ਗੁਰਦੁਆਰਾ ਚੋਣਾਂ,ਸਿੱਖੀ ਨੂੰ ਲੱਗਾ ਕੈਂਸਰ ਜਿਸ ਦਾ ਸਿੱਖਾਂ ਨੂੰ ਕੋਈ ਇਲਾਜ ਨਹੀਂ ਸੁੱਝ ਰਿਹਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕਦੇ ਸੁਣਿਆ ਨਹੀਂ ਕਿ ਉਨ੍ਹਾਂ ਦੇ ਪ੍ਰਬੰਧ ਵਾਸਤੇ ਵੋਟਾਂ ਪਈਆਂ ਹੋਣ

SGPC

ਮੁਹਾਲੀ: ਅੱਜ ਜਦੋਂ ਅਸੀ ਕੁਰਬਾਨੀ ਵਾਲੇ ਸਿੰਘਾਂ ਦੀ ਸੌ ਸਾਲ ਦੀ ਕੀਤੀ ਸੇਵਾ ਵੇਖ ਰਹੇ ਹਾਂ ਤਾਂ ਕਈ ਸਵਾਲ ਉੱਠ ਰਹੇ ਹਨ। ਹਰ ਸਿੱਖ, ਕਮੇਟੀ ਦੇ ਕੀਤੇ ਕੰਮਾਂ 'ਤੇ ਹੋ ਰਹੀ ਨੁਕਤਾਚੀਨੀ ਤੋਂ ਚਿੰਤਤ ਹੈ। ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੁਰਧਾਮਾਂ ਦੀ ਸੇਵਾ-ਸੰਭਾਲ ਕਰਨ ਵਾਲਾ ਇਹ ਕਾਨੂੰਨ ਕੇਵਲ ਸਿੱਖਾਂ ਵਾਸਤੇ ਹੀ ਹੈ। ਹਿੰਦੂ ਧਰਮ ਸੱਭ ਤੋਂ ਪੁਰਾਣਾ ਤੇ ਵੱਡਾ ਹੈ। ਫ਼ਿਲਹਾਲ ਉਸ ਦਾ ਐਸਾ ਕੋਈ ਕਾਨੂੰਨ ਨਹੀਂ। ਹਾਂ, ਤਿਰੂਪਤੀ ਮੰਦਰ, ਵੈਸ਼ਨੋ ਦੇਵੀ ਮੰਦਰ, ਕੇਰਲ ਦੇ ਕਈ ਮੰਦਰਾਂ ਦਾ ਪ੍ਰਬੰਧ ਸਰਕਾਰ ਦੇ ਬਣਾਏ ਬੋਰਡ ਚਲਾ ਰਹੇ ਹਨ। ਕਿਧਰੇ ਵੀ ਵੋਟਾਂ ਪਾ ਕੇ ਚੋਣ ਨਹੀਂ ਹੁੰਦੀ। ਮੁਸਲਮਾਨਾਂ ਦੀਆਂ ਮਸੀਤਾਂ ਖ਼ਾਸ ਕਰ ਕੇ ਸ਼ਾਹੀ ਮਸਜਦਾਂ ਵਾਸਤੇ ਵੀ ਕੋਈ ਚੋਣ ਨਹੀਂ ਹੁੰਦੀ। ਸਾਰੇ ਚਰਚ ਵੀ ਪਾਦਰੀ ਚਲਾਉਂਦੇ ਹਨ।

ਕਦੇ ਸੁਣਿਆ ਨਹੀਂ ਕਿ ਉਨ੍ਹਾਂ ਦੇ ਪ੍ਰਬੰਧ ਵਾਸਤੇ ਵੋਟਾਂ ਪਈਆਂ ਹੋਣ। ਬੁੱਧ ਧਰਮ ਦਾ ਬੋਧ ਗਯਾ ਇਕ ਸਰਕਾਰੀ ਬੋਰਡ ਹੈ। ਜੈਨ ਮੰਦਰ ਤੇ ਪਾਰਸੀ ਮੰਦਰ ਵੀ ਇੱਦਾਂ ਹੀ ਹਨ। ਭਾਵ ਇਹ ਚੋਣ ਪ੍ਰਣਾਲੀ ਦਾ ਤਰੀਕਾ ਕੇਵਲ ਸਿੱਖਾਂ ਨੇ ਆਪ ਮੰਗਿਆ ਅਤੇ ਬਣਵਾ ਲਿਆ ਅਤੇ ਇਹ ਕਾਨੂਨ ਬਣਿਆ ਹੈ। ਸਿੱਖਾਂ ਦੇ ਉੱਚ ਕੋਟੀ ਦੇ ਵਿਦਵਾਨ ਡਾਕਟਰ ਜਸਵੰਤ ਸਿੰਘ ਨੇਕੀ ਕਹਿੰਦੇ ਸਨ ਕਿ ਅੰਗਰੇਜ਼ ਸਰਕਾਰ ਬੜੀ ਚਲਾਕੀ ਨਾਲ ਸਿੱਖਾਂ ਦਾ ਐਸਾ ਸ਼ਿਕੰਜਾ ਕੱਸ ਗਈ ਹੈ ਕਿ ਸਿੱਖ ਇਸ 'ਚੋਂ ਕਦੇ ਬਾਹਰ ਨਿਕਲ ਹੀ ਨਹੀਂ ਸਕਦੇ। ਉਹ ਅਕਸਰ ਕਿਹਾ ਕਰਦੇ ਸਨ ਕਿ ਸਿੱਖ ਗੁਰਦਵਾਰਾ ਚੋਣਾਂ ਕੈਂਸਰ ਦੀ ਬਿਮਾਰੀ ਹਨ ਜਿਸ ਨਾਲ ਹਮੇਸ਼ਾ ਨੁਕਸਾਨ ਹੀ ਹੁੰਦਾ ਹੈ। ਇਹ ਹਰ ਕਿਸੇ ਨੂੰ ਪਤਾ ਹੈ ਕਿ ਸਰਕਾਰ ਗੁਰਦਵਾਰਾ ਚੋਣਾਂ ਕਰਵਾਉਂਦੀ ਹੈ ਜਿਵੇਂ ਕਿ ਲੋਕ ਸਭਾ ਜਾਂ ਵਿਧਾਨ ਸਭਾ ਦੀਆਂ ਆਮ ਚੋਣਾਂ ਹੁੰਦੀਆਂ ਹਨ। ਇਹ ਗੱਲ ਛੁਪੀ ਨਹੀਂ ਕਿ ਵੋਟ ਲੈਣ ਲਈ ਉਮੀਦਵਾਰ ਕਿਸ ਹੱਦ ਤਕ ਜਾਂਦੇ ਹਨ? ਚੋਣਾਂ ਭਾਵੇਂ ਪੰਚਾਇਤਾਂ ਲਈ ਹੋਣ, ਅਸੈਂਬਲੀ ਲਈ ਜਾਂ ਗੁਰਦਵਾਰਾ ਕਮੇਟੀ ਵਾਸਤੇ ਹੋਣ, ਪ੍ਰਣਾਲੀ ਬਰਾਬਰ ਹੈ।

ਮੈਂ ਦਿੱਲੀ ਵਿਚ ਗੁਰਦਵਾਰਾ ਕਮੇਟੀ ਦੀਆਂ ਚੋਣਾਂ ਵਿਚ ਸ਼ਰਾਬ ਦੀਆਂ ਭਰੀਆਂ ਵੈਨਾਂ ਵੇਖੀਆਂ ਹਨ। ਹਰ ਘਰ ਵਿਚ ਬਿਨਾਂ ਪੁੱਛੇ ਸਪਲਾਈ ਕੀਤੀ ਜਾਂਦੀ ਹੈ। ਸ਼੍ਰੋਮਣੀ ਕਮੇਟੀ ਦੀ ਬਣਤਰ ਨੇ ਛੂਤ ਦੀ ਬਿਮਾਰੀ ਵਾਂਗ ਹਰ ਗੁਰਦਵਾਰੇ ਵਿਚ ਵੋਟਾਂ ਪਾ ਕੇ ਕਮੇਟੀ ਚੁਣਨ ਦੀ ਪ੍ਰਥਾ ਚਲਾ ਦਿਤੀ ਹੈ। ਅਮਰੀਕਾ, ਕੈਨੇਡਾ ਇੰਗਲੈਂਡ ਵਿਚ ਲੱਖਾਂ ਡਾਲਰ ਗੁਰਦਵਾਰਾ ਚੋਣਾਂ ਵਿਚ ਬੇਤਹਾਸ਼ਾ ਖ਼ਰਚ ਹੁੰਦੇ ਹਨ। ਡਾਂਗ-ਸੋਟਾ ਚਲਦਾ ਹੈ ਅਤੇ ਪੁਲਸ ਆ ਕੇ ਝਗੜਾ ਨਿਪਟਾਉਂਦੀ ਹੈ। ਅੱਜ ਵਿਸ਼ਵ ਭਰ ਵਿਚ ਗੁਰਦਵਾਰਾ ਚੋਣ ਸਿਸਟਮ ਕਾਰਨ ਕੌਮ ਵਿਚ ਸਦੀਵੀ ਵੰਡੀਆਂ ਪੈ ਗਈਆਂ ਹਨ। ਅਸੀ ਇਸ ਸਾਰੀ ਪਰੰਪਰਾ ਬਾਰੇ ਬੜੇ ਮਾਣ ਨਾਲ ਆਖਦੇ ਹਾਂ ਕਿ ਅਸੀ ਲੋਕਤੰਤਰ ਦੇ ਧਾਰਨੀ ਹਾਂ। ਇਕ ਪਾਸੇ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ-ਨਾਜ਼ਰ ਗੁਰੂ ਮੰਨਦੇ ਹਾਂ। ਫਿਰ ਉਸ 'ਤੇ ਵਿਸ਼ਵਾਸ ਕਿਉਂ ਨਹੀਂ ਕਰਦੇ? ਬੈਂਕਾਕ ਦੇ ਗੁਰਦਵਾਰੇ ਵਿਚ ਗੁਰੂ ਘਰ ਅੱਗੇ ਪਰਚੀਆਂ ਪੈਂਦੀਆਂ ਹਨ ਤੇ ਜਿਸ ਦੀ ਪਰਚੀ ਨਿਕਲੇ ਉਹ ਕਮੇਟੀ ਦਾ ਮੈਂਬਰ ਬਣਦਾ ਹੈ। ਕੀ ਬਾਕੀ ਥਾਵਾਂ 'ਤੇ ਇੱਦਾਂ ਨਹੀਂ ਹੋ ਸਕਦਾ?

