Kartar Singh Sarabha: ਗ਼ਦਰ ਲਹਿਰ ਦਾ ਚਮਕਦਾ ਸਿਤਾਰਾ-ਕਰਤਾਰ ਸਿੰਘ ਸਰਾਭਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕਰਤਾਰ ਸਿੰਘ ਸਰਾਭਾ ਗ਼ਦਰ ਲਹਿਰ ਦਾ ਚਮਕਦਾ ਸਿਤਾਰਾ ਸੀ।

Kartar Singh Sarabha

 Kartar Singh Sarabha: ‘ਸੇਵਾ ਦੇਸ਼ ਦੀ ਜ਼ਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,
ਜਿਨ੍ਹਾਂ ਦੇਸ਼ ਸੇਵਾ ਵਿਚ ਪੈਰ ਪਾਇਆ,
ਉਨ੍ਹਾਂ ਲੱਖ ਮੁਸੀਬਤਾਂ ਝਲੀਆਂ ਨੇ’।
ਇਨ੍ਹਾਂ ਸਤਰਾਂ ਨੂੰ ਗਾਉਂਦਿਆਂ ਤੇ ਇਨ੍ਹਾਂ ਉਪਰ ਅਮਲ ਕਮਾਉਂਦਿਆਂ ਅਪਣੀ ਜਾਨ ’ਤੇ ਲੱਖਾਂ ਮੁਸੀਬਤਾਂ ਨੂੰ ਝਲਦਿਆਂ ਦੇਸ਼ ਦੀ ਸੇਵਾ ਕਰਨ ਵਾਲਾ ਨੌਜਵਾਨ, ਜਿਸ ਨੂੰ ਸ਼ਹੀਦ ਭਗਤ ਸਿੰਘ ਅਪਣਾ ਆਦਰਸ਼ ਮੰਨਦਾ ਸੀ,  ਗ਼ਦਰ ਲਹਿਰ ਦੇ ਹਰ ਕੰਮ ’ਚ ਮੋਢੀ ਬਣ ਕੇ ਰੋਲ ਅਦਾ ਕਰਨ ਵਾਲਾ ਤੇ ਸਿਰਫ਼ 19 ਕੁ ਸਾਲਾਂ ਦੀ ਉਮਰ ਵਿਚ ਹੱਸ-ਹੱਸ ਕੇ ਫਾਂਸੀ ਦਾ ਰੱਸਾ ਅਪਣੇ ਗਲ ਵਿਚ ਪਾਉਣ ਵਾਲਾ ਉਦਮੀ ਨੌਜਵਾਨ ਹੈ ਕਰਤਾਰ ਸਿੰਘ, ਜਿਸ ਨੇ ਅਪਣੇ ਨਾਮ ਨਾਲ ਅਪਣੇ ਪਿੰਡ ਦਾ ਤਖ਼ੱਲਸ ਲਾ ਕੇ ‘ਸਰਾਭੇ’ ਪਿੰਡ ਨੂੰ ਦੁਨੀਆਂ ’ਚ ਚਮਕਾ ਦਿਤਾ। ਪਿੰਡ ਸਰਾਭਾ ਰਾਏਕੋਟ ਤੋਂ ਲਗਭਗ 12-15 ਕਿਲੋਮੀਟਰ ਤੇ ਲੁਧਿਆਣੇ ਤੋਂ ਲਗਭਗ 28 ਕਿਲੋਮੀਟਰ ਦੂਰ ਘੁੱਗ ਵਸਦਾ ਪਿੰਡ ਹੈ, ਜਿੱਥੇ ਕਰਤਾਰ ਸਿੰਘ ਸਰਾਭੇ ਨੇ ਪਿਤਾ ਸ. ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਜੀ ਦੀ ਕੁੱਖੋਂ 23 ਮਈ 1896 ਨੂੰ ਜਨਮ ਲਿਆ। ਬਚਪਨ ’ਚ ਹੀ ਮਾਂ-ਬਾਪ ਦਾ ਸਾਇਆ ਸਿਰ ਤੋਂ ਉਠ ਗਿਆ। ਕਰਤਾਰ ਸਿੰਘ ਦੀ ਪਾਲਣਾ ਉਨ੍ਹਾਂ ਦੇ ਦਾਦੇ ਸ. ਬਦਨ ਸਿੰਘ ਦੀ ਦੇਖ-ਰੇਖ ਹੇਠ ਹੋਈ। ਕਰਤਾਰ ਸਿੰਘ ਦੀ ਇਕ ਭੈਣ ਸੀ, ਜਿਸ ਦਾ ਨਾਮ ਧੰਨ ਕੌਰ ਸੀ।

ਕਰਤਾਰ ਸਿੰਘ ਦਾ ਅਪਣੇ ਦਾਦੇ ਨਾਲ ਅੰਤਾਂ ਦਾ ਮੋਹ ਸੀ। ਦਾਦਾ ਬਦਨ ਸਿੰਘ ਵੀ ਕਰਤਾਰ ਸਿੰਘ ਨੂੰ ਕੋਈ ਵੱਡਾ ਅਫ਼ਸਰ ਬਣਿਆ ਵੇਖਣਾ ਚਾਹੁੰਦਾ ਸੀ। ਇਸੇ ਲਈ ਕਰਤਾਰ ਸਿੰਘ ਦੀ ਪੜ੍ਹਾਈ ’ਤੇ ਪੂਰਾ ਤਾਣ ਲਾਇਆ ਗਿਆ। ਮੁਢਲੀ ਸਿਖਿਆ ਗੁੱਜਰਵਾਲ ਦੇ ਮਿਡਲ ਸਕੂਲ ਤੋਂ ਪ੍ਰਾਪਤ ਕਰਨ ਉਪ੍ਰੰਤ ਕਰਤਾਰ ਸਿੰਘ ਨੇ ਮਾਲਵਾ ਖ਼ਾਲਸਾ ਹਾਈ ਸਕੂਲ ’ਚ ਦਾਖ਼ਲਾ ਲੈ ਲਿਆ। ਦਸਵੀਂ ਜਮਾਤ ਕਰਤਾਰ ਸਿੰਘ ਨੇ ਅਪਣੇ ਚਾਚੇ ਬਖ਼ਸ਼ੀਸ਼ ਸਿੰਘ ਕੋਲ ਉੜੀਸਾ ਵਿਚ ਪਾਸ ਕੀਤੀ। ਸਕੂਲ ਸਮੇਂ ਦੌਰਾਨ ਕਰਤਾਰ ਸਿੰਘ ਅਪਣੇ ਜਮਾਤੀਆਂ ’ਚ ਬਹੁਤ ਹਰਮਨ ਪਿਆਰਾ ਬਣ ਕੇ ਰਿਹਾ ਕਿਉਂਕਿ ਉਹ ਚੁਸਤ, ਚਲਾਕ ਤੇ ਮਜ਼ਾਕੀਆ ਲਹਿਜੇ ਦਾ ਹੋਣ ਕਰ ਕੇ ਉਸ ਦੇ ਸਾਥੀ ਵਿਦਿਆਰਥੀ ਉਸ ਨੂੰ ‘ਅਫਲਾਤੂਨ’ ਵੀ ਕਹਿ ਦਿੰਦੇ ਸਨ ਤੇ ਕਈ ਮਿੱਤਰ-ਬੇਲੀ ਉਸ ਦੀ ਚੁਸਤੀ-ਫੁਰਤੀ ਨੂੰ ਦੇਖ ਕੇ ਉਸ ਨੂੰ ‘ਉਡਣਾ ਸੱਪ’ ਨਾਲ ਵੀ ਸੰਬੋਧਿਤ ਹੁੰਦੇ ਸਨ।

ਚਾਚੇ ਕੋਲ ਰਹਿੰਦਿਆਂ ਕਰਤਾਰ ਸਿੰਘ ਨੇ ਅੰਗਰੇਜ਼ੀ ਬੋਲਣ ਤੇ ਲਿਖਣ ਦਾ ਅਭਿਆਸ ਵੀ ਚੰਗੀ ਤਰ੍ਹਾਂ ਕਰ ਲਿਆ ਸੀ। ਉਹ ਨਵੇਂ ਦਿਸਹੱਦੇ ਸਥਾਪਤ ਕਰਨਾ ਚਾਹੁੰਦਾ ਸੀ। ਇਸੇ ਲਈ ਉਹ ਰਸਾਇਣ ਵਿਗਿਆਨ ਦੀ ਉਚੇਰੀ ਸਿਖਿਆ ਪ੍ਰਾਪਤ ਕਰਨ ਲਈ ਅਮਰੀਕਾ ਰਵਾਨਾ ਹੋ ਗਿਆ। ਉਥੇ ਪਹੁੰਚਣ ’ਤੇ ਕਰਤਾਰ ਸਿੰਘ ਦੀ ਸਖ਼ਤ ਪੁਛਗਿਛ (ਇੰਟਰਵਿਊ) ਹੋਈ। ਏਨੀ ਸਖ਼ਤ ਲਹਿਜੇ ’ਚ ਹੋਈ ਪੁਛਗਿਛ ਤੋਂ ਸਰਾਭਾ ਹੈਰਾਨ ਸੀ। ਜਦੋਂ ਉਸ ਨੇ ਹੋਰ ਇਮੀਗ੍ਰੇਟਾਂ ਤੋਂ ਇਸ ਬਾਬਤ ਜਾਣਕਾਰੀ ਪ੍ਰਾਪਤ ਕੀਤੀ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਗ਼ੁਲਾਮ ਦੇਸ਼ (ਭਾਰਤ) ਦਾ ਵਾਸੀ ਹੋਣ ਕਰ ਕੇ ਉਸ ਨਾਲ ਅਜਿਹਾ ਸਲੂਕ ਕੀਤਾ ਗਿਆ, ਜਿਸ ਨੂੰ ਉਹ ਕਦੇ ਵੀ ਭੁਲਾ ਨਾ ਸਕਿਆ ਤੇ ਇੱਥੋਂ ਹੀ ਪੈਦਾ ਹੋਇਆ ਉਸ ਅੰਦਰ ਆਜ਼ਾਦੀ ਲਈ ਜੂਝਣ ਦਾ ਜਨੂੰਨ।

ਅਮਰੀਕਾ ਪੁੱਜ ਕੇ ਉਸ ਨੇ ਬਰਕਲੇ ’ਵਰਸਟੀ ’ਚ ਰਸਾਇਣ ਵਿਗਿਆਨ ਦੀ ਸਿਖਿਆ ਪ੍ਰਾਪਤ ਕਰਨ ਲਈ ਦਾਖ਼ਲਾ ਲੈ ਲਿਆ। ਪਹਿਲਾਂ-ਪਹਿਲ ਉਹ ਕਿਰਾਏਦਾਰ ਬਣ ਕਿਸੇ ਪ੍ਰਵਾਰ ’ਚ ਰਹਿਣ ਲੱਗਾ। ਇਕ ਦਿਨ ਉਸ ਘਰ ਦੀ ਔਰਤ ਨੇ ਅਮਰੀਕਾ ਦੇ ਆਜ਼ਾਦੀ ਦਿਹਾੜੇ ਨੂੰ ਮਨਾਉਣ ਲਈ, ਆਜ਼ਾਦੀ ਖ਼ਾਤਰ ਜੂਝਣ ਵਾਲੇ ਨੌਜਵਾਨਾਂ ਦੀਆਂ ਤਸਵੀਰਾਂ ਨੂੰ ਫੁੱਲਾਂ ਨਾਲ ਸਜਾਇਆ ਹੋਇਆ ਸੀ। ਇਹ ਸਭ ਕੁੱਝ ਵੇਖ ਕੇ ਸਰਾਭੇ ਨੇ ਉਸ ਨੂੰ ਪੁਛਿਆ ਕਿ ਉਹ ਕੀ ਕਰ ਰਹੀ ਹੈ? ਤਾਂ ਉਸ ਦਾ ਉੱਤਰ ਸੁਣ ਕੇ ਸਰਾਭੇ ਨੇ ਹਉਕਾ ਲਿਆ ਤੇ ਸੋਚਿਆ ਕਿ ਅਸੀਂ ਕਦੋਂ ਆਜ਼ਾਦ ਹੋਵਾਂਗੇ? ਕੀ ਸਾਡਾ ਦੇਸ਼ ਵੀ ਇਸ ਤਰ੍ਹਾਂ ਆਜ਼ਾਦੀ ਦਾ ਜਸ਼ਨ ਮਨਾਏਗਾ?
ਯੂਨੀਵਰਸਟੀ ’ਚ ਪੜ੍ਹਦਿਆਂ ਸਰਾਭੇ ਦਾ ਮੇਲ ਹੋਰ ਭਾਰਤੀ ਨੌਜਵਾਨਾਂ, ਜਿਹੜੇ ਵੱਖ-ਵੱਖ ਸੂਬਿਆਂ ਜਿਵੇਂ ਬੰਗਾਲ, ਮਦਰਾਸ ਤੇ ਪੰਜਾਬ ਤੋਂ ਗਏ ਹੋਰ ਨੌਜਵਾਨਾਂ ਨਾਲ ਹੋਇਆ। ਇਹ ਸਾਰੇ ਵਿਦਿਆਰਥੀ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਸੁਪਨਾ ਅਪਣੇ-ਅਪਣੇ ਮਨਾਂ ’ਚ ਪਾਲ ਰਹੇ ਸਨ। ਸਰਾਭੇ ਸਮੇਤ ਸਾਰੇ ਪੰਜਾਬੀ ਨੌਜਵਾਨਾਂ ਦਾ ਮੱਤ ਸੀ ਕਿ ਆਜ਼ਾਦੀ ਹਥਿਆਰਬੰਦ ਘੋਲ ਲੜ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਜਦਕਿ ਬੰਗਾਲੀ ਤੇ ਮਦਰਾਸੀ ਵਿਦਿਆਰਥੀ ਅਹਿੰਸਾਵਾਦੀ ਸਨ। ਕੁੱਝ ਵੀ ਹੋਵੇ, ਦੇਸ਼ ਨੂੰ ਆਜ਼ਾਦ ਹੁੰਦਾ ਵੇਖਣਾ ਹਰ ਕੋਈ ਚਾਹੁੰਦਾ ਸੀ। ਇਨਕਲਾਬੀ ਵਿਚਾਰਾਂ ਦੇ ਧਾਰਨੀ ਵਿਦਿਆਰਥੀ, ਜਿਨ੍ਹਾਂ ’ਚ ਕਰਤਾਰ ਸਿੰਘ ਸਰਾਭਾ ਮੋਢੀ ਰੂਪ ’ਚ ਆਗੂ ਦਾ ਰੂਪ ਅਖ਼ਤਿਆਰ ਕਰ ਚੁਕਾ ਸੀ। ਉਹ ਹੋਰਾਂ ਦੇਸ਼ਾਂ ’ਚ ਹੋ ਰਹੇ ਇਨਕਲਾਬ ਬਾਰੇ ਵੀ ਪੜ੍ਹਦਾ-ਸੁਣਦਾ ਰਹਿੰਦਾ ਸੀ ਤੇ ਅਪਣੇ ਸਾਥੀਆਂ ਨਾਲ ਵਿਚਾਰ-ਵਟਾਂਦਰਾ ਵੀ ਕਰਦਾ ਰਹਿੰਦਾ। ਜਿਥੇ ਸਰਾਭੇ ਨੇ ਫਰਾਂਸ, ਇਟਲੀ ਜਾਂ ਹੋਰ ਦੇਸ਼ਾਂ ਦੇ ਇਨਕਲਾਬੀਆਂ ਦੀਆਂ ਲਿਖਤਾਂ ਜਾਂ ਜੀਵਨੀਆਂ ਪੜ੍ਹੀਆਂ, ਉਥੇ ਉਹ ਅਪਣੀ ਸਰਜ਼ਮੀਂ ਦੇ ਮਹਾਨ ਆਗੂ ਗੁਰੂ ਗੋਬਿੰਦ ਸਿੰਘ ਜੀ ਤੋਂ ਬਹੁਤ ਪ੍ਰਭਾਵਤ ਸੀ।

ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਨੌਜਵਾਨਾਂ ਦਾ ਕਾਫ਼ਲਾ ਵਧਦਾ ਗਿਆ ਤੇ ਇਸੇ ਏਕੇ ਦੀ ਲਹਿਰ ’ਚੋਂ ਗ਼ਦਰ ਲਹਿਰ ਦਾ ਜਨਮ ਹੋਇਆ। ਬੇਸ਼ੱਕ ਇਸ ਪਾਰਟੀ ਦਾ ਪਹਿਲਾ ਨਾਂ ‘ਹਿੰਦੀ ਐਸੋਸੀਏਸ਼ਨ ਆਫ਼ ਪੈਸੀਫਿਕ ਕੋਸਟ’ ਸੀ ਪਰ ‘ਗ਼ਦਰ’ ਅਖ਼ਬਾਰ ਦੀ ਪ੍ਰਕਾਸ਼ਨਾ ਨਾਲ ਪਾਰਟੀ ਦਾ ਨਾਂ ਵੀ ‘ਗ਼ਦਰ ਪਾਰਟੀ’ ਪੈ ਗਿਆ, ਜੋ ਹੌਲੀ-ਹੌਲੀ ਪਾਰਟੀ ਤੋਂ ਲਹਿਰ ’ਚ ਤਬਦੀਲ ਹੋ ਗਿਆ।

ਕਰਤਾਰ ਸਿੰਘ ਸਰਾਭਾ ਗ਼ਦਰ ਲਹਿਰ ਦਾ ਚਮਕਦਾ ਸਿਤਾਰਾ ਸੀ। ਗ਼ਦਰ ਅਖ਼ਬਾਰ ਦੀ ਪ੍ਰਕਾਸ਼ਨਾ ’ਚ ਵੀ ਕਰਤਾਰ ਸਿੰਘ ਦੇ ਨਿਭਾਏ ਰੋਲ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਜਦੋਂ ਕੋਈ ਲਹਿਰ ਚਲਦੀ ਹੈ ਤਾਂ ਉਸ ਦੇ ਸੁਨੇਹੇ ਨੂੰ ਲੋਕਾਂ ਤਕ ਪਹੁੰਚਾਉਣ ਲਈ ਕੋਈ ‘ਨੈੱਟਵਰਕ’ ਜ਼ਰੂਰ ਸਥਾਪਤ ਕਰਨਾ ਪੈਂਦਾ ਹੈ, ਜੋ ਕਿ ‘ਗ਼ਦਰ’ ਅਖ਼ਬਾਰ ਦੀ ਪ੍ਰਕਾਸ਼ਨਾ ਨਾਲ ਸਿਰੇ ਚੜ੍ਹ ਚੁੱਕਾ ਸੀ। ‘ਗ਼ਦਰ’ ਅਖ਼ਬਾਰ ਨੂੰ ਕਈ ਥਾਂਵੇਂ ‘ਗ਼ਦਰ ਦੀ ਗੂੰਜ’ ਲਿਖਿਆ ਵੀ ਮਿਲਦਾ ਹੈ। ਉਸ ਲਹਿਰ ਦੇ ਸੁਨੇਹੇ ਨੂੰ ਲੋਕਾਂ ਤਕ ਪਹੁੰਚਾਉਣ ਦਾ ਸਿਹਰਾ ਵੀ ਸਰਾਭੇ ਦੇ ਸਿਰ ਬਝਦਾ ਹੈ। ਸਰਾਭੇ ਦਾ ਇਹ ਮੱਤ ਬੜਾ ਧਿਆਨ ਮੰਗਦਾ ਹੈ ਕਿ ਸੁਨੇਹਾ ਲੋਕ ਬੋਲੀ ’ਚ ਹੀ ਦਿਤਾ ਜਾ ਸਕਦਾ ਹੈ। ਜਿਸ ਤਰ੍ਹਾਂ ਗੁਰੂ ਸਹਿਬਾਨ ਨੇ ਅਪਣਾ ਸੁਨੇਹਾ ਪੰਜਾਬੀ ਲੋਕ ਬੋਲੀ ’ਚ ਦਿਤਾ, ਇਸੇ ਤਰ੍ਹਾਂ ਸਰਾਭੇ ਦਾ ਮੱਤ ਸੀ ਕਿ ‘ਗ਼ਦਰ’ ਲਹਿਰ ਦਾ ਸੁਨੇਹਾ ਪੰਜਾਬੀਆਂ ਲਈ ਪੰਜਾਬੀ ’ਚ ਹੀ ਹੋਣਾ ਚਾਹੀਦੈ ਤੇੇ ਹੋਰਨਾਂ ਸੂਬਿਆਂ ’ਚ ਉਨ੍ਹਾਂ ਲੋਕਾਂ ਦੀ ਭਾਸ਼ਾ ’ਚ। ਇਹ ਅਖ਼ਬਾਰ 11 ਗਿਆਰਾਂ ਭਾਸ਼ਾਵਾਂ ਵਿਚ ਪ੍ਰਕਾਸ਼ਤ ਹੁੰਦਾ ਰਿਹਾ।

ਕਿਸੇ ਵੀ ਲਹਿਰ ਦਾ ਦੂਜਾ ਪੱਖ ਹੁੰਦੈ, ਲਹਿਰ ਨੂੰ ਚਲਾਉਣ ਲਈ ਪੈਸੇ (ਧਨ) ਦੀ ਲੋੜ। ਬੇਸ਼ੱਕ ਜੁਝਾਰੂ ਸੂਰਮੇ ਅਪਣਾ ਤਨ ਤੇ ਮਨ ਲੋਕ ਲਹਿਰਾਂ ਨੂੰ ਸਮਰਪਿਤ ਕਰ ਚੁੱਕੇ ਹੁੰਦੇ ਹਨ ਪਰ ਹਾਲਾਤ ਇਸ ਤਰ੍ਹਾਂ ਬਣ ਜਾਂਦੇ ਹਨ ਕਿ ‘ਲਹਿਰਾਂ’ ਪੈਸੇ ਬਗੈਰ ਅਪਣੇ ਕਾਰਜ ’ਚ ਸਫ਼ਲ ਨਹੀਂ ਹੋ ਪਾਉਂਦੀਆਂ। ਇਸ ਖੱਪੇ ਨੂੰ ਪੂਰਾ ਕਰਨ ਲਈ ਦੇਸ਼ ਭਗਤਾਂ ਨੂੰ ਡਾਕੇ ਵੀ ਮਾਰਨੇ ਪਏ।
ਸਰਾਭੇ ਦੀ ਉੱਚੀ-ਸੁੱਚੀ ਸਖ਼ਸ਼ੀਅਤ ਦਾ ਪ੍ਰਭਾਵ ਵੇਖਣ ਲਈ ਇਕ ਘਟਨਾ ਦਾ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ। ਸਰਾਭਾ ਅਪਣੇ ਸਾਥੀਆਂ ਸਮੇਤ ਕਿਸੇ ਘਰ ਡਾਕਾ ਮਾਰਨ ਗਿਆ। ਸਰਾਭੇ ਦੇ ਦੂਜੇ ਸਾਥੀ ਨੇ ਉਸ ਘਰ ਦੀ ਮੁਟਿਆਰ ਦਾ ਹੱਥ ਫੜ ਲਿਆ। ਉਸ ਨੇ ਚੀਕਾਂ ਮਾਰਨੀਆਂ ਸ਼ੁੁਰੂ ਕਰ ਦਿਤੀਆਂ। ਜਦੋਂ ਸਰਾਭੇ ਨੇ ਇਹ ਤਕਿਆ ਤਾਂ ਉਸ ਨੇ ਅਪਣੇ ਸਾਥੀ ਦੇ ਮੱਥੇ ’ਤੇ ਪਿਸਤੌਲ ਤਾਣ ਲਿਆ ਤੇ ਬੋਲਿਆ, ‘‘ਤੂੰ ਮੌਤ ਦਾ ਹੱਕਦਾਰ ਹੈਂ। ਛੇਤੀ ਕਰ, ਜਾਂ ਤਾਂ ਇਸ ਕੁੜੀ ਦੇ ਪੈਰਾਂ ’ਚ ਡਿੱਗ ਕੇ ਮਾਫ਼ੀ ਮੰਗ, ਨਹੀਂ ਮਰਨ ਲਈ ਤਿਆਰ ਹੋ ਜਾ।’’

ਅਜਿਹੇ ਘਟਨਾਕ੍ਰਮ ਨੂੰ ਵੇਖ ਕੇ ਉਸ ਕੁੜੀ ਦੀ ਮਾਂ ਨੇ ਸਰਾਭੇ ਨੂੰ ਕਿਹਾ ਕਿ ਪੁੱਤਰ ਲਗਦੇ ਤਾਂ ਤੁਸੀਂ ਬੜੇ ਸੂਝਵਾਨ ਹੋ ਪਰ ਇਹ ਡਾਕੇ ਮਾਰਨੇ ਤੁਹਾਡੇ ਵਰਗਿਆਂ ਨੂੰ ਸ਼ੋਭਦੇ ਨਹੀਂ। ਸਰਾਭੇ ਨੇ ਦੇਸ਼ ਖ਼ਾਤਰ ਅਪਣੀ ਜ਼ਿੰਦਗੀ ਦਾਅ ’ਤੇ ਲਾਉਣ ਦੀ ਸਾਰੀ ਗੱਲ ਉਸ ਮਾਤਾ ਨੂੰ ਸਮਝਾਈ। ਜਿਸ ਘਰ ’ਚ ਡਾਕਾ ਮਾਰਿਆ, ਉਥੇ ਕੁੜੀ ਦਾ ਵਿਆਹ ਰਖਿਆ ਹੋਇਆ ਸੀ। ਕੁੜੀ ਦੀ ਮਾਂ ਹੱਥ ਜੋੜ ਕੇ ਸਰਾਭੇ ਕੋਲ ਖੜ ਗਈ, ‘‘ਪੁੱਤ ਆਹ ਕੁੜੀ ਦੇ ਹੱਥ ਪੀਲੇ ਕਰਨ ਲਈ ਇਹ ਸਮਾਨ ਮਸਾਂ ਜੋੜਿਆ ਸੀ।’’
ਐਨਾ ਕਹਿਣ ਦੀ ਦੇਰ ਸੀ ਕਿ ਸਰਾਭੇ ਦਾ ਮਨ ਪਿਘਲ ਗਿਆ। ਸਰਾਭੇ ਨੇ ਚੁਕਿਆ ਹੋਇਆ ਸਮਾਨ ਉਸ ਮਾਈ ਨੂੰ ਵਾਪਸ ਕਰ ਦਿਤਾ ਪਰ ਅੱਗੋਂ ਮਾਈ ਨੇ ਖ਼ੁਸ਼ ਹੋ ਕੇ ਸਰਾਭੇ ਦੀ ਝੋਲੀ ’ਚ ਕੁੱਝ ਵਸਤਾਂ ਪਾ ਦਿਤੀਆਂ ਤੇ ਕਾਮਯਾਬੀ ਦਾ ਆਸ਼ੀਰਵਾਦ ਦਿਤਾ।

ਸਰਾਭੇ ਅੰਦਰ ਦੇਸ਼ ਤੋਂ ਕੁਰਬਾਨ ਹੋ ਜਾਣ ਦਾ ਜਜ਼ਬਾ ਕਿੰਨਾ ਕੁੱਟ-ਕੁੱਟ ਭਰਿਆ ਸੀ, ਉਹ ਇਸ ਗੱਲ ਤੋਂ ਸਪੱਸ਼ਟ ਹੋ ਜਾਂਦੈ ਕਿ ਜੇਲ੍ਹ ’ਚ ਮੁਲਾਕਾਤ ਲਈ ਆਇਆ ਸਰਾਭੇ ਦਾ ਦਾਦਾ ਬਦਨ ਸਿੰਘ ਉਸ ਨੂੰ ਕਹਿਣ ਲੱਗਾ, ‘‘ਕਰਤਾਰ ਪੁੱਤਰ, ਤੂੰ ਛੱਡ ਦੇਸ਼ ਭਗਤੀ ਦੀਆਂ ਗੱਲਾਂ ਕਿਉਂ ਅਪਣੀ ਜਾਨ ਅਜਾਈਂ ਗੁਆ ਰਿਹੈਂ?’’
