ਭਾਜਪਾ, ਪੰਜਾਬ ਵਿਚ ਅਪਣਾ ਕਿੱਲਾ ਗੱਡਣ ਲਈ ਪੂਰੀ ਤਿਆਰੀ ਕਰ ਰਹੀ ਹੈ.......
ਖਹਿਰਾ ਵਿਰੁਧ ਕਾਰਵਾਈ ਇਸ ਦਾ ਵੱਡਾ ਸੰਕੇਤ ਹੈ
ਕੇਂਦਰ ਸਰਕਾਰ ਵਲੋਂ ਸੀ.ਬੀ.ਆਈ. ਅਤੇ ਈ.ਡੀ. ਦੇ ਮੁਖੀ ਦੇ ਅਹੁਦਿਆਂ ਨੂੰ ਦੋ ਸਾਲ ਤੋਂ ਹੁਣ ਪੰਜ ਸਾਲ ਦਾ ਕਰਨ ਦਾ ਇਕ ਆਰਡੀਨੈਂਸ ਜਾਰੀ ਕੀਤਾ ਗਿਆ ਹੈ। ਜਦ ਸੈਸ਼ਨ ਸ਼ੁਰੂ ਹੋਣ ਵਾਲਾ ਹੀ ਸੀ ਤਾਂ ਐਤਵਾਰ ਦੇ ਦਿਨ ਇਸ ਆਰਡੀਨੈਂਸ ਨੂੰ ਰਾਸ਼ਟਰਪਤੀ ਕੋਲੋਂ ਜਾਰੀ ਕਰਵਾਉਣ ਦਾ ਮਤਲਬ ਹੀ ਨਹੀਂ ਬਣਦਾ। ਮੌਜੂਦਾ ਈ.ਡੀ. ਮੁਖੀ, ਸੰਜੇ ਕੁਮਾਰ ਮਿਸ਼ਰਾ ਦਾ ਦੋ ਸਾਲ ਦਾ ਕਾਰਜਕਾਲ 19 ਨਵੰਬਰ ਨੂੰ ਖ਼ਤਮ ਹੋਣ ਜਾ ਰਿਹਾ ਹੈ। ਸਾਰੇ ਸਰਕਾਰੀ ਮਹਿਕਮਿਆਂ ਨੂੰ ਪਾਲਤੂ ਬਣਾਉਣ ਦਾ ਕੰਮ ਭਾਜਪਾ ਦੇ ਆਉਣ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਤੇ ਸੀ.ਬੀ.ਆਈ. ਦੇ ਨਾਮ ਨਾਲ ‘ਤੋਤਾ’ ਨਾਮ ਜੁੜ ਜਾਣਾ ਕਾਂਗਰਸ ਦੀ ਹੀ ਦੇਣ ਹੈ। ਪਰ ਇਹ ਅਜਿਹੇ ਤੋਤੇ ਸਨ ਜੋ ਕਦੇ ਕਦੇ ਉਡਦੇ ਵੀ ਸਨ।
ਪਰ ਹੁਣ ਇਸ ਨਵੇਂ ਫ਼ੈਸਲੇ ਨਾਲ ਹਰ ਸਰਕਾਰ ਅਪਣਾ ਚਹੇਤਾ ਮੁਖੀ ਲਗਾ ਕੇ ਇਨ੍ਹਾਂ ਨੂੰ ਅਪਣੀ ਮਰਜ਼ੀ ਅਨੁਸਾਰ ਵਰਤੇਗੀ ਤੇ ਅਪਣੇ ਹੁਕਮਾਂ ਨਾਲ ਅਪਣੇ ਵਿਰੋਧੀਆਂ ਨੂੰ ਦਿਨੇ ਤਾਰੇ ਵਿਖਾਏਗੀ। ਬੰਗਾਲ ਚੋਣਾਂ ਵਿਚ ਜਿਸ ਤਰ੍ਹਾਂ ਇਨ੍ਹਾਂ ਏਜੰਸੀਆਂ ਦਾ ਇਸਤੇਮਾਲ ਹੋਇਆ, ਉਹ ਸੱਭ ਦੇ ਸਾਹਮਣੇ ਹੈ। ਭਾਵੇਂ ਉਥੇ ਉਹ ਸਰਕਾਰ ਤਾਂ ਨਾ ਬਣਾ ਸਕੇ ਪਰ ਭਾਜਪਾ ਮੰਨਦੀ ਹੈ ਕਿ ਉਨ੍ਹਾਂ ਦੀ ਜਿੱਤ ਹੋਈ ਕਿਉਂਕਿ ਉਨ੍ਹਾਂ ਕੋਲ ਪਹਿਲਾਂ ਦੋ ਵਿਧਾਇਕ ਸਨ ਅਤੇ ਹੁਣ 100 ਦੇ ਕਰੀਬ ਹਨ। ਇਹੀ ਸੋਚ ਹੁਣ ਅਸੀ ਪੰਜਾਬ ਵਿਚ ਵੇਖ ਰਹੇ ਹਾਂ। ਈ.ਡੀ. ਦਾ ਪਹਿਲਾ ਵਾਰ ਸੁਖਪਾਲ ਸਿੰਘ ਖਹਿਰਾ ਤੇ ਹੋਇਆ ਹੈ ਜਿਨ੍ਹਾਂ ਨੂੰ ਹੁਣ 8 ਦਿਨਾਂ ਦੇ ਰੀਮਾਂਡ ’ਤੇ ਭੇਜ ਦਿਤਾ ਗਿਆ ਹੈ।
ਪੈਸੇ ਦੇ ਘਪਲੇ ਬੜੇ ਸਾਫ਼ ਹੁੰਦੇ ਹਨ। ਪੈਸੇ ਅਪਣੇ ਆਉਣ ਜਾਣ ਦੇ ਰਾਹ ਤੇ ਨਿਸ਼ਾਨ ਛੱਡ ਜਾਂਦੇ ਹਨ, ਜੇ ਲਿਆ ਹੈ ਤਾਂ ਵੀ ਤੇ ਜੇ ਨਹੀਂ ਲਿਆ ਤਾਂ ਵੀ। ਸੋ ਰੀਮਾਂਡ ਉਤੇ ਲੈ ਕੇ ਉਨ੍ਹਾਂ ਤੋਂ ਕੜਾ ਤਕ ਖੋਹ ਕੇ ਕਹਿਣਾ ਕਿ ਸੱਚ ਕੱਢਵਾਉਣ ਦਾ ਇਰਾਦਾ ਹੈ, ਉਸ ਬਾਰੇ ਤਾਂ ਮਗਰੋਂ ਹੀ ਪਤਾ ਲੱਗੇਗਾ ਕਿ ਕੀ ਸੱਚ ਨਿਕਲਦਾ ਹੈ। ਪਰ ਇਸ ਨਾਲ ਇਹ ਤਾਂ ਸਾਫ਼ ਹੈ ਕਿ ਭਾਜਪਾ ਨੇ ਪੰਜਾਬ ਨੂੰ ਨਹੀਂ ਛਡਿਆ ਤੇ ਉਹ ਚੋਣਾਂ ਵਿਚ ਅਪਣੀ ਹੋਂਦ ਬਚਾਉਣ ਦੀ ਤਿਆਰੀ ਕਰ ਰਹੇ ਹਨ। ਪੰਜਾਬ ਭਾਜਪਾ ਟੀਮ, ਕਰਤਾਰਪੁਰ ਦਾ ਲਾਂਘਾ ਖੁਲ੍ਹਵਾਉਣ ਦੇ ਯਤਨ ਕਰ ਕੇ ਖੇਤੀ ਕਾਨੂੰਨ ਦੇ ਜ਼ਖ਼ਮਾਂ ਉਤੇ ਮੱਲ੍ਹਮ ਲਾਉਣ ਦਾ ਯਤਨ ਕਰ ਰਹੀ ਹੈ।
ਇਹ ਸੋਚ ਤਾਂ ਸਹੀ ਹੈ ਪਰ ਜਿਹੜਾ ਦੂਜਾ ਪਾਸਾ ਹੈ, ਉਹ ਈ.ਡੀ. ਅਤੇ ਸੀ.ਬੀ.ਆਈ. ਵਲ ਜਾਂਦਾ ਹੈ। ਪੰਜਾਬ ਵਿਚ ਜਿਸ ਤਰ੍ਹਾਂ ਦੇ ਹਾਲਾਤ ਰਹੇ ਹਨ, ਈ.ਡੀ. ਵਾਸਤੇ ਇਕ ਤਿਉਹਾਰ ਤੋਂ ਘੱਟ ਨਹੀਂ, ਜੇ ਉਹ ਅਸਲ ਵਿਚ ਕਾਲੇ ਧੰਨ ਤੇ ਹੱਥ ਪਾਉਣਾ ਚਾਹੁੰਦੇ ਹੋਣ। ਆਖ਼ਰਕਾਰ ਜੇ ਇਕ ਸਰਕਾਰੀ ਟਰਾਂਸਪੋਰਟ ਦੇ ਮਹਿਕਮੇ ਵਿਚ ਹੀ ਸੈਂਕੜੇ ਕਰੋੜ ਦਾ ਨੁਕਸਾਨ ਹੋਇਆ ਹੋਵੇ, ਉਹ ਕਾਲਾ ਧੰਨ ਕਿਧਰੇ ਤਾਂ ਜਾਂਦਾ ਹੀ ਹੋਵੇਗਾ। ਜਿਸ ਸੂਬੇ ਵਿਚ ਨਸ਼ੇ ਦਾ ਵਪਾਰ ਚੱਪੇ ਚੱਪੇ ਤੇ ਹੋ ਰਿਹਾ ਹੋਵੇ, ਉਥੇ ਅਪਰਾਧੀਆਂ ਦੀ ਤਾਂ ਕਮੀ ਨਹੀਂ ਹੋ ਸਕਦੀ, ਸਿਰਫ਼ ਲੱਭਣ ਵਾਲਿਆਂ ਦਾ ਇਰਾਦਾ ਮਜ਼ਬੂਤ ਹੋਣਾ ਚਾਹੀਦਾ ਹੈ।
ਪਰ ਈ.ਡੀ. ਦਾ ਛਾਪਾ ਖਹਿਰਾ ਤੇ ਕਿਉਂ ਪਿਆ? ਖਹਿਰਾ ਦਾ ਕਸੂਰ ਪੈਸਾ ਹੈ ਜਾਂ ਕੁੱੱਝ ਹੋਰ? ਖਹਿਰਾ ‘ਆਪ’ ਪਾਰਟੀ ਵਿਚ ਰਹੇ ਹਨ ਤੇ ਯੂ.ਏ.ਪੀ.ਏ. ਵਿਰੁਧ ਇਕੱਲੇ ਹੀ ਲੜਦੇ ਰਹੇ ਹਨ। ਉਨ੍ਹਾਂ ਦੇ ਦੇਸ਼ ਤੋਂ ਬਾਹਰ ਬੈਠੇ ਗਰਮ ਖ਼ਿਆਲੀਆਂ ਨਾਲ ਵੀ ਚੰਗੇ ਤਾਲੁਕਾਤ ਹਨ। ਖਹਿਰਾ ਕੈਪਟਨ ਅਮਰਿੰਦਰ ਸਿੰਘ ਦੇ ਵੀ ਕਰੀਬ ਹੋ ਗਏ ਸਨ। ਪਰ ਈ.ਡੀ. ਨੂੰ ਖਹਿਰਾ ਤੋਂ ਕੀ ਚਾਹੀਦਾ ਹੈ? ਅਸਲ ਵਿਚ ਪੰਜਾਬ ਦੀ ਸਿਆਸਤ ਵਿਚ ਅਜਿਹੀ ਮਿਲਾਵਟ ਕਰ ਦਿਤੀ ਗਈ ਹੈ ਕਿ ਇਸ ਨੂੰ ਮਿਲਾਵਟ-ਰਹਿਤ ਕਰਨਾ ਆਸਾਨ ਨਹੀਂ। ਪਰ ਹੁਣ ਸਾਫ਼ ਹੈ ਕਿ ਈ.ਡੀ./ਸੀ.ਬੀ.ਆਈ. ਪੰਜਾਬ ਦੀ ਸਿਆਸਤ ਤੇ ਹਾਵੀ ਹੋਣ ਦੀ ਤਿਆਰੀ ਵਿਚ ਹੈ। -ਨਿਮਰਤ ਕੌਰ