ਇਹ ਬੜਾ ਔਖਾ ਸਵਾਲ ਹੈ। ਇਕ ਵਿਚਾਰ ਇਹ ਵੀ ਆਇਆ ਹੈ ਕਿ ਜਿਵੇਂ ਸਾਰੀਆਂ ਸਿੱਖ ਸੰਸਥਾਵਾਂ ਵਖਰੀਆਂ ਹਨ, ਫਿਰ ਸਾਰੇ ਇਤਿਹਾਸਕ ਗੁਰਦਵਾਰੇ ਅਪਣੀਆਂ ਕਮੇਟੀਆਂ ਕਿਉਂ ਨਹੀਂ ਬਣਾ ਸਕਦੇ? ਫਿਰ ਉਨ੍ਹਾਂ ਦੇ ਪ੍ਰਧਾਨ ਆ ਕੇ ਸਾਡੇ ਪੰਜਾਬ ਦੀ ਕਮੇਟੀ ਬਣਾ ਜਾਣ ਅਤੇ ਅਪਣੇ ਪ੍ਰਧਾਨ ਆਦਿ ਬਣਾ ਲੈਣ। ਜੇ ਗੁਰਦਵਾਰੇ ਵੱਖ-ਵੱਖ ਕਮੇਟੀਆਂ ਕੋਲ ਹੋਣ, ਫਿਰ ਇੰਤਜ਼ਾਮ ਵਧੀਆ ਚੱਲੇਗਾ। ਇਹੋ ਜਿਹੇ ਵਿਚਾਰ ਮੈਂ ਆਮ ਸੁਣਦਾ ਹਾਂ ਪਰ ਇਹ ਤਬਦੀਲੀ ਲਿਆਉਣ ਲਈ ਸਿੱਖਾਂ ਵਿਚ ਕੋਈ ਰਜ਼ਾਮੰਦੀ ਕਿਵੇਂ ਆ ਸਕਦੀ ਹੈ? ਸਿੱਖ ਬੁੱਧੀਜੀਵੀ ਤਾਂ ਹਮੇਸ਼ਾ ਚੁੱਪ ਧਾਰੀ ਰਖਦਾ ਹੈ। ਇਹ ਸਾਡੀ ਬਦਕਿਸਮਤੀ ਹੈ ਕਿ ਬੁੱਧੀਜੀਵੀ ਅਪਣਾ ਫ਼ਰਜ਼ ਨਹੀਂ ਨਿਭਾ ਸਕੇ। ਸਿਆਸੀ ਪਾਰਟੀਆਂ ਦਾ ਦਖ਼ਲ ਗੁਰਦਵਾਰਾ ਕਮੇਟੀ ਵਿਚ ਪੂਰਨ ਤੌਰ 'ਤੇ ਆ ਜਾਣ ਕਰ ਕੇ ਧਾਰਮਕ ਪੱਖ ਪਿਛੇ ਰਹਿ ਗਿਆ ਹੈ। ਲਗਦਾ ਹੈ ਕਿ ਸ਼੍ਰੋਮਣੀ ਕਮੇਟੀ ਕਿਸੇ ਰਾਜਸੀ ਪਾਰਟੀ ਦਾ ਇਕ ਵਿੰਗ ਹੈ। ਹਰ ਕੋਈ ਇਹ ਜਾਣਦਾ ਹੈ ਪਰ ਚੁੱਪ ਹੈ। ਸਿੱਖ ਧਰਮ ਦੀ ਆਮ ਸਿੱਖਾਂ ਵਿਚ ਵਚਨਬੱਧਤਾ ਹੈ ਪਰ ਸਿੱਖ ਦਿੱਖ ਘਟਦੀ ਜਾ ਰਹੀ ਹੈ। ਬਹੁਤੇ ਨੌਜਵਾਨ ਗੁਰਦਵਾਰੇ ਜਾਣ ਤੋਂ ਹਟ ਗਏ ਹਨ।

