਕੁਲ ਨਹੀਂ ਕਿਉਂਕਿ ਸਾਰੇ ਸਥਾਪਤ, ਪ੍ਰਵਾਨਤ ਤੇ ਚਰਚਿਤ ਧਰਮਾਂ, ਮਜ਼ਹਬਾਂ ਤੇ ਸੰਪਰਦਾਵਾਂ ਦਾ ਇਕੋ ਇਕ ਮੋਢੀ ਜਾਂ ਪੈਗ਼ੰਬਰ ਹੋਇਆ ਹੈ, ਇਸ ਤਰ੍ਹਾਂ ਸਮਾਜ ਨੂੰ ਇਕ ਸੂਤਰ ਵਿਚ ਪਰੋ ਕੇ ਛੋਟੇ ਵੱਡੇ, ਉੱਚੇ ਨੀਵੇਂ, ਆਮ ਖ਼ਾਸ ਤੇ ਰਾਜੇ ਰੰਕ ਨੂੰ ਇਕੋ ਦ੍ਰਿਸ਼ਟੀਕੋਣ ਤੋਂ ਵੇਖਣ ਵਾਲੇ ਮਹਾਂਪੁਰਖ ਕਦੇ ਹੋਏ ਹੀ ਨਹੀਂ ਹਨ।

ਇਕਬਾਲ ਇਸੇ ਪ੍ਰਥਾਇ ਲਿਖਦੈ :- ਯੂਨਾਨੋ ਮਿਸਰੋ ਰੋਮਾ, ਸਭ ਮਿਟ ਗਏ ਜਹਾਂ ਸੇ ਬਾਕੀ ਮਗਰ ਹੈ ਅਬ ਤਕ, ਨਾਮੋ ਨਿਸ਼ਾਂ ਹਮਾਰਾ। ਕੁਛ  ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ। ਸਦੀਯੋਂ ਰਹਾ ਹੈ ਦੁਸ਼ਮਨ, ਦੌਰੇ ਜ਼ਮਾਂ ਹਮਾਰਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਲਗ-ਮਾਤਰ ਦੀ ਤਬਦੀਲੀ ਵੀ ਪ੍ਰਵਾਨ ਨਹੀਂ। ਇਥੋਂ ਤਕ ਕਿ ਸ੍ਰੀ ਗੁਰੂ ਹਰਿ ਰਾਇ ਸਾਹਿਬ ਦੇ ਵੱਡੇ ਸਪੁੱਤਰ ਬਾਬਾ ਰਾਮ ਰਾਏ ਨੇ ਜਦੋਂ ਦਿੱਲੀ ਦੇ ਬਾਦਸ਼ਾਹ ਦੀ ਖ਼ੁਸ਼ਨੂਦੀ ਹਾਸਲ ਕਰਨ ਲਈ 'ਮਿੱਟੀ ਮੁਸਲਮਾਨ ਕੀ' ਨੂੰ 'ਮਿੱਟੀ ਬੇਈਮਾਨ ਕੀ' ਆਖਣ ਦੀ ਹਮਾਕਤ ਕੀਤੀ ਤਾਂ ਉਸ ਨੂੰ ਗੁਰੂ-ਘਰੋਂ ਨਿਕਾਲਾ ਦੇ ਦਿਤਾ ਗਿਆ। ਹੁਣ ਸਾਡੇ ਜ਼ਿੰਮੇਵਾਰ ਅਹੁਦੇਦਾਰਾਂ ਦੀ ਬੇਵਫ਼ਾਈ, ਬੇਕਿਰਕੀ ਤੇ ਬੇਧਿਆਨੀ ਕਰ ਕੇ ਅਜਿਹੀਆਂ ਗ਼ਲਤ ਕੋਸ਼ਿਸ਼ਾਂ ਹੋ ਰਹੀਆਂ ਹਨ। ਪਿੰਡਾਂ ਤੇ ਸ਼ਹਿਰਾਂ ਵਿਚੋਂ ਬਿਰਧ ਬੀੜਾਂ ਦੀ ਆੜ ਹੇਠ ਪੁਰਾਣੇ ਸਰੂਪਾਂ ਦਾ ਸਸਕਾਰ ਕੀਤਾ ਜਾ ਰਿਹਾ ਹੈ ਤੇ ਸਿੱਖੀ ਦੇ ਸ਼ਰੀਕ ਨਵੇਂ ਸਰੂਪਾਂ ਵਿਚ ਮਨ-ਬਾਂਛਤ ਵਾਧੇ ਘਾਟੇ ਕਰ ਰਹੇ ਹਨ।

267 ਬੀੜਾਂ ਦੇ ਗੁਆਚਣ ਦੀ ਖ਼ਬਰ ਦਿਲ ਲੂਹ ਦੇਣ ਵਾਲੀ ਹੈ। ਇਸ ਤਰ੍ਹਾਂ ਸੈਂਕੜੇ ਬੀੜਾਂ ਗਵਾਚ ਨਹੀਂ ਸਕਦੀਆਂ, ਇਹ ਚੁਕਵਾਈਆਂ ਗਈਆਂ ਹਨ। ਜ਼ਮੀਰ ਦੇ ਸੌਦਾਗਰਾਂ ਤੋਂ ਹਰ ਚੀਜ਼ ਸੰਭਵ ਹੈ। ਖ਼ਾਲਸਾ ਪੰਥ ਦੀ ਇਕੋ ਇਕ ਬੇਸ਼ਕੀਮਤੀ ਵਿਰਾਸਤ ਨੂੰ ਖ਼ਤਮ ਕਰਨ ਦੇ ਮਨਸੂਬੇ ਸਾਡੇ ਸਾਹਮਣੇ ਹਨ। ਦੁਸ਼ਮਣ ਪੂਰੇ ਯੋਜਨਾਬੱਧ ਢੰਗ ਨਾਲ ਅੱਗੇ ਵੱਧ ਰਹੇ ਹਨ। ਭਗਤ ਰਵਿਦਾਸ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਚਾਲੀ ਸ਼ਬਦ ਉਨ੍ਹਾਂ ਦੀ ਉਦਾਰ ਵਿਚਾਰਧਾਰਾ ਦਾ ਪ੍ਰਗਟਾਵਾ ਹਨ। ਦਾਸਰੀ ਨੇ ਯੂ.ਜੀ.ਸੀ ਦੇ ਵਜ਼ੀਫ਼ੇ ਉਤੇ 1976-77 ਵਿਚ, ਭਗਤ ਰਵਿਦਾਸ ਜੀ ਦੇ ਛੇ ਸੌ ਸਾਲਾ ਪ੍ਰਕਾਸ਼-ਪੁਰਬ ਮੌਕੇ ਇਹ ਖੋਜ-ਕਾਰਜ ਆਰੰਭਿਆ ਸੀ।

ਉਦੋਂ ਵੀ ਤੇ ਅੱਜ ਵੀ ਬਹੁਤ ਸਾਰੀ ਕੱਚੀ ਬਾਣੀ ਉਨ੍ਹਾਂ ਦੇ ਨਾਂ ਨਾਲ ਜੋੜੀ ਜਾਂਦੀ ਹੈ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਬਾਣੀ ਨਾਲ ਕਤਈ ਵੀ ਮੇਲ ਨਹੀਂ ਖਾਂਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਝੁਕਾਉਣ ਵਾਲਾ ਹਰ ਸ਼ਰਧਾਲੂ, ਭਗਤ ਰਵਿਦਾਸ ਜੀ ਨੂੰ ਵੀ ਉਸੇ ਤਰ੍ਹਾਂ ਨੱਤ-ਮਸਤਕ ਹੁੰਦਾ ਹੈ। ਕੀ ਗੁਰੂ ਰਾਮਦਾਸ ਜੀ ਵਲੋਂ ਬਖ਼ਸ਼ਿਸ਼ ਕੀਤੀਆਂ ਲਾਵਾਂ ਨਾਲ ਉਨ੍ਹਾਂ ਦੀ ਤ੍ਰਿਪਤੀ ਨਹੀਂ ਹੋ ਸਕੀ? ਭਗਤ ਰਵਿਦਾਸ ਜੀ ਦੇ ਨਾਂ ਉਤੇ ਨਵੀਆਂ ਲਾਵਾਂ ਦੇ ਗਠਨ ਵਾਲੇ ਮੁੜ ਤੋਂ ਸਮਾਜ ਵੰਡਣ ਉਤੇ ਉਤਾਰੂ ਹਨ। ਪਹਿਲਾਂ, 'ਅੰਮ੍ਰਿਤ ਬਾਣੀ' ਨਾਂ ਦਾ ਗੁਟਕਾ ਤਿਆਰ ਕਰ ਕੇ ਵੀ ਇਹ ਪਾੜ ਪਾ ਚੁੱਕੇ ਹਨ। ਖੰਡ ਖੰਡ ਸਮਾਜ ਨੂੰ ਜੋੜਨ ਵਿਚ ਸੈਂਕੜੇ ਵਰ੍ਹੇ ਕਾਰਜਸ਼ੀਲ, ਯਤਨਸ਼ੀਲ ਤੇ ਸੰਘਰਸ਼ਸ਼ੀਲ ਰਹੇ ਪਾਤਸ਼ਾਹਾਂ ਨੂੰ ਇਹ ਸਿੱਧੀ ਵੰਗਾਰ ਹੈ। ਦਲਿਤ ਵਰਗ ਨੂੰ ਵੋਟ ਬੈਂਕ ਬਣਾਉਣ ਵਾਲੇ ਸਾਜ਼ਸ਼ ਕਰਤਾਵਾਂ ਦੀ ਗਹਿਰੀ ਸਾਜ਼ਸ਼ ਨੂੰ ਸਮਝਣ ਦੀ ਅੱਜ ਤੁਰਤ ਲੋੜ ਹੈ।

ਸਮੁੱਚੇ ਪੰਜਾਬ, ਨਹੀਂ ਸਮੁੱਚੇ ਦੇਸ਼ ਨਹੀਂ, ਸਮੁੱਚੀ ਮਨੁੱਖਤਾ ਦੀ ਬਿਹਤਰੀ, ਕਲਿਆਣ, ਚੜ੍ਹਦੀਕਲਾ, ਸਿਹਤਯਾਬੀ ਤੇ ਇਕਮਿਕਤਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਇਲਾਵਾ ਕੋਈ ਹੋਰ ਸਾਧਨ ਨਾਕਾਫ਼ੀ ਹੈ ਤੇ ਸਫ਼ਲਤਾ ਵੀ ਇਸ ਦੀ ਸਮੱਗਰਤਾ (ਇਕਜੁਟਤਾ) ਵਿਚ ਹੈ ਨਾਕਿ ਤੋੜ ਮਰੋੜ ਕੇ ਕੱਢੀਆਂ ਕੱਚੀਆਂ ਬਾਣੀਆਂ ਵਿਚ। ਸਮੁੱਚੇ ਤੌਰ ਉਤੇ ਕਿਹਾ ਜਾ ਸਕਦਾ ਹੈ ਕਿ ਦੂਜੇ ਰਹਿਬਰਾਂ ਦੇ ਪੈਰੋਕਾਰਾਂ ਵਲੋਂ ਅਜਿਹੀਆਂ ਕੁਚਾਲਾਂ ਬਹੁਤ ਘੱਟ ਵੇਖਣ ਵਿਚ ਆਈਆਂ ਹਨ। ਪਰ ਭਗਤ ਰਵਿਦਾਸ ਜੀ ਦੇ ਅਖੌਤੀ ਪੈਰੋਕਾਰਾਂ (ਜਿਨ੍ਹਾਂ ਨੇ ਕਈ ਵਾਰ ਖ਼ੁਦ ਇਕ ਤੁਕ ਵੀ ਨਹੀਂ ਪੜ੍ਹੀ ਹੁੰਦੀ) ਵਲੋਂ ਨਿਤ ਦਿਹਾੜੇ ਕੋਈ ਨਾ ਕੋਈ ਨਵਾਂ ਚੰਨ ਚਾੜ੍ਹਨ ਦੀ ਅਸਫ਼ਲ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਮਾਤਮਾ ਅੱਗੇ ਮੇਰੀ ਜੋਦੜੀ ਹੈ ਕਿ ਉਹ ਇਨ੍ਹਾਂ ਨੂੰ ਸੁਮੱਤ ਬਖ਼ਸ਼ੇ ਤੇ ਇਨਸਾਨੀ ਜੀਵਨ ਦੀ ਸੁੱਚਤਾ ਸਮਝਣ ਦੀ ਤੌਫ਼ੀਕ ਵੀ ਦੇਵੇ।
 ਡਾ. ਕੁਲਵੰਤ ਕੌਰ ਸੰਪਰਕ : 98156-20515