ਇਸ ਤਰ੍ਹਾਂ ਦੀਆਂ ਗੱਲਾਂ ਕਰ ਕੇ ਦਾਦਾ ਅਪਣੇ ਮੋਹ ਦਾ ਸਬੂਤ ਦੇ ਰਿਹਾ ਸੀ। ਗੱਲਾਂ ਕਰਦਿਆਂ-ਕਰਦਿਆਂ ਕਰਤਾਰ ਸਿੰਘ ਨੇ ਅਪਣੇ ਦਾਦੇ ਤੋਂ ਪੁਛਿਆ, ‘‘ਦਾਦਾ ਜੀ, ਫਲਾਣੇ ਦਾ ਕੀ ਹਾਲ ਹੈ?’’
ਦਾਦਾ ਕਹਿੰਦਾ, ‘‘ਪੁੱਤਰਾ, ਉਹ ਤਾਂ ਪਲੇਗ ਨਾਲ ਮਰ ਗਿਆ।’’
ਕਰਤਾਰ ਸਿੰਘ ਨੇ ਫਿਰ ਪੁਛਿਆ, ‘‘ਦਾਦਾ ਜੀ, ਫ਼ਲਾਣੇ ਦਾ ਕੀ ਹਾਲ ਹੈ?’’
ਤਾਂ ਦਾਦਾ ਬੋਲਿਆ, ‘‘ਪੁੱਤਰਾ, ਉਹ ਤਾਂ ਹਾਦਸੇ ’ਚ ਮਰ ਗਿਆ।’’
ਬਸ ਅਜਿਹੀਆਂ ਤਿੰਨ-ਚਾਰ ਮੌਤਾਂ ਬਾਰੇ ਸੁਣ ਕੇ ਸਰਾਭਾ ਬੋਲਿਆ, ‘‘ਦਾਦਾ ਜੀ, ਇਕ ਦਿਨ ਸਭ ਨੇ ਮਰ ਜਾਣੈ...ਜਿਹੜਾ ਪਲੇਗ ਨਾਲ ਜਾਂ ਕਿਸੇ ਹੋਰ ਬਿਮਾਰੀ ਨਾਲ ਮਰ ਗਿਆ, ਉਹਨੂੰ ਕੀਹਨੇ ਯਾਦ ਕਰਨੈ ਪਰ ਕਰਤਾਰ ਸਿੰਘ ਨੂੰ ਦੁਨੀਆਂ ਯਾਦ ਕਰੇਗੀ। ਮੈਂ ਇਕੱਲਾ ਨਹੀਂ, ਮੇਰੇ ਨਾਲ ਦੇ ਹੋਰ ਦੇਸ਼ ਭਗਤ ਅਜਿਹੀਆਂ ਪੈੜਾਂ ਪਾ ਕੇ ਜਾ ਰਹੇ ਹਾਂ, ਜਿਨ੍ਹਾਂ ਨੂੰ ਲੋਕ ਯਾਦ ਰਖਣਗੇ।’’
ਸਰਾਭੇ ਦੇ ਇਸ ਉੱਤਰ ਨੇ ਅਪਣੇ ਦਾਦੇ ਨੂੰ ਨਿਰ-ਉੱਤਰ ਕਰ ਦਿਤਾ।

ਸਰਾਭੇ ਦੀ ਸਮੁੱਚੀ ਜੀਵਨੀ ’ਚੋਂ ਜੋ ਸੇਧ ਮਿਲਦੀ ਹੈ, ਉਹ ਇਸ ਗੱਲ ਦਾ ਪ੍ਰਗਟਾਵਾ ਕਰਦੀ ਹੈ ਕਿ ਹਥਿਆਰਬੰਦ ਘੋਲਾਂ ਬਿਨਾਂ ਆਜ਼ਾਦੀ ਪ੍ਰਾਪਤ ਨਹੀਂ ਹੋ ਸਕਦੀ। ਲੋਕਾਂ ’ਤੇ ਜ਼ੁਲਮ ਢਾਹੁਣ ਵਾਲੇ ਕਦੇ ਵੀ ਮਿੰਨਤਾਂ-ਤਰਲੇ ਕਰਿਆਂ ਤੋਂ ਅਪਣੇ ਜ਼ੁਲਮ ਬੰਦ ਨਹੀਂ ਕਰਦੇ, ਸਗੋਂ ਇੱਟ ਦਾ ਜਵਾਬ ਪੱਥਰ ਨਾਲ ਦੇਣ ਵਾਲੇ ਹੀ ਅਪਣੇ ਸੰਘਰਸ਼ ’ਚ ਕਾਮਯਾਬ ਹੁੰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਨੂੰ ਪ੍ਰਣਾਇਆ ਸਰਾਭਾ ਇਸੇ ਗੱਲ ਦਾ ਧਾਰਨੀ ਸੀ ਕਿ ਜਦੋਂ ਦਲੀਲ, ਅਪੀਲ ਰੱਦ ਹੋ ਜਾਵੇ ਤੇ ਜ਼ੁਲਮ ਦੀ ਅੱਤ ਹੋ ਜਾਵੇ, ਉਦੋਂ ਤਲਵਾਰ ਉਠਾ ਲੈਣੀ ਚਾਹੀਦੀ ਹੈ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਣਾਇਆ ਹੋਇਆ ਸਰਾਭਾ ਅਪਣੇ ਲੋਕ ਨਾਇਕਾਂ ਦਾ ਕਦਰਦਾਨ ਹੈ ਅਤੇ ਪੰਜਾਬੀ ਮਾਂ-ਬੋਲੀ ਨੂੰ ਸਤਿਕਾਰ ਦਿੰਦਾ ਹੋਇਆ ਉਹ ਅਖ਼ਬਾਰ ਦੀ ਸੰਪਾਦਨਾ ਦਾ ਕਾਰਜ ਪੰਜਾਬੀ ’ਚ ਕਰਦਾ ਹੈ ਪਰ ਅਫ਼ਸੋਸ, ਕੁੱਝ ਅਖੌਤੀ ਬੁਧੀਜੀਵੀਆਂ ਨੂੰ ਕਰਤਾਰ ਸਿੰਘ ਸਰਾਭੇ ਦੇ ਸਿਰ ਸਜਿਆ ਪੰਜਾਬੀਅਤ ਦਾ ਮਾਣ ‘ਪੱਗ’ ਰਾਸ ਨਹੀਂ ਆਈ। ਪਿਛਲੇ ਸਾਲਾਂ ’ਚ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਨਾਲ ਸਬੰਧਤ ਦੋ-ਚਾਰ ਕਿਤਾਬਾਂ ਪੜ੍ਹਨ ਨੂੰ ਮਿਲੀਆਂ, ਜਿਨ੍ਹਾਂ ਦੇ ਟਾਈਟਲ ਪੇਜ ’ਤੇ ਬਿਨਾਂ ਪੱਗ ਤੋਂ ਸਰਾਭੇ ਦੀ ਫ਼ੋਟੋ ਵੇਖ ਕੇ ਦਿਲ ਨੂੰ ਧੂਹ ਜਹੀ ਪੈਂਦੀ ਹੈ ਅਤੇ ਇੰਜ ਲਗਦੈ ਜਿਵੇਂ ਇਹ ਕੋਈ ਨਕਲੀ ਸਰਾਭਾ ਹੋਵੇ। ਪੱਗ ਪੰਜਾਬੀਅਤ ਦੀ ਪਛਾਣ ਹੈ।

ਕਰਤਾਰ ਸਿੰਘ ਸਰਾਭਾ ਪੰਜਾਬ ਦਾ ਮਾਣ ਹੈ। ਉਸ ਦੇ ਸਿਰ ਤੋਂ ਪੱਗ ਲਾਹੁਣੀ ਸ਼ਹੀਦ ਦਾ ਅਪਮਾਨ ਹੈ। ਅਖੌਤੀ ਬੁੱਧੀਜੀਵੀ ਭਰਾਵਾਂ ਨੂੰ ਬੇਨਤੀ ਹੈ ਕਿ ਸਰਾਭੇ ਦੇ ਸਿਰ ਦਾ ਤਾਜ ਉਸ ਤਰ੍ਹਾਂ ਹੀ ਰਹਿਣ ਦਿਉ। ਤੁਹਾਡੇ ਵਲੋਂ ਕੀਤੀ ਭੁੱਲ ਇਤਿਹਾਸ ’ਚ ਨਾ-ਬਖ਼ਸ਼ਣਯੋਗ ਹੋਵੇਗੀ।
ਅਖ਼ੀਰ ’ਚ ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਸ਼ਹੀਦੀ ਨੂੰ ਮਨਾਉਂਦਿਆਂ ਸਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦੈ ਕਿ ਅੱਜ ਵੀ ਸਾਡੇ ਸਾਹਵੇਂ ਬਹੁਤ ਸਾਰੀਆਂ ਸਮੱਸਿਆਵਾਂ ਮੂੰਹ ਅੱਡੀ ਖੜੀਆਂ ਹਨ। ਸਾਡੇ ਦੇਸ਼ ਦੇ ਹਾਕਮ ਲੋਕਾਂ ਦੇ ਲਹੂ ਨੂੰ ਪਾਣੀ ਵਾਂਗ ਪੀ ਰਹੇ ਹਨ।
ਸੋ ਆਉ! ਸਰਾਭੇ ਦੀ ਸੋਚ ’ਤੇ ਪਹਿਰਾ ਦਿੰਦੇ ਹੋਏ ਲਾਮਬੰਦ ਹੋ ਕੇ ਸੰਘਰਸ਼ ਦੇ ਰਾਹ ਪਈਏ।


ਡਾ. ਅਮਨਦੀਪ ਸਿੰਘ ਟੱਲੇਵਾਲੀਆ
ਮੋਬਾ. 98146-99446
5-mail : tallewalia0gmail.com