ਇਸ ਬਾਰੇ ਅਸੀ ਚਿੰਤਿਤ ਨਹੀਂ ਹਾਂ। ਸ਼੍ਰੋਮਣੀ ਕਮੇਟੀ ਦਾ ਜਿੰਨਾ ਵੱਡਾ ਬਜਟ ਸੁਣਦੇ ਹਾਂ, ਉਸ ਦੇ ਬਾਵਜੂਦ ਇਸ ਨੂੰ ਠੀਕ ਸੇਧ ਨਹੀਂ ਮਿਲ ਰਹੀ। ਆਉ! ਇਸ ਦੇ ਸੌ ਸਾਲ ਮੁਕੰਮਲ ਹੋਣ 'ਤੇ ਅਸੀ ਇਕੱਠੇ ਹੋ ਕੇ ਵਿਚਾਰ ਕਰੀਏ। ਅੱਜ ਦੇ ਯੁੱਗ ਵਿਚ ਅਸੀ ਬਾਕੀ ਧਰਮਾਂ ਦੇ ਇੰਤਜ਼ਾਮ ਨੂੰ ਕਿਉਂ ਨਹੀਂ ਘੋਖਦੇ? ਅਪਣੀ ਉਸਤਤ ਕਰੋ ਪਰ ਬਾਕੀਆਂ ਦੇ ਇੰਤਜ਼ਾਮ ਨੂੰ ਵੀ ਵੇਖੋ। ਜਿੰਨਾ ਗੁਰੂ ਜੀ ਦੇ ਵਿਸ਼ਵ ਸੰਦੇਸ਼ ਦਾ ਖ਼ਜ਼ਾਨਾ ਸਾਡੇ ਕੋਲ ਹੈ, ਉਹ ਅਸੀ ਅੱਗੇ ਵਧਾਉਣ ਦੀ ਥਾਂ ਆਪਸੀ ਲੜਾਈ ਤੇ ਧਰਮਸਾਲ ਦੇ ਕਬਜ਼ੇ 'ਤੇ ਲਗਾ ਦਿੰਦੇ ਹਾਂ। ਧਰਮ ਪ੍ਰਚਾਰ ਤੋਂ ਵਾਂਝੇ ਹੀ ਹੋ ਰਹੇ ਹਾਂ। ਆਉ! ਗੁਰੂ ਦੀ ਬਖ਼ਸ਼ੀਸ਼ ਦੇ ਪਾਤਰ ਬਣਨ ਲਈ ਜੁਝਾਰੂ ਕਦਮ ਚੁੱਕਣ 'ਤੇ ਵਿਚਾਰ ਕਰੀਏ। ਗੁਰਧਾਮਾਂ ਦੀ ਸੇਵਾ-ਸੰਭਾਲ ਲਈ ਨਿਸ਼ਕਾਮ ਸੇਵਕ ਹੀ ਅੱਗੇ ਆਉਣੇ ਚਾਹੀਦੇ ਹਨ। ਸਿਆਸੀ ਲਾਹੇ ਦੀ ਤਵੱਕੋ ਰੱਖਣ ਵਾਲੇ ਲੋਕਾਂ ਨੂੰ ਗੁਰਧਾਮਾਂ ਦੀ ਸੇਵਾ-ਸੰਭਾਲ ਤੋਂ ਦੂਰ ਰੱਖਣ ਦੀ ਲੋੜ ਹੈ। ਇਹ ਵੇਖਣ ਵਿਚ ਆਇਆ ਹੈ ਕਿ ਕਈ ਲੋਕ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਿਆਸਤ ਵਿਚ ਪ੍ਰਵੇਸ਼ ਕਰਨ ਦਾ ਦਰਵਾਜ਼ਾ ਸਮਝ ਬੈਠਦੇ ਹਨ, ਜੋ ਠੀਕ ਨਹੀਂ ਕਿਹਾ ਜਾ ਸਕਦਾ।
(ਲੇਖਕ ਸਾਬਕਾ ਮੈਂਬਰ ਪਾਰਲੀਮੈਂਟ ਹੈ)।
                                                                                                                     ਤਰਲੋਚਨ ਸਿੰਘ -ਮੋਬਾਈਲ ਨੰ.: 098681-81133